ਨਵੀਂ ਦਿੱਲੀ/ਬਿਊਰੋ ਨਿਊਜ਼
ਕੋਹਿਨੂਰ ਹੀਰਾ ਅੰਗਰੇਜ਼ਾਂ ਨੂੰ ਤੋਹਫ਼ੇ ਵਜੋਂ ਨਹੀਂ ਦਿੱਤਾ ਗਿਆ ਸੀ, ਸਗੋਂ ਅੰਗਰੇਜ਼ ਇਸ ਨੂੰ ਸਿੱਖਾਂ ਤੋਂ ਲੁੱਟ ਕੇ ਲੈ ਗਏ ਸਨ। ਇਹ ਗੱਲ ਸਕੌਟਲੈਂਡ ਦੇ ਇਤਿਹਾਸਕਾਰ ਅਤੇ ਲੇਖਕ ਵਿਲੀਅਮ ਡੈੱਲਰਿੰਪਲ ਨੇ ਪੱਤਰਕਾਰ ਅਨੀਤਾ ਆਨੰਦ ਨਾਲ ਰਲ਼ ਕੇ ਲਿਖੀ ਕਿਤਾਬ ‘ਕੋਹਿਨੂਰ: ਦਿ ਸਟੋਰੀ ਆਫ਼ ਦਿ ਵਰਲਡਜ਼ ਇਨਫੇਮਸ ਡਾਇਮੰਡ’ ਵਿੱਚ ਲਿਖੀ ਹੈ।
‘ਆਈਏਐਨਐਸ’ ਨਾਲ ਗੱਲਬਾਤ ਦੌਰਾਨ ਡੈੱਲਰਿੰਪਲ ਨੇ ਕਿਹਾ ਕਿ ਇਸ ਵੇਲੇ ਲੰਡਨ ਟਾਵਰ ਵਿੱਚ ਪਿਆ ਇਹ ਹੀਰਾ ਅਸਲ ਵਿੱਚ ਬਸਤੀਵਾਦੀ ਦੌਰ ਦੀ ਲੁੱਟ ਦਾ ਚਿੰਨ੍ਹ ਹੈ।
ਬਰਤਾਨਵੀ ਰੇਡੀਓ ਅਤੇ ਟੀਵੀ ਪੱਤਰਕਾਰ ਅਨੀਤਾ ਆਨੰਦ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਹੀ ਨਹੀਂ ਹੈ ਕਿ ਇਹ ਹੀਰਾ ਕਿਵੇਂ ਲਿਆ ਗਿਆ। ਇਹ ਗੱਲ ਆਖ਼ਣੀ ਸਰਾਸਰ ਬੇਵਕੂਫ਼ੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨੂੰ ਇਹ ਹੀਰਾ ਤੋਹਫ਼ੇ ਵਜੋਂ ਦਿੱਤਾ ਸੀ।ਉਨ੍ਹਾਂ ਕਿਹਾ ਕਿ ਜਦੋਂ ਅੰਗਰੇਜ਼ਾਂ ਨੇ ਇਹ ਹੀਰਾ ਲਿਆ, ਉਦੋਂ ਰਣਜੀਤ ਸਿੰਘ ਦੀ ਮੌਤ ਹੋ ਚੁੱਕੀ ਸੀ। ਅਸਲ ਵਿੱਚ ਇਹ ਹੀਰਾ ਰਣਜੀਤ ਸਿੰਘ ਦੇ ਦਸ ਸਾਲਾ ਪੁੱਤਰ ਦਲੀਪ ਸਿੰਘ ਦੇ ਕਬਜ਼ੇ ਵਿੱਚੋਂ ਅੰਗਰੇਜ਼ਾਂ ਨੇ 29 ਮਾਰਚ 1849 ਨੂੰ ਹਾਸਲ ਕੀਤਾ ਸੀ। ਦਲੀਪ ਸਿੰਘ ਉਸ ਵੇਲੇ ਡਰਿਆ ਹੋਇਆ ਸੀ ਤੇ ਉਸ ਨੇ ਅੰਗਰੇਜ਼ਾਂ ਦਾ ਦਬਾਅ ਕਬੂਲਿਆ। ਇਨ੍ਹਾਂ ਲੇਖਕਾਂ ਵੱਲੋਂ ਉਭਾਰੇ ਗਏ ਤੱਥ ਇਸ ਗੱਲੋਂ ਵੀ ਅਹਿਮ ਹਨ ਕਿਉਂਕਿ ਇਹ ਹੀਰਾ ਇਸ ਸਾਲ ਦੇ ਸ਼ੁਰੂ ਵਿੱਚ ਉਦੋਂ ਚਰਚਾ ਦਾ ਵਿਸ਼ਾ ਬਣਿਆ ਸੀ, ਜਦੋਂ ਭਾਰਤ ਨੇ ਇਹ ਹੀਰਾ ਵਾਪਸ ਮੰਗਿਆ ਸੀ। ਹਾਲਾਂਕਿ ਸਰਕਾਰ ਨੇ 16 ਅਪਰੈਲ ਨੂੰ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਹ ਹੀਰਾ ਅੰਗਰੇਜ਼ਾਂ ਨੂੰ ਆਪਣੀ ਮਰਜ਼ੀ ਨਾਲ ਦਿੱਤਾ ਸੀ।
Check Also
ਸੀਨੀਅਰ ਆਈਏਐਸ ਅਧਿਕਾਰੀ ਵਿਨੀ ਮਹਾਜਨ ਹੋਏ ਸੇਵਾਮੁਕਤ
ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਸਨ ਵਿਨੀ ਮਹਾਜਨ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੀ …