Breaking News
Home / ਜੀ.ਟੀ.ਏ. ਨਿਊਜ਼ / ਜੂਨ ਦੇ ਅਖੀਰ ਤੱਕ 1.3 ਮਿਲੀਅਨ ਕੈਨੇਡੀਅਨਜ਼ ਨੇ ਕੋਵਿਡ-19 ਵੈਕਸੀਨਜ਼ ਦੇ ਮਿਕਸ ਸ਼ੌਟ ਲਵਾਏ

ਜੂਨ ਦੇ ਅਖੀਰ ਤੱਕ 1.3 ਮਿਲੀਅਨ ਕੈਨੇਡੀਅਨਜ਼ ਨੇ ਕੋਵਿਡ-19 ਵੈਕਸੀਨਜ਼ ਦੇ ਮਿਕਸ ਸ਼ੌਟ ਲਵਾਏ

ਟੋਰਾਂਟੋ/ਬਿਊਰੋ ਨਿਊਜ਼ : ਵੈਕਸੀਨੇਸ਼ਨ ਬਾਰੇ ਹੈਲਥ ਕੈਨੇਡਾ ਦੀ ਹਫਤਾਵਾਰੀ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਜੂਨ ਵਿੱਚ ਆਪਣੇ ਕੋਵਿਡ-19 ਵੈਕਸੀਨੇਸ਼ਨ ਸ਼ਡਿਊਲ ਤਹਿਤ 1.3 ਮਿਲੀਅਨ ਕੈਨੇਡੀਅਨਜ਼ ਨੇ ਮਿਕਸਡ ਡੋਜ਼ ਲਵਾਉਣ ਦਾ ਫੈਸਲਾ ਕੀਤਾ ਸੀ।
ਸੋਮਵਾਰ ਨੂੰ ਪਬਲਿਸ਼ ਹੋਈ ਇਸ ਰਿਪੋਰਟ ਵਿੱਚ ਆਖਿਆ ਗਿਆ ਕਿ 31 ਮਈ ਤੇ 26 ਜੂਨ ਦਰਮਿਆਨ ਆਪਣਾ ਦੂਜਾ ਸ਼ੌਟ ਲਵਾਉਣ ਵਾਲੇ 6.5 ਮਿਲੀਅਨ ਲੋਕਾਂ ਵਿੱਚੋਂ ਹਰੇਕ ਪੰਜ ਵਿੱਚੋਂ ਇੱਕ ਨੇ ਆਪਣੇ ਪਹਿਲੇ ਸ਼ੌਟ ਵਿੱਚ ਵਰਤੀ ਗਈ ਵੈਕਸੀਨ ਨਾਲੋਂ ਦੂਜੀ ਵਾਰੀ ਵੱਖਰੀ ਵੈਕਸੀਨ ਦਾ ਸ਼ੌਟ ਲਵਾਇਆ।
ਕੁੱਝ ਪ੍ਰੋਵਿੰਸਾਂ ਨੇ ਦੋ ਐਮਆਰਐਨਏ ਵੈਕਸੀਨਜ਼ ਫਾਈਜ਼ਰ-ਬਾਇਓਐਨਟੈਕ ਤੇ ਮੌਡਰਨਾ ਨੂੰ ਅਪਰੈਲ ਵਿੱਚ ਹੀ ਮਿਕਸ ਕਰਕੇ ਦੇਣਾ ਸੁ ਕਰ ਦਿੱਤਾ ਸੀ। ਇਨ੍ਹਾਂ ਪ੍ਰੋਵਿੰਸਾਂ ਨੂੰ ਜਿਹੜੀ ਸਪਲਾਈ ਮਿਲਦੀ ਸੀ ਉਸ ਹਿਸਾਬ ਨਾਲ ਟੀਕੇ ਲਾਏ। ਇਹ ਰੁਝਾਨ ਜੂਨ ਦੇ ਤੀਜੇ ਮਹੀਨੇ ਵਿੱਚ ਉਦੋਂ ਆਮ ਹੋ ਗਿਆ ਜਦੋਂ ਫਾਈਜ਼ਰ ਵੱਲੋਂ ਵੈਕਸੀਨ ਦੀ ਖੇਪ ਪਹੁੰਚਾਉਣ ਵਿੱਚ ਹੋਈ ਦੇਰ ਤੋਂ ਬਾਅਦ ਕੁੱਝ ਦਿਨਾਂ ਲਈ ਪ੍ਰੋਵਿੰਸਾਂ ਨੇ ਮੌਡਰਨਾ ਹੀ ਲਾਉਣੀ ਸ਼ੁਰੂ ਕਰ ਦਿੱਤੀ ਸੀ। ਦੋ ਤਰ੍ਹਾਂ ਦੀਆਂ ਵੈਕਸੀਨਜ਼ ਮਿਕਸ ਕਰਨ ਦਾ ਸਿਲਸਿਲਾ ਜੂਨ ਦੇ ਸ਼ੁਰੂ ਵਿੱਚ ਹੀ ਅਮਲ ਵਿੱਚ ਲਿਆਂਦਾ ਗਿਆ। ਇਹ ਰੁਝਾਨ ਉਸ ਸਮੇਂ ਸ਼ੁਰੂ ਹੋਇਆ ਜਦੋਂ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨ ਏ ਸੀ ਆਈ) ਨੇ ਇਹ ਆਖਿਆ ਕਿ ਐਸਟ੍ਰਾਜ਼ੈਨੇਕਾ ਦਾ ਪਹਿਲਾ ਸ਼ੌਟ ਲੈ ਚੁੱਕੇ ਲੋਕਾਂ ਨੂੰ ਐਮਆਰਐਨਏ ਵੈਕਸੀਨ ਦਾ ਦੂਜਾ ਸ਼ੌਟ ਦਿੱਤਾ ਜਾ ਸਕਦਾ ਹੈ ਤੇ ਇਹ ਸੇਫ ਹੈ। ਫਿਰ 17 ਜੂਨ ਨੂੰ ਐਨ ਏ ਸੀ ਆਈ ਨੇ ਆਖਿਆ ਕਿ ਐਸਟ੍ਰਾਜ਼ੈਨੇਕਾ ਤੋਂ ਬਾਅਦ ਐਮਆਰਐਨਏ ਵੈਕਸੀਨ ਦਾ ਸ਼ੌਟ ਲੈਣਾ ਸਗੋਂ ਚੰਗਾ ਬਦਲ ਹੈ।

ਆਪਣੇ ਸਟਾਫ ਦਾ ਟੀਕਾਕਰਣ ਯਕੀਨੀ ਬਣਾਉਣ ਲਈ ਕੈਨੇਡਾ ਨੇ ਕੋਵਿਡ-19 ਵੈਕਸੀਨ 134 ਡਿਪਲੋਮੈਟਿਕ ਮਿਸ਼ਨਜ਼ ਨੂੰ ਭੇਜੀ
ਟੋਰਾਂਟੋ : ਫੈਡਰਲ ਸਰਕਾਰ ਨੇ ਆਪਣੇ ਮਿਲਟਰੀ ਜਹਾਜ਼ਾਂ ਤੇ ਕੋਰੀਅਰਜ਼ ਦੀ ਵਰਤੋਂ ਕਰਦਿਆਂ ਹੋਇਆਂ ਹਜ਼ਾਰਾਂ ਦੀ ਗਿਣਤੀ ਵਿੱਚ ਕੋਵਿਡ-19 ਵੈਕਸੀਨ ਡੋਜ਼ਾਂ ਕੈਨੇਡਾ ਦੇ 134 ਡਿਪਲੋਮੈਟਿਕ ਮਿਸ਼ਨਜ਼ ਨੂੰ ਭੇਜੀਆਂ ਹਨ। ਕੈਨੇਡਾ ਵੱਲੋਂ ਅਜਿਹਾ ਇਸ ਲਈ ਵੀ ਕੀਤਾ ਗਿਆ ਮੰਨਿਆ ਜਾ ਰਿਹਾ ਹੈ ਤਾਂ ਕਿ ਵਿਦੇਸ਼ਾਂ ਵਿੱਚ ਵੱਸਦੇ ਇਸ ਦੇ ਸਟਾਫ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਵੀ ਟੀਕਾਕਰਣ ਯਕੀਨੀ ਬਣਾਇਆ ਜਾ ਸਕੇ। ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਹ ਕਾਨੂੰਨੀ ਫਰਜ਼ ਬਣਦਾ ਹੈ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਉਨ੍ਹਾਂ ਦੇ ਸਟਾਫ ਦੀ ਹੈਲਥ ਕੇਅਰ ਯਕੀਨੀ ਬਣਾਈ ਜਾ ਸਕੇ। ਇਸ ਵਿੱਚ ਵੈਕਸੀਨੇਸ਼ਨ ਵੀ ਆਉਂਦੀ ਹੈ। ਜਿਹੜੇ ਹੈਲਥ ਸਮਾਜ ਸੇਵਕ ਘੱਟ ਆਮਦਨ ਵਾਲੇ ਮੁਲਕਾਂ ਵਿੱਚ ਕੰਮ ਕਰ ਰਹੇ ਹਨ ਉਨ੍ਹਾਂ ਦੀ ਵੈਕਸੀਨੇਸ਼ਨ ਦੀ ਵੀ ਸਰਕਾਰ ਨੂੰ ਚਿੰਤਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਹੁਣ ਤੱਕ 69 ਫੀਸਦੀ ਕੈਨੇਡੀਅਨਜ਼ ਨੂੰ ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਲੱਗ ਚੁੱਕੀ ਹੈ ਜਦਕਿ 3 ਫੀਸਦੀ ਅਫਰੀਕਨਜ਼ ਨੂੰ ਵੈਕਸੀਨੇਸ਼ਨ ਲੱਗੀ ਹੈ। ਦੁਨੀਆ ਦੇ ਕਈ ਗਰੀਬ ਦੇਸ਼ਾਂ ਵਿੱਚ ਤਾਂ ਅਜੇ ਸਿਰਫ ਇੱਕ ਫੀਸਦੀ ਲੋਕਾਂ ਦਾ ਹੀ ਟੀਕਾਕਰਣ ਹੋਇਆ ਹੈ। ਦੂਜੇ ਪਾਸੇ ਅਜਿਹੇ ਗਰੀਬ ਦੇਸ਼ਾਂ ਵਿੱਚ ਡੈਲਟਾ ਵੇਰੀਐਂਟ ਵੀ ਆਪਣੇ ਪੈਰ ਪਸਾਰ ਰਿਹਾ ਹੈ। ਗਲੋਬਲ ਅਫੇਅਰਜ਼ ਕੈਨੇਡਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਆਪਣੀਆਂ 75 ਫੀਸਦੀ ਅੰਬੈਸੀਜ਼ ‘ਤੇ ਵਿਦੇਸ਼ਾਂ ਵਿੱਚ ਜਾਰੀ ਹੋਰ ਮਿਸ਼ਨਜ਼ ਲਈ ਵੈਕਸੀਨ ਭੇਜ ਦਿੱਤੀ ਗਈ ਹੈ। ਇਸ ਵਿੱਚ ਪਹਿਲ ਉਨ੍ਹਾਂ ਦੇਸ਼ਾਂ ਨੂੰ ਦਿੱਤੀ ਗਈ ਹੈ ਜਿੱਥੇ ਕੈਨੇਡਾ ਵੱਲੋਂ ਮਨਜ਼ੂਰਸ਼ੁਦਾ ਵੈਕਸੀਨਜ਼ ਤੱਕ ਪਹੁੰਚ ਨਹੀਂ ਹੈ ਜਾਂ ਜਿੱਥੇ ਟੀਕਾਕਰਣ ਦੀ ਰਫਤਾਰ ਕੈਨੇਡਾ ਨਾਲੋਂ ਮੱਠੀ ਹੈ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …