ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ
ਤਲਵਿੰਦਰ ਸਿੰਘ ਬੁੱਟਰ
ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦਾ ਸੂਰਜ ਅਸਤ ਹੋਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਬਰਤਾਨਵੀ ਸਾਮਰਾਜ ਦੇ ਅਧੀਨ ਕਰ ਲਿਆ ਤਾਂ ਇੱਥੇ ਉਨ੍ਹਾਂ ਨੇ ਆਪਣੀਆਂ ਸਿੱਖਿਆ ਸੰਸਥਾਵਾਂ ਵੀ ਸਥਾਪਿਤ ਕਰ ਲਈਆਂ। ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਵੀ ਇਕ ਵਾਰ ਪੰਜਾਬ ਵਿਚ ਅੰਗਰੇਜ਼ੀ ਸਕੂਲ ਖੋਲ੍ਹਣ ਦੀ ਤਜਵੀਜ਼ ਬਣੀ ਸੀ ਪਰ ਜਦੋਂ ਮਹਾਰਾਜੇ ਨੂੰ ਪਤਾ ਲੱਗਾ ਕਿ ਅੰਗਰੇਜ਼ੀ ਸਕੂਲ ਖੋਲ੍ਹਣ ਲਈ ਜਿਸ ਅਮਰੀਕਨ ਪਾਦਰੀ ਜਾਨ ਸੀ ਲੋਰੀ ਨਾਲ ਗੱਲ ਹੋਈ ਹੈ, ਉਹ ਪੰਜਾਬ ਦੇ ਅੰਗਰੇਜ਼ੀ ਸਕੂਲਾਂ ਵਿਚ ਬਾਈਬਲ ਪੜ੍ਹਨੀ ਵੀ ਲਾਜ਼ਮੀ ਕਰੇਗਾ, ਤਾਂ ਉਸ ਨੇ ਸਾਰੀ ਤਜਵੀਜ਼ ਰੱਦ ਕਰ ਦਿੱਤੀ। ਇਹ ਗੱਲ 1835 ਈਸਵੀ ਦੀ ਹੈ।
ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ੀ ਸਕੂਲ ਖੋਲ੍ਹਣ ਦੀ ਤਜਵੀਜ਼ ਐਨ ਮੌਕੇ ‘ਤੇ ਕਿਉਂ ਖ਼ਤਮ ਕੀਤੀ ਸੀ, ਇਸ ਗੱਲ ਦਾ ਪਤਾ 1873 ਈਸਵੀ ਵਿਚ ਲੱਗਾ ਜਦੋਂ ਮਿਸ਼ਨ ਸਕੂਲ ਅੰਮ੍ਰਿਤਸਰ ਦੇ ਚਾਰ ਸਿੱਖ ਵਿਦਿਆਰਥੀਆਂ; ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ ਅਤੇ ਸੰਤੋਖ ਸਿੰਘ ਨੇ ਸਿੱਖ ਧਰਮ ਛੱਡ ਕੇ ਇਸਾਈ ਬਣਨ ਦਾ ਐਲਾਨ ਕਰ ਦਿੱਤਾ। ਇਸ ਘਟਨਾ ਨਾਲ ਸਮੁੱਚੀ ਸਿੱਖ ਕੌਮ ਦੀ ਰੂਹ ਕੰਬ ਉੱਠੀ। ਸਮਕਾਲੀ ਸਿੱਖ ਆਗੂਆਂ ਨੇ ਇਸ ਘਟਨਾ ਨੂੰ ਇਕ ਗੰਭੀਰ ਕੌਮੀ ਚੁਣੌਤੀ ਵਜੋਂ ਲਿਆ ਅਤੇ ਇਸ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੇ ਹੱਲ ਵੱਲ ਤੇਜ਼ੀ ਨਾਲ ਕੌਮੀ ਕਦਮ ਅੱਗੇ ਵਧਾਏ। ਪਹਿਲਾਂ ਸਿੰਘ ਸਭਾ ਲਹਿਰ ਅਤੇ ਫਿਰ ਚੀਫ਼ ਖ਼ਾਲਸਾ ਦੀਵਾਨ ਹੋਂਦ ਵਿਚ ਆਈ। ਸਿੱਖ ਸਮਾਜ ਦੀ ਇਹ ਸਾਂਝੀ ਰਾਇ ਬਣ ਕੇ ਉੱਭਰੀ ਕਿ ਹੁਣ ਪੱਛਮੀ ਸਾਹਿਤ ਅਤੇ ਵਿਗਿਆਨ ਆਦਿ ਦੀ ਸਿੱਖਿਆ ਤੋਂ ਵਾਂਝੇ ਰਹਿ ਕੇ ਸਿੱਖ ਸਮੇਂ ਦੇ ਕਦਮਾਂ ਨਾਲ ਕਦਮ ਨਹੀਂ ਮਿਲਾ ਸਕਣਗੇ। ਇਸ ਦੇ ਲਈ ਆਪਣੀਆਂ ਵਿੱਦਿਅਕ ਸੰਸਥਾਵਾਂ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਪੱਛਮ ਦੀ ਆਧੁਨਿਕ ਸਿੱਖਿਆ ਦੇ ਨਾਲ-ਨਾਲ ਸਿੱਖ ਵਿਦਿਆਰਥੀਆਂ ਨੂੰ ਆਪਣੇ ਧਰਮ ਅਤੇ ਸਭਿਆਚਾਰ ਵਿਚ ਵੀ ਪ੍ਰਪੱਕ ਰਹਿਣ ਦਾ ਮਾਹੌਲ ਮਿਲ ਸਕੇ। ਇਸ ਵਾਸਤੇ ਅੰਮ੍ਰਿਤਸਰ ਵਿਚ ਖ਼ਾਲਸਾ ਕਾਲਜ ਦੀ ਸਥਾਪਨਾ ਲਈ 1890 ਈਸਵੀ ਵਿਚ ਇਕ ਕਮੇਟੀ ਬਣਾਈ ਗਈ। ਖ਼ਾਲਸਾ ਕਾਲਜ ਨੂੰ ਚਲਾਉਣ ਲਈ ਮਾਲੀ ਸਰੋਤ ਜੁਟਾਉਣ ਵਾਸਤੇ 12 ਅਪ੍ਰੈਲ 1904 ਨੂੰ ਇਕ ਸਿੱਖ ਕਾਨਫ਼ਰੰਸ ਬੁਲਾਈ ਗਈ, ਜਿਸ ਦੀ ਪ੍ਰਧਾਨਗੀ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਨੇ ਕੀਤੀ ਅਤੇ ਸਰਦਾਰ ਸੁੰਦਰ ਸਿੰਘ ਮਜੀਠੀਆ ਨੇ ਆਪਣੇ ਕੋਟ ਦਾ ਪੱਲਾ ਫੈਲਾ ਕੇ ਸਿੱਖ ਕਾਲਜ ਲਈ ਦਾਨ ਮੰਗਿਆ। ਇਸ ਦੌਰਾਨ 21 ਲੱਖ ਰੁਪਏ ਇਕੱਠੇ ਹੋਏ ਅਤੇ ਖ਼ਾਲਸਾ ਕਾਲਜ ਦੀ ਸੁੰਦਰ ਇਮਾਰਤ ਤਿਆਰ ਕੀਤੀ ਗਈ।
ਦਸੰਬਰ 1907 ਈਸਵੀ ਵਿਚ ਸਰਦਾਰ ਸੁੰਦਰ ਸਿੰਘ ਮਜੀਠੀਆ ਦੀ ਪ੍ਰਧਾਨਗੀ ਹੇਠ ਸਿੱਖ ਪ੍ਰਚਾਰਕਾਂ ਦਾ ਇਕ ਜਥਾ ਕਰਾਚੀ ਵਿਖੇ ਮੁਸਲਿਮ ਵਿੱਦਿਅਕ ਕਾਨਫ਼ਰੰਸ ਵਿਚ ਸ਼ਾਮਿਲ ਹੋਇਆ, ਜਿੱਥੋਂ ਸਰਦਾਰ ਮਜੀਠੀਆ ਦੇ ਮਨ ਵਿਚ ਅਜਿਹੀ ਹੀ ਇਕ ਸਿੱਖ ਵਿੱਦਿਅਕ ਕਾਨਫ਼ਰੰਸ ਕਰਵਾਉਣ ਦਾ ਖ਼ਿਆਲ ਆਇਆ। ਉਨ੍ਹਾਂ ਨੇ ਵਾਪਸ ਆ ਕੇ ਸਮਕਾਲੀ ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਨਾਲ ਆਪਣਾ ਵਿਚਾਰ ਸਾਂਝਾ ਕਰਨ ਲਈ 9 ਜੂਨ 1908 ਈਸਵੀ ਨੂੰ ਇਕ ਕਾਨਫ਼ਰੰਸ ਬੁਲਾਈ, ਜਿਸ ਵਿਚ ਭਾਈ ਵੀਰ ਸਿੰਘ, ਭਾਈ ਜੋਧ ਸਿੰਘ (ਜੋ ਬਾਅਦ ਵਿਚ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਰਹੇ) ਅਤੇ ਹਰਬੰਸ ਸਿੰਘ ਅਟਾਰੀਵਾਲੇ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਵਜੋਂ ਸ਼ਾਮਿਲ ਹੋਏ। ਕੁਝ ਦਿਨਾਂ ਬਾਅਦ ਇਕ ਹੋਰ ਵੱਡੀ ਇਕੱਤਰਤਾ ਬੁਲਾਈ ਗਈ, ਜਿਸ ਵਿਚ ਹੋਰਨਾਂ ਤੋਂ ਇਲਾਵਾ ਸ. ਉਮਰਾਓ ਸਿੰਘ (ਪ੍ਰਸਿੱਧ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਦੇ ਪਿਤਾ), ਸ. ਇੰਦਰ ਸਿੰਘ (ਬਾਅਦ ਵਿਚ ਫ਼ਰੀਦਕੋਟ ਰਿਆਸਤ ਦੇ ਪ੍ਰਧਾਨ ਮੰਤਰੀ ਵੀ ਰਹੇ) ਵੀ ਸ਼ਾਮਿਲ ਹੋਏ। ਇਸ ਇਕੱਤਰਤਾ ਦੌਰਾਨ ਸਿੱਖ ਵਿੱਦਿਅਕ ਕਾਨਫ਼ਰੰਸ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ। ਸਿੱਖ ਵਿੱਦਿਅਕ ਕਾਨਫ਼ਰੰਸ ਦੇ ਜੋ ਪ੍ਰਮੁੱਖ ਉਦੇਸ਼ ਤੈਅ ਕੀਤੇ ਗਏ, ਉਹ ਇਸ ਪ੍ਰਕਾਰ ਸਨ:
ਸਿੱਖ ਵਿੱਦਿਅਕ ਸੰਸਥਾਵਾਂ ਨੂੰ ਉੱਨਤ ਕਰਨਾ।
ਨਵੀਆਂ ਸਿੱਖਿਆ ਸੰਸਥਾਵਾਂ ਸਥਾਪਿਤ ਕਰਨੀਆਂ।
ਸਿੱਖ ਸਾਹਿਤ ਦੇ ਅਧਿਐਨ ਨੂੰ ਹਰਮਨ-ਪਿਆਰਾ ਬਣਾਉਣਾ।
ਤਕਨੀਕੀ ਅਤੇ ਜ਼ਰਾਇਤੀ ਸਿੱਖਿਆ ਨੂੰ ਉੱਨਤ ਕਰਨਾ।
ਸਿੱਖਾਂ ਵਿਚ ਪੱਛਮੀ ਸਿੱਖਿਆ ਦਾ ਪ੍ਰਸਾਰ ਕਰਨਾ।
ਸਿੱਖਾਂ ਵਿਚ ਨਾਰੀ-ਸਾਖ਼ਰਤਾ ਦਰ ਨੂੰ ਉੱਚਾ ਕਰਨਾ।
ਇਸ ਤਰ੍ਹਾਂ ਪਹਿਲੀ ਸਿੱਖ ਵਿੱਦਿਅਕ ਕਾਨਫ਼ਰੰਸ 17-18-19 ਅਪ੍ਰੈਲ 1908 ਈਸਵੀ ਨੂੰ ਗੁੱਜਰਾਂਵਾਲਾ ਵਿਖੇ ਹੋਈ। ਇਸ ਕਾਨਫ਼ਰੰਸ ਦੇ ਪ੍ਰਧਾਨਗੀ ਭਾਸ਼ਨ ਵਿਚ ਸ. ਬਘੇਲ ਸਿੰਘ ਰਾਈਸ ਕੁੱਲਾ ਲਾਹੌਰ ਨੇ ਖ਼ਾਲਸਾ ਸਕੂਲ/ ਕਾਲਜ ਖੋਲ੍ਹਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਆਖਿਆ, ‘ਵਿਦਿਆ ਉਹ ਚਾਨਣ ਹੈ, ਜਿਸ ਬਿਨਾਂ ਹੀਰੇ ਤੇ ਜਵਾਹਰਾਤ ਵਰਗੇ ਦਿਲ ਭੀ ਆਪਣੀ ਉਜਲਤਾ ਨੂੰ ਅਫਲ ਲੈ ਜਾਂਦੇ ਹਨ। ਵਿਦਿਆ ਉਹ ਆਗੂ ਹੈ ਜੋ ਮਨੁੱਖ ਨੂੰ ਦੇਵ ਪਦਵੀ ‘ਤੇ ਲੈ ਜਾਂਦਾ ਹੈ।× ਸਭ ਤੋਂ ਪਹਿਲੀ ਕਠਿਨਤਾ ਇਹ ਹੈ ਕਿ ਵਿਦਿਆ ਜੋ ਸਰਕਾਰੀ ਸਕੂਲਾਂ ਵਿਚ ਮਿਲਦੀ ਹੈ, ਸੋ ਦੇਸ਼ ਵਿਚ ਅਨੇਕ ਮਤ ਹੋਣ ਕਾਰਣ ਧਾਰਮਿਕ ਸਿਖਿਆ ਤੋਂ ਖ਼ਾਲੀ ਹੁੰਦੀ ਹੈ।× ਸਾਨੂੰ ਉਸ ਤੋਂ ਹਾਨੀ ਪੁਜਦੀ ਹੈ। ਸਿਖ ਲੜਕੇ ਸਿਖ ਧਰਮ ਦੀ ਸਿਖਿਆ ਨਾ ਹੋਣ ਕਰ ਕੇ ਉਸਤਾਦ ਦੀ ਤਬੀਅਤ ਦੇ ਝੁਕਾਉ ਅਰ ਕਈ ਹਾਲਤਾਂ ਵਿਚ ਉਨ੍ਹਾਂ ਦੇ ਦਬਾਉ ਦੇ ਕਾਰਨ ਅਨਮਤੀ ਖਿਆਲਾਤ ਦੇ ਹੋ ਜਾਂਦੇ ਹਨ।’ ਇਸ ਕਾਨਫ਼ਰੰਸ ਦੌਰਾਨ ਸਿੱਖਾਂ ਨੂੰ ਜ਼ੋਰਦਾਰ ਅਪੀਲ ਕੀਤੀ ਗਈ ਕਿ ਉਹ ਸਿੱਖ ਸਮਾਜ ਨੂੰ ਵਿੱਦਿਅਕ ਪੱਖ ਤੋਂ ਉੱਨਤ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਆਪਣੀ ਆਮਦਨ ਵਿਚੋਂ ਦਸਵੰਧ ਕੱਢ ਕੇ ਭੇਜਣ। ਇਸ ਮੌਕੇ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਉਹ ਹੁਸ਼ਿਆਰ ਤੇ ਯੋਗ ਸਿੱਖ ਵਿਦਿਆਰਥੀਆਂ ਲਈ ਵਜ਼ੀਫ਼ਿਆਂ ਦਾ ਐਲਾਨ ਕਰੇ। ਪਹਿਲੀ ਸਿੱਖ ਵਿੱਦਿਅਕ ਕਾਨਫ਼ਰੰਸ ਦੌਰਾਨ ਇਕ ਮਤੇ ਵਿਚ ਇਹ ਵੀ ਮੰਗ ਕੀਤੀ ਗਈ ਕਿ ਵੱਖ-ਵੱਖ ‘ਇਨਜ਼ ਆਫ਼ ਕੋਰਟ’ ਵਿਚ ਰਹਿ ਰਹੇ ਵਿਦਿਆਰਥੀਆਂ ਦੇ ਸਬੰਧ ਵਿਚ ਟੋਪੀ ਪਾਉਣ ਦੀ ਸ਼ਰਤ ਖ਼ਤਮ ਕੀਤੀ ਜਾਵੇ। ਰੇਲ ਅਤੇ ਡਾਕ ਮਹਿਕਮੇ ਦੇ ਅਧਿਕਾਰੀਆਂ ਕੋਲੋਂ ਵਿਸ਼ੇਸ਼ ਮੰਤਵਾਂ ਲਈ ਗੁਰਮੁਖੀ ਦੀ ਵਰਤੋਂ ਕਰਨ ਸਬੰਧੀ ਵੀ ਮੰਗ ਕੀਤੀ ਗਈ।
ਸੰਨ 1912 ਵਿਚ ਸਿਆਲਕੋਟ ਵਿਖੇ ਹੋਈ ਪੰਜਵੀਂ ਸਿੱਖ ਵਿੱਦਿਅਕ ਕਾਨਫ਼ਰੰਸ ਦੌਰਾਨ ਹੀ ਸੰਨਿਆਸੀ ਪੂਰਨ ਸਿੰਘ ਦਾ ਮਿਲਾਪ ਭਾਈ ਵੀਰ ਸਿੰਘ ਦੇ ਨਾਲ ਹੋਇਆ। ਦੋਵਾਂ ਵਿਚਕਾਰ ਤਕਰੀਬਨ ਛੇ ਘੰਟੇ ਇਕੋ ਕਮਰੇ ਵਿਚ ਵੇਦਾਂਤ ਅਤੇ ਗੁਰਮਤਿ ਦੇ ਵਿਸ਼ੇ ‘ਤੇ ਵਾਰਤਾ ਹੋਈ ਅਤੇ ਭਾਈ ਵੀਰ ਸਿੰਘ ਦੀ ਛੋਹ ਸਦਕਾ ਪ੍ਰੋ. ਪੂਰਨ ਸਿੰਘ ਨੇ ਮੁੜ ਸਿੱਖੀ ਆਭਾ ਮੰਡਲ ਵਿਚ ਪ੍ਰਵੇਸ਼ ਕੀਤਾ।
ਇਸ ਤਰ੍ਹਾਂ ਸਿੱਖ ਵਿੱਦਿਅਕ ਕਾਨਫ਼ਰੰਸਾਂ ਦਾ ਸਿਲਸਿਲਾ ਚੱਲਦਾ ਰਿਹਾ। ਜਿੱਥੇ ਵੀ ਸਿੱਖ ਵਿੱਦਿਅਕ ਕਾਨਫ਼ਰੰਸ ਹੁੰਦੀ, ਉਸ ਇਲਾਕੇ ਵਿਚ ‘ਖ਼ਾਲਸਾ ਸਕੂਲ’ ਖੋਲ੍ਹਿਆ ਜਾਂਦਾ। ਇਸੇ ਦੂਰ-ਰਸੀ ਨੀਤੀ ਦੇ ਸਿੱਟੇ ਵਜੋਂ 1941 ਦੀ ਮਰਦਮ-ਸ਼ੁਮਾਰੀ ਦੌਰਾਨ ਪੰਜਾਬ ਵਿਚ ਸਿੱਖ ਮਰਦ ਅਤੇ ਔਰਤਾਂ ਦਾ ਸਿੱਖਿਆ ਦਾ ਪੱਧਰ ਦੂਜੇ ਸਾਰੇ ਧਰਮਾਂ ਦੇ ਲੋਕਾਂ ਨਾਲੋਂ ਉੱਪਰ ਰਿਹਾ। ਉਸ ਵੇਲੇ ਸਿੱਖਾਂ ਵਿਚ ਪੜ੍ਹੇ-ਲਿਖਿਆਂ ਦੀ ਕੁੱਲ ਫ਼ੀਸਦੀ 17.03, ਸਿੱਖ ਮਰਦਾਂ ਵਿਚ ਸਿੱਖਿਆ ਦਰ 12.13 ਫ਼ੀਸਦੀ ਅਤੇ ਔਰਤਾਂ ਦੀ 4.90 ਸੀ, ਜਦੋਂਕਿ ਇਸ ਦੇ ਮੁਕਾਬਲੇ ਹਿੰਦੂ ਸਮਾਜ ਦੀ ਇਹ ਦਰ ਕ੍ਰਮਵਾਰ 16.35 ਫ਼ੀਸਦੀ, 11.89 ਫ਼ੀਸਦੀ ਅਤੇ 4.46 ਫ਼ੀਸਦੀ, ਮੁਸਲਮਾਨ ਸਮਾਜ ‘ਚ ਸਿੱਖਿਆ ਪੱਧਰ ਕ੍ਰਮਵਾਰ 6.67 ਫ਼ੀਸਦੀ, 5.52 ਫ਼ੀਸਦੀ ਅਤੇ 1.45 ਫ਼ੀਸਦੀ ਅਤੇ ਇਸਾਈ ਸਮਾਜ ਦਾ ਸਿੱਖਿਆ ਦਾ ਕੁੱਲ ਪੱਧਰ 7.76 ਫ਼ੀਸਦੀ, ਮਰਦਾਂ ਵਿਚ ਸਿੱਖਿਆ ਦਰ 4.69 ਫ਼ੀਸਦੀ ਅਤੇ ਔਰਤਾਂ ਵਿਚ 3.07 ਫ਼ੀਸਦੀ ਸੀ।
