ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਐਲਾਨ
![](https://parvasinewspaper.com/wp-content/uploads/2023/09/Pak-Voting.jpg)
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ’ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪਾਕਿਸਤਾਨੀ ਇਲੈਕਸ਼ਨ ਕਮਿਸ਼ਨ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਚੋਣਾਂ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਜਨਵਰੀ 2024 ਦੇ ਆਖਰੀ ਹਫ਼ਤੇ ’ਚ ਆਮ ਚੋਣਾਂ ਕਰਵਾਈਆਂ ਜਾਣਗੀਆਂ। ਚੋਣ ਕਮਿਸ਼ਨ ਨੇ ਕਿਹਾ ਕਿ ਚੋਣ ਖੇਤਰਾਂ ’ਚ ਹੱਦਬੰਦੀ ਪ੍ਰਕਿਰਿਆ ਦੇ ਵਿਕਾਸ ਦੀ ਸਮੀਖਿਆ ਕਰਨ ਤੋਂ ਬਾਅਦ ਲਏ ਗਏ ਫੈਸਲੇ ਅਨੁਸਾਰ ਚੋਣ ਹਲਕਿਆਂ ਦੀ ਮੁੱਢਲੀ ਸੂਚੀ 27 ਸਤੰਬਰ 2023 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਤਰਾਜ਼ ਅਤੇ ਸੁਝਾਵਾਂ ਨੂੰ ਸੁਣਨ ਤੋਂ ਬਾਅਦ 30 ਨਵੰਬਰ ਨੂੰ ਆਖਰੀ ਸੂਚੀ ਜਾਰੀ ਕੀਤੀ ਜਾਵੇਗੀ। ਜਿਸ ਦੇ ਚਲਦਿਆਂ 54 ਦਿਨਾਂ ਚੋਣ ਪ੍ਰਚਾਰ ਪੋ੍ਰਗਰਾਮ ਦੇ ਪੂਰਾ ਹੋਣ ਤੋਂ ਬਾਅਦ ਜਨਵਰੀ ਦੇ ਆਖਰੀ ਹਫ਼ਤੇ ’ਚ ਆਮ ਚੋਣਾਂ ਹੋਣਗੀਆਂ। ਧਿਆਨ ਰਹੇ ਕਿ ਪਾਕਿਸਤਾਨ ਵਿਚ ਨੈਸ਼ਨਲ ਅਸੈਂਬਲੀ ਦੇ ਭੰਗ ਹੋਣ ਦੇ 90 ਦਿਨਾਂ ਦੇ ਅੰਦਰ ਆਮ ਚੋਣਾਂ ਹੋਣੀਆਂ ਸਨ ਪ੍ਰੰਤੂ ਪਿਛਲੀ ਸਰਕਾਰ ਨੇ ਆਪਣਾ ਕਾਰਜਕਾਲ ਖਤਮ ਹੋਣ ਤੋਂ ਕੁੱਝ ਦਿਨ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਨਵੀਂ ਮਰਦਮਸ਼ੁਮਾਰੀ ਪੂਰੀ ਹੋਣ ਅਤੇ ਨਵੇਂ ਹਲਕਿਆਂ ਦੀਆਂ ਹੱਦਾਂ ਤੈਅ ਹੋਣ ਤੋਂ ਬਾਅਦ ਹੀ ਆਮ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਜਿਸ ਦੇ ਚਲਦਿਆਂ ਅਕਤੂਬਰ ਮਹੀਨੇ ਵਿਚ ਹੋਣ ਵਾਲੀਆਂ ਚੋਣਾਂ ਹੁਣ ਜਨਵਰੀ 2024 ਵਿਚ ਕਰਵਾਈਆਂ ਜਾਣਗੀਆਂ।