ਅਗਾਮੀ ਚੋਣਾਂ ਤੋਂ ਪਹਿਲਾਂ ਲੋਕਾਂ ਦੀ ਲੈ ਰਹੇ ਹਨ ਹਮਦਰਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅੱਜ ਵੀਰਵਾਰ ਸਵੇਰੇ ਦਿੱਲੀ ਦੇ ਅਨੰਦ ਵਿਹਾਰ ਵਿਖੇ ਬੱਸ ਅੱਡੇ ’ਤੇ ਪਹੁੰਚੇ ਅਤੇ ਕੁਲੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰਾਹੁਲ ਗਾਂਧੀ ਨੇ ਕੁਲੀ ਦੀ ਲਾਲ ਵਰਦੀ ਪਹਿਨੀ ਹੋਈ ਸੀ ਅਤੇ ਬੈਜ ਵੀ ਲਗਾਇਆ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਯਾਤਰੀਆਂ ਦਾ ਸਮਾਨ ਵੀ ਸਿਰ ’ਤੇ ਚੁੱਕਿਆ। ਇਸ ਦੌਰਾਨ ਰਾਹੁਲ ਦੇ ਨਾਲ ਮੌਜੂਦ ਕੁਲੀ, ਰਾਹੁਲ ਦੇ ਹੱਕ ਵਿਚ ਨਾਅਰੇ ਲਗਾਉਂਦੇ ਵੀ ਨਜ਼ਰ ਆਏ। ਰਾਹੁਲ ਗਾਂਧੀ ਨੇ ਇਸ ਤੋਂ ਬਾਅਦ ਕੁਲੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਹਰਿਆਣਾ ਦੇ ਸੋਨੀਪਤ ਵਿਚ ਕਿਸਾਨਾਂ ਨਾਲ ਖੇਤਾਂ ਵਿਚ ਝੋਨੇ ਦੀ ਲੁਆਈ ਵੀ ਕੀਤੀ ਸੀ ਅਤੇ ਖੇਤਾਂ ’ਚ ਟਰੈਕਟਰ ਵੀ ਚਲਾਇਆ ਸੀ। ਇਹ ਵੀ ਦੱਸਣਯੋਗ ਹੈ ਕਿ ਰਾਹੁਲ ਨੇ ਦਿੱਲੀ ਵਿਚ ਇਕ ਗੈਰੇਜ ਵਿਚ ਪਹੁੰਚ ਕੇ ਮਕੈਨਿਕਾਂ ਦੇ ਨਾਲ ਕੰਮ ਵੀ ਕੀਤਾ ਸੀ। ਇਸ ਤੋਂ ਪਹਿਲਾਂ ਰਾਹੁਲ ਨੇ ਅੰਬਾਲਾ ਤੋਂ ਚੰਡੀਗੜ੍ਹ ਤੱਕ 50 ਕਿਲੋਮੀਟਰ ਦਾ ਸਫਰ ਟਰੱਕ ਵਿਚ ਬੈਠ ਕੇ ਤੈਅ ਕੀਤਾ ਸੀ ਅਤੇ ਡਰਾਈਵਰਾਂ ਦੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਸੀ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਮਿਲ ਕੇ ਹਮਦਰਦੀ ਹਾਸਲ ਕਰ ਰਹੇ ਹਨ।