ਖੇਡਾਂ ਸਮੇਤ ਤਿੰਨ ਸਮਝੌਤਿਆਂ ‘ਤੇ ਦਸਤਖ਼ਤ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਤੇ ਇੰਡੋਨੇਸ਼ੀਆ ਨੇ ਦੱਖਣੀ ਚੀਨ ਸਾਗਰ ਵਿਵਾਦ ਦਾ ਨਿਪਟਾਰਾ, ਜਿਸ ਵਿਚ ਇੰਡੋਨੇਸ਼ੀਆ ਵੀ ਇਕ ਧਿਰ ਹੈ, ਸ਼ਾਂਤੀਪੂਰਨ ਤਰੀਕਿਆਂ ਨਾਲ ਕਰਨ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਕੌਮਾਂਤਰੀ ਕਾਨੂੰਨਾਂ ਦੇ ਸਿਧਾਂਤਾਂ ਅਨੁਸਾਰ ਇਸ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਇਸ ਦੌਰਾਨ ਦੋਵੇਂ ਮੁਲਕਾਂ ਨੇ ਖੇਡਾਂ ਅਤੇ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਤੇ ਇੰਡੋਨੇਸ਼ੀਆ ਦੀ ਨੈਸ਼ਨਲ ਸਟੈਂਡਰਡਾਈਜ਼ੇਸ਼ਨ ਏਜੰਸੀ ਦਰਮਿਆਨ ਸਹਿਯੋਗ ਲਈ ਤਿੰਨ ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦਰਮਿਆਨ ਗੱਲਬਾਤ ਤੋਂ ਬਾਅਦ ਸਾਂਝਾ ਬਿਆਨ ਜਾਰੀ ਕੀਤਾ ਗਿਆ ਜਿਸ ਵਿਚ ਦੋਵੇਂ ਆਗੂਆਂ ਨੇ ਹਰ ਤਰ੍ਹਾਂ ਦੇ ਅੱਤਵਾਦ ਦੀ ਨਿਖੇਧੀ ਕਰਦਿਆਂ ਇਕ-ਦੂਜੇ ਨੂੰ ਵਧੇਰੇ ਸਹਿਯੋਗ ਦੇਣ ਦਾ ਅਹਿਦ ਲਿਆ ਗਿਆ। ਦੋਵੇਂ ਮੁਲਕਾਂ ਨੇ ਰੱਖਿਆ ਅਤੇ ਸੁਰੱਖਿਆ ਸਬੰਧਾਂ ‘ਤੇ ਜ਼ੋਰ ਦੇਣ ਦੇ ਨਾਲ-ਨਾਲ ਸਮੁੰਦਰੀ, ਪੁਲਾੜ, ਹਵਾਲਾ ਅਤੇ ਹਥਿਆਰਾਂ ਦੀ ਤਸਕਰੀ ਨਾਲ ਢੁੱਕਵੇਂ ਢੰਗ ਨਾਲ ਨਜਿੱਠਣ ਵਿਚ ਸਹਿਯੋਗ ਲਈ ਹੱਥ ਮਿਲਾਇਆ ਹੈ। ਇਸ ਦੇ ਨਾਲ ਦੁਵੱਲੇ ਵਪਾਰ ਅਤੇ ਨਿਵੇਸ਼ ਖਾਸ ਕਰ ਕੇ ਤੇਲ ਤੇ ਗੈਸ, ਦਵਾਈਆਂ, ਆਈਟੀ ਅਤੇ ਹੁਨਰ ਵਿਕਾਸ ਦੇ ਖੇਤਰਾਂ ਨੂੰ ਹੱਲਾਸ਼ੇਰੀ ਦੇਣ ਦਾ ਫ਼ੈਸਲਾ ਵੀ ਲਿਆ ਗਿਆ। ਦੋਵੇਂ ਆਗੂਆਂ ਨੇ ‘ਗਰੁੜ ਇੰਡੋਨੇਸ਼ੀਆ’ ਵੱਲੋਂ ਜਕਾਰਤਾ ਤੋਂ ਮੁੰਬਈ ਲਈ ਉਡਾਨ ਸ਼ੁਰੂ ਕਰਨ ਦੇ ਫ਼ੈਸਲੇ ਦਾ ਵੀ ਸਵਾਗਤ ਕੀਤਾ। ਦਹਿਸ਼ਤਗਰਦੀ ਦੇ ਟਾਕਰੇ ਲਈ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਮੋਦੀ ਅਤੇ ਵਿਡੋਡੋ ਨੇ ਸਾਰੇ ਮੁਲਕਾਂ ਨੂੰ ਸੱਦਾ ਦਿੱਤਾ ਕਿ ਉਹ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮਤੇ 1267 ਨੂੰ ਲਾਗੂ ਕਰਨ। ਇਸ ਦਾ ਸਿੱਧਾ ਸਬੰਧ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਨਾਮਜ਼ਦ ਕੀਤੇ ਜਾਣ ਦੀ ਭਾਰਤ ਦੀ ਪਹਿਲ ਨੂੰ ਚੀਨ ਵੱਲੋਂ ਡੱਕੇ ਜਾਣ ਨਾਲ ਹੈ।
Check Also
ਅਮਰੀਕਾ ਵੱਲੋਂ ਭਾਰਤ ਦੇ ਖੇਤੀਬਾੜੀ ਉਤਪਾਦਾਂ ’ਤੇ 100% ਟੈਕਸ ਲਾਉਣ ਦਾ ਐਲਾਨ
ਟੈਕਸ ਆਰਜ਼ੀ ਹਨ ਜੋ 2 ਅਪਰੈਲ ਤੋਂ ਲਾਗੂ ਹੋਣਗੇ : ਡੋਨਾਲਡ ਟਰੰਪ ਨਿਊਯਾਰਕ/ਬਿਊਰੋ ਨਿਊਜ਼ ਅਮਰੀਕੀ …