Breaking News
Home / ਮੁੱਖ ਲੇਖ / ਪੱਛਮੀ ਸਰਮਾਏਦਾਰੀ ਦਾ ਸਿੱਟਾ ਹੈ ਪੰਜਾਬ ਦਾ ਦੁਖਾਂਤ

ਪੱਛਮੀ ਸਰਮਾਏਦਾਰੀ ਦਾ ਸਿੱਟਾ ਹੈ ਪੰਜਾਬ ਦਾ ਦੁਖਾਂਤ

316844-1rz8qx1421419655-300x225ਡਾ. ਸਵਰਾਜ ਸਿੰਘ
ਪੱਛਮੀ ਸਰਮਾਏਦਾਰੀ ਦੀ ਗ਼ੁਲਾਮੀ ઠਦੀ ਪੰਜਾਬ ਦੇ ਸਮੁੱਚੇ ਦੁਖਾਂਤ ਵਿੱਚ ਭੂਮਿਕਾ ਸਮਝਣ ਲਈ ਸਾਨੂੰ ਇਹ ਦੇਖਣਾ ਪਏਗਾ ਕਿ ਪੱਛਮ ਦੇ ਗ਼ੁਲਾਮ ਹੋਣ ਤੋਂ ਪਹਿਲਾਂ ਪੰਜਾਬ ਦੀ ਕੀ ਸਥਿਤੀ ਸੀ। ਪੰਜਾਬ ਦੀ ਗ਼ੁਲਾਮੀ ਲਗਪਗ ਡੇਢ ਸਦੀ ਪਹਿਲਾਂ 1849 ਵਿੱਚ ਅੰਗਰੇਜ਼ਾਂ ਦੇ ਪੰਜਾਬ ‘ਤੇ ਮੁਕੰਮਲ ਕਬਜ਼ੇ ਨਾਲ ਸ਼ੁਰੂ ਹੋਈ। ਭਾਵੇਂ ਕਿ ਸਤਲੁਜ ਤੋਂ ਉਰਲੀਆ ਰਿਆਸਤਾਂ ਪਟਿਆਲਾ, ਨਾਭਾ, ਜੀਂਦ ਅਤੇ ਫਰੀਦਕੋਟ ਨੇ 1809 ਵਿੱਚ ਹੀ ਅੰਗਰੇਜ਼ਾਂ ਦੀ ਗ਼ੁਲਾਮੀ ਕਬੂਲ ਲਈ ਸੀ ਪਰ ਸਮੁੱਚੇ ਤੌਰ ‘ਤੇ ਇਸ ਦਾ ਪੰਜਾਬ ‘ਤੇ ਕੋਈ ਪ੍ਰਭਾਵ ਨਹੀਂ ਸੀ ਪਿਆ। ਇਨ੍ਹਾਂ ਚਾਰਾਂ ਰਿਆਸਤਾਂ ਦਾ ਕੁੱਲ ਰਕਬਾ ਪੰਜਾਬ ਰਾਜ (ਖਾਲਸਾ ਰਾਜ) ਦੇ ਕੁੱਲ ਰਕਬੇ ਦਾ ਕੇਵਲ ਪੰਜ ਫ਼ੀਸਦੀ ਦੇ ਕਰੀਬ ਹੀ ਬਣਦਾ ਸੀ। ਗ਼ੁਲਾਮੀ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਬਹੁਤ ਹੀ ਖੁਸ਼ਹਾਲ ਸੀ ਅਤੇ ਉਸ ਦਾ ਸੰਸਾਰ ઠਵਿੱਚ ਬਹੁਤ ਵੱਕਾਰ ਵਾਲਾ ਸਥਾਨ ਸੀ। ਇਸ ਸੱਚਾਈ ਦੀ ਪੁਸ਼ਟੀ ਦੋ ਗੱਲਾਂ ਨਾਲ ਹੀ ਹੋ ਜਾਂਦੀ ਹੈ। ਪਹਿਲੀ ਕਿ ਉਸ ਵੇਲੇ ਪੰਜਾਬ ਵਿੱਚੋਂ ਕੋਈ ਪਰਵਾਸ ਨਹੀਂ ਹੋ ਰਿਹਾ ਸੀ ਸਗੋਂ ਬਹੁਤ ਹੀ ਉੱਚੇ ਪੱਧਰ ਦੇ ਲੋਕਾਂ ਦਾ ਆਵਾਸ ਹੋ ਰਿਹਾ ਸੀ। ਯੂਰੋਪ ਦੇ ਵੱਖ-ਵੱਖ ਦੇਸ਼ਾਂ ਅਤੇ ਅਮਰੀਕਾ ਤੋਂ ਵੀ ਵੱਖ-ਵੱਖ ਕਿੱਤਿਆਂ ਨਾਲ ਸਬੰਧਤ ਅਤੇ ਉੱਚੀਆਂ ਪ੍ਰਾਪਤੀਆਂ ਹਾਸਲ ਕਰ ਚੁੱਕੇ ਲੋਕ ਪੰਜਾਬ ਵਿੱਚ ਆ ਰਹੇ ਸਨ।
ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਯੂਰੋਪ ਦੇ ਵੱਖ-ਵੱਖ ਦੇਸ਼ਾਂ ਜਿਵੇਂ ਫਰਾਂਸ, ਇਟਲੀ, ਜਰਮਨੀ, ਹੰਗਰੀ ਅਤੇ ਰੂਸ ਆਦਿ ਨਾਲ ਸਬੰਧਤ ਅਤੇ ਅਮਰੀਕੀ ਅਫ਼ਸਰਾਂ ਦਾ ਵੇਰਵਾ ਦਿੱਤਾ ਹੈ।
ਇਨ੍ਹਾਂ ਲੋਕਾਂ ਨੂੰ ਜੋ ਤਨਖਾਹ ਅਤੇ ਜੀਵਨ ਪੱਧਰ ਪੰਜਾਬ ਵਿੱਚ ਹਾਸਲ ਹੋਇਆ ਉਸ ਦੀ ਉਹ ਆਪਣੇ ਦੇਸ਼ਾਂ ਵਿੱਚ ਕਲਪਨਾ ਵੀ ਨਹੀਂ ਕਰ ਸਕਦੇ ਸਨ। ਦੂਜੀ, ਪੰਜਾਬ ਦਾ ਸੰਸਾਰ ਪੱਧਰ ‘ਤੇ ਨਾਂ ਅਤੇ ਵੱਕਾਰ ਸੀ। ਉਸ ਵੇਲੇ ਦੀ ਸਭ ਤੋਂ ਸ਼ਕਤੀਸ਼ਾਲੀ ਹਕੂਮਤ ਅਰਥਾਤ ਇੰਗਲੈਂਡ, ਜਿਸ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਸ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਡੁੱਬਦਾ, ਦੀ ਮਹਾਰਾਣੀ ਵਿਕਟੋਰੀਆ ਨੇ ਵੀ ਸਵੀਕਾਰਿਆ ਸੀ ਕਿ ਬ੍ਰਿਟਿਸ਼ ਰਾਜ ਤੋਂ ਬਾਅਦ ਪੰਜਾਬ ਰਾਜ ਸੰਸਾਰ ਦਾ ਦੂਜਾ ਵੱਡਾ ਸ਼ਕਤੀਸ਼ਾਲੀ ਰਾਜ ਸੀ। ਮਹਾਰਾਣੀ ਵਿਕਟੋਰੀਆ ਸਿਰਫ਼ ਇਹ ਕਹਿ ਹੀ ਨਹੀਂ ਰਹੀ ਸੀ ਸਗੋਂ ਆਪਣੇ ਵਰਤਾਉ ਨਾਲ ਵੀ ਉਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੰਜਾਬ ਰਾਜ ਨੂੰ ਉਹ ਕਿੰਨਾ ਵੱਡਾ ਤੇ ਸਤਿਕਾਰਯੋਗ ਸਮਝਦੀ ਸੀ। ਜਦੋਂ ਮਹਾਰਾਜਾ ਦਲੀਪ ਸਿੰਘ ਇੰਗਲੈਂਡ ઠਗਿਆ ਤਾਂ ਉਸ ਦੀ ਉਮਰ ਲਗਭਗ 15 ਸਾਲ ਦੀ ਸੀ। ਮਹਾਰਾਣੀ ਵਿਕਟੋਰੀਆ ਨੇ ਮਹਾਰਾਜਾ ਦਲੀਪ ਸਿੰਘ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ, ਉਸ ਤੋਂ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਕਿ ਪੰਜਾਬ ਬਾਰੇ ਉਸ ਦੀਆਂ ਕੀ ਭਾਵਨਾਵਾਂ ਸਨ। ਉਸ ਦੀ ਪੰਜਾਬ ਦੇ ਰਾਜੇ ਨਾਲ ਜੋ ਕਿ ਆਪਣਾ ਸਭ ਕੁਝ ਗੁਆ ਚੁੱਕਾ ਸੀ ਅਜਿਹਾ ਸਲੂਕ ਇਸ ਗੱਲ ਦਾ ਪ੍ਰਤੀਕ ਸੀ ਕਿ ਉਸ ਦੇ ਮਨ ਵਿੱਚ ਪੰਜਾਬ ਦਾ ਅਕਸ ਬਹੁਤ ਵੱਡਾ ਸੀ। ਇੰਗਲੈਂਡ ਵਰਗੇ ਛੋਟੇ ਜਿਹੇ ਟਾਪੂ ਦੇਸ਼ ਵਿੱਚ ਉਸ ਨੇ ਮਹਾਰਜਾ ਦਲੀਪ ਸਿੰਘ ਲਈ 70 ਹਜ਼ਾਰ ਏਕੜ ਦੀ ਅਸਟੇਟ ਦਿੱਤੀ, ਜਿਸ ਵਿੱਚ ਉਸ ਨੇ ਆਪਣਾ ਮਹੱਲ ਬਣਾਇਆ। ਮਹਾਰਾਜਾ ਦਲੀਪ ਸਿੰਘ ਸ਼ਾਇਦ ਸਮੁੱਚੇ ਸੰਸਾਰ ਵਿੱਚ ਇਕੋ-ਇਕ ਅਜਿਹਾ ਸ਼ਖ਼ਸ ਸੀ ਜੋ ਕਿ ਜਦੋਂ ਵੀ ਚਾਹੇ ਮਹਾਰਾਣੀ ਨੂੰ ਮਿਲ ਸਕਦਾ ਸੀ। ਮਹਾਰਾਣੀ ਨੇ ਆਪਣੇ ਹੱਥਾਂ ਨਾਲ ਮਹਾਰਾਜਾ ਦਲੀਪ ਸਿੰਘ ਦੇ ਕਈ ਚਿੱਤਰ ਬਣਾਏ। ਸਿਰਫ਼ ਇੱਕ ਚਿੱਤਰ ਬਣਾਉਣ ਲਈ ਕਿੰਨੀ ਦੇਰ ਉਸ ਨੂੰ ਮਹਾਰਾਜਾ ਦਲੀਪ ਸਿੰਘ ਦੇ ਸਾਹਮਣੇ ਖੜ੍ਹਨਾ ਪਿਆ ਹੋਏਗਾ। ਭਾਵੇਂ ਕਿ ਉਮਰ ਵਿੱਚ ਉਹ ਮਹਾਰਾਣੀ ਨਾਲੋਂ ਬਹੁਤ ਛੋਟਾ ਸੀ ਪ੍ਰੰਤੂ ਫਿਰ ਵੀ ਮਹਾਰਾਣੀ ਉਸ ਦੀ ਸਿਆਣਪ ਦੀ ਕਦਰ ਕਰਦੀ ਸੀ ਅਤੇ ਅਕਸਰ ਉਸ ਨੂੰ ਆਪਣੀ ਦੁਵਿਧਾ ਜਾਂ ਦੁੱਖ ਸਾਂਝਾ ਕਰਨ ਲਈ ਬੁਲਾ ਲੈਂਦੀ ਸੀ। ਉਨ੍ਹਾਂ ਦਾ ਰਿਸ਼ਤਾ ਮਿੱਤਰਾਂ ਵਰਗਾ ਸੀ।
ਬਸਤੀਵਾਦੀ ਗ਼ੁਲਾਮੀ ਦੇ 1849 ਵਿੱਚ ਸ਼ੁਰੂ ਹੁੰਦਿਆਂ ਹੀ ਅੰਗਰੇਜ਼ਾਂ ਨੇ ਇੱਕ ਬਹੁਤ ਹੀ ਵਿਉਂਤਬੰਦ ਢੰਗ ਨਾਲ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਦੇ ਜਜ਼ਬੇ ਅਤੇ ਸਵੈਮਾਣ ਨੂੰ ਤੋੜਨ ਦੇ ਯਤਨ ਆਰੰਭ ਕਰ ਦਿੱਤੇ। ਉਸ ਵੇਲੇ ਦੇ ਗਵਰਨਰ ਜਨਰਲ ਲਾਰਡ ਡਲਹੌਜ਼ੀ ਦੀ ਇਹ ਧਾਰਨਾ ਸੀ ਕਿ ਹਿੰਦੋਸਤਾਨ ਵਿੱਚ ਅੰਗਰੇਜ਼ਾਂ ਦਾ ਰਾਜ ਮਜ਼ਬੂਤ ਕਰਨ ਲਈ ਇਹ ਕਰਨਾ ਜ਼ਰੂਰੀ ਸੀ। ਹਾਲਾਂ ਕਿ ਉਸ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਪੰਜਾਬ ਨੂੰ ਬ੍ਰਿਟਿਸ਼ ਰਾਜ ਵਿੱਚ ਨਾ ਮਿਲਾਇਆ ਜਾਏ ਪ੍ਰੰਤੂ ਉਸ ਨੇ ਆਪਣੀ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਪੰਜਾਬ ਰਾਜ ਨੂੰ ਬ੍ਰਿਟਿਸ਼ ਰਾਜ ਵਿੱਚ ਮਿਲਾ ਲਿਆ। ਉਸ ਨੇ ਇੱਕ ਲੰਬੀ ਚਿੱਠੀ ਬ੍ਰਿਟਿਸ਼ ਸਰਕਾਰ ਨੂੰ ਲਿਖੀ ਕਿ ਉਸ ਨੂੰ ਕਿਉਂ ਪੰਜਾਬ ਨੂੰ ਬ੍ਰਿਟਿਸ਼ ਰਾਜ ਵਿੱਚ ਮਿਲਾਉਣਾ ਪਿਆ। ਉਸ ਦੀ ਇਸ ਚਿੱਠੀ ਤੋਂ ਹੀ ਉਸ ਦਾ ਸਿੱਖਾਂ ਪ੍ਰਤੀ, ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾਂ ਬਾਰੇ ਪੱਖਪਾਤੀ ਅਤੇ ਵਿਤਕਰੇ ਵਾਲਾ ਰਵੱਈਆ ਸਾਫ ਜ਼ਾਹਿਰ ਹੋ ਜਾਂਦਾ ਹੈ।
ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਖ਼ਾਲਸਾ ਫ਼ੌਜ ਦੇ 50000 ਸਿਪਾਹੀਆਂ ਵਿੱਚੋਂ 3 ਤੋਂ 5 ਹਜ਼ਾਰ ਨੂੰ ਹੀ ਫ਼ੌਜ ਵਿੱਚ ਰੱਖਿਆ ਅਤੇ ਬਾਕੀਆਂ ਦੀ ਛੁੱਟੀ ਕਰ ਦਿੱਤੀ। ਸਾਧਾਰਨ ਕਿਸਾਨੀ ਨੂੰ ਆਰਥਿਕ ਤੌਰ ‘ਤੇ ਤਬਾਹ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ। ਮਾਲੀਆ ਵਧਾ ਦਿੱਤਾ ਗਿਆ ਅਤੇ ਫ਼ਸਲਾਂ ਦੀ ਕੀਮਤ ਘਟਾ ਦਿੱਤੀ ਗਈ। ਮੁਗ਼ਲਾਂ ਵੇਲੇ ਤੋਂ ਹੀ ਮਾਲੀਆ ਦੋ ਤਰ੍ਹਾਂ ਦਾ ਚਲਿਆ ਆ ਰਿਹਾ ਸੀ। ਜਮ੍ਹਾਂ ਅਤੇ ਹਾਸਲ/ਜਮ੍ਹਾਂ ਉਹ ਅੰਕੜਾ ਸੀ ਜੋ ਨਿਰਧਾਰਤ ਕੀਤਾ ਜਾਂਦਾ ਸੀ ਪ੍ਰੰਤੂ ਹਾਸਲ ਉਹ ਅੰਕੜਾ ਸੀ ਜੋ ਲਿਆ ਜਾਂਦਾ ਸੀ। ਹਾਸਲ ઠਦੀ ਰਕਮ ਜਮ੍ਹਾਂ ਨਾਲੋਂ ਕਾਫ਼ੀ ਘੱਟ ਹੁੰਦੀ ਸੀ। ਦੂਜੇ ਸ਼ਬਦਾਂ ਵਿੱਚ ਕਿਸਾਨੀ ਨੂੰ ਟੈਕਸ ਇਕੱਠਾ ਕਰਨ ਵਿੱਚ ਕਾਫੀ ਛੋਟ ਦਿੱਤੀ ਜਾਂਦੀ ਸੀ। ਇਸ ਨਾਲ ਕਿਸਾਨੀ ‘ਤੇ ਘੱਟ ਬੋਝ ਪੈਂਦਾ ਸੀ। ਪ੍ਰੰਤੂ ਅੰਗਰੇਜ਼ਾਂ ਨੇ ਇਹ ਛੋਟ ਦੇਣੀ ਬੰਦ ਕਰ ਦਿੱਤੀ। ਫ਼ਸਲਾਂ ਦੀ ਕੀਮਤ ਘਟਾਉਣ ਨਾਲ ਆਮਦਨੀ ਘੱਟ ਗਈ ਅਤੇ ਫ਼ੌਜ ਵਿੱਚ ਹੋਰ ਨੌਕਰੀਆਂ ਨਾ ਮਿਲਣ ਕਾਰਨ ਕਿਸਾਨੀ ਲਈ ਬਦਲਵੇਂ ਰੁਜ਼ਗਾਰ ਦੇ ਮੌਕੇ ਨੂੰ ਸੀਮਤ ਕਰ ਦਿੱਤਾ ਗਿਆ। ਇਨ੍ਹਾਂ ਸਾਰੀਆਂ ਗੱਲਾਂ ਨੇ ਸਾਧਾਰਨ ਕਿਸਾਨੀ ਦਾ ਲੱਕ ਤੋੜ ਦਿੱਤਾ ਅਤੇ ਉਸ ਨੂੰ ਆਰਥਿਕ ਕੰਗਾਲੀ ਵੱਲ ਧੱਕ ਦਿੱਤਾ।
ਇਸ ਦੇ ਨਾਲ ਹੀ ਅੰਗਰੇਜ਼ਾਂ ਨੇ ਸੂਦ-ਖੋਰਾਂ ਨੂੰ ਹੋਰ ਉਤਸ਼ਾਹਿਤ ਕੀਤਾ ਅਤੇ ਵਿਆਜ਼ ਦੀਆਂ ਦਰਾਂ ‘ਤੇ ਕੋਈ ਸੀਮਾ ਨਾ ਲਾਈ। ਵਿਆਜ਼ ਦੇਣ ਵਾਲਿਆਂ ਲਈ ਕਿਸਾਨਾਂ ਦੀ ਜ਼ਮੀਨ ਤੇ ਹੋਰ ਸੰਪਤੀ ਕੁਰਕ ਕਰਨੀ ਸੌਖੀ ਕਰ ਦਿੱਤੀ। ਨਤੀਜਾ ਇਹ ਹੋਇਆ ਕਿ ਕਿਸਾਨ ਆਪਣੀ ਜ਼ਮੀਨ ਗਹਿਣੇ ਰੱਖ ਕੇ ਉੱਚੇ ਵਿਆਜ਼ ‘ਤੇ ਪੈਸੇ ਲੈ ਲੈਂਦੇ ਸਨ ਪ੍ਰੰਤੂ ਕਰਜ਼ਾ ਮੋੜਨ ਦੀ ਉਨ੍ਹਾਂ ਕੋਲ ਨਾ ਤਾਂ ਸਮਰੱਥਾ ਸੀ ਤੇ ਨਾ ਹੀ ਆਮਦਨ। ਨਤੀਜਾ ਇਹ ਹੀ ਹੁੰਦਾ ਸੀ ਕਿ ਉਨ੍ਹਾਂ ਨੂੰ ਆਪਣੀ ਜ਼ਮੀਨ ਤੋਂ ਹੱਥ ਧੋਣੇ ਪੈਂਦੇ ਸਨ।
ਸ਼ਹੀਦ ਭਗਤ ਸਿੰਘ, ਜਿਸ ‘ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ਓਏ’ ਗੀਤ ਨੂੰ ਅਕਸਰ ਗਾਉਂਦਾ ਸੀ। ਅਜਿਹੀਆਂ ਹੀ ਪ੍ਰਸਥਿਤੀਆਂ ਦੀ ਉਪਜ ਸੀ। 1849 ਤੋਂ 1857 ਤਕ ਅੰਗਰੇਜ਼ਾਂ ਨੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਬਾਹਰਲੀ ਫ਼ੌਜ ਅਤੇ ਪੁਲੀਸ ਫੋਰਸ ਤਾਇਨਾਤ ਕਰਕੇ ਜਬਰ ਅਤੇ ਦਹਿਸ਼ਤ ਵਾਲਾ ਮਾਹੌਲ ਬਣਾਇਆ। ਪੰਜਾਬੀਆਂ ਕੋਲੋਂ ਸਾਰੇ ਹਥਿਆਰ ਖੋਹ ਲਏ। ਜਿਨ੍ਹਾਂ ਜਗੀਰਦਾਰਾਂ ਨੇ ਅੰਗਰੇਜ਼-ਸਿੱਖ ਯੁੱਧਾਂ ਵਿੱਚ ਸਿੱਖਾਂ ਦਾ ਸਾਥ ਦਿੱਤਾ, ਉਨ੍ਹਾਂ ਦੀਆਂ ਜਗੀਰਾਂ ਖੋਹ ਲਈਆਂ ਗਈਆਂ ਤੇ ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਆਪਣੇ-ਆਪਣੇ ਪਿੰਡਾਂ ਵਿੱਚ ਹੀ ਕੈਦ ਕਰ ਦਿੱਤਾ। ਮਹਾਰਾਣੀ ਜਿੰਦਾઠਨਾਲ ਬਹੁਤ ਅਪਮਾਨਜਨਕ ਸਲੂਕ ਕੀਤਾ ਗਿਆ। ਮਹਾਰਾਜਾ ਦਲੀਪ ਸਿੰਘ ਨੂੰ ਇਸਾਈ ਬਣਾਇਆ ਗਿਆ ਅਤੇ ਇਸਾਈ ਪਾਦਰੀਆਂ ਨੇ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਇਸਾਈ ਬਣਾਉਣ ਦੇ ਯਤਨ ਕੀਤੇ। ਇਨ੍ਹਾਂ ਨੀਤੀਆਂ ਸਦਕਾ ਪੰਜਾਬ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਤੌਰ ‘ਤੇ ਅਸਥਿਰ ਅਤੇ ਕਮਜ਼ੋਰ ਹੋ ਗਿਆ। ਲਗਭਗ ਇੱਕ ਸਦੀ ਪੰਜਾਬ ਨੇ ਅੰਗਰੇਜ਼ਾਂ ਦੀ ਬਸਤੀਵਾਦੀ ਗ਼ੁਲਾਮੀ ਹੰਢਾਈ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਨੇ ਪੱਛਮੀ ਸਾਮਰਾਜੀਆਂ ਦੀ ਅਗਵਾਈ ਸਾਂਭ ਲਈ ਅਤੇ ਪੰਜਾਬ ਅੰਗਰੇਜ਼ਾਂ ਦੀ ਬਸਤੀਵਾਦੀ ਗ਼ੁਲਾਮੀ ਤੋਂ ਅਮਰੀਕਾ ਦੀ ਸਾਮਰਾਜੀ ਗ਼ੁਲਾਮੀ ਵੱਲ ਵਧਣ ਲੱਗਾ। ਅਖੌਤੀ ਹਰੇ ਇਨਕਲਾਬ ਵੇਲੇ ਅਮਰੀਕੀ ਸਾਮਰਾਜ ਪੰਜਾਬ ‘ਤੇ ਪੂਰੀ ਤਰ੍ਹਾਂ ਕਾਬਜ਼ ਹੋ ਗਿਆ। ਹਰਾ ਇਨਕਲਾਬ ਅਸਲ ਵਿੱਚ ਪੰਜਾਬ ਦੀ ਅਮੀਰ ਕਿਸਾਨੀ ਦਾ ਅਮਰੀਕੀ ਸਾਮਰਾਜ ਨਾਲ ਗੱਠਜੋੜ ਸੀ, ਜਿਸ ਦੁਆਰਾ ਪੰਜਾਬ ਦੀ ਅਮੀਰ ਕਿਸਾਨੀ ਸਰਮਾਏਦਾਰ ਜਮਾਤ ਵਿੱਚ ਬਦਲ ਕੇ ਵਿਸ਼ਵ ਮੰਡੀ ਦਾ ਹਿੱਸਾ ਬਣ ਗਈ। ਉਸ ਨੇ ਪੰਜਾਬ ਦੀਆਂ ਆਰਥਿਕ, ਸਮਾਜਿਕ, ਰਾਜਨੀਤਕ, ਧਾਰਮਿਕ, ਵਿਦਿਅਕ ਸੰਸਥਾਵਾਂ ਅਤੇ ਪੰਜਾਬ ਦੇ ਲਗਭਗ ਹਰ ਪੱਖ ‘ਤੇ ਮੁਕੰਮਲ ਕਬਜ਼ਾ ਕਰਕੇ ਪੰਜਾਬ ਦੀ ਸਾਧਾਰਨ ਕਿਸਾਨੀ ਤੇ ਹੋਰ ਜਮਾਤਾਂ ਲਈ ਅਵਸਰ ਬਹੁਤ ਹੀ ਸੀਮਤ ਕਰ ਦਿੱਤੇ। ਹਰੇ ਇਨਕਲਾਬ ਤੋਂ ਬਾਅਦ ਪੰਜਾਬ ਵਿੱਚੋਂ ਸਾਧਾਰਨ ਕਿਸਾਨੀ ਦਾ ਵੱਡੇ ਪੱਧਰ ‘ਤੇ ਪਰਵਾਸ ਸ਼ੁਰੂ ਹੋ ਗਿਆ। 1990 ਵਿੱਚ ਸੋਵੀਅਤ ਯੂਨੀਅਨ ਦੇ ਢਹਿ ਜਾਣ ਨਾਲ ਅਮਰੀਕਾ ਲਗਭਗ ਸਾਰੇ ਸੰਸਾਰ ਦਾ ਬੇਤਾਜ ਬਾਦਸ਼ਾਹ ਬਣ ਗਿਆ। ਰਵਾਇਤੀ ਸਾਮਰਾਜ ਪੂਰੀ ਤਰ੍ਹਾਂ ਨਵੀਂ ਅਵਸਥਾ ਸੰਸਾਰੀਕਰਨ ਵਿੱਚ ਬਦਲ ਗਿਆ, ਜਿਸ ਦਾ ਅਣ-ਐਲਾਨਿਆ ਨੇਤਾ ਅਮਰੀਕਾ ਸੀ। ਬਸਤੀਵਾਦ ਦੀ ਸਰੀਰਕ ਗ਼ੁਲਾਮੀ ਤੋਂ ਸਾਮਰਾਜ ਦੀ ਮਾਨਸਿਕ ਗ਼ੁਲਾਮੀ ਤੋਂ ਗੁਜ਼ਰਦਾ ਪੰਜਾਬ ਸੰਸਾਰੀਕਰਨ ਦੀ ਮੁਕੰਮਲ (ਰੂਹ ਦੀ) ਗ਼ੁਲਾਮੀ ਤਕ ਪਹੁੰਚ ਗਿਆ।
ਅੱਜ ਪੰਜਾਬੀ ਸਭਿਆਚਾਰ ਲਗਪਗ ਪੂਰੀ ਤਰ੍ਹਾਂ ਸੰਸਾਰੀਕਰਨ ਦੇ ਸਭਿਆਚਾਰ ਅਰਥਾਤ ਖਪਤਕਾਰੀ ਸਭਿਆਚਾਰ ਵਿੱਚ ਬਦਲ ਚੁੱਕਾ ਹੈ। ਪੰਜਾਬੀ ਸਭਿਆਚਾਰ ਦੇ ਸਿਰਫ਼ ਬਾਹਰੀ ਚਿੰਨ੍ਹ ਹੀ ਬਚੇ ਹਨ, ਅੰਦਰੂਨੀ ਤੱਤ ਬਦਲ ਚੁੱਕੇ ਹਨ। ਪੰਜਾਬੀ ਸਭਿਆਚਾਰ ਦਾ ਇਹ ਬਦਲਾਅ ਹੀ ਮੁਕੰਮਲ ਗ਼ੁਲਾਮੀ ਦਾ ਪ੍ਰਤੀਕ ਹੈ। ਜਿਨ੍ਹਾਂ ਲੋਕਾਂ ਦਾ ਸਭਿਆਚਾਰ ਅਤੇ ਕਦਰਾਂ-ਕੀਮਤਾਂ ਖੁੱਸ ਜਾਣ, ਉਹ ਪੂਰੀ ਤਰ੍ਹਾਂ ਗ਼ੁਲਾਮ ਹੋ ਜਾਂਦੇ ਹਨ। ਕੌੜੀ ਸੱਚਾਈ ਤਾਂ ਇਹ ਹੈ ਕਿ ਖਪਤਕਾਰੀ ਸੱਭਿਆਚਾਰ ਨੇ ਪੰਜਾਬੀਆਂ ਕੋਲੋਂ ਉਨ੍ਹਾਂ ਦਾ ਸੱਭਿਆਚਾਰ ਅਤੇ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਪੂਰੀ ਤਰ੍ਹਾਂ ਖੋਹ ਲਏ ਹਨ। ਪੰਜਾਬ ਵਿੱਚੋਂ ਪਰਵਾਸ ਅਤੇ ਖਾਸ ਕਰਕੇ ਜੱਟ ਕਿਸਾਨੀ ਦਾ ਪਰਵਾਸ ਹੁਣ ਨਿਕਾਸ ਦੀ ਅਵਸਥਾ ਤੱਕ ਪਹੁੰਚ ਚੁੱਕਾ ਹੈ। ਜੱਟ ਕਿਸਾਨੀ ਦੇ ਨਿਕਾਸ ਦੇ ਨਾਲ-ਨਾਲ ਗ਼ੈਰ-ਪੰਜਾਬੀ ਵਸੋਂ ਦਾ ਵੀ ਵੱਡੇ ਪੱਧਰ ‘ਤੇ ਆਵਾਸ ਜਾਰੀ ਹੈ। ਇਹ ਦੋਵੇਂ ਰੁਝਾਨ ਮਿਲ ਕੇ ਪੰਜਾਬ ਦੀ ਵਸੋਂ ਬਣਤਰ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰ ਰਹੇ ਹਨ। ਪੰਜਾਬ ਦੀ ਵਸੋਂ ਦੀ ਬਣਤਰ ਵਿੱਚ ਪਿਛਲੇ 20 ਸਾਲਾਂ ਵਿੱਚ ਵੱਡੀ ਤਬਦੀਲੀ ਆਈ ਹੈ। ઠ20 ਸਾਲ ਪਹਿਲਾਂ ਪੰਜਾਬ ਦੇ ਤਿੰਨ ਵੱਡੇ ਭਾਈਚਾਰਿਆਂ ਦੀ ਵਸੋਂ ਲਗਭਗ ਇਕੋ ਜਿਹੀ ਸੀ। ਜੱਟ ਭਾਈਚਾਰਾ, ਦਲਿਤ ਭਾਈਚਾਰਾ ਅਤੇ ਹਿੰਦੂ ਭਾਈਚਾਰਾ ਲਗਪਗ 33% ਦੇ ਨੇੜੇ ਸੀ। ਇੱਕ ਅੰਦਾਜ਼ੇ ਮੁਤਾਬਕ ਅੱਜ ਜੱਟ ਭਾਈਚਾਰੇ ਦੀ ਵਸੋਂ 17-18 ਫ਼ੀਸਦੀ ਦੇ ਕਰੀਬ ਰਹਿ ਗਈ ਹੈ। ਦਲਿਤ ਵਸੋਂ 38% ਦੇ ਕਰੀਬ ਹੈ ਪ੍ਰੰਤੂ ਸਭ ਤੋਂ ਵੱਧ ਵਾਧਾ ਗ਼ੈਰ-ਪੰਜਾਬੀ ਹਿੰਦੂ ਵਸੋਂ ਵਿੱਚ ਹੋਇਆ ਹੈ। ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡਾਂ ਵਿੱਚ ਤਾਂ ਗ਼ੈਰ-ਪੰਜਾਬੀਆਂ ਦੀ ਵਸੋਂ 90 ਫ਼ੀਸਦੀ ਦੇ ਨੇੜੇ ਪਹੁੰਚ ਚੁੱਕੀ ਹੈ।
ਵੱਡੇ ਪੱਧਰ ‘ਤੇ ਪਰਵਾਸ ਸਮਾਜਿਕ ਅਸਥਿਰਤਾ ਨੂੰ ਵਧਾ ਰਿਹਾ ਹੈ ਅਤੇ ਸਮਾਜਿਕ ਅਸਥਿਰਤਾ ਪਰਵਾਸ ਨੂੰ ਹੋਰ ਉਤਸ਼ਾਹਿਤ ਕਰ ਰਹੀ ਹੈ। ਗ਼ੁਲਾਮੀ ਵਿੱਚੋਂ ਉਪਜੀ, ਇਹ ਘੁੰਮਣਘੇਰੀ ਪੰਜਾਬ ਦੇ ਦੁਖਾਂਤ ਵਿੱਚ ਹੋਰ ਵਾਧਾ ਕਰ ਰਹੀ ਹੈ।

Check Also

ਪ੍ਰੇਮ ਦੀ ਖੇਡ

ਤਲਵਿੰਦਰ ਸਿੰਘ ਬੁੱਟਰ ਪ੍ਰੇਮ ਕੋਈ ਲੌਕਿਕ ਖੇਡ ਨਹੀਂ ਹੈ। ਇਹ ਅਲੌਕਿਕ ਅਤੇ ਵਿਸਮਾਦੀ ਚੇਤਨਾ ਦਾ …