Breaking News
Home / ਭਾਰਤ / ਕੋਲਕਾਤਾ ‘ਚ ਵੀ ਬੁਲੰਦ ਹੋਏਗੀ ਬਾਬਾ ਬੰਦਾ ਸਿੰਘ ਦੀ ਬਹਾਦਰੀ

ਕੋਲਕਾਤਾ ‘ਚ ਵੀ ਬੁਲੰਦ ਹੋਏਗੀ ਬਾਬਾ ਬੰਦਾ ਸਿੰਘ ਦੀ ਬਹਾਦਰੀ

BANDA Bahadurਚੰਡੀਗੜ੍ਹ : ਇਕ ਸਦੀ ਪਹਿਲਾਂ ਰਾਬਿੰਦਰਨਾਥ ਟੈਗੋਰ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੀਰ ਰਸ ਭਰੀ ਕਵਿਤਾ ਨਾਲ ਸ਼ਰਧਾਂਜਲੀ ਭੇਟ ਕੀਤੀ ਸੀ। ਨੋਬੇਲ ਐਵਾਰਡ ਜੇਤੂ ਦੀ ਇਸ ਕਵਿਤਾ ‘ਬੰਦੀ ਬੀਰ’ ਨਾਲ ਰਾਜੌਰੀ ਵਿੱਚ ਜੰਮੇ ਰਾਜਪੂਤ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੂੰ ਮੁਗ਼ਲਾਂ ਨੇ 1716 ਵਿੱਚ ਦਿੱਲੀ ਵਿੱਚ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ, ਦੇ ਕੈਦ ਵਿਚਲੇ ਆਖ਼ਰੀ ਸਮੇਂ ਦਾ ਵਰਨਣ ਹੈ।ਬਾਬਾ ਬੰਦਾ ਬਹਾਦਰ ਨੇ ਕਦੇ ਵੀ ਬੰਗਾਲ ਵਿੱਚ ਪੈਰ ਨਹੀਂ ਪਾਇਆ ਪਰ ਗੁਰੂਦੇਵ ਦੀ ਰਚਨਾ ਨੇ ਉਨ੍ਹਾਂ ਦਾ ਨਾਮ ਬੰਗਾਲੀ ਸਾਹਿਤ ਵਿੱਚ ਵੀ ਚਮਕਾ ਦਿੱਤਾ। ਹੁਣ ਇਸ ਮਹਾਨ ਜਰਨੈਲ ਦੀ ਹਾਜ਼ਰੀ ਪੱਕੇ ਤੌਰ ‘ਤੇ ਟੈਗੋਰ ਦੇ ਦਿਲ ਦੇ ਸਭ ਤੋਂ ਨੇੜਲੀ ਜਗ੍ਹਾ ਵਿੱਚ ਰਹੇਗੀ। ਲੁਧਿਆਣਾ ਆਧਾਰਿਤ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਚੇਅਰਮੈਨ ਕੇਕੇ ਬਾਵਾ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ ਬੰਦਾ ਬਹਾਦਰ ਦੀ ਸ਼ਹੀਦੀ ਦੀ ਤ੍ਰੈ ਸ਼ਤਾਬਦੀ ਮੌਕੇ ਪੱਛਮੀ ਬੰਗਾਲ ਵਿੱਚ ਉਨ੍ਹਾਂ ਦੇ ਪੰਜ ਬੁੱਤ ਲਾਉਣ ਦੀ ਹੈ। ਇਨ੍ਹਾਂ ਵਿੱਚੋਂ ਇਕ ਬੁੱਤ ਸ਼ਾਂਤੀਨਿਕੇਤਨ ਵਿੱਚ ਲਾਇਆ ਜਾਵੇਗਾ। ਇਸ ਸਬੰਧੀ ਮਾਰਚ ਵਿੱਚ ਇਕ ਵਫ਼ਦ ਕੋਲਕਾਤਾ ਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਗਿਆ, ਜਿਸ ਨੇ ਉਥੇ ਵਸਦੇ ਪੰਜਾਬੀਆਂ ਤੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਬੀਰਭੂਮ ਜ਼ਿਲ੍ਹੇ ਵਿੱਚ ਸ਼ਾਂਤੀਨਿਕੇਤਨ ਨੇੜੇ ਹੋਟਲ ਤੇ ਟਰਾਂਸਪੋਰਟ ਕਾਰੋਬਾਰ ਕਰਦੇ ਜਤਿੰਦਰ ਸਿੰਘ ਚਾਹਲ ਨੇ ਕਿਹਾ ਕਿ ਅਪਰੈਲ-ਮਈ ਵਿੱਚ ਵਿਧਾਨ ਸਭਾ ਚੋਣਾਂ ਕਾਰਨ ਇਸ ਵਿੱਚ ਦੇਰੀ ਹੋਈ ਪਰ ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਵਿਸ਼ਵ ਭਾਰਤੀ ਯੂਨੀਵਰਸਿਟੀ ਵਿੱਚ ਬੰਦਾ ਬਹਾਦਰ ਦਾ ਬੁੱਤ ਲਾਇਆ ਜਾਵੇਗਾ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਚੰਦਰਨਾਥ ਸਿਨਹਾ ਨੇ ਇਸ ਲਈ ਜ਼ਮੀਨ ਦੇਣ ਦਾ ਭਰੋਸਾ ਦਿੱਤਾ। ਬਾਵਾ ਮੁਤਾਬਕ ‘ਬੰਦੀ ਬੀਰ’ ਕਵਿਤਾ ਦਾ ਅੰਗਰੇਜ਼ੀ ਵਿੱਚ ਨਵਾਂ ਰੂਪ ਆਉਣ ਤੋਂ ਇਲਾਵਾ ਹਿੰਦੀ, ਪੰਜਾਬੀ ਤੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ।
ਪੰਜਾਬ ਦੀਆਂ ਸਕੂਲੀ ਪੁਸਤਕਾਂ ਵਿੱਚ ਸ਼ਾਮਲ ਨਹੀਂ ‘ਬੰਦੀ ਬੀਰ’
ਸਿੱਖ ਧਰਮ ਤੋਂ ਪ੍ਰਭਾਵਿਤ ਟੈਗੋਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖੀ ‘ਬੰਦੀ ਬੀਰ’ ਕਵਿਤਾ ਬੰਗਾਲੀ ਸਕੂਲਾਂ ਵਿੱਚ ਪੜ੍ਹਾਏ ਜਾਂਦੇ ‘ਕਥਾ-ਓ-ਕਹਿਨੀ’ ઠਸੰਗ੍ਰਹਿ ਵਿੱਚ ਸ਼ਾਮਲ ਹੈ। ਪੰਜਾਬ ਸਰਕਾਰ ਨੇ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਚੱਪੜਚਿੜੀ (ਮੁਹਾਲੀ) ਵਿੱਚ ਫਤਹਿ ਮੀਨਾਰ ਬਣਾਈ ਪਰ ਵਿਡੰਬਨਾ ਇਹ ਹੈ ਕਿ ਇਸ ਕਵਿਤਾ ਦਾ ਅੰਗਰੇਜ਼ੀ ਅਨੁਵਾਦ ਹਾਲੇ ਪੰਜਾਬ ਦੀਆਂ ਸਕੂਲੀ ਪੁਸਤਕਾਂ ਦਾ ਹਿੱਸਾ ਨਹੀਂ ਬਣਿਆ।

Check Also

‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੇਜਰੀਵਾਲ ਦੀ ਰਿਹਾਇਸ਼ ’ਤੇ ਹੋਈ ਕੁੱਟਮਾਰ

ਮਾਲੀਵਾਲ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ’ਤੇ ਕੁੱਟਮਾਰ ਕਰਨ ਦਾ ਲਗਾਇਆ ਆਰੋਪ ਨਵੀਂ ਦਿੱਲੀ/ਬਿਊਰੋ …