ਧਮਾਕੇ ਦੌਰਾਨ 2 ਵਿਅਕਤੀਆਂ ਦੀ ਗਈ ਜਾਨ
ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਸਵੇਰੇ ਰੇਨਬੋਅ ਬ੍ਰਿੱਜ ਉੱਤੇ ਬਾਰਡਰ ਨਾਕੇ ਨੇੜੇ ਤੇਜ਼ ਰਫਤਾਰ ਨਾਲ ਆ ਰਹੀ ਗੱਡੀ ਪਹਿਲਾਂ ਉਛਲੀ ਤੇ ਫਿਰ ਉਸ ਵਿੱਚ ਧਮਾਕਾ ਹੋਣ ਦੇ ਨਾਲ ਹੀ ਅੱਗ ਲੱਗ ਗਈ। ਇਸ ਹਾਦਸੇ ਵਿੱਚ ਦੋ ਵਿਅਕਤੀ ਮਾਰੇ ਗਏ। ਇਹ ਹਾਦਸਾ ਸਵੇਰੇ 11:30 ਵਜੇ ਤੋਂ ਪਹਿਲਾਂ ਕਰੌਸਿੰਗ ਉੱਤੇ ਅਮਰੀਕਾ ਵਾਲੇ ਪਾਸੇ ਵਾਪਰਿਆ। ਹਾਦਸੇ ਕਾਰਨ ਮਾਰੇ ਗਏ ਦੋ ਵਿਅਕਤੀਆਂ ਦੀ ਪੁਲਿਸ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ। ਅਮਰੀਕਾ ਦੇ ਇੱਕ ਸਰਹੱਦ ਉੱਤੇ ਗਸ਼ਤ ਕਰਨ ਵਾਲੇ ਅਧਿਕਾਰੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਬੁੱਧਵਾਰ ਦੁਪਹਿਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਊ ਯੌਰਕ ਦੀ ਗਵਰਨਰ ਕੈਥੀ ਹਕੁਲ ਨੇ ਆਖਿਆ ਕਿ ਹਾਦਸਾ ਕਾਫੀ ਜ਼ਬਰਦਸਤ ਸੀ ਤੇ ਗੱਡੀ ਦਾ ਮਲਬਾ ਸਾਰੇ ਪਾਸੇ ਫੈਲ ਗਿਆ। ਪਰ ਚੰਗੀ ਗੱਲ ਇਹ ਰਹੀ ਕਿ ਇਸ ਵਿੱਚ ਕਿਸੇ ਹੋਰ ਵਿਅਕਤੀ ਨੂੰ ਕੋਈ ਸੱਟ ਫੇਟ ਨਹੀਂ ਲੱਗੀ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਹਾਦਸਾ ਕਿਉਂ ਵਾਪਰਿਆ ਪਰ ਹਕੁਲ ਦਾ ਆਖਣਾ ਹੈ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਇਹ ਅੱਤਵਾਦੀ ਗਤੀਵਿਧੀ ਸੀ। ਇਸ ਘਟਨਾ ਦੇ ਮੱਦੇਨਜ਼ਰ ਸਾਰੀਆਂ ਬਾਰਡਰ ਕਰੌਸਿੰਗਜ਼ ਨੂੰ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਰੇਨਬੋਅ ਬ੍ਰਿੱਜ ਦੇ ਨਾਲ ਨਾਲ ਹਾਦਸੇ ਤੋਂ ਬਾਅਦ ਤਿੰਨ ਹੋਰ ਨਾਇਗਰਾ ਬਾਰਡਰ ਕਰੌਸਿੰਗਜ਼ ਨੂੰ ਬੰਦ ਕਰ ਦਿੱਤਾ ਹੈ। ਸ਼ਾਮੀਂ 5:00 ਵਜੇ ਤੋ ਬਾਅਦ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵ੍ਹਰਲਪੂਲ ਬ੍ਰਿੱਜ, ਪੀਸ ਬ੍ਰਿੱਜ ਤੇ ਕੁਈਨਸਟਨ-ਲੁਈਂਸਟਨ ਬ੍ਰਿੱਜ ਨੂੰ ਟਰੈਫਿਕ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ।
ਪੁਲਿਸ ਵੱਲੋਂ ਅਜੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਦਸੇ ਦਾ ਕਾਰਨ ਕੀ ਸੀ।
ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਨ੍ਹਾਂ ਨੂੰ ਹਾਦਸੇ ਬਾਰੇ ਸਾਰੀ ਜਾਣਕਾਰੀ ਮਿਲ ਗਈ ਹੈ ਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਇਸ ਮਾਮਲੇ ਤੇ ਹਾਲਾਤ ਦਾ ਜਾਇਜ਼ਾ ਲੈਣ ਵਿੱਚ ਲੱਗੀ ਹੋਈ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …