-4 C
Toronto
Monday, December 22, 2025
spot_img
Homeਜੀ.ਟੀ.ਏ. ਨਿਊਜ਼ਚੋਣਾਂ 'ਚ ਵਿਦੇਸ਼ੀ ਦਖਲਅੰਦਾਜ਼ੀ ਕੈਨੇਡਾ ਨਹੀਂ ਕਰੇਗਾ ਬਰਦਾਸ਼ਤ

ਚੋਣਾਂ ‘ਚ ਵਿਦੇਸ਼ੀ ਦਖਲਅੰਦਾਜ਼ੀ ਕੈਨੇਡਾ ਨਹੀਂ ਕਰੇਗਾ ਬਰਦਾਸ਼ਤ

ਇਲੈਕਟੋਰਲ ਸਿਸਟਮ ਨੂੰ ਮਜ਼ਬੂਤ ਕਰਨ ਲਈ ਤੇ ਦਖਲਅੰਦਾਜ਼ੀ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ
ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਕੈਨੇਡਾ ਦੇ ਇਲੈਕਟੋਰਲ ਸਿਸਟਮ ਨੂੰ ਮਜ਼ਬੂਤ ਕਰਨ ਲਈ ਤੇ ਵਿਦੇਸ਼ੀ ਦਖਲਅੰਦਾਜ਼ੀ ਨਾਲ ਨਜਿੱਠਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰਨ ਜਾ ਰਹੀ ਹੈ।
ਡੈਮੋਕ੍ਰੈਟਿਕ ਇੰਸਟੀਚਿਊਸ਼ਨਜ਼ ਮੰਤਰੀ ਕਰੀਨਾ ਗਾਊਲਡ ਨਾਲ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਹੁਣ ਤੋਂ ਨੌਂ ਮਹੀਨੇ ਬਾਅਦ ਹੋਣ ਜਾ ਰਹੀਆਂ ਅਗਲੀਆਂ ਫੈਡਰਲ ਚੋਣਾਂ ਲਈ ਚੁੱਕੇ ਜਾਣ ਵਾਲੇ ਇਨ੍ਹਾਂ ਕਦਮਾਂ ਦਾ ਖੁਲਾਸਾ ਕਰਨਗੇ। ਗਾਊਲਡ ਨੇ ਪਾਰਲੀਆਮੈਂਟ ਹਿੱਲ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਇਸ ਸਭ ਕਾਸੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ। ਉਨ੍ਹਾਂ ਆਖਿਆ ਕਿ ਕੈਨੇਡਾ ਦੇ ਇਲੈਕਟੋਰਲ ਸਿਸਟਮ ਦੀ ਹਿਫਾਜ਼ਤ ਕਰਨ ਲਈ ਅਸੀਂ ਕਦਮ ਚੁੱਕ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਸ ਵਿੱਚ ਵਿਦੇਸ਼ ਤੋਂ ਖਰਚੇ ਲਈ ਮਿਲਣ ਵਾਲੀ ਮਦਦ ਨੂੰ ਦੂਰ ਰੱਖਣ ਲਈ ਨਵਾਂ ਕਾਨੂੰਨ ਲਿਆਉਣਾ, ਵੋਟਿੰਗ ਸਬੰਧੀ ਬੁਨਿਆਦੀ ਢਾਂਚੇ ਨੂੰ ਹੈਕ ਹੋਣ ਤੋਂ ਰੋਕਣ ਲਈ ਇਲੈਕਸ਼ਨਜ਼ ਕੈਨੇਡਾ ਨਾਲ ਰਲ ਕੇ ਕੰਮ ਕਰਨਾ, ਜਾਅਲੀ ਖਬਰਾਂ ਨੂੰ ਰੋਕਣ ਲਈ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਾਲ ਲੈ ਕੇ ਚੱਲਣਾ ਤੇ ਕੈਂਪੇਨ ਦੌਰਾਨ ਲੋਕਾਂ ਦੀ ਰਾਇ ਵਿੱਚ ਦਖਲ ਦੇਣ ਸਬੰਧੀ ਕਿਸੇ ਕੋਸ਼ਿਸ਼ ਨੂੰ ਰੋਕਣਾ ਆਦਿ ਸ਼ਾਮਲ ਹਨ।
21 ਅਕਤੂਬਰ ਨੂੰ ਹੋਣਗੀਆਂ ਫੈਡਰਲ ਚੋਣਾਂ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਇੰਟਰਵਿਊ ਵਿਚ ਬੜੀ ਗੰਭੀਰਤਾ ਨਾਲ ਇਹ ਟਿੱਪਣੀ ਕੀਤੀ ਸੀ ਕਿ ਅਸੀਂ ਫੈਡਰਲ ਚੋਣਾਂ ਨਿਸ਼ਚਿਤ ਸਮੇਂ ‘ਤੇ ਹੀ ਕਰਵਾਂਵਾਂਗੇ। ਟਰੂਡੋ ਨੇ ਆਖਿਆ ਸੀ ਕਿ ਚੋਣਾਂ ਆਉਂਦੀ 21 ਅਕਤੂਬਰ 2019 ਨੂੰ ਹੀ ਕਰਵਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਇਹ ਚਰਚਾ ਜ਼ੋਰ ਫੜਨ ਲੱਗੀ ਸੀ ਕਿ ਚੋਣਾਂ ਸ਼ਾਇਦ ਨਿਸ਼ਚਿਤ ਸਮੇਂ ਤੋਂ ਪਹਿਲਾਂ ਕਰਵਾ ਲਈਆਂ ਜਾਣ। ਪਰ ਪ੍ਰਧਾਨ ਮੰਤਰੀ ਟਰੂਡੋ ਦੇ ਬਿਆਨ ਨੇ ਸਾਰੇ ਖਦਸ਼ਿਆਂ ‘ਤੇ ਰੋਕ ਲਾ ਦਿੱਤੀ।

RELATED ARTICLES
POPULAR POSTS