Breaking News
Home / ਦੁਨੀਆ / ਸਰਬਜੀਤ ਦੇ ਹੱਤਿਆਰੇ ਪਾਕਿ ਅਦਾਲਤ ਨੇ ਕੀਤੇ ਬਰੀ

ਸਰਬਜੀਤ ਦੇ ਹੱਤਿਆਰੇ ਪਾਕਿ ਅਦਾਲਤ ਨੇ ਕੀਤੇ ਬਰੀ

ਆਮਿਰ ਤੇ ਮੁਦੱਸਰ ਨੇ ਜੇਲ੍ਹ ਵਿਚ ਹੀ ਸਰਬਜੀਤ ਉੱਤੇ 2013 ‘ਚ ਕੀਤਾ ਸੀ ਹਮਲਾ
ਲਾਹੌਰ/ਬਿਊਰੋ ਨਿਊਜ਼ : ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਲਾਹੌਰ ਕੋਟ ਲਖਪਤ ਜੇਲ੍ਹ ਵਿਚ ਹੋਈ ਹੱਤਿਆ ਦੇ ਮਾਮਲੇ ਵਿਚ ਨਾਮਜ਼ਦ ਦੋ ਮੁੱਖ ਮੁਲਜ਼ਮਾਂ ਨੂੰ ਪਾਕਿਸਤਾਨੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਅਦਾਲਤ ਨੇ 2013 ਵਿਚ ਵਾਪਰੇ ਇਸ ਹੱਤਿਆ ਕਾਂਡ ਦੇ ਮਾਮਲੇ ਵਿਚ ਮੁਲਜ਼ਮਾਂ ਨੂੰ ‘ਸਬੂਤਾਂ ਦੀ ਘਾਟ’ ਦੇ ਆਧਾਰ ‘ਤੇ ਬਰੀ ਕੀਤਾ ਹੈ। ਪੰਜ ਵਰ੍ਹੇ ਤੋਂ ਲਟਕ ਰਹੇ ਇਸ ਮਾਮਲੇ ਬਾਰੇ ਫ਼ੈਸਲਾ ਸੁਣਾਉਂਦਿਆਂ ਲਾਹੌਰ ਸੈਸ਼ਨ ਕੋਰਟ ਦੇ ਜੱਜ ਮੁਹੰਮਦ ਮੋਇਨ ਖੋਖ਼ਰ ਨੇ ਕਿਹਾ ਕਿ ਦੋਵਾਂ ਖ਼ਿਲਾਫ਼ ਇਕ ਵੀ ਗਵਾਹ ਪੇਸ਼ ਨਹੀਂ ਹੋਇਆ। ਇਸ ਲਈ ਆਮਿਰ ਤੰਬਾ ਤੇ ਮੁਦੱਸਰ ਨੂੰ ਬਰੀ ਕੀਤਾ ਜਾਂਦਾ ਹੈ। ਦੋਵਾਂ ਮੁਲਜ਼ਮਾਂ ਨੇ ਸੁਰੱਖਿਆ ਕਾਰਨਾਂ ਕਰਕੇ ਕੋਟ ਲਖਪਤ ਜੇਲ੍ਹ ਵਿਚੋਂ ਵੀਡੀਓ ਲਿੰਕ ਰਾਹੀਂ ਸੁਣਵਾਈ ਵਿਚ ਹਿੱਸਾ ਲਿਆ।
ਆਮਿਰ ਤੇ ਮੁਦੱਸਰ ਜੇਲ੍ਹ ਵਿਚ ਪਹਿਲਾਂ ਹੀ ਹੱਤਿਆ ਦੇ ਦੋਸ਼ ਹੇਠ ਬੰਦੀ ਸਨ ਤੇ ਉਨ੍ਹਾਂ 49 ਸਾਲਾ ਸਰਬਜੀਤ ਉੱਤੇ 2013 ਵਿਚ ਹਮਲਾ ਕਰ ਦਿੱਤਾ ਸੀ।
ਇਸ ਤੋਂ ਬਾਅਦ ਸਰਬਜੀਤ ਦੀ ਮੌਤ ਹੋ ਗਈ ਸੀ। ਪਹਿਲਾਂ ਹੋਈਆਂ ਸੁਣਵਾਈਆਂ ਦੌਰਾਨ ਜੱਜ ਨੇ ਇਸਤਗਾਸਾ ਪੱਖ ਵੱਲੋਂ ਗਵਾਹ ਪੇਸ਼ ਕਰਨ ਵਿਚ ਨਾਕਾਮ ਰਹਿਣ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਦੱਸਣਯੋਗ ਹੈ ਕਿ ਸਰਬਜੀਤ ਦੀ ਬਿਆਨ ਰਿਕਾਰਡ ਕਰਵਾਉਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਇਕ ਗਵਾਹ ਨੇ ਅਦਾਲਤ ਵਿਚ ਦੱਸਿਆ ਸੀ ਕਿ ਉਹ ਸਰਬਜੀਤ ਦਾ ਬਿਆਨ ਲੈਣਾ ਚਾਹੁੰਦਾ ਸੀ, ਪਰ ਡਾਕਟਰਾਂ ਨੇ ਮਰੀਜ਼ ਦੀ ਹਾਲਤ ਗੰਭੀਰ ਦੱਸ ਕੇ ਅਜਿਹਾ ਕਰਨ ਤੋਂ ਉਸ ਨੂੰ ਰੋਕ ਦਿੱਤਾ ਸੀ।

Check Also

ਪੰਜਾਬ ਦੀ ਧੀ ਅਵਨੀਤ ਕੌਰ ਨੇ ਫਰਾਂਸ ਵਿਚ ਖੱਟਿਆ ਨਾਮਣਾ

ਪੈਰਿਸ/ਬਿਊਰੋ ਨਿਊਜ਼ ਪੰਜਾਬ ਦੀ ਧੀ ਅਵਨੀਤ ਕੌਰ ਨੇ ਫਰਾਂਸ ਦੇ ਨਿਊਕਲੀਅਰ ਐਨਰਜੀ ਕਮਿਸ਼ਨ ਵਿੱਚ ਬਿਜਲੀ …