ਕਿਸ਼ਤ 5)
ਮਨੁੱਖ ਨੇ ਤਵਾਰੀਖੀ ਬਰਬਾਦੀ ਤੋਂ ਕੁਝ ਨਹੀਂ ਸਿੱਖਿਆ : ਡਾ. ਨਾਜ਼
ਡਾ. ਡੀ ਪੀ ਸਿੰਘ
416-859-1856
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਡਾ. ਸਿੰਘ : ਆਪ ਦੇ ਵਿਚਾਰ ਅਨੁਸਾਰ ਪੰਜਾਬੀ ਭਾਸ਼ਾ ਦੀਆਂ ਮੌਲਿਕ ਸਾਹਿਤਕ ਰਚਨਾਵਾਂ, ਹੋਰਨਾਂ ਭਾਸ਼ਾਵਾਂ ਦੇ ਉੱਤਮ ਸਾਹਿਤ ਦੀ ਤੁਲਨਾ ਵਿਚ ਕਿਹੜਾ ਸਥਾਨ ਰੱਖਦੀਆਂ ਹਨ?
ਡਾ. ਨਾਜ਼ : ਮੈਂ ਸੋਚਦਾ ਹਾਂ ਤੁਲਨਾ ਤੇ ਨਹੀਂ ਕੀਤੀ ਜਾ ਸਕਦੀ, ਫਿਰ ਵੀ ਕੁਝ ਅਜੇਹੇ ਹਾਲਾਤ ਹਨ ਕਿ ਰੂਸ ਅੰਦਰ ਨਾਵਲਿਸਟ ਵਧੇਰੇ ਕਰਕੇ ਅਜੇਹੇ ਪੈਦਾ ਹੋਏ ਹਨ ਜਿਸ ਦਾ ਕੋਈ ਮੁਕਾਬਲਾ ਜਾਂ ਤੁਲਨਾ ਬਾਕੀ ਸੰਸਾਰ ਦੇ ਸਾਹਿਤ ਅੰਦਰ ਹੋ ਹੀ ਨਹੀਂ ਸਕਦੀ। ਮਿਸਾਲ ਵਜੋਂ ਟੋਲਸਟਾਏ, ਦੋਸਤਅਵਸਕੀ, ਸੋਲਜ਼ੋ ਨੀਚਹ ਵਰਗੇ ਨਾਵਲਿਸਟ, ਜਿਨ੍ਹਾਂ ਦੀ ਕੋਈ ਬਰਾਬਰਤਾ ਨਹੀਂ। ਏਸ ਪ੍ਰਕਾਰ ਹੀ ਅੰਗਰੇਜ਼ੀ ਭਾਸ਼ਾ ਵਿਚ, ਇੰਗਲੈਂਡ ਦੇ ਕਵੀ, ਸ਼ੈਕਸਪੀਅਰ, ਬਾਇਰਨ, ਪੀ. ਬੀ. ਸ਼ੈਲੇ, ਤੇ ਕੀਟਸ ਵਰਗੇ, ਜੋ ਰੋਮਾਂਟਿਕ ਕਵਿਤਾ ਦੇ ਲਾਸਾਨੀ ਕਵੀ ਮੰਨੇ ਜਾਂਦੇ ਹਨ, ਸਾਰੇ ਸੰਸਾਰ ਅੰਦਰ ਕਵਿਤਾ ਦੇ ਬਾਬਾ ਬੋਹੜ ਹਨ। ਨਵੇਂ ਪੰਜਾਬੀ ਸਾਹਿਤ ਦੀਆਂ ਲਗਰਾਂ ਮੇਰੇ ਵੇਖਦੇ ਵੇਖਦੇ ਹੀ ਪੁੰਗਰੀਆਂ ਅਤੇ ਜਵਾਨੀ ਚੜ੍ਹੀਆਂ ਹਨ। ਜਦ ਮੈਂ ਬੀ. ਏ. ਕਰ ਰਿਹਾ ਸੀ, ਪੰਜਾਬੀ ਮੇਰੀ ਆਨਰਜ਼ ਦਾ ਵਿਸ਼ਾ ਸੀ।
