ਦੋਵਾਂ ਧਿਰਾਂ ਵਲੋਂ ਵਣ ਵਿਭਾਗ ਦੇ ਇਤਰਾਜ਼ ਦਰਕਿਨਾਰ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਲਈ ਐਕੁਆਇਰ ਕੀਤੀ 3928 ਏਕੜ ਜ਼ਮੀਨ ਕਿਸਾਨਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਵਾਪਸ ਕਰਨ ਦਾ ਬਿੱਲ ਪਾਸ ਹੋਣ ਬਾਅਦ ਰਾਜਪਾਲ ਦੀ ਮਨਜ਼ੂਰੀ ਦਾ ਇੰਤਜ਼ਾਰ ਕਰਨ ਦੀ ਬਜਾਇ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਅੰਦਰ ਸਿਆਸੀ ਲਾਹਾ ਲੈਣ ਲਈ ਨਹਿਰ ਪੂਰਨ ਦੀ ਦੌੜ ਲੱਗ ਗਈ ਹੈ। ਵਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਥਾਵਾਂ ਉੱਤੇ ਪ੍ਰਗਟਾਏ ਇਤਰਾਜ਼ ਨੂੰ ਦਰਕਿਨਾਰ ਕਰਦਿਆਂ ਵਿਭਾਗ ਦੇ ਰਾਖਵੇਂ ਦਰੱਖ਼ਤਾਂ ਦੀ ਕਟਾਈ ਵੀ ਜਾਰੀ ਹੈ। ਅੱਠ ਅਪਰੈਲ, 1982 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਪੂਰੀ ਵਿਖੇ ਟੱਕ ਲਗਾ ਕੇ ਐਸਵਾਈਐਲ ਨਹਿਰ ਦੀ ਖੁਦਾਈ ਸ਼ੁਰੂ ਕਰਾਈ ਸੀ।
ਇਸ ਜਗ੍ਹਾ ਨੇੜੇ ਹੀ ਕਾਂਗਰਸੀ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਪ੍ਰਨੀਤ ਕੌਰ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਨਹਿਰ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪ੍ਰਨੀਤ ਕੌਰ ઠਨੇ ਕਿਹਾ ਕਿ ਪਹਿਲਾਂ ਅਕਾਲੀਆਂ ਨੇ ਕਪੂਰੀ ਮੋਰਚਾ ਲਾਇਆ ਸੀ ਅਤੇ ਹੁਣ ਦੂਜਾ ਮੋਰਚਾ ਕਾਂਗਰਸ ਇੱਥੋਂ ਹੀ ਸ਼ੁਰੂ ਕਰ ਰਹੀ ਹੈ ਅਤੇ ਪੂਰੀ ਨਹਿਰ ਪੂਰ ਕੇ ਹੀ ਦਮ ਲੈਣਗੇ। ਅਕਾਲੀ ઠਦਲ ਦੇ ਕਈ ਆਗੂਆਂ ਨੇ ਪਾਰਟੀ ਹਾਈਕਮਾਨ ਦੇ ਇਸ਼ਾਰੇ ਉੱਤੇ ਜੇਸੀਬੀ ਮਸ਼ੀਨਾਂ ਲੈ ਕੇ ਅਨੰਦਪੁਰ ਸਾਹਿਬ ਤੋਂ ਘਨੌਰ ਤੱਕ ਦਰੱਖ਼ਤਾਂ ਦੀ ਕਟਾਈ ਅਤੇ ਨਹਿਰ ਪੂਰਨ ਦਾ ਕੰਮ ਵੰਡ ਕੇ ਸ਼ੁਰੂ ਕਰ ਦਿੱਤਾ ਹੈ। ਅਕਾਲੀ ਆਗੂਆਂ ਦੀ ਦੇਖ ਰੇਖ ਵਿੱਚ ਰੋਪੜ ਜ਼ਿਲ੍ਹੇ ਦੇ ਪਿੰਡ ਮਾਜਰੀ ਜੱਟਾਂ, ਫੂਲਪੁਰ ਗਰੇਵਾਲ, ਪਥਰੇੜੀ ਜੱਟਾਂ ਆਦਿ ਵਿੱਚ ਨਹਿਰ ਦੀ ਜ਼ਮੀਨ ਦਾ ਕਬਜ਼ਾ ਲੈਣ ਦੀ ਸ਼ੁਰੂਆਤ ਕਰ ਦਿੱਤੀ। ਐਸਜੀਪੀਸੀ ਮੈਂਬਰ ਅਜਮੇਰ ਸਿੰਘ ਖੇੜਾ ਦੀ ਹਾਜ਼ਰੀ ਵਿੱਚ ਕਿਸਾਨਾਂ ਨੂੰ ਨਹਿਰ ਵਾਲੀ ਜ਼ਮੀਨ ਦਾ ਕਬਜ਼ਾ ਦੁਆਇਆ ਜਾ ਰਿਹਾ ਸੀ। ਉਨ੍ਹਾਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦਾ ਵੀ ਧੰਨਵਾਦ ਕੀਤਾ।
Check Also
ਸੀਨੀਅਰ ਆਈਏਐਸ ਅਧਿਕਾਰੀ ਵਿਨੀ ਮਹਾਜਨ ਹੋਏ ਸੇਵਾਮੁਕਤ
ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਸਨ ਵਿਨੀ ਮਹਾਜਨ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੀ …