7.3 C
Toronto
Friday, November 7, 2025
spot_img
HomeUncategorizedਯੂਪੀ 'ਚ ਪ੍ਰਿਅੰਕਾ ਗਾਂਧੀ ਦਾ ਰੋਡ ਸ਼ੋਅ, ਭਰਵਾਂ ਸਵਾਗਤ

ਯੂਪੀ ‘ਚ ਪ੍ਰਿਅੰਕਾ ਗਾਂਧੀ ਦਾ ਰੋਡ ਸ਼ੋਅ, ਭਰਵਾਂ ਸਵਾਗਤ

ਆਓ, ਮੇਰੇ ਨਾਲ ਨਵੇਂ ਭਵਿੱਖ ਦਾ ਨਿਰਮਾਣ ਅਤੇ ਨਵੀਂ ਸਿਆਸਤ ਦੀ ਸ਼ੁਰੂਆਤ ਕਰੋ : ਪ੍ਰਿਅੰਕਾ
ਲਖਨਊ/ਬਿਊਰੋ ਨਿਊਜ਼ : ਕਾਂਗਰਸ ਜਨਰਲ ਸਕੱਤਰ ਵਜੋਂ ਆਪਣੇ ਸਿਆਸੀ ਸਫ਼ਰ ਦਾ ਆਗਾਜ਼ ਕਰਦਿਆਂ ਪ੍ਰਿਅੰਕਾ ਗਾਂਧੀ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਵਿਚ ਜ਼ੋਰ-ਸ਼ੋਰ ਨਾਲ ਰੋਡ ਸ਼ੋਅ ਕੱਢਿਆ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਵਿੱਢੀ ਗਈ ਇਸ ਮੁਹਿੰਮ ਨੂੰ ਸਿਆਸੀ ਮਾਹਿਰ ਕਾਂਗਰਸ ਦੇ ਪ੍ਰਚਾਰ ਦੀ ਸ਼ੁਰੂਆਤ ਮੰਨ ਰਹੇ ਹਨ। ਪ੍ਰਿਅੰਕਾ ਦਾ ਕਾਫ਼ਲਾ ਜਿਵੇਂ ਜਿਵੇਂ ਅੱਗੇ ਵੱਧ ਰਿਹਾ ਸੀ, ਤਾਂ ਹਜ਼ਾਰਾਂ ਪਾਰਟੀ ਵਰਕਰਾਂ ਦਾ ਉਤਸ਼ਾਹ ਵੀ ਸੱਤਵੇਂ ਅਸਮਾਨ ‘ਤੇ ਦੇਖਣ ਨੂੰ ਮਿਲਿਆ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪੱਛਮੀ ਖ਼ਿੱਤੇ ਦੇ ਇੰਚਾਰਜ ਜਯੋਤਿਰਦਿਤਿਆ ਸਿੰਧੀਆ ਨਾਲ ਮੌਜੂਦ 47 ਵਰ੍ਹਿਆਂ ਦੀ ਪ੍ਰਿਯੰਕਾ ਕੁੜਤੇ ਅਤੇ ਚੁੰਨੀ ਵਿਚ ਫੱਬ ਰਹੀ ਸੀ। ਉਸ ਦੀ ਇਕ ਝਲਕ ਦੇਖਣ ਲਈ ਜ਼ੋਰ ਅਜ਼ਾਮਇਸ਼ ਕਰ ਰਹੇ ਪਾਰਟੀ ਵਰਕਰਾਂ ਵੱਲ ਉਹ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕਬੂਲ ਰਹੀ ਸੀ।