ਹੀਰ ਵਾਰਿਸ ਸ਼ਾਹ ਤੋਂ ਵਧ ਹੋਰ ਕੁਝ ਨਹੀਂ ਸੀ ਨਜ਼ਰ ਆਉਂਦਾ। ਤੇ ਜਾਂ ਫਿਰ ਧਨੀ ਰਾਮ ਚਾਤ੍ਰਿਕ, ਭਾਈ ਵੀਰ ਸਿੰਘ। ਵੇਖਦੇ ਹੀ ਵੇਖਦੇ ਪ੍ਰੋ: ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਦਾ ਦੌਰ ਜਵਾਨੀ ਚੜ੍ਹਿਆ। ਸ਼ਿਵ ਬਟਾਲਵੀ, ਐਸ. ਮੀਸ਼ਾ ਮੇਰੇ ਹਾਣ ਅੰਦਰ ਰੋਮਾਂਟਿਕ ਕਵਿਤਾ ਦੀ ਜਾਨ ਜਿਗਰ ਬਣੇ ਹਨ। ਸਵਾਲ ਕਿਸੇ ਸਾਹਿਤ ਅੰਦਰ ਏਸ ਦਲੀਲ ਦਾ ਨਹੀਂ ਕਿ ਕਿੰਨੀਆਂ ਲਿਖਤਾਂ ਬੋਲੀ ਦੀ ਝੋਲੀ ਅੰਦਰ ਪਈਆਂ! ਸਵਾਲ ਇਹ ਨਹੀਂ ਕਿ ”ਕਿੰਨਾ” ਲਿਖਿਆ ਗਿਆ? ਸਵਾਲ ਇਹ ਹੈ ਕਿ ”ਕੀ” ਲਿਖਿਆ ਗਿਆ?
ਗੁਰੂ ਗਰੰਥ ਸਾਹਿਬ 1430 ਪੰਨਿਆਂ ਦੀ ਸਿੱਖ ਧਰਮ ਦੀ ਰੂਹਾਨੀ ਕਿਤਾਬ (Holy Scripture) ਹੈ, ਕਹਿ ਨਹੀਂ ਸਕਦਾ ਕਿੰਨੇ ਲੱਖਾਂ ਲੋਕ 24 ਘੰਟੇ ਹਰ ਰੋਜ਼ ਏਸ ਨੂੰ ਪੜ੍ਹਦੇ ਹਨ। ਪੰਜਾਬੀ ਬੋਲੀ ਅੰਦਰ ਲਿਖਿਆ ਇਹ ਗਰੰਥ ਸਾਰੇ ਸੰਸਾਰ ਦੀਆਂ ਬੋਲੀਆਂ ਅੰਦਰ ਸਭ ਤੋਂ ਮਹਾਨ ਕਾਵਿ ਲਿਖਤ ਹੈ।
ਡਾ. ਸਿੰਘ: ਪੱਤਰਕਾਰੀ ਅਤੇ ਜਨ ਸੰਚਾਰ ਮਾਧਿਅਮਾਂ ਦੀ ਵਰਤੋਂ ਦੌਰਾਨ ਆਪ ਦੇ ਪ੍ਰਮੱਖ ਸਰੋਕਾਰ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸਭਿਆਚਾਰਕ ਪਹਿਲੂਆਂ ਨਾਲ ਸੰਬੰਧਤ ਹਨ। ਕੀ ਸਮਾਜ ਨੂੰ ਅਜਿਹੇ ਸਰੋਕਾਰਾਂ ਪ੍ਰਤੀ ਚੇਤੰਨ ਕਰਨ ਲਈ ਇਨ੍ਹਾਂ ਮਾਧਿਅਮਾਂ ਦੀ ਵਰਤੋਂ ਦੇ ਨਾਲ-ਨਾਲ ਕੁਝ ਹੋਰ ਵੀ ਕੀਤਾ ਜਾ ਸਕਦਾ ਹੈ?
ਡਾ. ਨਾਜ਼: ਡਾ: ਸਾਹਿਬ! ਪੱਤਰਕਾਰੀ ਤੇ ਜਨ ਸੰਚਾਰ ਐਨਾ ਤੇਜ਼ ਰਫ਼ਤਾਰੀ ਨਾਲ ਫੈਲਾਅ ਦੇ ਪੱਧਰ ‘ਤੇ ਹੈ, ਕਹਿ ਲਵੋ ਕਿ ਹੜ੍ਹ ਆਇਆ ਪਿਆ ਹੈ। ਇੰਝ ਕਹਿ ਲਵੋ ਕਿ ”ਜਾਣਕਾਰੀ” ਤਾਂ ਹੈ ਪਰ ਲੋਕਾਂ ਅੰਦਰ ”ਗਿਆਨਕਾਰੀ” ਨਹੀਂ। ਯੂਨੀਵਰਸਟੀਆਂ ਨੇ ਆਪਣਾ ਰੋਲ ਨਹੀਂ ਨਿਭਾਇਆ। ਡਿਗਰੀਆਂ ਤਾਂ ਮੂਲੀਆਂ, ਗਾਜਰਾਂ ਵਾਂਗਰ ਵਿਕੀਆਂ ਹਨ, ਪਰ ਸਿੱਖਿਆਰਥੀ ਵਿੱਦਿਆਹੀਣ ਹੀ ਰਹੇ। ਪੰਜਾਬੀ ਅੰਤਰ-ਰਾਸ਼ਟਰੀ ਕਾਨਫਰੰਸਾਂ ਪੰਜਾਬ ਅੰਦਰ ਕੋਈ 8-9 ਹੋਈਆਂ, ਪਰ ਕੋਈ ਟੀਚਾ ਅਤੇ ਮਕਸਦ ਹੱਲ ਨਾ ਹੋਇਆ। ਅਜੇਹੀ ਹੀ ਇੱਕ ਕਾਨਫਰੰਸ ਅੰਦਰ ਬੋਲਦਿਆਂ ਕੋਈ 250 ਬੁੱਧੀ ਜੀਵੀਆਂ ਨੂੰ ਸੰਬੋਧਨ ਕਰਦਿਆਂ ਮੈਂ ਆਖਿਆ ਸੀ ”ਐਥੇ ਕੈਨੇਡਾ ਅੰਦਰ, ਅੱਜ ਦੇ ਏਸ ਸਮਾਗਮ ਅੰਦਰ ਇੱਕ ਅਜੇਹੀ ਬੀਬਾ ਬੈਠੀ ਹੈ, ਜੋ ਆਪਣੀ ਪੀਐਚ. ਡੀ. ਪੰਜਾਬੀ ਗਾਲ਼ਾਂ ‘ਤੇ ਕਰਕੇ ਆਈ ਹੈ! ਕੀ ਪੰਜਾਬੀ ਯੂਨੀਵਰਸਟੀ, ਪਟਿਆਲਾ ਕੋਲ ਪੀਐਚ. ਡੀ. ਕਰਵਾਉਣ ਲਈ ”ਪੰਜਾਬੀ ਗਾਲਾਂ” ਦੇ ਵਿਸ਼ੇ ਤੋਂ ਬਗੈਰ ਬਾਕੀ ਸਾਰੇ ਵਿਸ਼ੇ ਦਿਹਾਂਤ ਵੱਸ ਹੋ ਗਏ ਸਨ?” ਅੱਜ ਦੇ ਵਿੱਦਿਆਲੇ ਅਜੇਹੀ ਖੋਜ ਦੇ ਘਾੜੇ ਹਨ। ਸੰਸਕ੍ਰਿਤ ਦਾ ਇੱਕ ਸ਼ਲੋਕ ਹੈ ”ਵਿੱਦੁਤੇ ਸੋ ਚਿੱਤਰਮ” ਜੋ ਵੇਖੋਗੇ, ਸੋ ਵਾਹੋਗੇ। ਸਰਕਾਰੀ ਢਾਂਚਾ ਅਤੇ ਵਿੱਦਿਆਲੇ ਦਰੁਸਤ ਕਰ ਲਵੋ, ਲੋਕ ਬਦਲ ਜਾਣਗੇ, ਜਾਗ ਜਾਣਗੇ।
ਡਾ. ਸਿੰਘ: ਵਿਗੜ ਰਹੇ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸਭਿਆਚਾਰਕ ਵਾਤਾਵਰਣ ਦਾ ਮੂਲ ਕਾਰਕ ਆਪ ਕਿਸ ਨੂੰ ਮੰਨਦੇ ਹੋ? ਵੱਡਾ ਦੋਸ਼ੀ ਕੌਣ ਹੈ ?
