Breaking News
Home / ਮੁੱਖ ਲੇਖ / ”ਮੈਂ ਰਾਹਾਂ ‘ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ …”

”ਮੈਂ ਰਾਹਾਂ ‘ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ …”

‘ਪਾਤਰ’ ਦੇ ਇਸ ਸ਼ਿਅਰ ਦੀ ਪੈੜ ਨੱਪਦਿਆਂ ਹਰਜੀਤ ‘ਹੈਰੀ’ ਬਣਿਆ ‘ਆਇਰਨਮੈਨ’
ਡਾ. ਸੁਖਦੇਵ ਸਿੰਘ ਝੰਡ
(1-647-567-9128)
‘ਆਇਰਨਮੈਨ ਟਰਾਇਥਲੋਨ’ ਮੁਕਾਬਲਾ ਇਸ ਸਮੇਂ ਸੰਸਾਰ-ਭਰ ਵਿੱਚ ਸੱਭ ਤੋਂ ਸਖ਼ਤ ਮੁਕਾਬਲਾ ਗਿਣਿਆ ਜਾਂਦਾ ਹੈ। ਇਹ ਮੁਕਾਬਲਾ ‘ਵੱਰਲਡ ਟ੍ਰਾਇਥਲੋਨ ਕਾਰਪੋਰੇਸ਼ਨ’ (ਡਬਲਿਊ.ਟੀ.ਸੀ.) ਵੱਲੋਂ ਹਰ ਸਾਲ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਕਰਵਾਇਆ ਜਾਂਦਾ ਹੈ। ਇਸ ਤਿੰਨ-ਪੜਾਵੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸੱਭ ਤੋਂ ਪਹਿਲਾਂ 2.4 ਮੀਲ (3.9 ਕਿਲੋਮੀਟਰ) ਤੈਰਨਾ ਹੁੰਦਾ ਹੈ, ਫਿਰ ਦੂਸਰੇ ਪੜਾਅ ਵਿੱਚ 112 ਮੀਲ (180.2 ਕਿਲੋਮੀਟਰ) ਬਾਈਸਾਈਕਲ ਚਲਾਉਣਾ ਹੁੰਦਾ ਹੈ ਅਤੇ ਤੀਸਰੇ ਅਖ਼ੀਰਲੇ ਪੜਾਅ ਵਿੱਚ 26.2 ਮੀਲ (42.2 ਕਿਲੋਮੀਟਰ), ਭਾਵ ‘ਫੁੱਲ-ਮੈਰਾਥਨ’ ਜਿੰਨਾ ਦੌੜਨਾ ਹੁੰਦਾ ਹੈ। ਇਸ ਮੁਕਾਬਲੇ ਦੇ ਤਿੰਨੇ ਪੜਾਅ ਹੀ ਆਪਣੇ ਆਪ ‘ਚ ਕਾਫ਼ੀ ਮੁਸ਼ਕਲ ਹਨ ਅਤੇ ਇਹ ਨਿਰਧਾਰਤ ਸਮੇਂ 16 ਤੋਂ 17 ਘੰਟਿਆਂ ਦੇ ਵਿੱਚ-ਵਿੱਚ ਪਾਰ ਕਰਨੇ ਹੁੰਦੇ ਹਨ। ਇਹ ਮੁਕਾਬਲਾ ਅਸਲ ਵਿੱਚ ਤਾਂ ਸੋਲਾਂ ਘੰਟਿਆਂ ਵਿੱਚ ਹੀ ਪੂਰਾ ਕਰਨਾ ਹੁੰਦਾ ਹੈ। ਸਤਾਰ੍ਹਵਾਂ ਘੰਟਾ ਤਾਂ ਇਨ੍ਹਾਂ ਮੁਕਾਬਲੇਬਾਜ਼ਾਂ ਨੂੰ ਆਪਣੇ ਗਿੱਲੇ ਸਵਿੰਮਿੰਗ-ਸੂਟ ਬਦਲਣ ਅਤੇ ਉਸ ਜਗ੍ਹਾ ਤੋ ਥੋੜ੍ਹੀ ਦੂਰੀ ‘ਤੇ ਚੈੱਸਟ ਨੰਬਰ (ਬਿਬ ਨੰਬਰ) ਅਨੁਸਾਰ ਪਾਰਕਿੰਗ ਵਿੱਚ ਖ਼ਾਸ ਤਰਤੀਬ ਵਿੱਚ ਲਗਾਏ ਗਏ ਆਪੋ-ਆਪਣੇ ਸਾਈਕਲ ਲੈਣ ਅਤੇ ਸਾਈਕਲਿੰਗ ਦਾ ਦੌਰ ਸਮਾਪਤ ਹੋਣ ਤੋਂ ਬਾਅਦ ਮੁੜ ਉੱਥੇ ਹੀ ਪਾਰਕ ਕਰਨ ਲਈ ਦਿੱਤਾ ਜਾਂਦਾ ਹੈ। ਤੈਰਨ ਵਾਲਾ ਪਹਿਲਾ ਪੜਾਅ 2 ਘੰਟੇ 20 ਮਿੰਟ ਵਿਚ ਪੂਰਾ ਕਰਨਾ ਪੈਂਦਾ ਹੈ ਅਤੇ ਇਸ ਨੂੰ ਇਸ ਸਮੇਂ ਵਿੱਚ ਪੂਰਾ ਕਰਨ ਵਾਲੇ ਮੁਕਾਬਲੇਬਾਜ਼ ਹੀ ਬਾਈਸਾਈਕਲ ਚਲਾਉਣ ਵਾਲੇ ਦੂਸਰੇ ਪੜਾਅ ਵਿੱਚ ਦਾਖ਼ਲ ਹੋ ਸਕਦੇ ਹਨ। ਏਸੇ ਤਰ੍ਹਾਂ ਇਹ ਦੂਸਰਾ ਦੌਰ 10 ਘੰਟੇ ਤੋਂ 10 ਮਿੰਟ 30 ਮਿੰਟਾਂ ਵਿਚਕਾਰ ਪੂਰਾ ਕਰਨ ਵਾਲੇ ਹੀ ਮੈਰਾਥਨ ਦੌੜ ਵਾਲੇ ਤੀਸਰੇ ਪੜਾਅ ਵਿੱਚ ਦਾਖ਼ਲ ਹੋ ਸਕਦੇ ਹਨ।
ਵੇਖਿਆ ਜਾਏ ਤਾਂ ਇਸ ਮੁਕਾਬਲੇ ਇਹ ਤਿੰਨੇ ਪੜਾਅ ਹੀ ਕਿੰਨੇ ਕਠਨ ਹਨ ਅਤੇ ਆਮ ਮਨੁੱਖ ਤਾਂ ਇਨ੍ਹਾਂ ਬਾਰੇ ਸੋਚ ਵੀ ਨਹੀਂ ਸਕਦਾ ਪਰ ਬਰੈਂਪਟਨ ਦੇ ਵਸਨੀਕ 64 ਸਾਲਾ ਨੌਜੁਆਨ ਹਰਜੀਤ ਸਿੰਘ ਉਰਫ਼ ‘ਹੈਰੀ’ ਨੇ ਇਹ ਤਿੰਨੇ ਹੀ ਪੜਾਅ 16 ਘੰਟਿਆਂ ਦੇ ਨਿਰਧਾਰਤ ਸਮੇਂ ਵਿਚ ਪਾਰ ਕਰ ਲਏ। ਹਰਜੀਤ ਸਿੰਘ ‘ਹੈਰੀ’ ਨੂੰ ਇੱਥੇ ‘ਨੌਜੁਆਨ’ ਮੈਂ ਇਸ ਲਈ ਕਿਹਾ ਹੈ, ਕਿਉਂਕਿ ਉਸ ਦੇ ਵੱਲੋਂ ਇਹ ਸਖ਼ਤ ਮੁਕਾਬਲਾ ਜਿੱਤਣ ਦਾ ‘ਕਾਰਨਾਮਾ’ ਨੌਜੁਆਨਾਂ ਨਾਲੋਂ ਵੀ ਵੱਧ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 2023 ਵਿਚ ਉਸ ਨੇ ਜਨੀਵਾ (ਨਿਊਯਾਰਕ) ਵਿਖੇ ਹੋਏ ‘ਹਾਫ਼ ਆਇਰਨਮੈਨ ਮੁਕਾਬਲੇ’ ਵਿਚ ਭਾਗ ਲੈ ਕੇ ”ਹਾਫ਼ ਆਇਰਨਮੈਨ”, ਭਾਵ ”ਅੱਧਾ ਲੋਹ-ਪੁਰਸ਼” ਦਾ ਖ਼ਿਤਾਬ ਹਾਸਲ ਕੀਤਾ ਸੀ ਅਤੇ ਹੁਣ ਇਸ ਸਾਲ ਇਹ ਮੁਕਾਬਲਾ ਜਿੱਤ ਕੇ ਉਹ ਇਸ ਈਵੈਂਟ ਦੇ ਪ੍ਰਬੰਧਕਾਂ ਵੱਲੋਂ ”ਪੂਰਨ ਲੋਹ-ਪੁਰਸ਼” ਕਰਾਰ ਦਿੱਤਾ ਗਿਆ ਹੈ। ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ‘ਹਾਫ਼ ਆਇਰਨਮੈਨ’ ਮੁਕਾਬਲੇ ਵਿਚ ਇਹ ਤਿੰਨੇ ਈਵੈਂਟ ਇਸ ਤੋਂ ‘ਅੱਧੇ’ ਹੁੰਦੇ ਹਨ, ਭਾਵ ਇਸ ਮੁਕਾਬਲੇ ਵਿੱਚ ਉਨ੍ਹਾਂ ਨੇ 1.2 ਮੀਲ ਤੈਰਾਕੀ ਤੋਂ ਬਾਅਦ 56 ਮੀਲ ਸਾਈਕਲਿੰਗ ਕਰਨੀ ਹੁੰਦੀ ਹੈ ਅਤੇ ਫਿਰ 13.1 ਮੀਲ ਦੌੜਨਾ ਹੁੰਦਾ ਹੈ।
ਇਹ ਈਵੈਂਟ ਕਰਵਾਉਣ ਵਾਲੇ ਮੁੱਢਲੇ ਪ੍ਰਬੰਧਕਾਂ ਵੱਲੋਂ ਇਨ੍ਹਾਂ ਦੋਹਾਂ ਮੁਕਾਬਲਿਆਂ ਵਿੱਚ ਆਉਂਦਾ ‘ਆਇਰਨਮੈਨ’ ਸ਼ਬਦ ਵੀ ਬੜਾ ਸੋਚ-ਵਿਚਾਰ ਕੇ ਰੱਖਿਆ ਗਿਆ ਹੋਵੇਗਾ, ਕਿਉਂਕਿ ਇਨ੍ਹਾਂ ਵਿੱਚ ਹਿੱਸਾ ਲੈਣ ਲਈ ਮੁਕਾਬਲੇ-ਬਾਜ਼ਾਂ ਨੂੰ ਆਪਣੇ ਸਰੀਰ ਨੂੰ ਲੋਹੇ ਵਰਗਾ ਸਖ਼ਤ ਬਨਾਉਣਾ ਪੈਂਦਾ ਹੈ। ਇਸ ਕਠਨ ਮੁਕਾਬਲੇ ਨੂੰ ਆਯੋਜਿਤ ਕਰਨ ਦਾ ਵਿਚਾਰ 1977 ਵਿੱਚ ‘ਓ’ ਆਹੂ ਪੈਰੀਮੀਟਰ ਰੀਲੇਅ ਦੇ ਇਨਾਮ-ਵੰਡ ਸਮਾਗਮ ਵਿਚ ਸਾਹਮਣੇ ਆਇਆ ਅਤੇ ਇਸ ਦਾ ਪਹਿਲਾ ਮੁਕਾਬਲਾ ਅਮਰੀਕਾ ਦੇ ਸ਼ਹਿਰ ‘ਹਵਾਈ’ ਵਿਖੇ 1978 ਵਿਚ ਕਰਵਾਇਆ ਗਿਆ। ਸ਼ੁਰੂ-ਸ਼ੁਰੂ ਵਿਚ ਇਸ ਮੁਕਾਬਲੇ ਵਿਚ ਤੈਰਾਕੀ ਅਤੇ ਸਾਈਕਲਿੰਗ ਦੇ ਦੋ ਹੀ ਈਵੈਂਟ ਰੱਖੇ ਗਏ ਸਨ ਅਤੇ ਉਨ੍ਹਾਂ ਵਿੱਚ ਜ਼ਿਆਦਾਤਰ ਸਾਈਕਲਿਸਟ ਹੀ ਇਸ ਵਿਚ ਹਿੱਸਾ ਲੈਂਦੇ ਸਨ। 1981 ਵਿਚ ਪ੍ਰਬੰਧਕਾਂ ਵੱਲੋਂ ਇਸ ਮੁਕਾਬਲੇ ਵਿਚ ਲੰਮੀ ਦੌੜ ਨੂੰ ਵੀ ਸ਼ਾਮਲ ਕਰ ਲਿਆ ਗਿਆ ਅਤੇ ਫਿਰ ਲੰਮੀ ਦੌੜ ਦੇ ਦੌੜਾਕਾਂ ਨੇ ਵੀ ਇਸ ਵਿਚ ਭਾਗ ਲੈਣਾ ਆਰੰਭ ਕਰ ਦਿੱਤਾ।
ਆਓ, ਇਸ ਸਖ਼ਤ ਮੁਕਾਬਲੇ ਦੇ ਜੇਤੂ ਨੌਜੁਆਨ ਹਰਜੀਤ ਸਿੰਘ ਵੱਲੋਂ ਇਸ ਵਿਚ ਭਾਗ ਲੈਣ ਬਾਰੇ ਅਤੇ ਉਸ ਦੇ ਆਪਣੇ ਬਾਰੇ ਕੁੱਝ ਹੋਰ ਵੀ ਜਾਨਣ ਦੀ ਕੋਸ਼ਿਸ਼ ਕਰਦੇ ਹਾਂ।
ਹਰਜੀਤ ਸਿੰਘ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਕਸਬੇ ਬੱਸੀ ਪਠਾਣਾਂ ਦਾ ਜੰਮ-ਪਲ ਹੈ। ਉਸ ਦੇ ਪੁਰਖ਼ੇ ਲਾਇਲਪੁਰ ਜ਼ਿਲ੍ਹੇ ਦੀ ਤਹਿਸੀਲ ਜੜ੍ਹਾਂਵਾਲਾ ਦੇ ਪਿੰਡ ਚੱਕ ਨੰਬਰ 34 ਦੇ ਵਸਨੀਕ ਸਨ ਜਿਨ੍ਹਾਂ ਨੂੰ 1947 ਦੀ ਭਾਰਤ-ਪਾਕਿਸਤਾਨ ਦੀ ਦਰਦਨਾਕ ‘ਵੰਡ’ ਤੋਂ ਬਾਅਦ ਬੱਸੀ ਪਠਾਣਾਂ ਆ ਕੇ ਮੁਕਾਮ ਕਰਨਾ ਪਿਆ। ਹਰਜੀਤ ਸਿੰਘ ਦਾ ਜਨਮ ਇੱਥੇ 23 ਫ਼ਰਵਰੀ 1960 ਨੂੰ ਹੋਇਆ। ਉਸ ਦੇ ਪਿਤਾ ਜੀ ਦਾ ਨਾਂ ਸ. ਰਣਜੀਤ ਸਿੰਘ ਤੇ ਮਾਤਾ ਜੀ ਦਾ ਨਾਂ ਸਰਦਾਰਨੀ ਹਰਮੀਤ ਕੌਰ ਹੈ। ਦਸਵੀਂ ਤੱਕ ਪੜ੍ਹਾਈ ਉਸ ਨੇ ਬੱਸੀ ਪਠਾਣਾਂ ਦੇ ਸਰਕਾਰੀ ਹਾਈ ਸਕੂਲ ਤੋਂ ਕੀਤੀ ਅਤੇ ਬੀ.ਏ. ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਤੋਂ ਕੀਤੀ। ਐੱਮ.ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਿੰਗੂਇਸਟਿਕਸ ਵਿਸ਼ੇ ਵਿਚ ਕੀਤੀ। ਦੋ ਸਾਲ ਭੋਪਾਲ (ਮੱਧ ਪ੍ਰਦੇਸ਼) ਵਿਚ ਐੱਲ.ਐੱਲ.ਬੀ. ਵਿੱਚ ਵੀ ਲਾਏ ਅਤੇ ਤੀਸਰੇ ਸਾਲ ਵਕਾਲਤ ਦਾ ਇਹ ਡਿਗਰੀ ਕੋਰਸ ਵਿਚਾਲੇ ਹੀ ਛੱਡ ਕੇ ਵਿਆਹ ਕਰਵਾ ਕੇ ਉਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਆ ਗਿਆ।
ਕੈਨੇਡਾ ਆ ਕੇ ਉਸ ਨੇ ਆਪਣਾ ਅਗਲੇਰਾ ਜੀਵਨ ਟੈਕਸੀ-ਡਰਾਈਵਿੰਗ ਤੋਂ ਆਰੰਭ ਕੀਤਾ। ਬਰੈਂਪਟਨ ਵਿੱਚ ਤਿੰਨ ਕੁ ਸਾਲ ਟੈਕਸੀ ਚਲਾਉਣ ਤੋਂ ਬਾਅਦ ਟਰੱਕ ਡਰਾਈਵਰ ਬਣਕੇ ਅਮਰੀਕਾ ਤੇ ਮੈਕਸੀਕੋ ਦੇ ਵੱਖ-ਵੱਖ ਸ਼ਹਿਰਾਂ ਦੇ ਲੰਮੇਂ ਗੇੜੇ ਲਾਏ। ਟਰੱਕ-ਡਰਾਈਵਰੀ ਕਰਦਿਆਂ ਉਸਦਾ ਭਾਰ ਜਦੋਂ ਸਵਾ ਕਵਿੰਟਲ ਤੋਂ ਉੱਪਰ ਜਾ ਪਹੁੰਚਾ ਤਾਂ ਇਸ ਨੂੰ ਘੱਟ ਕਰਨ ਦੇ ਉਦੇਸ਼ ਨਾਲ ਟਰੱਕ-ਡਰਾਈਵਰੀ ਛੱਡ ਕੇ 1995 ਵਿੱਚ ‘ਏਅਰਪੋਰਟ ਟੈਕਸੀ’ ਵਿੱਚ ਡਰਾਈਵਰ ਬਣ ਗਿਆ ਅਤੇ ਨੇਮ ਨਾਲ ਜਿੰਮ ਜਾਣ ਲੱਗਾ। ਅੱਠਾਂ-ਨੌਆਂ ਮਹੀਨਿਆਂ ਵਿਚ ਹੀ ਉਸਨੇ ਆਪਣੇ ਭਾਰ ਨੂੰ ‘ਨਾਰਮਲ’ ਕਰ ਲਿਆ, ਕਿਉਂਕਿ ਪੰਜਾਬ ਵਿਚ ਸਕੂਲ, ਕਾਲਜ ਤੇ ਯੂਨੀਵਰਸਿਟੀ ਪੜ੍ਹਦਿਆਂ ਉਹ ਹਾਕੀ, ਫੁੱਟਬਾਲ ਤੇ ਹੈਂਡਬਾਲ ਖੇਡਦਾ ਰਿਹਾ ਸੀ ਤੇ ਉਸ ਨੂੰ ਪਤਾ ਸੀ ਕਿ ਵਧੇ ਹੋਏ ਆਪਣੇ ਇਸ ਭਾਰ ਨੂੰ ਘੱਟ ਕਿਵੇਂ ਕੀਤਾ ਜਾ ਸਕਦਾ ਹੈ। ਫਿਰ ਕੀ ਸੀ, ਦੌੜਨਾ, ਭੱਜਣਾ ਤੇ ਜਿੰਮ ਜਾਣਾ ਉਸਦੀ ਪੱਕੀ ਰੁਟੀਨ ਬਣ ਗਈ।
