
ਜਲੰਧਰ ’ਚ ਭਾਜਪਾ ਆਗੂਆਂ ਨੇ ਸੰਸਦ ਮੈਂਬਰ ਦੇ ਗੁੰਮਸ਼ੁਦਾ ਹੋਣ ਸਬੰਧੀ ਲਗਾਏ ਪੋਸਟਰ
ਜਲੰਧਰ/ਬਿਊਰੋ ਨਿਊਜ਼ : ਜਲੰਧਰ ’ਚ ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਲਾਪਤਾ ਹੋਣ ਸਬੰਧੀ ਪੋਸਟਰ ਲਗਾਏ ਹਨ। ਭਾਜਪਾ ਵੱਲੋਂ ਇਹ ਪੋਸਟਰ ਸ਼ਹਿਰ ਦੀਆਂ ਗਲੀਆਂ ਅਤੇ ਬਜ਼ਾਰਾਂ ਵਿਚ ਲਗਾਏ ਗਏ ਹਨ। ਪੋਸਟਰ ਲਗਾਉਣ ਵਾਲੇ ਭਾਜਪਾ ਆਗੂਆਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਜਲੰਧਰ ਲੋਕ ਸਭਾ ਚੋਣ ਜਿੱਤਣ ਤੋਂ ਪਹਿਲਾਂ ਜਲੰਧਰ ਦੀ ਜਨਤਾ ਨਾਲ ਵਿਕਾਸ ਨੂੰ ਲੈ ਕੇ ਕਈ ਵਾਅਦ ਕੀਤੇ ਸਨ। ਜਦਕਿ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਲੰਧਰ ਸ਼ਹਿਰ ’ਚ ਕਦੇ ਨਜ਼ਰ ਹੀ ਨਹੀਂ ਆਏ। ਜਲੰਧਰ ਵਾਸੀਆਂ ਨੂੰ ਹੁਣ ਸਮਝ ਨਹੀਂ ਆ ਰਹੀ ਕਿ ਉਹ ਆਪਣੀਆਂ ਸਮੱਸਿਆਵਾਂ ਸਬੰਧੀ ਕਿਸ ਨੂੰ ਕਹਿਣ। ਇਸ ਸਭ ਦੇ ਚਲਦਿਆਂ ਭਾਜਪਾ ਆਗੂਆਂ ਵੱਲੋਂ ਸ਼ਹਿਰ ’ਚ ਚੰਨੀ ਦੀ ਗੁੰਮਸ਼ੁਦਗੀ ਸਬੰਧੀ ਪੋਸਟਰ ਲਗਾਏ ਗਏ ਹਨ। ਧਿਆਨ ਰਹੇ ਕਿ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਚਰਨਜੀਤ ਸਿੰਘ ਚੰਨੀ ਜਲੰਧਰ ਬਹੁਤ ਵੱਡੇ ਅੰਤਰ ਨਾਲ ਜਿੱਤੇ ਸਨ।