ਡਾ. ਨਾਜ਼: ਡੀ. ਪੀ. ਜੀ! ਸਾਰੇ ਦਾ ਸਾਰਾ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਕ ਢਾਂਚਾ ਇੱਕ ਜ਼ਹਿਨੀ ਗੁਲਾਮੀ ਦਾ ਕੈਦੀ ਹੈ। ਏਸ ਪ੍ਰਕਾਰ ਵੀ ਵੇਖਿਆ ਜਾ ਸਕਦਾ ਹੈ। ਸਾਰੇ ਦਾ ਸਾਰਾ ਰਜਨੀਤਕ ਢਾਂਚਾ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਇੱਕ ਉਲਟੀ ਕੀਤੀ ਤਿਕੋਣ ‘ਤੇ ਖੜ੍ਹੇ ਹੋਵੋ। ਏਹ ਤਿਕੋਣ ਦੇ ਦੋ ਜ਼ਾਵੀਏ ਹਨ (1) ਪ੍ਰਬੰਧਕ ਪਹਿਲੂ (2) ਤਕਨੀਕੀ ਪਹਿਲੂ ਅਤੇ (3) ਤੀਜਾ ਭਾਗ ਹੈ ਨੈਤਿਕਤਾ। ਜੋ ਏਸ ਉਲਟੀ ਤਿਕੋਣ ਦਾ ਹੇਠਲਾ ਕੋਣ ਹੈ, ਜਿਸ ਉਪਰ ਉਪਰਲੇ ਦੋਵੇ ਕੋਣ ਨਿਰਭਰ ਹਨ। ਸੰਤੁਲਿਤ ਹਾਲਾਤ ਅੰਦਰ ਖੜ੍ਹੇ ਹਨ। ਏਸ ਨੈਤਿਕਤਾ ਦੇ ਡਾਵਾਂ ਡੋਲ ਹੋ ਜਾਣ ਤੇ ਸੰਤੁਲਨ ਕਾਇਮ ਨਹੀਂ ਰਹਿ ਸਕਦਾ। ਢਹਿ ਢੇਰੀ ਹੋ ਜਾਂਦਾ ਹੈ। ਇਹ ਤਿੰਨੋ ਹਾਲਾਤ ਇੱਕ ਦੂਜੇ ‘ਤੇ ਨਿਰਭਰ ਹਨ, ਕੋਈ ਵੱਡੀ ਛੋਟੀ ਨਹੀਂ। ਅੱਜ ਭਾਰਤ ਦੀ ਹਾਲਤ ਡਾਵਾਂ ਡੋਲ ਨਹੀਂ, ਸਗੋਂ ਢਹਿ ਢੇਰੀ ਹੈ। ਰਹੀ ਗੱਲ ਪੱਤਰਕਾਰੀ ਦੀ, ਆਪ ਜਾਣਦੇ ਹੋ, ਸ਼ਬਦ ਪੀਲੀ ਪੱਤਰਕਾਰੀ! ਹੁਣ ਤੇ ਕਈ ਰੰਗਾਂ ਦੀ ਹੈ। ਚਿੱਟੀ, ਹਰੀ, ਭਗਵੀਂ ਨੀਲੀ ਅਤੇ ਪਤਾ ਨਹੀਂ ਕੀ ਕੀ! ਅੱਜ ਦੇ ਮਹਾਜ਼ ਤੇ ਸਾਰੇ ਦਾ ਸਾਰਾ ਮੀਡੀਆ ਭਗਵੇਂ ਰੰਗ ਅੰਦਰ ਰੰਗਿਆ ਗਿਆ ਹੈ। ਜੇ ਕੋਈ ਇੱਕਾ ਦੁਕਾ ਇਨ੍ਹਾਂ ਦੇ ਉਲਟ ਬੋਲਦਾ ਹੈ, ਓਸ ਨੂੰ ਰਾਹ ਦਾ ਰੋੜਾ ਸਮਝ ਕੇ ਹਟਾ ਦਿੱਤਾ ਜਾਂਦਾ ਹੈ, ਮਿਟਾ ਦਿੱਤਾ ਜਾਂਦਾ ਹੈ। ਪਿਛਲੇ ਕੋਈ ਪੰਜ ਸਾਲ ਹੋਏ, ਕੈਨੇਡਾ ਅੰਦਰ ਇੱਕ ਨਵੀਂ ਮਹਾਂਭਾਰਤ ਜਾਂ ਰਮਾਇਣ ਦੀ ਜੰਗ ਚਲੀ ਸੀ। ਏਸ ਨੂੰ ਮੈਂ ਪੱਤਰਕਾਰੀ ਦੀ ਥਾਂ ਛਿੱਤਰਕਾਰੀ ਦਾ ਨਾਂ ਦਿੱਤਾ ਸੀ। ਪੱਤਰਕਾਰੀ ਨਹੀਂ, ਸਾਡੀ ਜ਼ਮੀਰ ਵਿਕ ਗਈ ਹੈ।
ਡਾ. ਸਿੰਘ: ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸਭਿਆਚਾਰਕ ਪ੍ਰਦੂਸ਼ਣ ਤੋਂ ਬਚਣ ਲਈ ਸਰਕਾਰੀ, ਨਿੱਜੀ ਅਤੇ ਗੈਰ-ਸਰਕਾਰੀ ਪੱਧਰ ਲਈ ਆਪ ਕੋਲ ਕਿਹੜੇ-ਕਿਹੜੇ ਉਪਾਓ ਅਤੇ ਸਮਾਧਾਨ ਹਨ?
ਡਾ. ਨਾਜ਼: ਮੈਂ ਨਿਰਾਸ਼ਾ ਵਾਦੀ ਨਹੀ, ਬਕੌਲ ਆਪ ਦੇ ”ਹਰ ਸੰਘਰਸ਼ ਤੇ ਤਬਾਹੀ ਅੰਦਰੋ ਮਨੁੱਖਤਾ ਅਤੇ ਇਹ ਧਰਤੀ ਖੂਬਸੂਰਤ ਹੋ ਕੇ ਹੀ ਨਿੱਕਲੀ ਹੈ। ਤੋੜ ਅਤੇ ਮੁੜ-ਜੋੜ ਸਿਹਤਮੰਦ ਜੀਵੰਤ ਹੋਂਦ ਦੀ ਅਤੁੱਟ ਕਾਰੀਗਰੀ ਹੈ।” ਹੈਰਾਨੀ ਇਹ ਹੈ ਕਿ ਮਨੁੱਖ ਨੇ ਅਜੇ ਤੱਕ ਤਵਾਰੀਖੀ ਬਰਬਾਦੀ ਤੋਂ ਸਿੱਖਿਆ ਕੁਝ ਨਹੀਂ। ਸੱਭਿਅਤਾਵਾਂ ਬਣਦੀਆਂ, ਮਿਟਦੀਆਂ ਆਈਆਂ ਹਨ। ਹੁਣ ਵੀ ਅਜੇਹਾ ਹੋਵੇਗਾ। ਪਰ ਏਸ ਬਰਬਾਦੀ ਦਾ ਅੱਜ ਕੋਈ ਕੁਵਿੱਕ ਫ਼ਿਕਸ ਨਜ਼ਰ ਨਹੀਂ ਪੈਂਦਾ। ਸਿਆਸੀ ਪਹਿਲੂ ਬੁਰੀ ਤਰ੍ਹਾਂ ਉਲਝ ਗਿਆ ਹੈ, ਆਰਥਿਕਤਾ ਸੰਭਾਲ ਤੋਂ ਬਾਹਿਰ ਹੈ, ਭੁਖ ਮਰੀ ਦਾ ਜਾਲ ਹਰ ਦੇਸ਼ ਨੂੰ ਆਪਣੇ ਕਬਜ਼ੇ ਅੰਦਰ ਜਕੜ ਰਿਹਾ ਹੈ। ਨਾ ਕੇਵਲ ਧਰਤੀ, ਆਕਾਸ਼, ਪਾਣੀ ਤੇ ਹਵਾ ਵੀ ਪ੍ਰਦੂਸ਼ਣ ਦੀ ਜਕੜ ਅਧੀਨ ਹੈ, ਸਮੁੱਚੀ ਮਨੁਖੀ ਸੋਚ, ਹੀ ਪ੍ਰਦੂਸ਼ਿਤ ਹੋ ਗਈ ਜਾਪਦੀ ਹੈ। (ਚੱਲਦਾ)
——-
ਡਾ. ਡੀ. ਪੀ. ਸਿੰਘ, ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅੱਜਕੱਲ੍ਹ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ।
Home / ਨਜ਼ਰੀਆ / ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