ਇਸ ਦੌਰਾਨ 2011-12 ਵਿਚ ਉਸ ਦਾ ਮੇਲ਼ ਸੰਧੂਰਾ ਸਿੰਘ ਬਰਾੜ ਨਾਲ ਹੋਇਆ ਜੋ ਆਪਣੇ ਕੁਝ ਸਾਥੀਆਂ ਨਾਲ ਹਰ ਸਾਲ ਟੋਰਾਂਟੋ ਦੇ ਅਸਮਾਨ ਛੋਂਹਦੇ ‘ਸੀ.ਐੱਨ.ਟਾਵਰ’ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ਵਿਚ ਸ਼ਾਮਲ ਹੁੰਦਾ ਸੀ। ਉਨ੍ਹਾਂ ਦੀ ਪ੍ਰੇਰਨਾ ਨਾਲ ਉਸ ਨੇ 2012 ਤੇ 2013 ਵਿਚ ਦੋ ਵਾਰ ਇਹ ਪੌੜੀਆਂ ਚੜ੍ਹੀਆਂ। ਸੰਧੂਰਾ ਸਿੰਘ ਬਰਾੜ ਦੀ ਅਗਵਾਈ ਵਿੱਚ ਬਰੈਂਪਟਨ ਵਿੱਚ ਸਰਗਰਮ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀਪੀਏਆਰ ਕਲੱਬ) ਨਾਲ ਹਰਜੀਤ ਸਿੰਘ 2013 ਵਿੱਚ ਜੁੜਿਆ। 2014 ਵਿਚ ਇਸ ਕਲੱਬ ਦੇ ਮੈਂਬਰਾਂ ਨਾਲ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਡੇਸ਼ਨ’ ਵੱਲੋਂ ਕਰਵਾਈ ਜਾ ਰਹੀ ‘ਇੰਸਪੀਰੇਸ਼ਨਲ ਸਟੈੱਪਸ ਦੌੜ’ ਵਿਚ ਹਾਫ਼-ਮੈਰਾਥਨ ਵਿਚ ਹਿੱਸਾ ਲੈਣ ਦਾ ਪ੍ਰੋਗਰਾਮ ਸੀ ਜਿਸ ਦੇ ਲਈ ਸਵੇਰੇ ਤੜਕੇ ਤਿੰਨ ਵਜੇ ਡਿਕਸੀ ਗੁਰੂਘਰ ਤੋਂ ਹੋਰ ਸਾਥੀਆਂ ਦੇ ਨਾਲ ਸਕੂਲ ਬੱਸ ਵਿਚ ਸਵਾਰ ਹੋ ਕੇ ਵੈੱਸਟਨ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਾ ਸੀ, ਜਦ ਕਿ ਫੁੱਲ-ਮੈਰਾਥਨ ਵਿਚ ਹਿੱਸਾ ਲੈਣ ਵਾਲਿਆਂ ਨੇ ਉਸ ਤੋਂ ਬਾਅਦ ਵਿਚ ਉੱਥੋਂ ਇੱਕ ਵੈਨ ਵਿੱਚ ਜਾਣਾ ਸੀ। ਬੱਸ ਵਿਚ ਜਾਣ ਦੀ ਬਜਾਏ ਹਰਜੀਤ ਸਿੰਘ ਵੈਨ ਵਿਚ ਸਵਾਰ ਹੋ ਗਿਆ ਅਤੇ ਉਸ ਵਿਚ ਬੈਠੇ ਮੈਰਾਥਨ ਦੌੜਾਕਾਂ ਦੇ ਨਾਲ ਹਾਫ਼-ਮੈਰਾਥਨ ਦੀ ਥਾਂ ਉਸ ਨੇ ‘ਫੁੱਲ-ਮੈਰਾਥਨ’ ਹੀ ਲਾ ਲਈ।
2020 ਵਿਚ ‘ਕੋਵਿਡ-19’ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਉਸਨੇ ਤਿੰਨ ‘ਇੰਸਪੀਰੇਸ਼ਨਲ ਸਟੈਪਸ ਮੈਰਾਥਨਾਂ’ ਲਾਈਆਂ ਅਤੇ ਇੱਕ ‘ਟੋਰਾਂਟੋ ਮੈਰਾਥਨ’ਵੀ ਲਗਾਈ। ਛੇ ਹਾਫ਼-ਮੈਰਾਥਨਾਂ ਵਿਚ ਭਾਗ ਲਿਆ ਜਿਨ੍ਹਾਂ ਵਿੱਚ ‘ਟੋਰਾਂਟੋ ਸਕੋਸ਼ੀਆਬੈਂਕ ਵਾਟਰ ਫ਼ਰੰਟ ਮੈਰਾਥਨ’ ਵਿੱਚ ਚਾਰ ਵਾਰ ਅਤੇ ‘ਬਰਲਿੰਗਟਨ ਚਿੱਲੀ ਮੈਰਾਥਨ’ ਵਿੱਚ ਦੋ ਵਾਰ ਜਾਣਾ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਉਸ ਨੇ ਹੈਮਿਲਟਨ ਸ਼ਹਿਰ ਵਿੱਚ ਹੋਣ ਵਾਲੀ ਮਸ਼ਹੂਰ 30 ਕਿਲੋਮੀਟਰ ਦੌੜ ‘ਹੈਮਿਲਟਨ ਮੈਰਾਥਨ’ ਵਿਚ ਵੀ ਇਕ ਵਾਰ ਹਿੱਸਾ ਲਿਆ। ਪੰਜ ਤੇ 10 ਕਿਲੋਮੀਟਰ ਦੌੜਾਂ ਵਿਚ ਸ਼ਾਮਲ ਹੋਣ ਬਾਰੇ ਉਸ ਨੂੰ ਯਾਦ ਨਹੀਂ ਹੈ ਕਿ ਇਹ ਕਿੰਨੀਆਂ ਕੁ ਲੱਗ ਗਈਆਂ ਹੋਣਗੀਆਂ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 2018 ਵਿਚ ਬਰੈਂਪਟਨ ਦੇ ‘ਸਕੁਏਟਰ ਗਰੁੱਪ’ ਨਾਲ ਕਾਓਬਰਗ ਤੋਂ ਨਿਆਗਰਾ ਫ਼ਾਲ ਤੱਕ ਉਸਨੇ ਲੱਗਭੱਗ 300 ਕਿਲੋਮੀਟਰ ‘ਰੀਲੇਅ ਰੇਸ’ ਵੀ ਲਗਾਈ। ਦੌੜਾਂ ਵਿਚ ਭਾਗ ਲੈਣ ਦੇ ਨਾਲ਼ ਨਾਲ਼ ਹਰਜੀਤ ਸਿੰਘ ਦੇ ਮਨ ਵਿੱਚ ਕੁਝ ਵੱਖਰਾ ਕਰਨ ਦੀ ਇੱਛਾ ਸੀ ਅਤੇ ਇਸ ਦੇ ਲਈ ਉਸਨੇ ‘ਹਾਫ਼-ਆਇਰਨਮੈਨ’ ਮੁਕਾਬਲੇ ਵਿੱਚ ਭਾਗ ਲੈਣ ਲਈ ਸਾਈਕਲਿੰਗ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਸਾਈਕਲਿੰਗ ਵਿੱਚ ਸਾਥ ਦੇਣ ਵਾਲੇ ਉਸ ਦੇ ਸਾਥੀ ਕੁਲਦੀਪ ਗਰੇਵਾਲ, ਜਗਤਾਰ ਗਰੇਵਾਲ, ਜਸਪਾਲ ਗਰੇਵਾਲ, ਸੰਧੂਰਾ ਬਰਾੜ, ਸੁਖਦੇਵ ਸਿੱਧਵਾਂ, ਕੇਸਰ ਬੜੈਚ ਅਤੇ ‘ਟੋਰਾਂਟੋ ਟਰੱਕ ਸਕੂਲ’ ਵਾਲੇ ਮਰਹੂਮ ਜੱਸੀ ਵੜੈਚ ਸਨ। ਹਰਜੀਤ ਅਤੇ ਕੁਲਦੀਪ ਗਰੇਵਾਲ ਤੋਂ ਬਿਨਾਂ ਬਾਕੀ ਦੇ ਸਾਰੇ ‘ਸ਼ੁਗਲੀਏ ਸਾਈਕਲਿਸਟ’ ਹੀ ਸਨ ਪਰ ਉਨ੍ਹਾਂ ਸਾਰਿਆਂ ਨੇ ਕੈਲੇਡਨ ਟਰੇਲ ਤੋਂ ਲੈ ਕੇ ਨਿਆਗਰਾ ਫ਼ਾਲ, ਮਿਸੀਸਾਗਾ ਤੋਂ ਗੁਅੱਲਫ਼ ਅਤੇ ਹੈਮਿਲਟਨ ਤੋਂ ਫੋਰਟ ਡੌਵਰ ਤੱਕ ਦੇ ਸਾਈਕਲਿੰਗ ਦੇ ਲੰਮੇਂ-ਲੰਮੇਂ ਰੂਟਾਂ ਤੱਕ ਉਨ੍ਹਾਂ ਦੋਹਾਂ ਦਾ ਪੂਰਾ ਸਾਥ ਦਿੱਤਾ। ਸਾਈਕਲਿੰਗ ਦੀ ਪ੍ਰੈਕਟਿਸ ਅਤੇ ਹਾਫ਼-ਆਇਰਨਮੈਨ ਮੁਕਾਬਲੇ ਦੀ ਤਿਆਰੀ ਲਈ ਹਰਜੀਤ ਸਿੰਘ ਤੇ ਕੁਲਦੀਪ ਗਰੇਵਾਲ ਨੂੰ ਕਰਮਜੀਤ ਸਿੰਘ ਕੋਚ ਨੇ ਵਧੀਆ ਗਾਈਡ ਕੀਤਾ ਅਤੇ ਇਸ ਦੇ ਲਈ ਉਸਨੇ ‘ਪ੍ਰੋਫ਼ੈਸ਼ਨਲ ਟ੍ਰਾਇਥਲਨ ਕੋਚ’ ਵੀ ਲੱਭ ਕੇ ਦਿੱਤਾ।ਦੋਹਾਂ ਨੇ ਇਸ ਮੁਕਾਬਲੇ ਦੀ ਤਿਆਰੀ ਆਰੰਭ ਲਈ ਅਤੇ 2022 ਦੇ ਮੁਕਾਬਲੇ ਲਈ ਆਪਣੇ ਨਾਂ ਰਜਿਸਟਰ ਕਰਵਾ ਲਏ ਪਰ ਅਚਾਨਕ ਉਸਦਾ ਇੱਕ ਐਕਸੀਡੈਂਟ ਹੋ ਜਾਣ ਕਾਰਨ ਹਰਜੀਤ ਸਿੰਘ ਉਸ ਸਾਲ ਇਸ ਮੁਕਾਬਲੇ ਵਿਚ ਸ਼ਾਮਲ ਨਾ ਹੋ ਸਕਿਆ। ਉਸ ਨੇ 2023 ਵਿੱਚ ਅਮਰੀਕਾ ਦੇ ਸ਼ਹਿਰ ‘ਜਨੀਵਾ’ (ਨਿਊਯਾਰਕ ਦੇ ਨੇੜੇ) ਵਿਚ ਸਫ਼ਲਤਾ ਪੂਰਵਕ ‘ਹਾਫ਼-ਆਇਰਨਮੈਨ’ ਦਾ ਖ਼ਿਤਾਬ ਹਾਸਲ ਕੀਤਾ। 2024 ਵਿੱਚ ਉਸ ਨੇ ‘ਫੁੱਲ ਆਇਰਨਮੈਨ ਮੁਕਾਬਲੇ’ ਦੀ ਤਿਆਰੀ ਆਰੰਭ ਲਈ ਅਤੇ ਸਖ਼ਤ ਮਿਹਨਤ ਕਰਕੇ ਅਮਰੀਕਾ ਸ਼ਹਿਰ ਸੈਕਰਾਮੈਂਟੋ ਵਿਚ 23 ਅਕਤੂਬਰ ਨੂੰ ਇਸ ਮੁਕਾਬਲੇ ਵਿਚ ਭਾਗ ਲੈ ਕੇ ‘ਫੁੱਲ ਆਇਰਨਮੈਨ’ ਬਣਨ ਦੇ ਆਪਣੇ ਨਿਸ਼ਾਨੇ ਦੀ ਪੂਰਤੀ ਕੀਤੀ।
ਇਸ ਆਰਟੀਕਲ ਦੇ ਲੇਖਕ ਨਾਲ ਗੱਲਬਾਤ ਕਰਦੇ ਹੋਏ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਉਸ ਨੂੰ ਕਈ ਨਵੀਆਂ ਗੱਲਾਂ ਦਾ ਪਤਾ ਚੱਲਿਆ ਹੈ, ਜਿਵੇਂ ਕਿ ਇਸ ਵਿਚ ਸਾਈਕਲਿੰਗ ਈਵੈਂਟ ਲਈ ਚੰਗੇ ਸਟੈਂਡਰਡ ਦੇ ਵਧੀਆ ਸਾਈਕਲ ਦੀ ਲੋੜ ਹੈ। ਉਸਦਾ ਕਹਿਣਾ ਸੀ ਕਿ ਉਸਦੇ ਕੋਲ 500 ਡਾਲਰ ਵਾਲਾ ਸਧਾਰਨ ਜਿਹਾ ਬਾਈਸਾਈਕਲ ਹੀ ਸੀ ਜਦ ਕਿ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲਿਆਂ ਕੋਲ ਬੜੇ ਵਧੀਆ ਕਿਸਮ ਦੇ ‘ਰੇਸਰ-ਬਾਈਸਾਈਕਲ’ ਸਨ ਜਿਨ੍ਹਾਂ ਦੀ ਕੀਮਤ ਮਾਰਕੀਟ ਵਿੱਚ 3000 ਡਾਲਰ ਤੋਂ ਲੈ ਕੇ ਦਸ/ਪੰਦਰਾਂ ਹਜ਼ਾਰ ਡਾਲਰ ਤੱਕ ਹੈ। ਇਹ ਕੀਮਤੀ ਬਾਈਸਾਈਕਲ ਕਈ ਕਈ ਗੇਅਰਾਂ ਵਾਲੇ ਹਨ ਅਤੇ ਉਨ੍ਹਾਂ ਦੇ ਇਹ ਗੇਅਰ ਚੱਲਦਿਆਂ-ਚੱਲਦਿਆਂ ਹੀ ਬੜੇ ਆਸਾਨੀ ਨਾਲ ਬਦਲੇ ਜਾ ਸਕਦੇ ਹਨ।
ਹਰਜੀਤ ਸਿੰਘ ਨੇ ਹੋਰ ਦੱਸਿਆ ਕਿ ਇਸ ਤੋਂ ਪਹਿਲਾਂ ਉਸਦੇ ਸਾਈਕਲ ਦਾ ਇੱਕ ਰਿਫਲੈੱਕਟਰ ਕਿਧਰੇ ਡਿੱਗ ਗਿਆ ਅਤੇ ਉਹ ਇਹ ਨਵਾਂ ਲਗਵਾਉਣਾ ਚਾਹੁੰਦਾ ਸੀ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਥੀਆਂ ਨੇ ਉਸ ਨੂੰ ਬਚਿਆ ਹੋਇਆ ਉਹ ਇੱਕ ਰਿਫ਼ਲੈੱਕਰ, ਘੰਟੀ ਤੇ ਇੱਕ ਦੋ ਹੋਰ ਵਾਧੂ ‘ਪੁਰਜ਼ੇ’ ਲਾਹ ਦੇਣ ਦਾ ਮਸ਼ਵਰਾ ਦਿੱਤਾ, ਕਿਉਂਕਿ ਉਨ੍ਹਾਂ ਅਨੁਸਾਰ ਇਨ੍ਹਾਂ ਦਾ ਭਾਰ ਡੇਢ-ਦੋ ਪੌਂਡ ਤਾਂ ਜ਼ਰੂਰ ਹੋਵੇਗਾ ਜੋ ਉਸ ਨੂੰ 180 ਕਿਲੋਮੀਟਰ ਨਾਲ ਲੈ ਕੇ ਚੱਲਣਾ ਪੈਣਾ ਸੀ। ਇਸ ਤਰ੍ਹਾਂ ਸਾਈਕਲ ਦੇ ਇਹ ਸਾਰੇ ਵਾਧੂ ਪੁਰਜ਼ੇ ਉਤਾਰ ਦਿੱਤੇ ਗਏ। ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਉਸ ਦੇ ਸਿਰ ‘ਤੇ 13 ਡਾਲਰਾਂ ਵਾਲੀ ਟੋਪੀ ਸਾਹਮਣਿਉਂ ਪੈਂਦੀ ਹਵਾ ਨਾਲ ਉੱਡਣ-ਉੱਡਣ ਕਰਦੀ ਸੀ ਜਿਸ ਨੂੰ ਕਈ ਵਾਰ ਇੱਕ ਹੱਥ ਨਾਲ ਫੜਨਾ ਪੈਂਦਾ ਸੀ। ਬਾਕੀ ਪ੍ਰੋਫ਼ੈਸ਼ਨਲਾਂ ਨੇ ਬੜੀਆਂ ਵਧੀਆ ਟੋਪੀਆਂ ਪਹਿਨੀਆਂ ਹੋਈਆਂ ਜਿਨ੍ਹਾਂ ਦੇ ਹਵਾ ਨਾਲ ਉੱਡਣ ਦਾ ਕੋਈ ਖ਼ਤਰਾ ਨਹੀਂ ਸੀ। ਸਾਈਕਲਿੰਗ ਕਰਦੇ ਸਮੇਂ ਇਕ ਪਾਸੇ ਜਾਂਦਿਆਂ ਸਾਹਮਣੇ ਪਾਸਿਉਂ ਹਵਾ ਸਿੱਧੀ ਪੈਂਦੀ ਸੀ ਅਤੇ ਉੱਥੇ ਬਹੁਤ ਜ਼ੋਰ ਲੱਗਦਾ ਸੀ।
