
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ 14ਵਾਂ ਦਿਨ ਸੀ। ਇਸਦੇ ਚੱਲਦਿਆਂ ਵਿਰੋਧੀ ਧਿਰਾਂ ਦੇ ਹੰਗਾਮੇ ਤੋਂ ਦੁਖੀ ਹੋ ਕੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਕਾਰਵਾਈ ਵਿਚਾਲੇ ਛੱਡ ਕੇ ਹੀ ਚਲੇ ਗਏ। ਧਿਆਨ ਰਹੇ ਕਿ ਚਰਚਾ ਦੇ ਦੌਰਾਨ ਟੀ.ਐਮ.ਸੀ. ਦੇ ਸੰਸਦ ਮੈਂਬਰ ਡੇਰਿਕ ਓਬ੍ਰਾਇਨ ਤੇਜ਼ ਆਵਾਜ਼ ਵਿਚ ਆਪਣੀ ਗੱਲ ਕਹਿਣ ਲੱਗੇ। ਇਸ ਦੌਰਾਨ ਸਭਾਪਤੀ ਜਗਦੀਪ ਧਨਖੜ ਗੁੱਸੇ ਵਿਚ ਆ ਗਏ। ਉਨ੍ਹਾਂ ਕਿਹਾ ਕਿ ਤੁਸੀਂ ਲੋਕ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਜਿਸ ਅਹੁਦੇ ’ਤੇ ਹਾਂ, ਮੈਂ ਉਸਦੇ ਲਾਇਕ ਨਹੀਂ ਹਾਂ। ਸਭਾਪਤੀ ਨੇ ਕਿਹਾ ਕਿ ਸਦਨ ਵਿਚ ਕਈ ਸੀਨੀਅਰ ਆਗੂ ਹਾਜ਼ਰ ਹਨ, ਪਰ ਉਨ੍ਹਾਂ ਦੀ ਮੌਜੂਦਗੀ ਵਿਚ ਉਨ੍ਹਾਂ ਦੀ ਪਾਰਟੀ ਦੇ ਹੀ ਮੈਂਬਰ ਸਭਾਪਤੀ ਅਹੁਦੇ ਦਾ ਅਪਮਾਨ ਕਰਦੇ ਹਨ। ਧਨਖੜ ਨੇ ਕਿਹਾ ਕਿ ਅਜਿਹੇ ਵਿਚ ਮੈਂ ਆਪਣੇ ਆਪ ਨੂੰ ਇਥੇ ਸਹਿਜ ਮਹਿਸੂਸ ਨਹੀਂ ਕਰ ਰਿਹਾ। ਇਹ ਕਹਿ ਕੇ ਉਹ ਸੀਟ ਛੱਡ ਕੇ ਚਲੇ ਗਏ ਅਤੇ ਉਪ-ਪ੍ਰਧਾਨ ਹਰਿਵੰਸ਼ ਨੇ ਰਾਜ ਸਭਾ ਦੀ ਕਾਰਵਾਈ ਨੂੰ ਅੱਗੇ ਵਧਾਇਆ।