ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਦੇਸ਼ ‘ਚ 2022 ਤੋਂ 2024 ਤੱਕ ਵਿਦੇਸ਼ੀਆਂ ਨੂੰ ਪੱਕੇ ਵੀਜ਼ੇ ਜਾਰੀ ਕਰਨ ਦਾ ਕੋਟਾ ਜਾਰੀ ਕੀਤਾ ਹੈ, ਜਿਸ ਮੁਤਾਬਿਕ 2022 ‘ਚ 4,31,645, 2023 ‘ਚ 4,47,055 ਅਤੇ 2024 ‘ਚ ਵਿਦੇਸ਼ਾਂ ਤੋਂ 4,51,000 ਵਿਅਕਤੀਆਂ ਨੂੰ ਕੈਨੇਡਾ ‘ਚ ਜਾ ਕੇ ਪੱਕੇ ਤੌਰ ‘ਤੇ ਵੱਸਣ ਦਾ ਮੌਕਾ ਮਿਲੇਗਾ। ਮੰਤਰੀ ਫਰੇਜ਼ਰ ਨੇ ਆਖਿਆ ਕਿ ਦੇਸ਼ ਦੀ ਆਰਥਿਕਤਾ ਨੂੰ ਧੜਕਦੇ ਰੱਖਣ ਲਈ ਵਿਦੇਸ਼ੀ ਕਾਮਿਆਂ ਅਤੇ ਪਰਵਾਸੀਆਂ ਦੀ ਸ਼ਿੱਦਤ ਨਾਲ ਜ਼ਰੂਰਤ ਹੈ। ਇਹ ਵੀ ਕਿ 2030 ਤੱਕ ਕੈਨੇਡਾ ‘ਚ 50 ਲੱਖ ਕਾਮੇ ਸੇਵਾਮੁਕਤ ਹੋ ਜਾਣਗੇ, ਜਿਨ੍ਹਾਂ ਦੀ ਜਗ੍ਹਾ ਲੈਣ ਲਈ ਨੌਜਵਾਨ ਕਾਮਿਆਂ ਦੀ ਜ਼ਰੂਰਤ ਰਹੇਗੀ, ਜਿਸ ਨੂੰ ਪੂਰਾ ਕਰਨ ਲਈ ਵਿਦੇਸ਼ੀ ਕਾਮਿਆਂ ਦੀ ਲੋੜ ਰਹੇਗੀ। ਉਨ੍ਹਾਂ ਆਖਿਆ ਕਿ ਸਿੱਖਿਅਤ ਕਾਮਿਆਂ ਨੂੰ ਪਹਿਲ ਦੇ ਅਧਾਰ ‘ਤੇ ਪੱਕੇ ਹੋਣ ਦਾ ਮੌਕਾ ਮਿਲੇਗਾ, ਜਿਸ ਕਰਕੇ ਸਾਲਾਨਾ ਕੋਟੇ ‘ਚ 60 ਫ਼ੀਸਦੀ ਤੱਕ ਪੱਕੇ ਵੀਜ਼ੇ ਆਰਥਿਕ ਪਰਵਾਸ ਲਈ ਰੱਖੇ ਗਏ ਹਨ। ਉਨ੍ਹਾਂ ਆਖਿਆ ਪਰਿਵਾਰਾਂ ਨੂੰ ਇਕੱਠੇ ਕਰਨ ਅਤੇ ਤਰਸ ਦੇ ਅਧਾਰ ‘ਤੇ ਵੀ ਲੋਕਾਂ ਨੂੰ ਕੈਨੇਡਾ ‘ਚ ਪੱਕੇ ਹੋਣ ਦਾ ਮੌਕਾ ਮਿਲਦਾ ਰਹੇਗਾ। ਮੌਜੂਦਾ ਦੌਰ ‘ਚ ਕੈਨੇਡਾ ‘ਚ ਆਸਾਨੀ ਨਾਲ ਪੱਕੇ ਹੋਣ ਦਾ ਤਰੀਕਾ ਸਿਰਫ ਵਿਅਕਤੀ ਦੀ ਯੋਗਤਾ ਹੈ। ਯੋਗਤਾ ‘ਚ ਪ੍ਰਮੁੱਖਤਾ ਨਾਲ ਕਿੱਤੇ ਸਬੰਧੀ ਸਿੱਖਿਆ, ਮੁਹਾਰਤ, ਨੌਜਵਾਨ ਉਮਰ ਅਤੇ ਕੈਨੇਡਾ ਦੀ ਸਰਕਾਰੀ ਭਾਸ਼ਾ ਦੇ ਗਿਆਨ ਦੀ ਜ਼ਰੂਰਤ ਹੈ। ਆਪਣੇ ਦੇਸ਼ਾਂ ‘ਚ ਉੱਚ (ਘੱਟ ਤੋਂ ਘੱਟ ਬੀ. ਏ.) ਸਿੱਖਿਆ ਪ੍ਰਾਪਤ ਕਰਕੇ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਵਾਸਤੇ ਨੌਜਵਾਨ ਆਪਣੇ ਆਪ ਨੂੰ ਆਸਾਨੀ ਨਾਲ ਤਿਆਰ ਕਰ ਸਕਦੇ ਹਨ ਅਤੇ ਪੱਕਾ ਵੀਜ਼ਾ ਪ੍ਰਾਪਤ ਕਰਕੇ ਸ਼ਾਨ ਨਾਲ ਕੈਨੇਡਾ ਪੁੱਜਿਆ ਜਾ ਸਕਦਾ ਹੈ। ਇਸ ਦੇ ਉਲਟ ਸਟੱਡੀ ਪਰਮਿਟ ਜਾਂ ਵਰਕ ਪਰਮਿਟ ਆਰਜ਼ੀ ਤੌਰ ‘ਤੇ ਕੈਨੇਡਾ ‘ਚ ਪੁੱਜਣ ਲਈ ਸਹਾਈ ਰਹਿੰਦਾ ਹੈ।