ਸਾਈਕਲਿੰਗ ਵਾਲਾ ਦੂਸਰਾ ਪੜਾਅ ਪੂਰਾ ਕਰਨ ਤੋਂ ਬਾਅਦ ਇੱਕ ਵਾਰ ਤਾਂ ਉਸ ਨੂੰ ਲੱਗਿਆ ਕਿ ਉਸਦੇ ਕੋਲੋਂ ਅੱਗੋਂ 42 ਕਿਲੋਮੀਟਰ ਦੌੜਿਆ ਨਹੀਂ ਜਾ ਸਕੇਗਾ ਅਤੇ ਇਹ ਮੁਕਾਬਲਾ ਵਿਚਾਲੇ ਹੀ ਛੱਡਣ ਦਾ ਖ਼ਿਆਲ ਵੀ ਉਸਦੇ ਮਨ ਵਿੱਚ ਆਇਆ ਪਰ ਫਿਰ ਹੋਰ ਦੌੜਾਕਾਂ ਨੂੰ ਦੌੜਦਿਆਂ ਵੇਖ ਕੇ ਇਹ ਸੋਚਦਿਆਂ ਹੌਸਲਾ ਫੜ੍ਹ ਲਿਆ, ”ਮਨਾਂ ਦੋ ਵੱਡੇ ‘ਮਰਹਲੇ’ ਤਾਂ 10 ਘੰਟਿਆਂ ਵਿਚ ਪਾਰ ਕਰ ਲਏ ਆ, ਤੇ ਹੁਣ ਇਹ ਇੱਕ ਪੜਾਅ ਹੀ ਤਾਂ ਬਾਕੀ ਰਹਿ ਗਿਆ ਏ। …ਤੇ ਮੇਰੇ ਕੋਲ ਅਜੇ ਛੇ ਘੰਟੇ ਬਾਕੀ ਪਏ ਆ, ਇਹ ਪੂਰਾ ਕਰਨ ਲਈ।” ਬੱਸ, ਇਹੋ ਸੋਚ ਕੇ ਫਿਰ ਦੌੜਨਾ ਸ਼ੁਰੂ ਕਰ ਦਿੱਤਾ।
ਅੱਧਾ ਕੁ ਪੈਂਡਾ (20-21 ਕਿਲੋਮੀਟਰ) ਮੁੱਕਿਆ ਹੋਵੇਗਾ ਕਿ ਦੌੜਦਿਆਂ-ਦੌੜਦਿਆਂ ਰਸਤੇ ਵਿਚ ਇੱਕ ਗੋਰਾ ਦੌੜਾਕ ਮਗਰੋਂ ਆ ਕੇ ਹਰਜੀਤ ਨੂੰ ਪੁੱਛਣ ਲੱਗਾ, ”ਡੂ ਯੂ ਹੈਵ ਸਾਲਟ-ਪਿੱਲਜ਼ ਵਿੱਦ ਯੂ?”
”ਯੈੱਸ” ਕਹਿੰਦਿਆਂ ਹਰਜੀਤ ਨੇ ਮਿਨਰਲਜ਼ ਵਾਲੀਆਂ 4-5 ‘ਸਾਲਟ-ਪਿੱਲਜ਼’ (ਮਿਨਰਲਜ਼ ਗੋਲ਼ੀਆਂ) ਜਦੋਂ ਉਸ ਨੂੰ ਫੜਾਈਆਂ ਤਾਂ ਉਸ ਦਾ ਧੰਨਵਾਦ ਕਰਦਿਆਂ ਉਹ ਹਰਜੀਤ ਦੇ ਨਾਲ਼ ਨਾਲ਼ ਦੌੜਨ ਲੱਗਿਆ ਅਤੇ ਇੱਕ ਦੂਸਰੇ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਉਹ ਦੋਵੇਂ ਫਿਨਿਸ਼ ‘ਤੇ ਪਹੁੰਚ ਗਏ। ਉੱਥੇ ਪਹੁੰਚਣ ‘ਤੇ ਪ੍ਰਬੰਧਕਾਂ ਵੱਲੋਂ ਬੁਲੰਦ ਆਵਾਜ਼ ਵਿਚ ਵਾਰੀ-ਵਾਰੀ ਉਨ੍ਹਾਂ ਦਾ ਨਾਂ ਲੈ ਕੇ ”ਯੂ ਆਰ ਆਇਰਨਮੈਨ” ਕਹਿ ਕੇ ਸੁਆਗ਼ਤ ਕੀਤਾ ਗਿਆ। ਹਰਜੀਤ ਸਿੰਘ ਦੇ ਦੱਸਣ ਅਨੁਸਾਰ ਇਹ ਉਨ੍ਹਾਂ ਦੋਹਾਂ ਲਈ ਬੜਾ ਹੀ ਰੌਚਕ ਨਜ਼ਾਰਾ ਸੀ ਜਿੱਥੇ ਉਨ੍ਹਾਂ ਨੂੰ ਇਸ ਮੁਕਾਬਲੇ ਦਾ ਆਪਣਾ ਨਿਸ਼ਾਨਾ ਪੂਰਾ ਹੋਇਆ ਸਾਹਮਣੇ ਨਜ਼ਰ ਆ ਰਿਹਾ ਸੀ।
ਹਰਜੀਤ ਅਨੁਸਾਰ ਇਸ ਮੁਕਾਬਲੇ ਵਿਚ 3,000 ਤੋਂ 3,500 ਦੇ ਵਿਚਕਾਰ ਮੁਕਾਬਲੇ-ਬਾਜ਼ਾਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਵਿੱਚੋਂ 2000 ਦੇ ਲੱਗਭੱਗ ਇਸ ਵਿੱਚੋਂ ਜ਼ਰੂਰ ਸਫ਼ਲ ਹੋਏ ਹੋਣਗੇ। ਉਸ ਨੇ ਦੱਸਿਆ ਕਿ ਉਸ ਦੇ ਨਾਲ ਬਰੈਂਪਟਨ ਤੋਂ ਤਿੰਨ ਹੋਰ ਮੁਕਾਬਲੇਬਾਜ਼ ਜਗਰੂਪ ਬੱਲ, ਪ੍ਰਭਜਿੰਦਰ ਹੇਅਰ ਅਤੇ ਮਹਿਤਾਬ ਬੋਪਾਰਾਏ ਸਨ ਅਤੇ ਉਹ ਵੀ ਤਿੰਨੇ ‘ਆਇਰਨਮੈਨ’ ਦਾ ਖ਼ਿਤਾਬ ਲੈ ਕੇ ਆਏ ਹਨ।
ਇਸ ਸ਼ਾਨਦਾਰ ਕਾਮਯਾਬੀ ਲਈ ਪਰਿਵਾਰ ਵੱਲੋਂ ਮਿਲੇ ਸਹਿਯੋਗ ਬਾਰੇ ਪੁੱਛਣ ‘ਤੇ ਉਸ ਨੇ ਦੱਸਿਆ ਕਿ ਕਿ ਪਰਿਵਾਰਕ ਸਹਿਯੋਗ ਤੋਂ ਬਗ਼ੈਰ ਤਾਂ ਇਹ ਸੰਭਵ ਹੀ ਨਹੀਂ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਵੱਲੋਂ ਉਸ ਨੂੰ ਹਰ ਕਿਸਮ ਦਾ ਸਹਿਯੋਗ ਮਿਲ ਰਿਹਾ ਹੈ ਅਤੇ ਇਸ ਮੁਕਾਬਲੇ ਲਈ ਵੀ ਉਸਦਾ ਬੇਟਾ ਰਾਜਪ੍ਰੀਤ ਸਿੰਘ ਉਸ ਦੇ ਨਾਲ ਸੈਕਰਾਮੈਂਟੋ ਗਿਆ ਸੀ। ਉਸਦੀ ਪਤਨੀ ਘਰ ਵਿਚ ਤਰ੍ਹਾਂ-ਤਰ੍ਹਾਂ ਦੇ ਖਾਣੇ ਤਿਆਰ ਕਰਕੇ ਪਰੋਸਦੀ ਹੈ। ਪਰਿਵਾਰ ਵਿਚ ਖੇਡਾਂ ਦੇ ਸ਼ੌਕ ਬਾਰੇ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਉਸ ਦੇ ਲਈ ਮਾਣ ਵਾਲੀ ਗੱਲ ਹੈ ਕਿ 1947 ਵਿਚ ਹੋਈ ‘ਵੰਡ’ ਤੋਂ ਬਾਅਦ ਪਰਿਵਾਰ ਦੇ ਪੰਜਾਬ ਵਿਚ ਆਉਣ ਦੇ ਸਮੇਂ ਤੋਂ ਲੈ ਕੇ 1970 ਤੱਕ ਉਨ੍ਹਾਂ ਦਾ ‘ਸਾਂਝਾ ਪਰਿਵਾਰ’ ਸੀ ਜਿਸ ਵਿਚ ਪਰਿਵਾਰ ਦੇ 60-70 ਮੈਂਬਰ ਸਨ ਅਤੇ ਉਨ੍ਹਾਂ ਵਿੱਚੋਂ ਅੱਧੇ, ਭਾਵ 30-40 ਆਪਣੇ ਸਮੇਂ ਚੰਗੇ ਖਿਡਾਰੀ ਰਹੇ ਹਨ ਜੋ ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਹਾਕੀ, ਫੁੱਟਬਾਲ, ਹੈਂਡਬਾਲ ਅਤੇ ਸ਼ੂਟਿੰਗ ਵਿੱਚ ਡਿਸਟ੍ਰਿਕਟ/ਇੰਟਰ-ਡਿਸਟ੍ਰਿਕਟ/ਇੰਟਰ-ਵਰਸਿਟੀਅਤੇ ਨੈਸ਼ਨਲ ਪੱਧਰ ਦੇ ਖਿਡਾਰੀ ਰਹੇ ਹਨ।
ਖ਼ੁਰਾਕ ਬਾਰੇ ਪੁੱਛਣ ‘ਤੇ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਘਰ ਦੀ ਬਣੀ ਹੋਈ ਸਾਦਾ ਖ਼ੁਰਾਕ ਖਾਂਦਾ ਹੈ ਜਿਸ ਵਿਚ ਸਬਜ਼ੀਆਂ, ਦਾਲਾਂ, ਚਾਵਲ, ਫ਼ੁਲਕੇ, ਆਦਿ ਸ਼ਾਮਲ ਹੁੰਦੇ ਹਨ। ਹਫ਼ਤੇ ਵਿਚ ਦੋ-ਤਿੰਨ ਵਾਰ ਉਹ ਚਿੱਕਨ, ਗੋਟ ਮੀਟ ਤੇ ਮੱਛੀ ਵੀ ਖਾਂਦਾ ਹੈ ਅਤੇ ਇਹ ਉਸ ਦੇ ਲਈ ਖਾਣਾ ਜ਼ਰੂਰੀ ਵੀ ਹੈ ਪਰ ਉਹ ‘ਦਾਰੂ’ ਦੇ ਨੇੜੇ ਨਹੀਂ ਜਾਂਦਾ। ਉਹ ਬਹੁਤ ਘੱਟ ਬੋਲਦਾ ਹੈ ਅਤੇ ਆਪਣੀ ਗੱਲ ਬਹੁਤ ਸੰਖੇਪ ਵਿੱਚ ਕਰਦਾ ਹੈ। ਸ਼ਾਇਦ ਇਹ ਵੀ ਸੋਚਦਾ ਹੋਵੇ ਕਿ ਬਹੁਤਾ ਬੋਲਣ ਨਾਲ ਸਰੀਰਕ ਊਰਜਾ ਜ਼ਾਇਆ ਹੁੰਦੀ ਹੈ ਜਿਸ ਨੂੰ ਉਹ ਅਗਲੇ ਸਖ਼ਤ ਮੁਕਾਬਲਿਆਂ ਲਈ ਸਾਂਭ ਕੇ ਰੱਖਣਾ ਚਾਹੁੰਦਾ ਹੈ ਜਿਨ੍ਹਾਂ ਵਿੱਚ ਉਹ ਭਵਿੱਖ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ। ਉਹ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈ ਕੇ ਇਨ੍ਹਾਂ ਵਿਚਲਾ ਆਪਣਾ ਸਮਾਂ ਘਟਾਉਣਾ ਚਾਹੁੰਦਾ ਹੈ। ਅੱਗੋਂ ਹੋਰ ਵੀ ਉਹ ਕਈ ਕੁਝ ਕਰਨਾ ਚਾਹੁੰਦਾ ਪਰ ਉਸ ਦੇ ਬਾਰੇ ਅਜੇ ਦੱਸ ਨਹੀਂ ਰਿਹਾ।
ਅੱਗੇ ਉਸ ਦੀ ਕੀ ਯੋਜਨਾ ਹੈ, ਇਹ ਤਾਂ ਭਵਿੱਖ ਵਿਚ ਸਮਾਂ ਹੀ ਦੱਸੇਗਾ। ਪ੍ਰਮਾਤਮਾ ਉਸ ਨੂੰ ਕਾਮਯਾਬੀ ਬਖ਼ਸ਼ੇ!

Check Also

10 ਦਸੰਬਰ : ਮਨੁੱਖੀ ਹੱਕਾਂ ਦੇ 76ਵੇਂ ਵਰ੍ਹੇ ‘ਤੇ ਵਿਸ਼ੇਸ਼

‘ਮਨੁੱਖੀ ਅਧਿਕਾਰ ਦਿਵਸ’ ਬਨਾਮ ‘ਕਾਲੀ ਦਸਤਾਰ ਦਿਵਸ’ ਯੂ ਐਨ ਓ ਦਾ ਮਹਿਜ਼ ਘੋਸ਼ਣਾ-ਪੱਤਰ ਬਣ ਕੇ …