ਐਬਟਸਫੋਰਡ : ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ 15 ਅਕਤੂਬਰ ਨੂੰ ਹੋ ਰਹੀਆਂ ਸਕੂਲ ਟਰੱਸਟੀ ਚੋਣਾਂ ‘ਚ ਭਾਵੇਂ ਅਜੇ 2 ਮਹੀਨੇ ਰਹਿੰਦੇ ਹਨ, ਪਰ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਹੁਣ ਤੋਂ ਹੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਤੇ ਚੋਣ ਮੈਦਾਨ ਭਖਾ ਦਿੱਤਾ ਗਿਆ ਹੈ। ਸੂਬੇ ਦੇ ਵੱਖ-ਵੱਖ ਸ਼ਹਿਰਾਂ ‘ਚੋਂ ਹੁਣ ਤੱਕ 5 ਪੰਜਾਬਣਾਂ ਵਲੋਂ ਸਕੂਲ ਟਰੱਸਟੀ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਕਵਾਂਟਲਿਨ ਪੌਲਟੈਕ-ਨਿਕ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਡਾ. ਬਲਵੀਰ ਕੌਰ ਗੁਰਮ ਅਤੇ ਉੱਘੀ ਸਮਾਜ ਸੇਵਿਕਾ ਤੇ ਅਕਾਲ ਅਕੈਡਮੀ ਦੀ ਡਾਇਰੈਕਟਰ ਦਪਿੰਦਰ ਕੌਰ ਸਰਾਂ ਸਰੀ ਤੋਂ ਸਕੂਲ ਟਰੱਸਟੀ ਉਮੀਦਵਾਰ ਹਨ।
ਬਾਇਓਟੈੱਕ ਦੇ ਖ਼ੇਤਰ ‘ਚ ਖੋਜੀ ਸਾਇੰਸਦਾਨ ਦੀਆਂ ਸੇਵਾਵਾਂ ਨਿਭਾ ਰਹੀ ਡਾ. ਅਮੀਨ ਢਿੱਲੋਂ ਅਤੇ ਉੱਘੀ ਰੇਡੀਓ ਹੋਸਟ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖੇਤੀਬਾੜੀ ਤੇ ਬਾਗ਼ਬਾਨੀ ਵਿਸ਼ੇ ‘ਚ ਮਾਸਟਰ ਡਿਗਰੀ ਹਾਸਲ ਨਿੰਮੀ ਡੌਲਾ ਡੈਲਟਾ ਤੋਂ ਸਕੂਲ ਟਰੱਸਟੀ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਨਿੱਤਰੀਆਂ ਹਨ। ਰੁਪਿੰਦਰ ਕੌਰ ਰੂਪੀ ਰਾਜਵਾਨ ਐਬਟਸਫੋਰਡ ਤੋਂ ਸਕੂਲ ਟਰੱਸਟੀ ਉਮੀਦਵਾਰ ਵਜੋਂ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਕੈਨੇਡਾ ਦੇ ਸਾਬਕਾ ਕੇਂਦਰੀ ਮੰਤਰੀ ਹਰਬੰਸ ਸਿੰਘ ਹਰਬ ਧਾਲੀਵਾਲ ਦੀ ਭੈਣ ਸਰਗੀ ਚੀਮਾ ਨੇ ਸਰੀ ਤੋਂ ਕੌਂਸਲਰ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ।