ਓਟਵਾ : ਬ੍ਰਿਟਿਸ਼ ਕੋਲੰਬੀਆ ਵਿਚ ਡੇਲਟਾ ਵਿਚਲੇ ਇਕ ਨਾਮੀ ਪੰਜਾਬੀ ਇਮੀਗ੍ਰੇਸ਼ਨ ਵਕੀਲ ਨੂੰ 22 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਠਹਿਰਾਏ ਗਏ ਵਕੀਲ ਨੇ 17 ਦੋਸ਼ ਕਬੂਲੇ ਹਨ।
ਲਗਾਏ ਗਏ ਦੋਸ਼ਾਂ ਵਿਚ ਜਾਅਲਸਾਜ਼ੀ ਤੇ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨਾ ਸ਼ਾਮਲ ਹੈ। ਸਰਕਾਰੀ ਪੱਖ ਮੁਤਾਬਕ ਬਲਰਾਜ ਸਿੰਘ ਰੋਜ਼ਰ ਭੱਟੀ ਉਮਰ 63 ਸਾਲ ਦੇ ਖਿਲਾਫ 2020 ਵਿਚ ਦੋਸ਼ ਤੈਅ ਕੀਤੇ ਗਏ ਸਨ। ਉਸ ‘ਤੇ ਵਿਦੇਸ਼ੀਆਂ ਨਾਲ ਮਿਲ ਕੇ ਕੈਨੇਡਾ ਵਿਚ ਸ਼ਰਣ ਲੈਣ ਵਾਸਤੇ ਝੂਠੇ ਦਾਅਵੇ ਬਣਾਉਣ ਦਾ ਦੋਸ਼ ਹੈ। ਭੱਟੀ ਨੇ 1983 ਵਿਚ ਵਕਾਲਤ ਸ਼ੁਰੂ ਕੀਤੀ ਸੀ ਤੇ 1990 ਵਿਚ ਉਹ ਇਮੀਗ੍ਰੇਸ਼ਨ ਕਾਨੂੰਨਾਂ ਵਾਲੇ ਪਾਸੇ ਆ ਗਿਆ ਸੀ। ਲਾਅ ਸੁਸਾਇਟੀ ਆਫ ਬ੍ਰਿਟਿਸ਼ ਕੋਲੰਬੀਆ ਨੇ ਉਸ ਖਿਲਾਫ ਦੋਸ਼ ਲੱਗਣ ਤੋਂ ਬਾਅਦ ਉਸਨੂੰ ਸਸਪੈਂਡ ਕਰ ਦਿੱਤਾ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ ਬੀ ਐਸ ਏ) ਨੇ ਕਿਹਾ ਹੈ ਕਿ ਭੱਟੀ ਸੋਫੀਆ ਦਾਹਕ ਲਈ ਇ੍ਰਟਰਪ੍ਰੇ ਦਾ ਕੰਮ ਕਰਦਾ ਰਿਹਾ ਹੈ। ਉਹ ਕੇਂਦਰੀ ਯੂਰਪ ਤੋਂ ਆਉਣ ਵਾਲੇ ਲੋਕਾਂ ਦੇ ਮਾਮਲਿਆਂ ਵਿਚ ਗੁਨਾਹਾਂ ‘ਚ ਸ਼ਾਮਲ ਸੀ। ਇਹ ਸਾਰੇ ਗੁਨਾਹ 2002 ਤੋਂ 2014 ਵਿਚਾਲੇ ਕੀਤੇ ਗਏ ਹਨ।