ਬਰੈਂਪਟਨ/ਡਾ. ਝੰਡ : ਜਿਉਂ ਜਿਉਂ ਅਕਤੂਬਰ ਨੇੜੇ ਆ ਰਿਹਾ ਹੈ, ਇਸ ਮਹੀਨੇ ਦੀ 22 ਤਰੀਕ ਨੂੰ ਹੋਣ ਵਾਲੀਆਂ ਬਰੈਪਟਨ ਮਿਉਂਨਿਸਿਪਲ ਚੋਣਾਂ ਵਿਚ ਖੜ੍ਹੇ ਵੱਖ-ਵੱਖ ਉਮੀਦਵਾਰਾਂ ਨੇ ਆਪਣੀਆਂ ਚੋਣ- ਸਰਗ਼ਰਮੀਆਂ ਵਿਚ ਤੇਜ਼ੀ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਉਹ ਕਮਿਊਨਿਟੀ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਸਮਾਗ਼ਮਾਂ ਵਿਚ ਉਚੇਚੇ ਤੌਰ ‘ਤੇ ਸ਼ਿਰਕਤ ਕਰਦੇ ਹਨ। ਅੱਜਕੱਲ੍ਹ ਗਰਮੀਆਂ ਦੇ ਮੌਸਮ ਵਿਚ ਖੇਡ ਤੇ ਸੱਭਿਆਚਾਰਕ ਕਲੱਬਾਂ ਦੇ ਨਾਲ ਨਾਲ ਸੀਨੀਅਰਜ਼ ਕਲੱਬਾਂ ਵੀ ਕਾਫ਼ੀ ਸਰਗ਼ਰਮ ਹਨ ਅਤੇ ਉਹ ਲੱਗਭੱਗ ਹਰੇਕ ਵੀਕ-ਐਂਡ ‘ਤੇ ਆਪਣੇ ਵੱਖ-ਵੱਖ ਸਮਾਗ਼ਮ ਆਯੋਜਿਤ ਕਰ ਰਹੀਆਂ ਜਿਨ੍ਹਾਂ ਵਿਚ ਉਨ੍ਹਾਂ ਵੱਲੋਂ ਇਨ੍ਹਾਂ ਉਮੀਦਵਾਰਾਂ ਨੂੰ ਸ਼ਾਮਲ ਹੋਣ ਲਈ ਬਾ-ਕਾਇਦਾ ਸੱਦਾ ਦਿੱਤਾ ਜਾਂਦਾ ਹੈ ਅਤੇ ਉੱਥੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ।
ਵਾਰਡ ਨੰਬਰ 9-10 ਵਿਚੋਂ ਸਕੂਲ ਟਰੱਸਟੀ ਲਈ ਉਮੀਦਵਾਰ ਬਲਬੀਰ ਸੋਹੀ ਨੇ ਲੰਘੇ ਦਿਨੀਂ ਕਈ ਖੇਡ ਕਲੱਬਾਂ ਅਤੇ ਸੀਨੀਅਰਜ਼ ਕਲੱਬਾਂ ਦੇ ਸਮਾਗ਼ਮਾਂ ਵਿਚ ਜਾ ਕੇ ਹਾਜ਼ਰੀਨ ਨੂੰ ਸੰਬੋਧਨ ਕੀਤਾ ਅਤੇ ਆਪਣਾ ਚੋਣ-ਪ੍ਰਚਾਰ ਵੀ ਕੀਤਾ। ਅਜਿਹੇ ਕਈ ਸਮਾਗ਼ਮਾਂ ਵਿਚ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਨ੍ਹਾਂ ਵਿਚ ਲੰਘੇ ਹਫ਼ਤੇ 11 ਅਤੇ 12 ਅਗੱਸਤ ਨੂੰ ਬਰੂਮਜ਼ ਬਰੀ ਸੀਨੀਅਰਜ਼ ਕਲੱਬ, ਬਠਿੰਡਾ ਸਪੋਰਟਸ ਐਂਡ ਕਲਚਰਲ ਕਲੱਬ, ਬਰੈਂਪਟਨ ਵੋਮੈੱਨ ਸੀਨੀਅਰਜ਼ ਕਲੱਬ, ਯੂਨਾਈਟਿਡ ਕ੍ਰਿਕਟ ਕਲੱਬ, ਮਾਰੀਕੋਨਾ ਫ਼ਰੈਂਡਜ਼ ਕਲੱਬ ਅਤੇ ਸੰਨੀਮੀਡੋ ਸਪਰਿੰਗਡੇਲ ਸੀਨੀਅਰਜ਼ ਕਲੱਬ ਵੱਲੋਂ ਕਰਵਾਏ ਗਏ ਸਮਾਗ਼ਮ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ। ਤਸਵੀਰਾਂ ਦੇ ਇਸ ਕੋਲਾਜ ਵਿਚ ਇਨ੍ਹਾਂ ਸਮਾਗ਼ਮਾਂ ਦੀ ਝਲਕ ਭਲੀ-ਭਾਂਤ ਵੇਖੀ ਜਾ ਸਕਦੀ ਹੈ।