ਯੂਪੀ ਦੇ ਦੌਰੇ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਸੁਨੇਹੇ ਵਿਚ ਪ੍ਰਿਅੰਕਾ ਨੇ ਕਿਹਾ,”ਆਓ, ਮੇਰੇ ਨਾਲ ਨਵੇਂ ਭਵਿੱਖ ਦਾ ਨਿਰਮਾਣ ਅਤੇ ਨਵੀਂ ਸਿਆਸਤ ਦੀ ਸ਼ੁਰੂਆਤ ਕਰੋ। ਤੁਹਾਡਾ ਧੰਨਵਾਦ।” ਹਵਾਈ ਅੱਡੇ ਤੋਂ ਪਾਰਟੀ ਸਦਰਮੁਕਾਮ ਤਕ ਕੱਢੇ ਗਏ ਕਰੀਬ 25 ਕਿਲੋਮੀਟਰ ਲੰਬੇ ਰੋਡ ਸ਼ੋਅ ਦੌਰਾਨ ਉਨ੍ਹਾਂ ਦੇ ਕਾਫ਼ਲੇ ‘ਤੇ ਫੁੱਲਾਂ ਦੀ ਵਰਖਾ ਹੁੰਦੀ ਰਹੀ। ਜਿਵੇਂ ਜਿਵੇਂ ਉਨ੍ਹਾਂ ਦਾ ‘ਰੱਥ’ ਵੱਡੀਆਂ ਸੜਕਾਂ ਤੋਂ ਗੁਜ਼ਰਿਆ ਤਾਂ ਜੋਸ਼ ਵਿਚ ਆਏ ਲੋਕਾਂ ਅਤੇ ਪਾਰਟੀ ਮੈਂਬਰਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਵੀ ਲਈਆਂ। ਕਾਂਗਰਸ ਵਰਕਰਾਂ ਨੇ ਹੱਥਾਂ ਵਿਚ ਪਾਰਟੀ ਦੇ ਝੰਡੇ ਅਤੇ ਬੈਨਰ ਫੜੇ ਹੋਏ ਸਨ ਜਿਸ ਨਾਲ ਨਵਾਬਾਂ ਦਾ ਸ਼ਹਿਰ ਤਿਉਹਾਰ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਕੁਲ ਹਿੰਦ ਮਹਿਲਾ ਕਾਂਗਰਸ ਦੀ ਪ੍ਰਧਾਨ ਸੁਸ਼ਮਿਤਾ ਦੇਵ ਨੇ ਟਵੀਟ ਕਰਕੇ ਕਿਹਾ,”ਲਖਨਊ ਦੇ ਨਹਿਰੂ ਭਵਨ ਵਿਚ ਪ੍ਰਿਅੰਕਾ ਸੈਨਾ ਦੇ ਪੁੱਜਣ ਨਾਲ ਜਸ਼ਨ ਦਾ ਮਾਹੌਲ ਬਣ ਗਿਆ ਹੈ।” ਦੋਵੇਂ ਜਨਰਲ ਸਕੱਤਰਾਂ (ਪ੍ਰਿਅੰਕਾ ਅਤੇ ਸਿੰਧੀਆ) ਵੱਲੋਂ ਲਖਨਊ ਵਿਚ ਕਾਂਗਰਸ ਦਫ਼ਤਰ ‘ਤੇ 12, 13 ਅਤੇ 14 ਫਰਵਰੀ ਨੂੰ ਪਾਰਟੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤਰਜਮਾਨ ਰਾਜੀਵ ਬਕਸ਼ੀ ਨੇ ਕਿਹਾ ਕਿ ਯੂਪੀ ਵਿਚ ਖੁੱਸਿਆ ਆਧਾਰ ਵਾਪਸ ਹਾਸਲ ਕਰਨ ਲਈ ਪ੍ਰਿਅੰਕਾ ਗਾਂਧੀ ਦੇ ਸਿਆਸਤ ਵਿਚ ਆਉਣ ਨਾਲ ਪਾਰਟੀ ਵਰਕਰਾਂ ਵਿਚ ਉਤਸ਼ਾਹ ਭਰੇਗਾ। ਪ੍ਰਿਅੰਕਾ ਦਾ ਸਰਗਰਮ ਸਿਆਸਤ ‘ਚ ਉਸ ਸਮੇਂ ਦਾਖ਼ਲਾ ਹੋ ਰਿਹਾ ਹੈ ਜਦੋਂ ਕਾਂਗਰਸ ਨੂੰ ਆਪਣਾ ਸਭ ਤੋਂ ਮੁਸ਼ਕਲ ਸਮਾਂ ਦੇਖਣਾ ਪੈ ਰਿਹਾ ਹੈ ਕਿਉਂਕਿ ਸਮਾਜਵਾਦੀ ਪਾਰਟੀ ਅਤੇ ਬਸਪਾ ਨੇ ਸਮਝੌਤਾ ਕਰਕੇ ਕਾਂਗਰਸ ਨੂੰ ਸੂਬੇ ਵਿਚ ਇਕੱਲਾ ਛੱਡ ਦਿੱਤਾ। ਇਸ ਦੌਰਾਨ ਪ੍ਰਿਅੰਕਾ ਦਾ ਟਵਿੱਟਰ ‘ਤੇ ਅਕਾਊਂਟ ਖੁੱਲ੍ਹ ਗਿਆ ਹੈ। ਕੁਝ ਘੰਟਿਆਂ ਦੇ ਅੰਦਰ ਹੀ ਸੋਸ਼ਲ ਮੀਡੀਆ ‘ਤੇ 45 ਹਜ਼ਾਰ ਲੋਕ ਉਸ ਨੂੰ ਫਾਲੋ ਕਰਨ ਲੱਗ ਪਏ।
ਪ੍ਰਿਅੰਕਾ ਦੇ ਆਉਣ ਨਾਲ ਨਹੀਂ ਬਦਲਣੀ ਕਾਂਗਰਸ ਦੀ ਤਸਵੀਰ: ਪ੍ਰਸ਼ਾਂਤ ਕਿਸ਼ੋਰ
ਪਟਨਾ: ਚੋਣ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਸੋਮਵਾਰ ਨੂੰ ਕਿਹਾ ਹੈ ਕਿ ਪ੍ਰਿਅੰਕਾ ਗਾਂਧੀ ਵਾਡਰਾ ਦੇ ਸਿਆਸਤ ਵਿਚ ਆਉਣ ਨਾਲ ਕਾਂਗਰਸ ਪਾਰਟੀ ਦੀ ਤਸਵੀਰ ਨਹੀਂ ਬਦਲਣ ਵਾਲੀ ਹੈ ਕਿਉਂਕਿ ਲੋਕ ਸਭਾ ਚੋਣਾਂ ਨੂੰ ਹੁਣ ਕੁਝ ਹੀ ਮਹੀਨੇ ਬਚੇ ਹਨ। ਜਨਤਾ ਦਲ (ਯੂ) ਦੇ ਕੌਮੀ ਉਪ ਪ੍ਰਧਾਨ ਨੇ ਕਿਹਾ ਕਿ ਲੰਬੇ ਸਮੇਂ ਵਿਚ ਉਹ ਤਾਕਤ ਵਜੋਂ ਉਭਰ ਕੇ ਸਾਹਮਣੇ ਆ ਸਕਦੀ ਹੈ। ਕਿਸ਼ੋਰ ਨੇ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਮੁੜ ਤੋਂ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਭਾਵੇਂ ਕੱਦਾਵਰ ਆਗੂ ਹਨ ਪਰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਵਜੋਂ ਦੇਖਣਾ ਠੀਕ ਨਹੀਂ ਹੈ।
ਉੱਤਰ ਪ੍ਰਦੇਸ਼ ਵਿਚ ‘ਫ਼ਰੰਟ ਫੁੱਟ’ ਉਤੇ ਖੇਡੇਗੀ ਕਾਂਗਰਸ: ਰਾਹੁਲ
ਲਖਨਊ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ‘ਫ਼ਰੰਟ ਫੁੱਟ’ ਉਤੇ ਖੇਡੇਗੀ। ਉਹ ਤੇ ਉਨ੍ਹਾਂ ਦੀ ਪਾਰਟੀ ਉਦੋਂ ਤੱਕ ਟਿਕ ਕੇ ਨਹੀਂ ਬੈਠੇਗੀ ਜਦੋਂ ਤੱਕ ਕਿ ਇਸ ਸੂਬੇ ਵਿੱਚ ਸਰਕਾਰ ਨਹੀਂ ਬਣਾ ਲੈਂਦੇ। ਉਹ ਇੱਥੇ ਆਪਣੀ ਭੈਣ ਪ੍ਰਿਅੰਕਾ ਗਾਂਧੀ ਦੇ ਰੋਡ ਸ਼ੋਅ ਦੌਰਾਨ ਲਾਲ ਬਾਗ ਖੇਤਰ ਵਿੱਚ ਰੁਕ ਕੇ ਸੰਬੋਧਨ ਕਰ ਰਹੇ ਸਨ। ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੀ ਜਨਰਲ ਸਕੱਤਰ ਤੇ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਨਿਯੁਕਤ ਕੀਤੀ ਗਈ ਪ੍ਰਿਅੰਕਾ ਗਾਂਧੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਇੰਚਾਰਜ ਜਯੋਤਿਰਦਿੱਤਿਆ ਸਿੰਧੀਆ ਨੂੰ ਕਹਿ ਦਿੱਤਾ ਹੈ ਕਿ ਇੱਥੇ ਸਰਕਾਰ ਬਣਾ ਕੇ ਸਾਰਿਆਂ ਲਈ ਨਿਆਂ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਦਾ ਮਕਸਦ ਲੋਕ ਸਭਾ ਚੋਣਾਂ ਵਿੱਚ ਜਿੱਤ ਹੈ ਪਰ ਉਹ ਯੂਪੀ ਵਿਚ ਕਾਂਗਰਸ ਦੀ ਸਰਕਾਰ ਵੀ ਬਣਾਉਣਾ ਚਾਹੁੰਦੇ ਹਨ।
ਪ੍ਰਿਅੰਕਾ ਨੂੰ ‘ਮਾਂ ਦੁਰਗਾ’ ਦਾ ਅਵਤਾਰ ਦਰਸਾਇਆ
ਲੋਕਾਂ ਵਿਚ ਜੋਸ਼ ਭਰਨ ਲਈ ਲਾਊਡ ਸਪੀਕਰਾਂ ਤੋਂ ਦੇਸ਼ਭਗਤੀ ਦੇ ਗੀਤ ਵਜਾਏ ਜਾ ਰਹੇ ਸਨ। ਕੁਝ ਪੋਸਟਰਾਂ ਵਿਚ ਪ੍ਰਿਅੰਕਾ ਨੂੰ ‘ਦੁਰਗਾ ਮਾਤਾ’ ਦਾ ਅਵਤਾਰ ਦੱਸਿਆ ਗਿਆ। ਇਕ ਪੋਸਟਰ ਵਿਚ ਉਸ ਨੂੰ ‘ਮਾਂ ਦੁਰਗਾ ਦਾ ਰੂਪ ਭੈਣ ਪ੍ਰਿਅੰਕਾਜੀ’ ਲਿਖਿਆ ਗਿਆ। ਪ੍ਰਿਅੰਕਾ ਸੈਨਾ ਦੇ ਮੈਂਬਰ ਗੁਲਾਬੀ ਰੰਗ ਦੀਆਂ ਟੀ-ਸ਼ਰਟਾਂ ਵਿਚ ਨਜ਼ਰ ਆਏ। ਪਾਰਟੀ ਦੇ ਜਨਰਲ ਸਕੱਤਰ ਸ਼ੈਲੇਂਦਰ ਤਿਵਾੜੀ ਨੇ ਆਪਣੀ ਕਾਰ ‘ਤੇ ਬੈਨਰ ਲਗਾਇਆ ਹੋਇਆ ਸੀ ਜਿਸ ‘ਤੇ ‘ਆ ਗਈ ਪ੍ਰਿਅੰਕਾ ੩ਵੱਜ ਗਿਆ ਡੰਕਾ ੩ਭ੍ਰਿਸ਼ਟਾਚਾਰ ਦੀ ਹੁਣ ਲੱਗੇਗੀ ਲੰਕਾ’ ਲਿਖਿਆ ਹੋਇਆ ਸੀ।
ਨਵਜੋਤ ਸਿੱਧੂ ਨੇ ਪ੍ਰਿਅੰਕਾ ਗਾਂਧੀ ਨੂੰ ਦੱਸਿਆ ਕੋਹਿਨੂਰ ਹੀਰਾ, ਕੀਤੀਆਂ ਸਿਫਤਾਂ
ਨਵੀਂ ਦਿੱਲੀ : ਪੰਜਾਬ ਦੀ ਕੈਪਟਨ ਸਰਕਾਰ ‘ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਿਅੰਕਾ ਦੀ ਨਵੀਂ ਪਾਰੀ ਦੀ ਖ਼ੂਬ ਸ਼ਲਾਘਾ ਕੀਤੀ। ਸਿੱਧੂ ਨੇ ਟਵੀਟ ਕਰਕੇ ਪ੍ਰਿਅੰਕਾ ਦੀ ਤਾਰੀਫ ਕੀਤੀ ਹੈ। ਉੱਤਰ ਪ੍ਰਦੇਸ਼ ਦੀ ਜਨਰਲ ਸਕੱਤਰ ਬਣਨ ਮਗਰੋਂ ਪਹਿਲੇ ਰੋਡ ਸ਼ੋਅ ਲਈ ਪਹੁੰਚੀ ਪ੍ਰਿਅੰਕਾ ਨੂੰ ਨਵਜੋਤ ਸਿੰਘ ਸਿੱਧੂ ਨੇ ਕੋਹਿਨੂਰ ਹੀਰਾ ਦੱਸਿਆ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਿਅੰਕਾ ਕਾਂਗਰਸ ਲਈ ਬਿਲਕੁਲ ਉਵੇਂ ਹੈ ਜਿਵੇਂ ਨਦੀਆਂ ਲਈ ਝਰਨੇ ਤੇ ਇਮਾਰਤਾਂ ਲਈ ਨੀਹਾਂ ਹੁੰਦੀਆਂ ਹਨ। ਸਿੱਧੂ ਨੇ ਯੂਪੀ ਵਿੱਚ ਰਾਹੁਲ, ਪ੍ਰਿਅੰਕਾ ਤੇ ਸਿੰਧੀਆ ਦੀ ਤਿੱਕੜੀ ਵੱਲੋਂ ਚੋਣ ਮੁਹਿੰਮ ਦੇ ਆਗ਼ਾਜ਼ ‘ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਇਸ ਜਿੱਤਣ ਵਾਲੀ ਟੀਮ ਨੇ ਸ਼ੁਰੂਆਤ ਵੀ ਛੱਕੇ ਨਾਲ ਹੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਰਿਵਾਰ ਨਾਲ ਵੀ ਸਿੱਧੂ ਦੇ ਨੇੜਲੇ ਸਬੰਧ ਹਨ। ਦੋ ਦਿਨ ਪਹਿਲਾਂ ਸਿੱਧੂ ਨੇ ਪ੍ਰਿਅੰਕਾ ਅਤੇ ਰਾਬਰਟ ਵਾਡਰਾ ਨਾਲ ਗੱਲਬਾਤ ਕੀਤੀ ਸੀ। ਪ੍ਰਿਅੰਕਾ ਤੇ ਰਾਬਰਟ ਵਾਡਰਾ ਨੂੰ ਮਿਲੇ ਨਵਜੋਤ ਸਿੱਧੂ
ਨਵੀਂ ਦਿੱਲੀ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀ ਨਵ-ਨਿਯੁਕਤ ਜਨਰਲ ਸਕੱਤਰ ਤੇ ਪੂਰਬੀ ਯੂਪੀ ਦੀ ਇੰਚਾਰਜ ਬਣਾਈ ਗਈ ਪ੍ਰਿਅੰਕਾ ਵਾਡਰਾ ਤੇ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਨਾਲ ਇੱਥੇ ਮੁਲਾਕਾਤ ਕੀਤੀ। ਲੋਧੀ ਅਸਟੇਟ ਸਥਿਤ ਪ੍ਰਿਅੰਕਾ ਗਾਂਧੀ ਦੇ ਘਰ ਨਵਜੋਤ ਸਿੱਧੂ ਨੇ ਕੁਝ ਸਮਾਂ ਬਿਤਾਇਆ। ਮੁਲਾਕਾਤ ਦੌਰਾਨ ਹੋਈ ਗੱਲਬਾਤ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਨਹੀਂ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ‘ਚ ਪਾਰਟੀ ਦੀ ਤਿਆਰੀ ਤੇ ਹੋਰਨਾਂ ਮੁੱਦਿਆਂ ‘ਤੇ ਆਗੂਆਂ ਵਿਚਾਲੇ ਗੱਲਬਾਤ ਹੋਈ ਹੈ।

RELATED ARTICLES

POPULAR POSTS