ਬੱਚਿਆਂ ਤੇ ਨੌਜਵਾਨਾਂ ਨੂੰ ਵੈਕਸੀਨ ਦੇਣਾ ਜ਼ਰੂਰੀ
ਟੋਰਾਂਟੋ/ਸਤਪਾਲ ਸਿੰਘ ਜੌਹਲ : ਓਨਟਾਰੀਓ ਵਿਚ ਮੁਕੰਮਲ ਤੌਰ ‘ਤੇ ਲੌਕਡਾਊਨ ਕੀਤੇ ਜਾਣ ਦੇ ਐਲਾਨ ਦੇ ਬਾਵਜੂਦ ਸਕੂਲਾਂ ਨੂੰ ਬੰਦ ਨਹੀਂ ਕੀਤਾ ਜਾਵੇਗਾ। ਸਿਖਿਆ ਮੰਤਰੀ ਸਟੀਵਨ ਲੈਚੇ ਨੇ ਇਹ ਐਲਾਨ ਕੀਤਾ ਹੈ ਕਿ ਇਸ ਸਭ ਦੇ ਬਾਵਜੂਦ ਵੀ ਸਕੂਲਾਂ ਨੂੰ ਬੰਦ ਨਹੀਂ ਕੀਤਾ ਜਾਏਗਾ ਅਤੇ ਪਹਿਲਾਂ ਵਾਂਗ ਹੀ ਬੱਚੇ ਕਲਾਸਾਂ ਵਿੱਚ ਪੜ੍ਹਾਈ ਜਾਰੀ ਰੱਖਣਗੇ। 12 ਅਪ੍ਰੈਲ ਨੂੰ ਸ਼ੁਰੂ ਹੋਣ ਵਾਲੀਆਂ ਛੁੱਟੀਆਂ ਵਿੱਚ ਵੀ ਕੋਈ ਤਬਦੀਲੀ ਨਹੀਂ ਹੋਏਗੀ। ਉਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਕੈਨੇਡਾ ਸਰਕਾਰ ਦੇ ਤਿੰਨ ਮੰਤਰੀਆਂ ਨੂੰ ਲੰਘੇ ਹਫਤੇ ਆਪਣੀ 2 ਸਫਿਆਂ ਦੀ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਸਕੂਲੀ ਉਮਰ ਦੇ ਬੱਚਿਆਂ ਤੇ ਨੌਜਵਾਨਾਂ (18 ਸਾਲ ਤੋਂ ਛੋਟੇ) ਨੂੰ ਵੀ ਕਰੋਨਾ ਵਾਇਰਸ ਦੀ ਵੈਕਸੀਨ ਦਾ ਟੀਕਾ ਲਗਾਉਣਾ ਅਤਿ ਜਰੂਰੀ ਹੈ।
ਕੇਂਦਰੀ ਮੰਤਰੀ ਅਹਿਮਦ ਹੁਸੇਨ (ਸਮਾਜ ਭਲਾਈ), ਅਨੀਤਾ ਆਨੰਦ (ਲੋਕ ਸੇਵਾ) ਤੇ ਸਿਹਤ ਮੰਤਰੀ ਪੈਟੀ ਹਾਜਦੂ ਨੂੰ ਪ੍ਰਾਂਤਕ ਮੰਤਰੀ ਲੇਚੇ ਨੇ ਲਿਖਿਆ ਹੈ ਕਿ ਛੋਟੀ ਉਮਰ ਦੇ ਲੋਕਾਂ ਨੂੰ ਕੋਵਿਡ ਤੋਂ ਖਤਰਾ ਘੱਟ ਹੈ, ਭਾਵ ਇਸ ਵਾਇਰਸ ਨਾਲ਼ ਉਨ੍ਹਾਂ ਦੀ ਮੌਤ ਹੋਣ ਦੀ ਸੰਭਾਵਨਾ ਬਜ਼ੁਰਗਾਂ ਦੇ ਮੁਕਾਬਲੇ ਘੱਟ ਹੁੰਦੀ ਹੈ। ਪਰ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦ 18 ਸਾਲ ਤੋਂ ਛੋਟੇ ਬੱਚਿਆਂ ਰਾਹੀਂ ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ ‘ਚ ਵਾਇਰਸ ਫੈਲਦਾ ਹੈ। ਵਾਇਰਸ ਤੋਂ ਮਨੁੱਖਤਾ ਦਾ ਮੁਕੰਮਲ ਬਚਾਅ ਕਰਨ ਵਾਸਤੇ ਹਰੇਕ ਦਾ ਟੀਕਕਾਰਨ ਹੋਣਾ ਚਾਹੀਦਾ ਹੈ।