43 ਮੰਤਰੀਆਂ ਨੇ ਅਹੁਦੇ ਦੀ ਚੁੱਕੀ ਸਹੁੰ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਕੇਂਦਰੀ ਵਜ਼ਾਰਤ ਵਿੱਚ ਵੱਡਾ ਫੇਰਬਦਲ ਕਰਦਿਆਂ ਜਿੱਥੇ ਸਰਬਾਨੰਦ ਸੋਨੋਵਾਲ, ਨਰਾਇਣ ਰਾਣੇ ਤੇ ਜਿਓਤਿਰਦਿੱਤਿਆ ਸਿੰਧੀਆ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕਰ ਲਿਆ, ਉਥੇ ਸਿਹਤ ਮੰਤਰੀ ਹਰਸ਼ ਵਰਧਨ, ਸੂਚਨਾ ਤਕਨੀਕ ਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਸਮੇਤ 12 ਮੰਤਰੀਆਂ ਤੋਂ ਅਸਤੀਫ਼ੇ ਲੈ ਕੇ ਉਨ੍ਹਾਂ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ। ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਹੋਏ ਹਲਫ਼ਦਾਰੀ ਸਮਾਗਮ ‘ਚ ਕੁੱਲ 43 ਮੰਤਰੀਆਂ ਨੇ ਹਲਫ਼ ਲਿਆ।
ਇਨ੍ਹਾਂ ਵਿੱਚੋਂ 15 ਜਣਿਆਂ ਨੇ ਕੈਬਨਿਟ ਮੰਤਰੀ ਤੇ 28 ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਕੈਬਨਿਟ ਮੰਤਰੀਆਂ ਵਿੱਚ ਕੁਝ ਨਵੇਂ ਚਿਹਰੇ ਵੀ ਸ਼ਾਮਲ ਹਨ। 13 ਮੈਂਬਰਾਂ ਨੇ ਹਿੰਦੀ ਜਦੋਂਕਿ ਦੋ ਜਣਿਆਂ ਨੇ ਅੰਗਰੇਜ਼ੀ ‘ਚ ਹਲਫ਼ ਲਿਆ।
ਕੇਂਦਰੀ ਵਜ਼ਾਰਤ ਵਿੱਚ 36 ਨਵੇਂ ਤੇ 7 ਪੁਰਾਣੇ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਅਨੁਰਾਗ ਠਾਕੁਰ, ਹਰਦੀਪ ਸਿੰਘ ਪੁਰੀ, ਕਿਰਨ ਰਿਜਿਜੂ ਸਮੇਤ ਕੁੱਲ ਸੱਤ ਜਣਿਆਂ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ ਹੈ। ਇਸ ਨਵੇਂ ਫੇਰਬਦਲ ਨਾਲ ਕੇਂਦਰੀ ਕੈਬਨਿਟ ‘ਚ ਮੰਤਰੀਆਂ ਦੀ ਗਿਣਤੀ ਵਧ ਕੇ 78 ਹੋ ਗਈ ਹੈ ਜਦੋਂਕਿ ਲੋਕ ਸਭਾ ਮੈਂਬਰਾਂ ਦੀ ਕੁੱਲ ਸਮਰੱਥਾ ਦਾ 15 ਫੀਸਦ ਭਾਵ 81 ਮੈਂਬਰਾਂ ਨੂੰ ਕੈਬਨਿਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …