Breaking News
Home / ਸੰਪਾਦਕੀ / ਕੈਨੇਡਾ ਦੀਆਂ ਚੋਣਾਂ ਅਤੇ ਚੁਣੌਤੀਆਂ

ਕੈਨੇਡਾ ਦੀਆਂ ਚੋਣਾਂ ਅਤੇ ਚੁਣੌਤੀਆਂ

ਐਤਕੀਂ ਕੈਨੇਡਾ ਦੀਆਂ ਚੋਣਾਂ ਕਈ ਕੋਣਾਂ ਤੋਂ ਮਹੱਤਵਪੂਰਨ ਸਨ। ਚੋਣ ਕਿਆਸ ਕੈਨੇਡਾ ਦੇ ਮੌਸਮ ਵਾਂਗ ਵਾਰ-ਵਾਰ ਰੰਗ ਬਦਲਦੇ ਰਹੇ। ਕੈਨੇਡਾ ਵਸਦੇ ਪਰਵਾਸੀ ਦੱਖਣੀ ਏਸ਼ਿਆਈ ਭਾਈਚਾਰਿਆਂ ਦੀ ਚੋਣਾਂ ਵਿੱਚ ਭਰਵੀਂ ਸ਼ਮੂਲੀਅਤ, ਵਪਾਰ ਯੁੱਧ ਅਤੇ ਪਰਵਾਸੀਆਂ ਪ੍ਰਤੀ ਨੀਤੀ ਕਾਰਨ ਇਹ ਚੋਣਾਂ ਹੋਰ ਰੌਚਕ ਤੇ ਉਤਸੁਕਤਾ ਵਾਲੀਆਂ ਸਨ। ਕੈਨੇਡਾ ਦੀ ਲਿਬਰਲ ਪਾਰਟੀ ਨੇ ਸੰਸਦ ਦੀਆਂ ਕੁੱਲ 343 ਸੀਟਾਂ ਵਿੱਚੋਂ 169 ਸੀਟਾਂ ਹਾਸਲ ਕਰਕੇ ਲਗਾਤਾਰ ਤੀਜੀ ਵਾਰ ਬਾਜ਼ੀ ਮਾਰ ਲਈ ਅਤੇ 43.7% ਵੋਟਾਂ ਹਾਸਲ ਕਰ ਕੇ ਕੈਨੇਡਾ ਦੇ ਪਿਛਲੇ ਚਾਰ ਦਹਾਕਿਆਂ ਦੇ ਚੋਣ ਇਤਿਹਾਸ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਦਾ ਰਿਕਾਰਡ ਵੀ ਬਣਾਇਆ। ਕੰਸਰਵੇਟਿਵ ਪਾਰਟੀ ਪਿਛਲੇ ਸਾਲਾਂ ਨਾਲੋਂ ਵੋਟ ਪ੍ਰਤੀਸ਼ਤ ਦੇ ਵਾਧੇ ਦੇ ਬਾਵਜੂਦ 144 ਸੀਟਾਂ ਨਾਲ ਦੂਜੇ ਸਥਾਨ ‘ਤੇ ਰਹਿ ਗਈ ਅਤੇ ਇਸਦਾ ਪਾਰਟੀ ਪ੍ਰਧਾਨ ਪੀਅਰੇ ਪੋਲੀਵਰ ਖੁਦ ਚੋਣ ਹਾਰ ਗਿਆ ਹੈ। ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕਰੇਟਿਕ ਪਾਰਟੀ (ਐੱਨਡੀਪੀ) 7 ਸੀਟਾਂ ਤੱਕ ਸਿਮਟਣ ਨਾਲ ਕੌਮੀ ਪਾਰਟੀ ਦਾ ਰੁਤਬਾ ਵੀ ਗੁਆ ਚੁੱਕੀ ਹੈ। ਸਰਕਾਰ ਬਣਾਉਣ ਲਈ 172 ਸੀਟਾਂ ਦੇ ਟੀਚੇ ਦੇ ਬਿਲਕੁੱਲ ਨਜ਼ਦੀਕ ਹੋਣ ਦੇ ਬਾਵਜੂਦ ਲਿਬਰਲਾਂ ਨੂੰ ਬਹੁਮਤ ਵਾਲੀ ਸਰਕਾਰ ਬਣਾਉਣ ਦਾ ਸੁਖ ਨਹੀਂ ਮਿਲੇਗਾ ਅਤੇ ਮਿਲੀਜੁਲੀ ਸਰਕਾਰ ਬਣਨ ਨਾਲ ਕੈਨੇਡਾ ਦੀ ਸਿਆਸਤ ਵਿੱਚ ਟਰੂਡੋ ਵਜ਼ਾਰਤ ਵਾਂਗ ਮੁੜ ਸਿਆਸੀ ਅਸਥਿਰਤਾ ਦਾ ਮਾਹੌਲ ਰਹੇਗਾ।
ਨਵੇਂ ਸਾਲ ਦੀ ਆਮਦ ਨਾਲ ਹੀ ਕੈਨੇਡਾ-ਅਮਰੀਕਾ ਦੇ ਸਿਆਸੀ ਵਾਤਾਵਰਨ ਵਿੱਚ ਤਿੱਖੀ ਹਲਚਲ ਦੇ ਬੱਦਲ ਛਾਏ ਰਹੇ। ਇੱਕ ਪਾਸੇ ਅਮਰੀਕਾ ਅੰਦਰ ਡੋਨਲਡ ਟਰੰਪ ਦੀ ਆਮਦ, ਦੂਜੇ ਪਾਸੇ ਕੈਨੇਡਾ ਦੀ ਸਿਅਸਤ ਵਿੱਚ ਆਈ ਸਮਾਜਿਕ-ਸਿਆਸੀ ਅਸਥਿਰਤਾ ਕਾਰਨ ਸਿਆਸੀ ਮਾਹਿਰਾਂ ਦੀਆਂ ਚੋਣ ਕਿਆਸ-ਅਰਾਈਆਂ ਲਗਾਤਾਰ ਕਰਵਟ ਬਦਲਦੀਆਂ ਰਹੀਆਂ। ਕੋਵਿਡ-19 ਤੋਂ ਬਾਅਦ ਵਧਦੀ ਮਹਿੰਗਾਈ, ਭਾਰਤ ਨਾਲ ਕੂਟਨੀਤਕ ਸਬੰਧਾਂ ‘ਚ ਕੁੜੱਤਣ, ਕੌਮਾਂਤਰੀ ਵਿਦਿਆਰਥੀਆਂ ਅਤੇ ਪਰਵਾਸੀਆਂ ਦੀ ਆਮਦ ਘਟਾਉਣ ਲਈ ਬਦਲੀਆਂ ਆਵਾਸ ਨੀਤੀਆਂ, ਰਿਹਾਇਸ਼ੀ ਘਰਾਂ ਦਾ ਸੰਕਟ ਆਦਿ ਕਾਰਨਾਂ ਕਰਕੇ ਪੈਦਾ ਹੋਈ ਸਮਾਜਿਕ ਬੇਚੈਨੀ ਨੂੰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਨਾਲ ਥੋੜ੍ਹੀ ਠੱਲ੍ਹ ਪਈ।
ਨਵੰਬਰ 2024 ਦੇ ਇੱਕ ਸਰਵੇਖਣ ਮੁਤਾਬਿਕ, ਕੰਸਰਵੇਟਿਵ ਪਾਰਟੀ ਦੇ ਮੁਕਾਬਲੇ ਟਰੂਡੋ ਸਰਕਾਰ ਦੀ ਲੋਕਪ੍ਰਿਅਤਾ ਤੇਜ਼ੀ ਨਾਲ ਘਟ ਰਹੀ ਸੀ ਅਤੇ ਕੈਨੇਡਾ ਦੀਆਂ ਚੋਣਾਂ ਵਿੱਚ ਕੰਸਰਵੇਟਿਵ ਪਾਰਟੀ ਦੀ ਸਰਕਾਰ ਬਣਨ ਦੇ ਹਾਲਾਤ ਪੈਦਾ ਹੋ ਗਏ ਸਨ। ਲੋਕ ਵਿਰੋਧ ਅਤੇ ਸਿਆਸੀ ਅਸਥਿਰਤਾ ਦੇ ਅਜਿਹੇ ਮਾਹੌਲ ਵਿੱਚ ਟਰੂਡੋ ਦੁਆਰਾ ਆਪਣੇ ਭਾਵੁਕ ਭਾਸ਼ਣ ਨਾਲ ਅਸਤੀਫਾ ਦੇਣ ਦੀ ਨੈਤਿਕਤਾ ਦਿਖਾਉਣਾ ਅਤੇ ਦੂਜੇ ਪਾਸੇ ਜਨਵਰੀ ਵਿੱਚ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਟਰੰਪ ਦੇ ਕੈਨੇਡਾ ਉੱਤੇ ਟੈਰਿਫ ਹਮਲੇ ਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਕੌਮੀ ਤ੍ਰਿਸਕਾਰ ਭਰੀ ਧਮਕੀ ਨੇ ਕੈਨੇਡਾ ‘ਚ ਪੈਦਾ ਹੋਏ ਸਿਆਸੀ ਤੂਫਾਨ ਦਾ ਮੁਹਾਣ ਹੀ ਬਦਲ ਦਿੱਤਾ। ਲਗਾਤਾਰ 10 ਸਾਲ ਰਾਜ ਕਰਨ ਦੇ ਬਾਵਜੂਦ ਕੈਨੇਡੀਅਨਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਨਾ ਕਰ ਸਕਣ ਦੀ ਆਲੋਚਨਾ ਵਿੱਚ ਘਿਰੀ ਸਰਕਾਰ ਲਈ ਟਰੰਪ ਦੀਆਂ ਧਮਕੀਆਂ ਵਰਦਾਨ ਬਣ ਕੇ ਬਹੁੜੀਆਂ। ਨਾਜ਼ੁਕ ਹਾਲਾਤ ਦਾ ਲਾਹਾ ਲੈਂਦਿਆਂ ਲਿਬਰਲਾਂ ਨੇ ਇੱਕੋ ਸਮੇਂ ਦੋ ਅਹਿਮ ਸਿਆਸੀ ਦਾਅ ਖੇਡੇ। ਇੱਕ: ਟਰੂਡੋ ਦੀ ਥਾਂ ਪਾਰਟੀ ਦੀ ਕਮਾਂਡ ਸਿਆਸੀ ਮੈਦਾਨ ‘ਚ ਨਵੇਂ ਮਾਰਕ ਕਾਰਨੀ ਨੂੰ ਸੌਂਪਣੀ; ਦੂਜਾ, ਅਮਰੀਕਾ ਦੇ ਵਪਾਰਕ-ਕੂਟਨੀਤਕ ਹਮਲਿਆਂ ਤੋਂ ਸੁਰੱਖਿਆ ਲਈ ਲੋਕਾਂ ਨੂੰ ਰਾਸ਼ਟਰਵਾਦੀ ਏਜੰਡੇ ਦੁਆਲੇ ਲਾਮਬੰਦ ਕਰਨਾ। ਟਰੰਪ ਦੀਆਂ ਅਰਾਜਕ ਨੀਤੀਆਂ ਅਤੇ ਬਿਆਨਾਂ ਤੋਂ ਭੈਅਭੀਤ ਹੋਏ ਕੈਨੇਡੀਅਨਾਂ ਨੇ ਆਪਣੀਆਂ ਬੁਨਿਆਦੀ ਲੋੜਾਂ ਭੁੱਲ ਕੇ ਕੈਨੇਡਾ ਦੇ ਵਜੂਦ ਨੂੰ ਪੈਦਾ ਹੋਈ ਚੁਣੌਤੀ ਨਾਲ ਨਜਿੱਠਣ ਨੂੰ ਤਰਜੀਹ ਦਿੱਤੀ। ਕੈਨੇਡਾ ਦੀ ਨਿਘਰਦੀ ਆਰਥਿਕ ਸਿਹਤ ਦੇ ਇਲਾਜ ਲਈ ਕੈਨੇਡੀਅਨਾਂ ਨੇ ਰਵਾਇਤੀ ਸਿਆਸਤਦਾਨਾਂ ਨਾਲੋਂ ਵੱਧ ਅਰਥ ਸ਼ਾਸਤਰੀ ‘ਤੇ ਭਰੋਸਾ ਕੀਤਾ। ਮਾਰਕ ਕਾਰਨੀ ਨੂੰ ਆਰਥਿਕ-ਵਪਾਰਕ ਮਾਮਲਿਆਂ ਦਾ ਮਾਹਿਰ ਮੰਨਿਆ ਜਾਂਦਾ ਹੈ। ਕਾਰਨੀ ਨੂੰ ਇੰਗਲੈਂਡ ਅਤੇ ਕੈਨੇਡਾ ਦੀ ਕੇਂਦਰੀ ਬੈਂਕ ਦੇ ਗਵਰਨਰ ਰਹਿਣ ਦੇ ਨਾਲ-ਨਾਲ ਬ੍ਰਿਗਜ਼ਿਟ ਗੱਲਬਾਤ ਲਈ ਬਰਤਾਨੀਆ ਦੀ ਅਗਵਾਈ ਕਰਨ ਅਤੇ ਕੈਨੇਡਾ ਨੂੰ ਅਮਰੀਕਾ ਦੇ 2008 ਵਾਲੇ ਸੰਕਟ ਵਿੱਚੋਂ ਕੱਢਣ ਵਾਲੇ ਆਰਥਿਕ ਮਾਮਲਿਆਂ ਦੇ ਮਾਹਿਰ ਵਜੋਂ ਪੇਸ਼ ਕੀਤਾ ਗਿਆ।
ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਦੀ ਕਮਾਂਡ ਸਾਂਭਣ ਤੋਂ ਤੁਰੰਤ ਬਾਅਦ ਮਾਰਕ ਕਾਰਨੀ ਨੇ ਜਿੱਥੇ ਕੈਨੇਡੀਅਨਾਂ ਨੂੰ ਕਾਰਬਨ ਟੈਕਸ ਮੁਆਫ ਕਰਨ, ਟੈਕਸ ਘੱਟ ਕਰਨ, ਸਾਲਾਨਾ ਪੰਜ ਲੱਖ ਨਵੇਂ ਰਿਹਾਇਸ਼ੀ ਮਕਾਨ ਬਣਾਉਣ, ਵਾਤਾਵਰਨ ਸੰਕਟ ਨਾਲ ਨਜਿੱਠਣ, ਨੌਕਰੀਆਂ ਪੈਦਾ ਕਰਨ, ਮਹਿੰਗਾਈ ਨੂੰ ਨੱਥ ਪਾਉਣ ਆਦਿ ਵਰਗੇ ਵਾਅਦੇ ਕਰਕੇ ਵਿਰੋਧੀ ਧਿਰ ਦਾ ਏਜੰਡਾ ਖੋਹ ਲਿਆ ਉੱਥੇ ਉਸ ਨੇ ਕੌਮੀ ਸੁਰੱਖਿਆ ਸਥਾਪਿਤ ਕਰਨ, ਯੂਰੋਪ ਅਤੇ ਏਸ਼ੀਆ ਨਾਲ ਦੁਵੱਲੇ ਵਪਾਰਕ ਸਬੰਧ ਕਾਇਮ ਕਰਨ, ਟਰੰਪ ਦੀਆਂ ਨੀਤੀਆਂ ਦਾ ਸਪੱਸ਼ਟਤਾ ਤੇ ਦਲੇਰੀ ਨਾਲ ਵਿਰੋਧ ਕਰਨ ਅਤੇ ਦੂਜੇ ਦੇਸ਼ਾਂ ਨਾਲ ਕੂਟਨੀਤਕ ਸਬੰਧ ਮਜ਼ਬੂਤ ਕਰਨ ਦੀ ਭਾਵਨਾ ਦਿਖਾ ਕੇ ਕੈਨੇਡੀਅਨਾਂ ਵਿੱਚ ਲਿਬਰਲਾਂ ਪ੍ਰਤੀ ਮੁੜ ਵਿਸ਼ਵਾਸ ਤੇ ਆਸ ਦੀ ਲਹਿਰ ਪੈਦਾ ਕਰ ਦਿੱਤੀ।
ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਜਲਦੀ ਚੋਣਾਂ ਕਰਵਾਉਣ ਦਾ ਐਲਾਨ ਕਰ ਕੇ ਲਿਬਰਲਾਂ ਨੇ ਮੌਕਾ ਸਾਂਭ ਲਿਆ। ਉੱਧਰ, ਪੀਅਰੇ ਪੋਲੀਵਰ ਦੁਆਰਾ ਟਰੰਪ ਦੇ ‘ਅਮਰੀਕਾ ਫਸਟ’ ਦੇ ਕੌਮੀ ਸ਼ਾਵਨਵਾਦੀ ਸਨਕ ਦਾ ਜਵਾਬ ‘ਕੈਨੇਡਾ ਫਸਟ’ ਦੀ ਉਸੇ ਮਾਅਰਕੇਬਾਜ਼ ਸੁਰ ਵਿੱਚ ਦੇਣ ਨਾਲ ਉਸ ਵਿੱਚੋਂ ਟਰੰਪ ਦਾ ਪਰਛਾਵਾਂ ਝਲਕਦਾ ਸੀ ਜੋ ਕੈਨੇਡੀਅਨ ਸੱਭਿਆਚਾਰ ਤੇ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਸੀ। ਟਰੰਪ ਦੀਆਂ ਨੀਤੀਆਂ ਖਿਲਾਫ ‘ਟੀਮ ਕੈਨੇਡਾ’ ਤਿਆਰ ਕਰ ਕੇ ਲਿਬਰਲਾਂ ਨੇ ਪੀਅਰ ਦਾ ਆਖਰੀ ਏਜੰਡਾ ਖੋਹ ਕੇ ਉਸ ਨੂੰ ਨਿਹੱਥਾ ਕਰ ਦਿੱਤਾ।
-ਮਨਦੀਪ

Check Also

ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਚਿੰਤਾ ਦਾ ਵਿਸ਼ਾ

ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਮਜੀਠਾ ਅਧੀਨ ਆਉਂਦੇ ਕੁਝ ਪਿੰਡਾਂ ਵਿਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ …