Breaking News
Home / Uncategorized / ਦੁਨੀਆ ਭਰ ‘ਚ ਕਰੋਨਾ!

ਦੁਨੀਆ ਭਰ ‘ਚ ਕਰੋਨਾ!

ਚੀਨ ਤੋਂ ਸ਼ੁਰੂ ਹੋ ਕੈਨੇਡਾ, ਅਮਰੀਕਾ, ਭਾਰਤ ਤੇ ਇਟਲੀ ਹੁੰਦਾ ਹੋਇਆ 120 ਦੇਸ਼ਾਂ ਤੋਂ ਵੱਧ ‘ਚ ਫੈਲਿਆ ਕਰੋਨਾ ਵਾਇਰਸ
ਡਬਲਿਊ ਐਚ ਓ ਨੇ ਕਰੋਨਾ ਵਾਇਰਸ ਨੂੰ ਐਲਾਨਿਆ ਮਹਾਂਮਾਰੀ, ਕਿਸੇ ਵੀ ਮੁਲਕ ਤੋਂ ਭਾਰਤ ‘ਚ ਆਮਦ ‘ਤੇ ਲੱਗੀ ਰੋਕ, ਕੈਨੇਡਾ ‘ਚ ਉਨਟਾਰੀਓ ਤੇ ਬੀਸੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੁਨੀਆ ਭਰ ਵਿਚ ਕਰੋਨਾ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਹੈ, ਚੀਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਕੈਨੇਡਾ, ਅਮਰੀਕਾ ਤੇ ਭਾਰਤ ਹੁੰਦਾ ਹੋਇਆ 120 ਦੇਸ਼ਾਂ ‘ਚ ਫੈਲ ਚੁੱਕਿਆ ਹੈ। ਇਸ ਸਮੇਂ ਇਟਲੀ ਇਸ ਦੀ ਵੱਡੀ ਮਾਰ ਹੇਠ ਹੈ। ਖਬਰ ਪ੍ਰਕਾਸ਼ਿਤ ਹੋਣ ਸਮੇਂ ਤੱਕ ਮਿਲੀ ਜਾਣਕਾਰੀ ਅਨੁਸਾਰ ਇਕੱਲਿਆਂ ਇਟਲੀ ਵਿਚ ਹੀ ਕਰੋਨਾ ਵਾਇਰਸ 800 ਤੋਂ ਵੱਧ ਵਿਅਕਤੀਆਂ ਦੀ ਜਾਨ ਲੈ ਚੁੱਕਾ ਹੈ। ਭਾਰਤ ਵਿਚ ਕਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 73 ਨੂੰ ਪਾਰ ਕਰ ਗਈ, ਉਥੇ ਹੀ ਕੈਨੇਡਾ ਵਿਚ ਇਹ ਗਿਣਤੀ 77 ਤੱਕ ਅੱਪੜ ਗਈ ਹੈ ਤੇ ਸਭ ਤੋਂ ਵੱਧ ਉਨਟਾਰੀਓ ਤੇ ਉਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਖੇਤਰ ਪ੍ਰਭਾਵਿਤ ਦੱਸੇ ਜਾ ਰਹੇ ਹਨ। ਇੰਗਲੈਂਡ ਦੀ ਤਾਂ ਸਿਹਤ ਮੰਤਰੀ ਨੂੰ ਵੀ ਕਰੋਨਾ ਹੋ ਗਿਆ ਹੈ।
ਇਨ੍ਹਾਂ ਖਤਰਿਆਂ ਦੇ ਚਲਦਿਆਂ ਵਿਸ਼ਵ ਸਿਹਤ ਸੰਗਠਨ (ਡਬਲਿਊ ਐਚ ਓ) ਨੇ ਦੁਨੀਆ ਭਰ ‘ਚ ਹਜ਼ਾਰਾਂ ਜਾਨਾਂ ਲੈਣ ਵਾਲੇ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਦਿੱਤਾ ਹੈ। ਜਿਸ ਤੋਂ ਬਾਅਦ ਭਾਰਤ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ 15 ਅਪ੍ਰੈਲ ਤੱਕ ਸਾਰੇ ਸੈਲਾਨੀ ਵੀਜ਼ੇ ਰੱਦ ਕਰ ਦਿੱਤੇ ਹਨ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਹ ਹੁਕਮ 13 ਮਾਰਚ ਤੋਂ ਲਾਗੂ ਹੋਵੇਗਾ। ਸਿਹਤ ਮੰਤਰੀ ਡਾ. ਹਰਸ਼ ਵਰਧਨ ਦੀ ਅਗਵਾਈ ਵਿਚ ਹੋਈ ਮੰਤਰੀਆਂ ਦੇ ਗਰੁੱਪ ਦੀ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ। ਕੂਟਨੀਤਕ ਅਧਿਕਾਰੀਆਂ, ਸੰਯੁਕਤ ਰਾਸ਼ਟਰ, ਅੰਤਰਰਾਸ਼ਟਰੀ ਸੰਗਠਨਾਂ, ਰੁਜ਼ਗਾਰ ਅਤੇ ਪ੍ਰਾਜੈਕਟ ਵੀਜ਼ਿਆਂ ਨੂੰ ਛੱਡ ਕੇ ਬਾਕੀ ਸਾਰੇ ਵੀਜ਼ੇ 15 ਅਪ੍ਰੈਲ ਤੱਕ ਰੱਦ ਕੀਤੇ ਗਏ ਹਨ। ਇਸ ਤੋਂ ਇਲਾਵਾ ਓ.ਸੀ.ਆਈ. ਕਾਰਡ ਧਾਰਕਾਂ ਨੂੰ ਦਿੱਤੀ ਜਾਣ ਵਾਲੀ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਵੀ 15 ਅਪ੍ਰੈਲ ਤੱਕ ਰੱਦ ਕੀਤੀ ਗਈ ਹੈ। ਧਿਆਨ ਰਹੇ ਕਿ ਚੀਨ ਤੋਂ ਸ਼ੁਰੂ ਹੋਏ ਵਾਇਰਸ ਨੇ ਇਟਲੀ ਵਿਚ ਵੀ 800 ਜਾਨਾਂ ਲੈ ਲਈਆਂ ਹਨ ਅਤੇ ਇਹ ਵਾਇਰਸ ਹੁਣ ਤੱਕ 120 ਦੇਸ਼ਾਂ ਤੱਕ ਫੈਲ ਚੁੱਕਾ ਹੈ।
ਦਰਜਨਾਂ ਦੇਸ਼ਾਂ ਵਿਚ ਹਜ਼ਾਰਾਂ ਜਾਨਾਂ ਲੈ ਚੁੱਕਾ ਹੈ ਕਰੋਨਾ
ਚੀਨ 3158 ਮੌਤਾਂ
ਇਰਾਨ 291 ਮੌਤਾਂ
ਇਟਲੀ 61 ਮੌਤਾਂ
ਸਪੇਨ 36 ਮੌਤਾਂ
ਫਰਾਂਸ 33 ਮੌਤਾਂ
ਅਮਰੀਕਾ 31 ਮੌਤਾਂ
ਜਪਾਨ 12 ਮੌਤਾਂ
ਬ੍ਰਿਟੇਨ 06 ਮੌਤਾਂ
(ਨੋਟ : ਅਖ਼ਬਾਰ ਪ੍ਰਕਾਸ਼ਿਤ ਹੋਣ ਤੱਕ ਇਹ ਅੰਕੜੇ ਤਬਦੀਲ ਹੋ ਸਕਦੇ ਹਨ)
ਭਾਰਤ ‘ਚ ਕਰੋਨਾ ਦੇ
73 ਮਰੀਜ਼
ਕੇਰਲਾ : 17 ਮਰੀਜ਼
ਹਰਿਆਣਾ : 14 ਮਰੀਜ਼
ਮਹਾਰਾਸ਼ਟਰ : 11 ਮਰੀਜ਼
ਉਤਰ ਪ੍ਰਦੇਸ਼ : 11 ਮਰੀਜ਼
ਦਿੱਲੀ : 06 ਮਰੀਜ਼
ਕਰਨਾਟਕ : 04 ਮਰੀਜ਼
ਲੱਦਾਖ : 03 ਮਰੀਜ਼
ਜੈਪੁਰ : 03 ਮਰੀਜ਼
ਪੰਜਾਬ : 01 ਮਰੀਜ਼
ਜੰਮੂ-ਕਸ਼ਮੀਰ : 01 ਮਰੀਜ਼
ਤੇਲੰਗਾਨਾ : 01 ਮਰੀਜ਼
ਤਾਮਿਲਨਾਡੂ : 01 ਮਰੀਜ਼
ਕੁੱਲ 73 ਮਰੀਜ਼ਾਂ ਵਿਚ 56 ਭਾਰਤੀ, 17 ਵਿਦੇਸ਼ੀ ਨਾਗਰਿਕ
(ਨੋਟ : ਅਖ਼ਬਾਰ ਪ੍ਰਕਾਸ਼ਿਤ ਹੋਣ ਤੱਕ ਇਹ ਅੰਕੜੇ ਤਬਦੀਲ ਹੋ ਸਕਦੇ ਹਨ)
ਟਰੰਪ ਨੇ ਯੂਰਪ ਤੋਂ ਆਉਣ ਵਾਲੇ ਸਾਰੇ ਯਾਤਰੀਆਂ ‘ਤੇ ਲਗਾਈ ਰੋਕ
ਕਰੋਨਾ ਵਾਇਰਸ ਦੇ ਚੱਲਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪ ‘ਤੇ ਅਗਲੇ 30 ਦਿਨਾਂ ਲਈ ਟਰੈਵਲ ਪਾਬੰਦੀ ਲਗਾ ਦਿੱਤੀ ਹੈ। ਟਰੰਪ ਨੇ ਦੱਸਿਆ ਕਿ ਯੂ.ਕੇ. ਨੂੰ ਛੱਡ ਕੇ ਯੂਰਪ ਦੇ ਕਿਸੇ ਵੀ ਦੇਸ਼ ਦਾ ਕੋਈ ਵੀ ਯਾਤਰੀ ਇਕ ਮਹੀਨੇ ਤੱਕ ਅਮਰੀਕਾ ਨਹੀਂ ਜਾ ਸਕੇਗਾ। ਧਿਆਨ ਰਹੇ ਕਿ ਅਮਰੀਕਾ ‘ਚ ਵੀ ਕਰੋਨਾ ਦੇ 1200 ਮਾਮਲੇ ਸਾਹਮਣੇ ਆ ਚੁੱਕੇ ਹਨ।
ਕਰੋਨਾ ਦੀ ਦਹਿਸ਼ਤ : ਜਦੋਂ ਛਿੱਕ ਮਾਰਨ ’ਤੇ ਹੀ ਉਤਾਰ ਲਿਆ ਜਹਾਜ਼ ਥੱਲੇ
ਨਿਊਜਰਸੀ : ਯੂਨਾਈਟਿਡ ਏਅਰਲਾਈਨਜ਼ ਦੇ ਜਹਾਜ਼ ਨੇ ਕੋਲੋਰਾਡੋ ਤੋਂ ਨਿਊਯਾਰਕ-ਨਿਊਜਰਸੀ ਲਈ ਉਡਾਣ ਭਰੀ ਸੀ ਕਿ ਇਕ ਯਾਤਰੀ ਨੇ ਛਿੱਕ ਮਾਰ ਦਿੱਤੀ, ਬੱਸ ਸਾਰਿਆਂ ਦੀਆਂ ਨਜ਼ਰਾਂ ਉਸੇ ਯਾਤਰੀ ‘ਤੇ ਟਿਕ ਗਈਆਂ ਤੇ ਸਭ ਨੂੰ ਕਰੋਨਾ ਵਾਇਰਸ ਚੇਤੇ ਆਉਣ ਲੱਗਾ। ਮਾਮਲਾ ਜਹਾਜ਼ ਦੇ ਅਮਲੇ ਤੱਕ ਪਹੁੰਚਿਆ ਤੇ ਏਅਰਲਾਈਜ਼ ਨੇ ਏਅਰਪੋਰਟ ਨਾਲ ਸੰਪਰਕ ਸਾਧਿਆ ਤੇ ਫਲਾਇਟ ਨੂੰ ਡਾਇਵਰਟ ਕਰਦਿਆਂ ਵਾਪਸ ਉਤਾਰ ਲਿਆ ਗਿਆ ਤੇ ਤਿੰਨ ਸ਼ੱਕੀ ਯਾਤਰੀਆਂ ਨੂੰ ਉਤਾਰ ਕੇ ਜਹਾਜ਼ ਦੁਬਾਰਾ ਉਡ ਗਿਆ।

Check Also

ਕੇਂਦਰ ਸਰਕਾਰ ਵੱਲੋਂ ਆਈਏਐੱਸ ਪਰਮਪਾਲ ਕੌਰ ਦਾ ਅਸਤੀਫਾ ਮਨਜ਼ੂਰ

ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਹਨ ਪਰਮਪਾਲ ਕੌਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਲੋਕ ਸਭਾ …