ਸਮੇਂ-ਸਮੇਂ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ‘ਚ ਹੋਈਆਂ ਸਿੱਖ ਵਿੱਦਿਅਕ ਕਾਨਫ਼ਰੰਸਾਂ ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ, ਡਾ. ਜ਼ਾਕਿਰ ਹੁਸੈਨ ਅਤੇ ਪ੍ਰਧਾਨ ਮੰਤਰੀ ਆਈ.ਕੇ. ਗੁਜਰਾਲ ਵਰਗੀਆਂ ਸ਼ਖ਼ਸੀਅਤਾਂ ਵੀ ਸ਼ਾਮਿਲ ਹੁੰਦੀਆਂ ਰਹੀਆਂ।
ਚੀਫ਼ ਖ਼ਾਲਸਾ ਦੀਵਾਨ ਵਲੋਂ ਹੁਣ ਵੀ ਸਿੱਖ ਵਿੱਦਿਅਕ ਕਾਨਫ਼ਰੰਸ ਦੀ ਪਰੰਪਰਾ ਨੂੰ ਜਾਰੀ ਰੱਖਿਆ ਜਾ ਰਿਹਾ ਹੈ, ਜਿਸ ਤਹਿਤ 68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ 21-22-23 ਨਵੰਬਰ 2024 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ। ਭਾਵੇਂਕਿ ਇਸ ਦਾ ਮੰਤਵ ਆਧੁਨਿਕ ਵਿੱਦਿਅਕ ਸਾਧਨਾਂ ਰਾਹੀਂ ਗਿਆਨ ਦੀ ਰੌਸ਼ਨੀ ਵਿਚ ਲੋਕਾਂ ਨੂੰ ਪੰਜਾਬੀ ਬੋਲੀ ਦੀ ਮਹਾਨਤਾ ਪ੍ਰਤੀ ਜਾਗਰੂਕ ਕਰਨਾ ਅਤੇ ਪੰਜਾਬੀ ਨੂੰ ਬਣਦਾ ਮਾਣ-ਸਤਿਕਾਰ ਦੁਆਉਣਾ ਹੈ। ਪਰ ਇਸ ਦੇ ਨਾਲ-ਨਾਲ ਅਜੋਕੇ ਸਮੇਂ ਸਿੱਖ ਸਮਾਜ ਦੇ ਸਿੱਖਿਆ ਦੇ ਪੱਧਰ ਨੂੰ ਲੈ ਕੇ ਵੀ ਚਿੰਤਨ ਹੋਣਾ ਲੋੜੀਂਦਾ ਹੈ ਜਦੋਂਕਿ ਪੰਜਾਬ ਦੇ 60 ਫ਼ੀਸਦੀ ਪੇਂਡੂ ਸਿੱਖ ਨੌਜਵਾਨ ਦਸਵੀਂ ਪੱਧਰ ਦੀ ਪੜ੍ਹਾਈ ਤੋਂ ਅੱਗੇ ਨਹੀਂ ਵੱਧ ਰਹੇ। ਪਿੱਛੇ ਜਿਹੇ ਪੰਜਾਬ ਸਰਕਾਰ ਵਲੋਂ ‘ਮਿਸ਼ਨ ਸਮਰੱਥ’ ਨਾਂਅ ਦੀ ਸਰਕਾਰੀ ਯੋਜਨਾ ਤਹਿਤ ਸੂਬੇ ਦੇ ਤੀਜੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਵਿਦਿਆਰਥੀਆਂ ਦੇ ਕਰਵਾਏ ਸਰਵੇਖਣ ਦੇ ਨਤੀਜੇ ਰੌਂਗਟੇ ਖੜ੍ਹੇ ਕਰਨ ਵਾਲੇ ਸਨ। ਸਰਵੇਖਣ ਮੁਤਾਬਿਕ ਪੰਜਾਬ ਦੇ ਸਰਕਾਰੀ ਸਕੂਲਾਂ ਦੇ 75 ਫ਼ੀਸਦੀ ਬੱਚੇ ਅੰਗਰੇਜ਼ੀ ਪਾਠਕ੍ਰਮ ਦੀ ਇਕ ਕਹਾਣੀ ਸ਼ੁਰੂ ਤੋਂ ਅਖੀਰ ਤੱਕ ਨਹੀਂ ਪੜ੍ਹ ਸਕਦੇ। 53 ਫ਼ੀਸਦੀ ਬੱਚਿਆਂ ਨੂੰ ਪੰਜਾਬੀ ਪਾਠਕ੍ਰਮ ਵੀ ਪੂਰੀ ਤਰ੍ਹਾਂ ਪੜ੍ਹਨਾ ਨਹੀਂ ਆਉਂਦਾ। ਲਗਪਗ 40 ਫ਼ੀਸਦੀ ਵਿਦਿਆਰਥੀ ਜਮਾਂ-ਘਟਾਓ ਦੇ ਸਾਧਾਰਨ ਸਵਾਲ ਵੀ ਹੱਲ ਨਹੀਂ ਕਰ ਸਕੇ। ਇਨ੍ਹਾਂ ਸਕੂਲਾਂ ਵਿਚ ਬਹੁਗਿਣਤੀ ਗਰੀਬ ਵਰਗ ਦੇ ਸਿੱਖਾਂ ਦੇ ਬੱਚੇ ਹੀ ਪੜ੍ਹਦੇ ਹਨ। ਇਸੇ ਤਰ੍ਹਾਂ ਉਚੇਰੀ ਸਿੱਖਿਆ ਵਿਚ ਵੀ ਸਿੱਖ ਨੌਜਵਾਨਾਂ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਹੈ। ਦੁਨੀਆ ਦੀਆਂ ਦੂਜੀਆਂ ਕੌਮਾਂ ਤੇ ਧਰਮਾਂ ਦੇ ਮੁਕਾਬਲੇ ਕੌਮਾਂਤਰੀ ਪੱਧਰ ‘ਤੇ ਵੀ ਪੰਜਾਬੀਆਂ ਜਾਂ ਸਿੱਖਾਂ ਦੀ ਸਿੱਖਿਆ ਕਾਰਗੁਜ਼ਾਰੀ ਬਹੁਤੀ ਤਸੱਲੀਬਖ਼ਸ਼ ਨਹੀਂ ਹੈ। ਪੰਜਾਬ ‘ਚ ਪੜ੍ਹੇ-ਲਿਖੇ ਨੌਜਵਾਨਾਂ ਦਾ ਕੌਮਾਂਤਰੀ ਸਿੱਖਿਆ ਸੰਸਥਾਵਾਂ ‘ਚ ਦਾਖ਼ਲਾ ਨਾਂ-ਮਾਤਰ ਹੈ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਅੱਜ ਵੀ 1908 ਈਸਵੀ ਵਿਚ ਸਿੱਖ ਵਿੱਦਿਅਕ ਕਾਨਫ਼ਰੰਸ ਦੀ ਸਥਾਪਨਾ ਵੇਲੇ ਤੈਅ ਕੀਤੇ ਉਦੇਸ਼ਾਂ ਨੂੰ ਮੁੜ ਪ੍ਰਸੰਗਿਕ ਬਣਾਉਣ ਲਈ ਸਿਦਕੀ ਯਤਨ ਹੋਣੇ ਵੀ ਨਿਹਾਇਤ ਲੋੜੀਂਦੇ ਹਨ।
Check Also
10 ਦਸੰਬਰ : ਮਨੁੱਖੀ ਹੱਕਾਂ ਦੇ 76ਵੇਂ ਵਰ੍ਹੇ ‘ਤੇ ਵਿਸ਼ੇਸ਼
‘ਮਨੁੱਖੀ ਅਧਿਕਾਰ ਦਿਵਸ’ ਬਨਾਮ ‘ਕਾਲੀ ਦਸਤਾਰ ਦਿਵਸ’ ਯੂ ਐਨ ਓ ਦਾ ਮਹਿਜ਼ ਘੋਸ਼ਣਾ-ਪੱਤਰ ਬਣ ਕੇ …