ਖੇਤੀਬਾੜੀ ਅਤੇ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਲਈ ਆਪਸੀ ਸਹਿਯੋਗ ਕਰਨ ਬਾਰੇ ਵਿਚਾਰਾਂ
ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਦੀ ਕੈਲੀਫੋਰਨੀਆ ਵਿਧਾਨ ਸਭਾ ਦੇ ਵਫ਼ਦ ਵੱਲੋਂ ਲੰਘੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵਫ਼ਦ ਦਾ ਸਵਾਗਤ ਕੀਤਾ ਅਤੇ ਦੋਵਾਂ ਸੂਬਿਆਂ ਦੇ ਸਮਾਜਿਕ-ਆਰਥਿਕ ਸਬੰਧ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਇਸ ਵਫ਼ਦ ਵਿਚ ਕੈਲੀਫੋਰਨੀਆ ਵਿਧਾਨ ਸਭਾ ਦੇ ਛੇ ਵਿਧਾਇਕਾਂ ਤੋਂ ਇਲਾਵਾ ਕੁਝ ਅਧਿਕਾਰੀ ਸ਼ਾਮਲ ਵੀ ਸਨ। ਸਪੀਕਰ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਵਿਚ ਕੈਲੀਫੋਰਨੀਆ ਸੂਬਾ ਖੇਤੀਬਾੜੀ ਵਿਚ ਮੋਹਰੀ ਹੈ, ਉਸੇ ਤਰ੍ਹਾਂ ਪੰਜਾਬ ਸੂਬਾ ਖੇਤੀਬਾੜੀ ਉਤਪਾਦਨ ਵਿਚ ਭਾਰਤ ਦਾ ਮੋਹਰੀ ਸੂਬਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਖੇਤੀਬਾੜੀ ਅਤੇ ਜਲ ਪ੍ਰਬੰਧਨ ਵਰਗੇ ਮੁੱਦਿਆਂ ‘ਤੇ ਆਪਸੀ ਸਹਿਯੋਗ ਕਰਨਾ ਚਾਹੀਦਾ ਹੈ। ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਦੋਵਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਨੁਮਾਇੰਦਿਆਂ ਨੂੰ ਸਮੇਂ-ਸਮੇਂ ‘ਤੇ ਇਕ-ਦੂਜੇ ਦੇ ਦੇਸ਼ਾਂ ਦਾ ਦੌਰਾ ਕਰਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਹਾਜ਼ਰ ਵਿਧਾਇਕ ਪਰਗਟ ਸਿੰਘ ਨੇ ਖੇਡਾਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਪੰਜਾਬ ਵਿਚ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਲਈ ਆਪਸੀ ਸਹਿਯੋਗ ਬਾਰੇ ਵਿਚਾਰ-ਚਰਚਾ ਵੀ ਕੀਤੀ। ਅਮਰੀਕੀ ਵਫ਼ਦ ਦੇ ਮੈਂਬਰਾਂ ਨੇ ਪੰਜਾਬ ਵਿਧਾਨ ਸਭਾ ਦੀ ਇਮਾਰਤ ਦੀ ਤਾਰੀਫ਼ ਕੀਤੀ ਤੇ ਪੰਜਾਬੀਆਂ ਦੀ ਮਹਿਮਾਨਨਿਵਾਜ਼ੀ ਦੀ ਵੀ ਸ਼ਲਾਘਾ ਕੀਤੀ। ਵਫ਼ਦ ਮੈਂਬਰਾਂ ਨੇ ਦੋਵਾਂ ਦੇਸ਼ਾਂ ਖ਼ਾਸ ਕਰ ਪੰਜਾਬ ਅਤੇ ਕੈਲੀਫੋਰਨੀਆ ਸੂਬਿਆਂ ਦੇ ਆਪਸੀ ਸਹਿਯੋਗ ‘ਤੇ ਜ਼ੋਰ ਦਿੱਤਾ। ਕੈਲੀਫੋਰਨੀਆ ਵਿਧਾਨ ਸਭਾ ਦੇ ਵਫ਼ਦ ਦੀ ਅਗਵਾਈ ਵਿਧਾਇਕ ਅਸ਼ ਕਾਲੜਾ ਨੇ ਕੀਤੀ ਜਦੋਂਕਿ ਬਾਕੀ ਵਿਧਾਇਕਾਂ ਵਿਚ ਸਿਸਿਲੀਆ ਐਗੁਆਰ ਕੈਰੀ, ਰਿਚਰਡ ਬਲੂਮ, ਐਲੋਏਸ ਗੋਮਜ਼ ਰੇਜ਼, ਸ਼ੈਰੋਨ ਕੁਇਰਕ ਸਿਲਵਾ ਅਤੇ ਮਾਰ ਸਟੋਨ ਸ਼ਾਮਲ ਸਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …