Breaking News
Home / ਨਜ਼ਰੀਆ / ਭਗਤ ਸਿੰਘ ਦੀਆਂ ਲਾਹੌਰ ਵਿਚਲੀਆਂ ਯਾਦਾਂ

ਭਗਤ ਸਿੰਘ ਦੀਆਂ ਲਾਹੌਰ ਵਿਚਲੀਆਂ ਯਾਦਾਂ

ਹਰਜੀਤ ਬੇਦੀ
647-924-9087
ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੀਵਨ ਨਾਲ ਲਾਹੌਰ ਦਾ ਬਹੁਤ ਕੁੱਝ ਜੁੜਿਆ ਹੋਇਆ ਹੈ । ਆਪਣੀ ਮੁਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕਰਕੇ ਉਸ ਨੇ ਲਾਹੌਰ ਦੇ ਡੀ ਏ ਵੀ ਸਕੂਲ ਤੋਂ ਸਕੂਲੀ ਵਿੱਦਿਆ ਪ੍ਰਾਪਤ ਕੀਤੀ । ਇੱਥੇ ਹੀ ਨੈਸ਼ਨਲ ਕਾਲਜ ਵਿੱਚ ਪੜ੍ਹ ਕੇ ਉਸਨੇ ਸ਼ਪਸ਼ਟ ਵਿਚਾਰਧਾਰਾ ਤੇ ਅਧਾਰਤ ਨੌਜਵਾਨ ਭਾਰਤ ਸਭਾ ਸਥਾਪਤ ਕੀਤੀ ਜਿਸਨੇ ਨੌਜਵਾਨਾਂ ਨੂੰ ਲਾਮਬੰਦ ਕਰਨ ਵਿੱਚ ਮੋਢੀ ਰੋਲ ਅਦਾ ਕੀਤਾ ।   ਲਾਹੌਰ ਵਿੱਚ ਕਿਲਾਨੁਮਾ ਇਮਾਰਤ ਵਿੱਚ ਸਥਿਤ ਸੁਪਰਡੈਂਟ ਪੁਲੀਸ ਦੇ ਦਫਤਰ ਸਾਹਮਣੇ ਉਹ ਨਿੰਮ ਦਾ ਦਰਖਤ ਹੈ ਜਿਸ ਦੇ ਪਿੱਛੇ ਖੜੋ ਕੇ ਭਗਤ ਸਿੰਘ ਤੇ ਉਸ ਦੇ ਸਾਥੀ ਸੁਖਦੇਵ ਨੇ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ  ਸਮੇਂ ਪੁਲੀਸ ਕਪਤਾਨ ਜੇਮਜ਼ ਸਕਾਟ ਦਾ ਦਫਤਰੋਂ ਨਿਕਲਣ ਦਾ ਇੰਤਜਾਰ ਕੀਤਾ ਸੀ। ਪਰ ਉੱਪ ਪੁਲਸ ਕਪਤਾਨ ਸਾਂਡਰਸ,ਕਪਤਾਨ ਸਕਾਟ ਦੇ ਭੁਲੇਖੇ ਮਾਰਿਆ ਗਿਆ ਸੀ । ਭਗਤ ਸਿੰਘ ਤੇ ਸੁਖਦੇਵ ਗੌਰਮਿੰਟ ਕਾਲਜ ਵਿੱਚ ਜਾ ਕੇ ਭੀੜ ਵਿੱਚ ਅਲੋਪ ਹੋ ਗਏ ਸਨ । ਇਸ ਦਰਖਤ ਦੇ ਪਿੱਛੇ ਗੌਰਮਿੰਟ ਇਸਲਾਮੀਆਂ ਕਾਲਜ ਦੀ ਬਿਲਡਿੰਗ ਹੈ ਜਿਸ ਤੇ ਹਿੰਦੂ ਭਵਨ-ਕਲਾ ਦੀ ਝਲਕ ਸਾਫ ਦਿਖਾਈ ਦਿੰਦੀ ਹੈ । ਵੰਡ ਤੋਂ ਪਹਿਲਾਂ ਦੇ ਲਾਹੌਰ ਵਿੱਚ ਇਸ ਵਿੱਚ ਸਨਾਤਨ ਧਰਮ ਕਾਲਜ ਹੁੰਦਾ ਸੀ ।
ਉਹਨਾਂ ਦਿਨਾਂ ਵਿੱਚ ਲਾਹੌਰ ਵਿੱਦਿਅਕ ਸਰਗਰਮੀਆਂ ਦਾ ਕੇਂਦਰ ਹੁੰਦਾ ਸੀ । ਗੌਰਮਿੰਟ ਕਾਲਜ ਤੋਂ ਅੱਗੇ ਹੀ ਪੰਜਾਬ ਯੂਨੀਵਰਸਿਟੀ ਹੈ । ਜਿਸ ਤੇ ” ਜਮਾਇਤ”  ਦਾ ਵਿਦਿਆਰਥੀਆਂ ਦੇ ਹੋਸਟਲ ਅਤੇ ਯੁਨੀਵਰਸਿਟੀ ਕੈਂਪਸ ਤੇ ਕਬਜ਼ਾ ਹੈ। ਜਮਾਇਤ ਇਸਲਾਮਿਕ ਰਾਜਨੀਤਕ ਸੰਸਥਾ ਜਮਾਇਤ-ਏ-ਇਸਲਾਮੀ ਦਾ ਵਿਦਿਆਰਥੀ ਵਿੰਗ ਹੈ । ਇੱਥੇ ਪਿਛਲੇ ਸਮੇਂ ਵਿੱਚ ਵਾਈਸ ਚਾਂਸਲਰ ਤੇ ਪ੍ਰੋਫੈਸਰਾਂ ਤੇ ਹਮਲੇ ਹੋਏ ਸਨ । ਹੁਣ ਇਹ ਸਿੱਧੇ ਤੌਰ ‘ਤੇ ਇਸ ਗਰੁੱਪ ਦੇ ਅਧੀਨ ਚੱਲ ਰਹੇ ਹਨ । ਜਮਾਇਤ ਦਾਖਲੇ ਸਮੇਂ ਆਪਣੇ ਸਟਾਲ ਲਾਉਂਦੀ ਹੈ । ਇਸ ਦੇ ਮੈਂਬਰ ਹਥਿਆਰਬੰਦ ਹੁੰਦੇ ਹਨ ਤੇ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਹਨ । ਯੁਨੀਵਰਸਿਟੀ ਕੈੰਪਸ ਮਿਲਟਰੀ ਕੈਂਪ ਦਾ ਭੁਲੇਖਾ ਪਾਉਂਦਾ ਹੈ ।
ਭਾਰਤ ਵਿੱਚ ਵਿਦਿਆਰਥੀ ਰਾਜਨੀਤੀ ਦਾ ਸੰਕਲਪ ਵੀਹਵੀਂ ਸਦੀ ਦੇ ਮੁੱਢ ਵਿੱਚ ਲੱਗਪੱਗ ਭਗਤ ਸਿੰਘ ਦੇ ਵਿਦਿਆਰਥੀ ਜੀਵਨ ਸਮੇਂ ਹੀ ਆਇਆ ਸੀ । ਰੂਸੀ ਇਨਕਲਾਬ ਨੇ ਭਾਰਤ ਦੀ ਉਸ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬਹੁਤ ਅਸਰ ਪਾਇਆ  ਅਤੇ ਯੁਵਕਾਂ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਮਹੱਤਵਪੂਰਨ ਰੋਲ ਨਿਭਾਇਆ। ਭਗਤ ਸਿੰਘ ਸਾਹਿਤ ਪੜ੍ਹਨ ਵਿੱਚ ਬਹੁਤ ਦਿਲਚਸਪੀ ਰਖਦਾ ਸੀ । ਭਗਤ ਸਿੰਘ ਦੇ ਵਿਚਾਰ ਇਸ ਅਧਿਅਨ ਕਾਰਨ ਹੀ ਬੜੇ ਸਪਸ਼ਟ ਸਨ । ਉਸ ਨੇ ਕਿਹਾ ਸੀ , ”ਜਿਸ ਆਦਰਸ਼ ਵਾਸਤੇ ਅਸੀਂ ਜੂਝਣਾ ਹੈ , ਉਸ ਦਾ ਸਪਸ਼ਟ ਸੰਕਲਪ ਸਾਡੇ ਸਾਹਮਣੇ ਹੋਏ”। ਭਗਤ ਸਿੰਘ ਇਸ ਘਟਨਾ-ਕ੍ਰਮ ਵਿੱਚੋਂ ਹੀ ਉੱਭਰ ਕੇ ਸਾਹਮਣੇ ਆਇਆ। ਵਿਦਿਆਰਥੀ ਸਿਆਸਤ ਵਿੱਚ ਸ਼ਮੂਲੀਅਤ ਨਾਲ ਹੀ ਉਸ ਨੇ ਰਾਜਨੀਤੀ ਵਿੱਚ ਕੌਮੀ ਪੱਧਰ ਦੀ ਹੈਸੀਅਤ ਦਾ ਦਰਜਾ ਪ੍ਰਾਪਤ ਕੀਤਾ । ਆਜ਼ਾਦੀ ਤੋਂ ਬਾਅਦ ਵੀ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਨੇ ਹਿੰਦੁਸਤਾਨ ਅਤੇ ਪਾਕਿਸਤਾਨ ਦੋਹਾਂ ਦੇਸ਼ਾ ਦੀ ਸਿਆਸਤ ਵਿੱਚ ਮੋਹਰੀ ਰੋਲ ਨਿਭਾਇਆ ਹੈ । ਪਰ ਸੱਤਰਵੇਂ ਦਹਾਕੇ ਦੇ ਅੰਤ ਤੇ ਇਸਲਾਮੀਕਰਨ  ਹੋਣਾ ਸ਼ੁਰੂ ਹੋ ਗਿਆ । ਜਮਾਇਤ-ਏ-ਇਸਲਾਮੀ ਇੱਕ ਸ਼ਕਤੀਸ਼ਾਲੀ ਤਾਕਤ ਬਣ ਗਈ । ਮੂਲਵਾਦੀਆ ਨੇ ਕਾਲਜਾਂ ਅਤੇ ਯੁਨੀਵਰਸਿਟੀ ਦੇ ਵਿਦਿਆਰਥੀਆਂ ਤੇ ਆਪਣੀ ਜਕੜ ਮਜਬੂਤ ਕਰ ਲਈ ।
ਸੁਪਰਡੈਂਟ ਪੁਲੀਸ ਦੇ ਦਫਤਰ ਦੇ ਨੇੜੇ ਹੀ ਬਰੈਡਲੇ ਹਾਲ ਹੈ ਜਿਹੜਾ ਕਦੇ ਨੈਸ਼ਨਲ ਕਾਲਜ ਹੂੰਦਾ ਸੀ। ਇੱਥੇ ਹੀ ਭਗਤ ਸਿੰਘ ਦੀ ਮੁਲਾਕਾਤ ਉਸਦੇ ਦੋਸਤਾਂ ਸੁਖਦੇਵ ਤੇ ਯਸ਼ਪਾਲ ਨਾਲ ਹੋਈ ਸੀ । ਇੱਥੇ ਪੜ੍ਹਦਿਆਂ ਹੀ ਉਹ ਭਾਰਤ ਦੀ ਆਜ਼ਾਦੀ ਲਹਿਰ ਦੇ ਚੋਟੀ ਦੇ ਲੀਡਰਾਂ ਨੂੰ ਮਿਲਿਆ ਤੇ ਉਹਨਂਾਂ ਦੇ ਵਿਚਾਰ ਸੁਣੇ। ਇਸ ਕਾਲਜ ਦੀ ਸਥਾਪਨਾ ਲਾਲਾ ਲਾਜਪਤ ਰਾਏ ਨੇ ਕੀਤੀ ਸੀ ਤੇ  ਬਹੁਤ ਸਾਰੀਆਂ ਸਿਆਸੀ ਸਖਸ਼ੀਅਤਾਂ ਨੂੰ ਇੱਥੇ ਅਕਸਰ ਬ੍ਰਿਟਿਸ਼ ਬਸਤੀਵਾਦ ਅਤੇ ਭਾਰਤ ਦੀ ਆਜ਼ਾਦੀ ਬਾਰੇ ਲੈਕਚਰ ਕਰਨ ਲਈ ਬੁਲਾਇਆ ਜਾਂਦਾ ਸੀ । ਪਰ ੁਹਣ ਇਹ ਇਮਾਰਤ ਸੁੰਨਸਾਨ ਹੈ ਤੇ ਇਸ ਨੂੰ ਤਾਲਾ ਲੱਗਾ ਹੋਇਆ ਹੈ । ਇਸ ਹਾਲ ਵਿੱਚ ਬਣੀ ਉਹ ਸਟੇਜ ਜਿਸ ਤੋਂ ਭਗਤ ਸਿੰਘ ਆਜ਼ਾਦੀ ਦੇ ਗੀਤ ਗਾਇਆ ਕਰਦਾ ਸੀ ਪਿਛਲੇ ਕਾਫੀ ਸਮੇਂ ਤੋਂ ਢਹਿ ਚੁੱਕੀ ਹੈ। ਇਸ ਦਾ ਪਰਬੰਧ ਅੱਜ ਕੱਲ੍ਹ ਸਰਕਾਰ ਦੁਆਰਾ ਚਲਾਏ ਜਾ ਰਹੇ ਟਰੱਸਟ ਕੋਲ ਹੈ ਜੋ ਗੈਰ ਮੁਸਲਿਮ ਲੋਕਾਂ ਦੁਆਰਾ ਛੱਡੀਆਂ ਜਾਇਦਾਦਾਂ ਦੀ ਦੇਖਭਾਲ ਕਰਦਾ ਹੈ । ਇਸ ਤੇ ਬੋਰਡ ਦੇ ਕਬਜ਼ੇ ਤੋਂ ਪਹਿਲਾਂ ਇਸ ਨੂੰ ਗੁਦਾਮ , ਸਟੀਲ ਮਿੱਲ ਅਤੇ ਤਕਨੀਕੀ ਸਿੱਖਿਆ ਸੰਸਥਾ ਦੇ ਤੌਰ ਤੇ ਵਰਤਿਆ ਜਾਂਦਾ ਰਿਹਾ ਹੈ । ਇਹ ਹਾਲ ਭਗਤ ਸਿੰਘ ਹੋਰਾਂ ਦੀਆਂ ਸਰਗਰਮੀਆਂ ਦਾ ਪਰਮੁੱਖ ਕੇਂਦਰ ਹੁੰਦਾ ਸੀ। ਸੰਨ 1931 ਵਿੱਚ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਦ ਭਗਤ ਸਿੰਘ ਦੇ ਮਾਂ ਬਾਪ ਕੁੱਝ ਸਮਾਂ ਇਸ ਹਾਲ ਦੇ ਨੇੜੇ ਰਹਿੰਦੇ ਰਹੇ ਸਨ ਅਤੇ ਉਹ ਰੋਜ਼ ਸਵੇਰੇ ਇਸ ਹਾਲ ਦੇ ਬਾਹਰ ਬੈਠ ਕੇ ਭਗਤ ਸਿੰਘ ਦੇ ਪ੍ਰਸ਼ੰਸਕਾ ਨੂੰ ਮਿਲਦੇ ਸਨ ।
ਲਾਹੌਰ ਵਿੱਚ ਜਿੱਥੇ ਜੇਲ੍ਹ ਰੋਡ ਤੇ ਫਿਰੋਜ਼ਪੁਰ ਰੋਡ ਮਿਲਦੀਆਂ ਹਨ ਸ਼ਾਮਦਾਨ ਚੌਕ ਹੈ। ਇੱਥੇ ਇੱਕ ਬੋਰਡ ਉੱਪਰ ਲਾਲ ਪੇਂਟ ਨਾਲ ਅੰਗਰੇਜੀ ਤੇ ਉਰਦੂ ਵਿੱਚ ”ਭਗਤ ਸਿੰਘ ਚੌਕ” ਲਿਖਿਆ ਹੋਇਆ ਹੈ । ਇਸ ਚੌਕ ਦੇ ਨਾਲ ਲਗਦੀ ਜੇਲ੍ਹ ਦੀ ਚਾਰਦੀਵਾਰੀ ਹੈ ਜਿੱਥੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਜੇਲ੍ਹ ਵਿੱਚ ਰੱਖਣ ਤੋਂ ਬਾਦ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ ਸੀ । ਖੱਬੇ ਪੱਖੀ ਸੰਸਥਾਵਾਂ ਦੇ ਮੈਂਬਰਾਂ ਨੇ ਭਗਤ ਸਿੰਘ ਦੀ ਯਾਦ ਵਿੱਚ ਇਕੱਠੇ ਹੋਕੇ ਇਸ ਚੌਕ ਦਾ ਨਾਂ ਸਰਕਾਰੀ ਤੌਰ ਤੇ ”ਭਗਤ ਸਿੰਘ ਚੌਕ” ਰੱਖਣ ਦੀ ਮੰਗ ਕੀਤੀ। ਆਮ ਲੋਕਾਂ ਦੇ ਦਿਲਾਂ ਵਿੱਚ ਭਗਤ ਸਿੰਘ ਦੀ ਦੇਸ਼ ਦੀ ਆਜ਼ਾਦੀ ਲਈ ਦਿੱਤੀ ਸ਼ਹਾਦਤ ਪ੍ਰਤੀ ਸਤਿਕਾਰ ਹੋਣ ਕਰਕੇ ਇਹ ਲਹਿਰ ਛੇਤੀ ਹੀ ਜੋਰ ਫੜ ਗਈ । ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਵਸ ਤੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਲੋਕ ਇਹ ਮੰਗ ਦੁਹਰਾਉਂਦੇ । ਮੀਡੀਏ ਨੇ ਇਸਦਾ ਪੂਰਾ ਨੋਟਿਸ ਲਿਆ। ਅੰਤ ਵਿੱਚ ਸਰਕਾਰ ਨੇ ਇਸ ਚੌਕ ਦਾ ਨਾਂ ਸ਼ਾਮਦਾਨ ਚੌਕ ਤੋਂ ਬਦਲ ਕੇ ਭਗਤ ਸਿੰਘ ਚੌਕ ਰੱਖਣ ਦਾ ਫੈਸਲਾ ਕਰ ਲਿਆ। ਪਰ ਵਿਡੰਬਨਾਂ ਇਹ ਰਹੀ ਕਿ ਨੇੜੇ ਦੀ ਮਾਰਕੀਟ ਦੇ ਵਪਾਰੀ ਤਬਕੇ  ਨੇ ਇਸ ਫੈਸਲੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । ਇਸ ਨਾਲ ਹੀ ਜਮਾਤ-ਉਤ-ਦਾਵਾ ਜਿਹੜੀ ਕਿ ਲਸ਼ਕਰੇ-ਤੋਇਬਾ ਨੂੰ ਫੰਡ ਮੁਹੱਈਆ ਕਰਨ ਦਾ ਵਿੰਗ ਹੈ, ਹਰਕਤ ਵਿੱਚ ਆ ਗਈ । ਉਹਨਾਂ ਨੇ ਇਹ ਉਜ਼ਰ ਕੀਤਾ ਕਿ ਭਗਤ ਸਿੰਘ ਇੱਕ ਸਿੱਖ ਸੀ ਤੇ ਪਾਕਿਸਤਾਨ ਦੀ ਜਮੀਨ ‘ਤੇ ਬਣੇ ਇਸ ਚੌਕ ਦਾ ਨਾਂ ਕਿਸੇ ਗੈਰ-ਮੁਸਲਿਮ ਦੇ ਨਾਂ ਤੇ ਹਰਗਿਜ ਨਹੀਂ ਰੱਖਣਾ ਚਾਹੀਦਾ । ਇਸ ਤੇ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ । ਭਾਰਤ ਦੀ ਵੰਡ ਨੇ ਲੋਕਾਂ ਦੀ ਮਾਨਸਿਕਤਾ ਤੇ ਇਸ ਕਦਰ ਬੁਰਾ ਅਸਰ ਪਾਇਆ ਸੀ ਕਿ ਵਿਚਾਰਧਾਰਾਵਾਂ ਅਤੇ ਰਾਜਨੀਤਕ ਪਾਰਟੀਆਂ ਧਰਮ ਦੇ ਨਾਂ ਤੇ ਵੰਡੇ ਗਏ । ਜਦੋਂ ਕਿ ਸੱਚ ਇਹ ਸੀ ਕਿ ਭਗਤ ਸਿੰਘ ਐਲਾਨੀਆਂ ਨਾਸਤਿਕ ਸੀ ਤੇ ਉਸ ਲਈ ਹਰ ਮਨੁੱਖ ਇੱਕ ਮਨੁੱਖ ਸੀ ਇਨਸਾਨ ਸੀ । ਭਗਤ ਸਿੰਘ ਦੇ ਜੀਵਨ ਭਰ ਕੀਤੇ ਸੰਘਰਸ਼, ਉਸਦੀ ਵਿਚਾਰਧਾਰਾ ਅਤੇ ਕੁਰਬਾਨੀ ਉਸਦੇ ਸਿੱਖ ਪਰਵਾਰ ਵਿੱਚ ਪੈਦਾ ਹੋਣ ਤੇ ਉਸ ਦੇ ਨਾਂ ਨਾਲ ਸਿੰਘ ਲੱਗਾ ਹੋਣ ਦੀ ਭੇਟ ਚੜ੍ਹ ਗਏ ਤੇ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ਤੇ ਨਾ ਰੱਖਿਆ  ਗਿਆ ਜਦੋਂ ਕਿ ਪਾਕਿਸਤਾਨ ਦੀ ਆਮ ਜਨਤਾ ਉਸ ਦੀ ਬਹੁਤ ਵੱਡੀ ਪ੍ਰਸੰਸ਼ਕ ਹੈ। ਉਸ ਦੀ ਕੁਰਬਾਨੀ ਦੀ ਕਾਇਲ ਹੈ ਤੇ ਉਹ ਉਹਨਾਂ ਲਈ ਆਜ਼ਾਦੀ ਦੀ ਲੜਾਈ ਦਾ ਹੀਰੋ ਹੈ। ਇਹ ਗੱਲ ਦਿਮਾਗ ਵਿੱਚ ਆਉਂਦੀ ਹੈ ਕਿ ਜੇ ਭਗਤ ਸਿੰਘ ਆਜ਼ਾਦੀ ਸਮੇਂ ਜਿੰਦਾ ਹੁੰਦਾ ਤਾ ਕੀ ਉਸ ਨੂੰ ਪਾਕਿਸਤਾਨ ਵਿੱਚ ਰਹਿ ਗਏ ਆਪਣੇ ਪੁਰਖਿਆਂ ਦੇ ਪਿੰਡ ਵਿੱਚ ਰਹਿਣਾ ਮਿਲਦਾ ? ਉਸ ਕਾਲੇ ਸਮੇਂ ਵਿੱਚ ਉਸ ਦੇ ਨਾਂ ਨੂੰ ਹੀ ਮੂਹਰੇ ਰੱਖਿਆ ਜਾਣਾ ਸੀ ਨਾਂ ਕਿ ਉਸਦੀ ਵਿਚਾਰਧਾਰਾ ਤੇ ਸਿਆਸੀ ਸੋਚ ਨੂੰ । ਉਸ ਦੇ ਨਾਂ ਨਾਲ ਸਿੰਘ ਲੱਗਿਆ ਹੋਣ ਕਰ ਕੇ ਉਸ ਨੂੰ ਜਰੂਰ ਹੀ ਹਿੰਦੁਸਤਾਨ ਵਿੱਚ ਜਾਣ ਲਈ ਮਜ਼ਬੂਰ ਕੀਤਾ ਜਾਣਾ ਸੀ । ਧਰਮ ਦੇ ਨਾਂ ਤੇ ਭਾਰਤ ਦੀ ਹੋਈ ਇਹ ਵੰਡ ਮਨੁੱਖਤਾ ਲਈ ਬਹੁਤ ਵੱਡਾ ਸੰਤਾਪ ਸਿੱਧ ਹੋਈ ਹੈ ।
ਲਾਹੌਰ ਤੋਂ 150 ਕਿੱਲੋਮੀਟਰ ਦੀ ਦੂਰੀ ਤੇ ਉਸਦੇ ਪੁਰਖਿਆਂ ਦਾ ਪਿੰਡ ਬੰਗਾ (ਚੱਕ ਨੰਬਰ 105) ਸਥਿਤ ਹੈ। ਜਿਸ ਘਰ ਵਿੱਚ ਭਗਤ ਸਿੰਘ ਨੇ ਆਪਣਾ ਬਚਪਨ ਗੁਜਾਰਿਆ ਸੀ ਉਸ ਵਿੱਚ ਅੱਜ ਕੱਲ੍ਹ ਇੱਕ ਵਕੀਲ ਰਹਿ ਰਿਹਾ ਹੈ। ਘਰ ਦੇ ਵਿਹੜੇ ਵਿੱਚ ਬੇਰੀ ਦਾ ਇੱਕ ਦਰਖਤ ਹੈ । ਜਿਸ ਬਾਰੇ ਕਿਹਾ ਜਾਂਦਾ ਹੈ ਕਿ ਭਗਤ ਸਿੰਘ ਨੇ ਇਸ ਨੂੰ ਲਾਇਆ ਸੀ। ਪਿੰਡ ਦੇ ਜਿਸ ਸਕੂਲ ਵਿੱਚ ਭਗਤ ਸਿੰਘ ਨੇ ਪ੍ਰਇਮਰੀ ਪਾਸ ਕੀਤੀ ਸੀ ਉਹ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। ਉਸ ਦੀ ਛੱਤ ਬਿੱਲਕੁੱਲ ਡਿੱਗ ਚੁੱਕੀ ਹੈ। ਬਿਨਾਂ ਛੱਤ ਵਾਲੇ ਉਸ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਧੁੱਪੇ ਹੀ ਬੈਠਣਾ ਪੈਂਦਾ ਹੈ । ਉਹਨਾਂ ਨੂੰ ਇੱਥੇ ਬਚਪਨ ਵਿੱਚ ਹੀ ਦੇਸ਼ ਭਗਤੀ ਦਾ ਪਾਠ ਪੜ੍ਹਾਉਂਦਿਆਂ ਉਹਨਾਂ ਵਿੱਚ ਧਾਰਮਿਕ ਕੱਟੜਤਾ ਦੇ ਬੀਅ ਬੀਜ ਦਿੱਤੇ ਜਾਂਦੇ ਹਨ । ਉਹਨਾਂ ਨੂੰ ਅਗਲੇ ਜਨਮ ਵਿੱਚ ਬਹਿਸ਼ਤ ਵਿੱਚ ਬਾਦਸ਼ਾਹ ਬਣਨ ਦਾ ਲਾਲਚ ਦੇ ਕੇ ਮੂਲਵਾਦੀ ਬਣਾਇਆ ਜਾਂਦਾ ਹੈ। ਇਸ ਢੰਗ ਨਾਲ ਉਸ ਦੇ ਆਪਣੇ ਹੀ ਪਿੰਡ ਵਿੱਚ ਉਸ ਨਾਲ ਨਫਰਤ ਕਰਨੀ ਸਿਖਾਈ ਜਾਂਦੀ ਹੈ। ਭਗਤ ਸਿੰਘ ਨੇ ਬਿੱਲਕੁੱਲ ਠੀਕ ਕਿਹਾ ਸੀ ,”ਹੁਣ ਤੱਕ ਮੌਜੂਦ ਸਾਰੇ ਧਰਮਾਂ ਨੇ ਮਨੁਖਾਂ ਨੂੰ ਇੱਕ ਦੂਜੇ ਤੋਂ ਜੁਦਾ ਕੀਤਾ ਤੇ ਲਤਾੜਿਆ ਹੈ। ਦੁਨੀਆਂ ਵਿੱਚ ਹੁਣ ਤੱਕ ਜਿੰਨਾ ਖੂਨ ਖਰਾਬਾ ਧਰਮ ਦੇ ਠੇਕੇਦਾਰਾਂ ਨੇ ਕੀਤਾ ਹੈ ਉਨਾ ਸ਼ਾਇਦ ਹੀ ਕਿਸੇ ਹੋਰ ਨੇ ਕੀਤਾ ਹੋਵੇ । ਸੱਚੀ ਗੱਲ ਤਾਂ ਇਹ ਕਿ ਧਰਤੀ ਦੇ ਸਵਰਗ ਨੂੰ ਧਰਮ ਦੀ ਓਟ ਲੈ ਕੇ ਹੀ ਉਜਾੜਿਆ ਗਿਆ ਹੈ”।  ਇਸ ਦੇ ਨਾਲ ਹੀ ਭਗਤ ਸਿੰਘ ਨੇ ਇਹ ਵੀ ਕਿਹਾ ਸੀ , ”ਜਿਹੜਾ ਧਰਮ ਇਨਸਾਨ ਨੂੰ ਇਨਸਾਨ ਤੋਂ ਵੱਖ ਕਰੇ , ਮੁਹੱਬਤ ਦੀ ਥਾਂ ਉਹਨਾਂ ਨੂੰ ਨਫਰਤ ਕਰਨੀ ਸਿਖਾਵੇ , ਅੰਧ-ਵਿਸ਼ਵਾਸ਼ਾਂ ਨੂੰ ਉਤਸਾਹਿਤ ਕਰ ਕੇ , ਲੋਕਾਂ ਦੇ ਬੌਧਿਕ ਵਿਕਾਸ ਚ ਰੁਕਾਵਟ ਬਣੇ , ਦਿਮਾਗਾਂ ਨੂੰ ਖੁੰਢਾ ਕਰੇ ਉਹ ਕਦੇ ਵੀ ਮੇਰਾ ਧਰਮ ਨਹੀਂ ਹੋ ਸਕਦਾ”।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …