ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ ਬੁੱਧਵਾਰ ਨੂੰ ਇਹ ਐਲਾਨ ਕੀਤਾ ਗਿਆ ਹੈ ਕਿ ਫੈਮਿਲੀ ਡਾਕਟਰਜ਼ ਵਾਂਗ ਹੀ ਡਾਕਟਰਾਂ ਦੀ ਘਾਟ ਨੂੰ ਖ਼ਤਮ ਕਰਨ ਲਈ ਸਰਕਾਰ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਵਰਤੋਂ ਕਰਕੇ ਹੈਲਥ ਕੇਅਰ ਵਰਕਰਜ਼ ਭਰਤੀ ਕਰੇਗੀ।
ਬੈਡਫੋਰਡ, ਨੋਵਾ ਸਕੋਸ਼ੀਆ ਵਿੱਚ ਇੱਕ ਈਵੈਂਟ ਉੱਤੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਤੇ ਸਿਹਤ ਮੰਤਰੀ ਜੀਨ-ਯਵੇਸ ਡਕਲਸ ਨੇ ਆਖਿਆ ਕਿ ਇਕਨੌਮਿਕ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ ਸਿਹਤ ਪ੍ਰੋਫੈਸ਼ਨਲਜ਼ ਨੂੰ ਕੈਨੇਡਾ ਸੱਦਣ ਲਈ ਨਵਾਂ ਐਕਸਪ੍ਰੈੱਸ ਐਂਟਰੀ ਸਿਸਟਮ ਸੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਲਈ ਜਲਦ ਹੀ 500 ਫੌਰਨ ਹੈਲਥ ਵਰਕਰਜ਼ ਨੂੰ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨ ਲਈ ਅਪਲਾਈ ਕਰਨ ਦਾ ਸੱਦਾ ਭੇਜਿਆ ਜਾਵੇਗਾ। 1500 ਹੋਰਨਾਂ ਹੈਲਥ ਕੇਅਰ ਵਰਕਰਜ਼ ਨੂੰ ਅਗਲੇ ਹਫਤੇ ਇਸ ਸਬੰਧੀ ਸੱਦਾ ਭੇਜਿਆ ਜਾਵੇਗਾ।
ਹੈਲਥ ਕੇਅਰ ਸੰਕਟ, ਜੋ ਕਿ ਸਟਾਫ ਦੀ ਘਾਟ ਕਾਰਨ ਪੈਦਾ ਹੋਇਆ ਹੈ, ਨਾਲ ਸਿੱਝਣ ਲਈ ਫੈਡਰਲ ਸਰਕਾਰ ਵੱਲੋਂ ਵਿਦੇਸ਼ੀ ਡਾਕਟਰਾਂ, ਨਰਸਾਂ, ਡੈਂਟਿਸਟਸ, ਫਾਰਮਾਸਿਸਟਸ, ਫਿਜ਼ੀਓਥੈਰੇਪਿਸਟਸ ਤੇ ਓਪਟੋਮੀਟਰਿਸਟਸ ਨੂੰ ਵੀ ਕੈਨੇਡਾ ਸੱਦਣ ਲਈ ਇਸ ਤਰ੍ਹਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਐਂਗਸ ਰੀਡ ਵੱਲੋਂ ਕਰਵਾਏ ਗਏ ਸਰਵੇਖਣ ਤੋਂ ਇਹ ਸਾਹਮਣੇ ਆਇਆ ਹੈ ਕਿ ਹਾਲਾਤ ਕਾਫੀ ਮਾੜੇ ਹਨ। ਅੰਦਾਜ਼ਨ ਛੇ ਮਿਲੀਅਨ ਕੈਨੇਡੀਅਨਜ਼ ਕੋਲ ਕੋਈ ਫੈਮਿਲੀ ਡਾਕਟਰ ਹੀ ਨਹੀਂ ਹੈ। ਇਸ ਦੇ ਨਾਲ ਹੀ ਕੈਨੇਡਾ ਵਿੱਚ ਸਪੈਸ਼ਲਿਸਟਸ ਦੀ ਵੀ ਘਾਟ ਹੈ।
ਆਉਣ ਵਾਲੇ ਪੰਜ ਸਾਲਾਂ ਵਿੱਚ ਡਾਕਟਰਾਂ ਦੀ ਇਸ ਘਾਟ ਵਿੱਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ। ਫੈਡਰਲ ਡਾਟਾ ਅਨੁਸਾਰ ਕੈਨੇਡਾ ਵਿੱਚ 2028 ਤੱਕ 44,000 ਡਾਕਟਰਾਂ, ਜਿਨ੍ਹਾਂ ਵਿੱਚ 30,000 ਤੋਂ ਵੱਧ ਫੈਮਿਲੀ ਡਾਕਟਰ ਤੇ ਜਨਰਲ ਪ੍ਰੈਕਟੀਸ਼ਨਰ ਸ਼ਾਮਲ ਹਨ, ਦੀ ਘਾਟ ਹੋ ਜਾਵੇਗੀ।
ਫਰੇਜ਼ਰ ਨੇ ਆਖਿਆ ਕਿ 2017 ਤੇ 2022 ਦਰਮਿਆਨ ਕੈਨੇਡਾ ਨੇ 21,000 ਹੈਲਥ ਕੇਅਰ ਵਰਕਰਜ਼ ਨੂੰ ਕੈਨੇਡਾ ਸੱਦਿਆ ਸੀ, ਜੋ ਕਿ ਸਾਲ ਦੇ 4,000 ਵਰਕਰਜ਼ ਤੋਂ ਕੁੱਝ ਵੱਧ ਬਣਦੇ ਹਨ। ਪਰ ਇਸ ਵਾਰੀ ਸਰਕਾਰ ਦਾ ਟੀਚਾ ਹਰ ਸਾਲ 8,000 ਨਵੇਂ ਹੈਲਥ ਕੇਅਰ ਵਰਕਰਜ਼ ਨੂੰ ਕੈਨੇਡਾ ਸੱਦਣ ਦਾ ਹੈ।