Breaking News
Home / ਸੰਪਾਦਕੀ / ਪੰਜਾਬ ‘ਚ ਬੇਰੋਕ ਵਧ ਰਹੀ ਨਸ਼ਿਆਂ ਦੀ ਸਮੱਸਿਆ

ਪੰਜਾਬ ‘ਚ ਬੇਰੋਕ ਵਧ ਰਹੀ ਨਸ਼ਿਆਂ ਦੀ ਸਮੱਸਿਆ

ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਨਸ਼ੇ ਦਾ ਜਿੰਨ ਬੋਤਲ ‘ਚ ਬੰਦ ਨਹੀਂ ਹੋ ਸਕਿਆ ਸੂਬੇ ‘ਚ ਨਸ਼ਿਆਂ ਦੀ ਤਸਕਰੀ ਅਤੇ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਵਿਚ ਬੀਤੇ ਸਮੇਂ ਨਾਲੋਂ ਬੇਹਿਸਾਬਾ ਵਾਧਾ ਹੋਇਆ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਸ ਗ਼ੈਰਕਾਨੂੰਨੀ ਕਾਰੋਬਾਰ ਨੂੰ ਲੈ ਕੇ ਸੂਬੇ ‘ਚ ਇਕ ਅਜਿਹਾ ਸ਼ਕਤੀਸ਼ਾਲੀ ਮਾਫ਼ੀਆ ਸਰਗਰਮ ਹੈ, ਜਿਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੋ ਚੁੱਕੀਆਂ ਹਨ। ਇਸੇ ਕਾਰਨ ਇਹ ਮਾਫ਼ੀਆ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਸੂਬੇ ਦੀ ਕਿਸੇ ਵੀ ਸਰਕਾਰ ਵਲੋਂ ਇਸ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਿਆ ਹੈ। ਨਸ਼ਾ ਮਾਫ਼ੀਆ ਨੂੰ ਰਾਜਨੀਤੀ ਅਤੇ ਸੱਤਾਧਾਰੀ ਧਿਰ ਦੀ ਸ਼ੁਰੂ ਤੋਂ ਹੀ ਸਰਪ੍ਰਸਤੀ ਹਾਸਿਲ ਰਹੀ ਹੈ। ਇਸ ਦਾ ਸਬੂਤ ਇਸ ਗੱਲ ਤੋਂ ਵੀ ਮਿਲ ਜਾਂਦਾ ਹੈ ਕਿ ਹਾਲ ਹੀ ‘ਚ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਕ ਮੰਤਰੀ ਦਾ ਰਿਸ਼ਤੇਦਾਰ ਇਕ ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਤੱਥ ਇਸ ਘਟਨਾ ਨੂੰ ਹੋਰ ਵੀ ਸਨਸਨੀਖੇਜ਼ ਬਣਾਉਂਦਾ ਹੈ ਕਿ ਫੜੇ ਗਏ ਨੌਜਵਾਨ ਨੇ ਨਸ਼ੇ ਦੀ ਇਹ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ।
ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਨਸ਼ਾ ਤਸਕਰੀ ਦੀਆਂ ਖ਼ਬਰਾਂ ਪਹਿਲਾਂ ਵੀ ਮਿਲਦੀਆਂ ਰਹੀਆਂ ਹਨ। ਬਿਨਾਂ ਸ਼ੱਕ ‘ਆਪ’ ਵਿਧਾਇਕ ਨੇ ਇਸ ਮਾਮਲੇ ‘ਚ ਕੋਈ ਹੱਥ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਉਨ੍ਹਾਂ ਨੇ ਫੜੇ ਗਏ ਵਿਅਕਤੀ ਨੂੰ ਆਪਣਾ ਰਿਸ਼ਤੇਦਾਰ ਮੰਨਣ ਤੋਂ ਵੀ ਇਨਕਾਰ ਕੀਤਾ ਹੈ, ਪਰ ਪੁਲਿਸ ਵਲੋਂ ਇਕੱਤਰ ਜਾਣਕਾਰੀ ਅਤੇ ਸਾਹਮਣੇ ਆਏ ਵੇਰਵੇ ਆਪਣੀ ਗੱਲ ਖ਼ੁਦ ਕਹਿੰਦੇ ਦਿਖਾਈ ਦੇ ਰਹੇ ਹਨ। ਇਸ ਜਾਣਕਾਰੀ ‘ਚ ਖ਼ੁਦ ‘ਆਪ’ ਵਿਧਾਇਕ ਦੇ ਖਿਲਾਫ ਵੀ ਸਾਲ 2002 ‘ਚ ਨਸ਼ਾ ਤਸਕਰੀ ਦੇ ਦੋਸ਼ ‘ਚ ਕੇਸ ਦਰਜ ਹੋ ਚੁੱਕਾ ਹੈ। ਹਾਲ ਹੀ ‘ਚ ਅੰਮ੍ਰਿਤਸਰ ‘ਚ ਇਕੱਠਿਆਂ 9 ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਵੀ ਹਾਲਾਤ ਦੀ ਗੰਭੀਰਤਾ ਨੂੰ ਬਿਆਨ ਕਰਦੀ ਹੈ। ਇਨ੍ਹਾਂ ਤੋਂ ਡਰੱਗ ਮਨੀ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਵੀ ਮਿਲੀ ਹੈ। ਸੂਬੇ ‘ਚ ਨਸ਼ੇ ਦੇ ਪ੍ਰਸਾਰ ਦੀ ਇਕ ਹੋਰ ਵੱਡੀ ਘਟਨਾ ਵੀ ਸੂਬਾ ਸਰਕਾਰ ਵਲੋਂ ਨਸ਼ੇ ਦੇ ਖ਼ਾਤਮੇ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਦਾਅਵਿਆਂ ਦੀ ਪੋਲ ਖੋਲ੍ਹਣ ਲਈ ਕਾਫ਼ੀ ਹੈ। ਇਸ ਘਟਨਾ ਮੁਤਾਬਿਕ ਨਸ਼ੇ ਦੇ ਇਕ ਤਸਕਰ ਵਲੋਂ ਇਕ ਨਸ਼ੇੜੀ ਨੂੰ ਜ਼ਬਰਦਸਤੀ ਨਸ਼ੇ ਦੀ ਓਵਰਡੋਜ਼ ਵਾਲਾ ਟੀਕਾ ਲਗਾ ਕੇ ਮਾਰ ਦਿੱਤਾ ਗਿਆ। ਪੁਲਿਸ ਰਿਪੋਰਟ ਅਨੁਸਾਰ ਨਸ਼ੇ ਦਾ ਤਸਕਰ ਨੌਜਵਾਨ ਵਲੋਂ ਉਸ ਕੋਲੋਂ ਨਸ਼ਾ ਨਾ ਖ਼ਰੀਦ ਕੇ ਕਿਸੇ ਹੋਰ ਕੋਲੋਂ ਖ਼ਰੀਦੇ ਜਾਣ ਕਾਰਨ ਉਸ ਤੋਂ ਖ਼ਫਾ ਸੀ।
ਇਹ ਦੋ ਘਟਨਾਵਾਂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਸ਼ਿਆਂ ਖਿਲਾਫ ਕੀਤੇ ਗਏ ਯਤਨਾਂ ਦਾ ਮੂੰਹ-ਚਿੜਾਉਂਦੀਆਂ ਦਿਖਾਈ ਦਿੰਦੀਆਂ ਹਨ। ਇਸ ਤੋਂ ਇਲਾਵਾ ਨਸ਼ੇ ਦਾ ਕਾਰੋਬਾਰ ਤੇ ਤਸਕਰੀ ‘ਚ ਔਰਤਾਂ ਦੀ ਸ਼ਮੂਲੀਅਤ ਵੀ ਚਿੰਤਾ ਦਾ ਇਕ ਵੱਡਾ ਕਾਰਨ ਬਣਦੀ ਜਾ ਰਹੀ ਹੈ। ਲੁਧਿਆਣਾ ਦੇ ਇਕ ਪਿੰਡ ਦੀ ਇਸ ਘਟਨਾ ਲਈ ਗ੍ਰਿਫ਼ਤਾਰ ਲੋਕਾਂ ‘ਚ ਇਕ ਔਰਤ ਵੀ ਸ਼ਾਮਿਲ ਦੱਸੀ ਜਾਂਦੀ ਹੈ। ਅਜੇ ਦੋ ਹੀ ਦਿਨ ਪਹਿਲਾਂ ਮਾਝਾ ਖੇਤਰ ‘ਚ ਨਸ਼ੇ ਦੀ ਸਪਲਾਈ ਦੇ ਦੋਸ਼ ‘ਚ ਇਕ ਔਰਤ ਨੂੰ ਕਾਬੂ ਕੀਤਾ ਗਿਆ ਸੀ।
ਤਰਨ ਤਾਰਨ ਦੇ ਇਕ ਪਿੰਡ ਦੇ ਇਕ ਪਤੀ-ਪਤਨੀ ਨੂੰ ਚੰਡੀਗੜ੍ਹ ਦੀ ਪੁਲਿਸ ਨੇ ਉਨ੍ਹਾਂ ਨੂੰ ਹੈਰੋਇਨ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ‘ਆਪ’ ਆਗੂਆਂ ਅਤੇ ਵਿਧਾਇਕਾਂ ਵਲੋਂ ਨਸ਼ਾ ਤਸਕਰੀ ‘ਚ ਸ਼ਾਮਿਲ ਅਤੇ ਫੜੇ ਜਾਣ ਵਾਲੇ ਨੌਜਵਾਨਾਂ ਨੂੰ ਛੁਡਾਉਣ ਜਾਂ ਉਨ੍ਹਾਂ ਨੂੰ ਬਚਾਉਣ ਦੇ ਲੱਗ ਰਹੇ ਦੋਸ਼ਾਂ ਨੂੰ ਲੈ ਕੇ ਵੀ ‘ਆਪ’ ਸਰਕਾਰ ਸਵਾਲਾਂ ਦੇ ਘੇਰੇ ‘ਚ ਹੈ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਖੇਮਕਰਨ ਦੇ ਵਿਧਾਇਕ ਦੇ ਰਿਸ਼ਤੇਦਾਰ ਦੇ ਨਸ਼ੇ ਦੀ ਤਸਕਰੀ ‘ਚ ਫੜੇ ਜਾਣ ਨੂੰ ਇਕ ਵੱਡਾ ਮਾਮਲਾ ਦੱਸਿਆ ਹੈ। ਆਮ ਤੌਰ ‘ਤੇ ‘ਆਪ’ ਆਗੂਆਂ, ਮੰਤਰੀਆਂ ਤੇ ਵਿਧਾਇਕਾਂ ਵਲੋਂ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਲਈ ਪੁਲਿਸ ‘ਤੇ ਦਬਾਅ ਪਾਉਣ ਦੇ ਦੋਸ਼ ਵੀ ਲਗਾਏ ਜਾਂਦੇ ਰਹੇ ਹਨ। ਨਸ਼ਾ ਤਸਕਰੀ ਦੇ ਦੋਸ਼ਾਂ ‘ਚ ਫੜੇ ਗਏ ਇਕ ਦੋਸ਼ੀ ਨੂੰ ਛੁਡਾਉਣ ਲਈ ਇਕ ‘ਆਪ’ ਵਿਧਾਇਕ, ਪੁਲਿਸ ਅਧਿਕਾਰੀਆਂ ਅਤੇ ਨਸ਼ਾ ਤਸਕਰਾਂ ਵਿਚਕਾਰ ਗੁਪਤ ਲੈਣ-ਦੇਣ ‘ਚ ਸ਼ਾਮਿਲ ਹੋਣ ਦੀ ਵੀ ਸੂਚਨਾ ਮਿਲੀ ਹੈ। ਇਸ ਸੌਦੇਬਾਜ਼ੀ ‘ਚ 40 ਲੱਖ ਰੁਪਏ ਤੱਕ ਦਾ ਸੌਦਾ ਹੋਇਆ ਦੱਸਿਆ ਜਾਂਦਾ ਹੈ। ਇਸ ਮਾਮਲੇ ਦੀ ਗੂੰਜ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਣ ਦੀ ਸੂਚਨਾ ਨਾਲ ਇਨ੍ਹਾਂ ਲੋਕਾਂ ‘ਚ 25 ਲੱਖ ਰੁਪਏ ਦੇ ਇਕ ਹੋਰ ਲੈਣ-ਦੇਣ ਦੀ ਵੀ ਸੂਚਨਾ ਪ੍ਰਾਪਤ ਹੋਈ ਹੈ। ਫਿਰੋਜ਼ਪੁਰ ਦੇ ਇਲਾਕੇ ‘ਚ ਇਕ ਸੜਕ ਹਾਦਸੇ ਤੋਂ ਬਾਅਦ ਕਾਰ ‘ਚੋਂ ਸੱਤ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੇ ਜਾਣ ਦਾ ਮਾਮਲਾ ਵੀ ਹੈਰਾਨ ਕਰਨ ਵਾਲਾ ਹੈ। ਇਸ ਖੇਪ ਦੀ ਬਰਾਮਦਗੀ ਅਚਾਨਕ ਹੀ ਹੋਈ ਦੱਸੀ ਜਾਂਦੀ ਹੈ। ਇਕ ਕਾਰ ਜਦੋਂ ਦੋ ਲੋਕਾਂ ਨੂੰ ਕੁਚਲਣ ਤੋਂ ਬਾਅਦ ਪਲਟ ਗਈ ਤਾਂ ਪੁਲਿਸ ਨੂੰ ਉਸ ਦੀ ਤਲਾਸ਼ੀ ਦੌਰਾਨ ਉਪਰੋਕਤ ਹੈਰੋਇਨ ਬਰਾਮਦ ਹੋਈ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਪ੍ਰਦੇਸ਼ ‘ਚ ਨਸ਼ੇ ਦੇ ਜਾਲ ਨੂੰ ਵਧਾਉਣ ਲਈ ਤਸਕਰਾਂ ਵਲੋਂ ਮਿਜ਼ੋਰਮ ਰਾਹੀਂ ਇਕ ਨਵਾਂ ਰਾਹ ਲੱਭ ਲਿਆ ਗਿਆ ਹੈ। ਇੱਥੋਂ ਹੈਰੋਇਨ ਦਿੱਲੀ ਤੱਕ ਪਹੁੰਚਾਈ ਜਾਂਦੀ ਹੈ ਅਤੇ ਫਿਰ ਦਿੱਲੀ ਤੋਂ ਕਈ ਮਾਰਗਾਂ ਰਾਹੀਂ ਇਸ ਦੀ ਖੇਪ ਪੰਜਾਬ ਦੇ ਵੱਖ-ਵੱਖ ਕੇਂਦਰਾਂ ਤੱਕ ਭੇਜੀ ਜਾਂਦੀ ਹੈ। ਇਸ ਤਰ੍ਹਾਂ ਪੰਜਾਬ ‘ਚ ਨਸ਼ਾ ਸਪਲਾਈ ਦਾ ਇਕ ਬਹੁਤ ਵੱਡਾ ਤਾਣਾ-ਬਾਣਾ ਤਿਆਰ ਕੀਤਾ ਜਾ ਰਿਹਾ ਹੈ, ਪਰ ਪੰਜਾਬ ਦੀ ਸਰਕਾਰ, ਉਸ ਦੇ ਨੇਤਾ, ਵਿਧਾਇਕ ਅਤੇ ਮੰਤਰੀ ਆਪਣੇ ਸਵਾਰਥਾਂ ਦੀ ਰਾਜਨੀਤੀ ਕਰਦੇ ਹੀ ਦਿਖਾਈ ਦਿੰਦੇ ਹਨ। ਸੂਬੇ ਦੀ ਪੁਲਿਸ ਵੀ ਸਿਆਸੀ ਨੇਤਾਵਾਂ ਦੇ ਦਬਾਅ ‘ਚ ਬੇਵੱਸ ਹੋਈ ਨਜ਼ਰ ਆਉਂਦੀ ਹੈ। ਸੂਬੇ ‘ਚ ਇਹ ਜੋ ਨਸ਼ੇ ਦੇ ਟੀਕੇ ਲਗਾਉਣ ਦਾ ਨਵਾਂ ਰੁਝਾਨ ਵਧਿਆ ਹੈ, ਉਸ ਨੇ ਨੌਜਵਾਨ ਪੀੜ੍ਹੀ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ। ਨਤੀਜਾ ਇਹ ਨਿਕਲਦਾ ਹੈ ਕਿ ਕੱਲ੍ਹ ਤੱਕ ਪੰਜਾਬ ਦੀ ਜਿਸ ਨੌਜਵਾਨ ਸ਼ਕਤੀ ‘ਤੇ ਮਾਣ ਕੀਤਾ ਜਾਂਦਾ ਸੀ, ਅੱਜ ਇਹ ਨੌਜਵਾਨ ਸ਼ਕਤੀ ਨਸ਼ੇ ਦੀ ਦਲਦਲ ‘ਚ ਲਗਾਤਾਰ ਧਸਦੀ ਜਾ ਰਹੀ ਹੈ।
ਬਿਨਾਂ ਸ਼ੱਕ ਇਹ ਦੇਸ਼ ਹਿੱਤ ਨਾਲ ਜੁੜਿਆ ਇਕ ਅਜਿਹਾ ਮਸਲਾ ਹੈ, ਜਿਸ ਨੂੰ ਰਾਜਨੀਤੀ ਨੇ ਅਗਵਾ ਕਰ ਲਿਆ ਹੈ। ਸੂਬਾ ਤੇਜ਼ੀ ਨਾਲ ਨਸ਼ੇ ਦੀ ਦਲਦਲ ਵਿਚ ਗਰਕ ਹੁੰਦਾ ਜਾ ਰਿਹਾ ਹੈ। ਜੇਕਰ ਪੰਜਾਬ ਨੂੰ ਮੁੜ ਨੌਜਵਾਨ ਸ਼ਕਤੀ ਵਾਲਾ ਸੂਬਾ ਬਣਾਉਣਾ ਹੈ, ਜੇਕਰ ਇਸ ਦੇ ਨੌਜਵਾਨਾਂ ਨੂੰ ਦੇਸ਼-ਹਿਤ ਨਾਲ ਜੋੜਨਾ ਹੈ, ਤਾਂ ਨਸ਼ਿਆਂ ਦੀ ਸਮੱਸਿਆ, ਨਸ਼ਿਆਂ ਦੀ ਤਸਕਰੀ ਅਤੇ ਇਸ ਦੇ ਸੇਵਨ ਦੇ ਵਧਦੇ ਰੁਝਾਨ ਨੂੰ ਸਖ਼ਤੀ ਨਾਲ ਰੋਕਣਾ ਹੋਵੇਗਾ। ਇਸ ਲਈ ਸੂਬੇ ਦੀ ਸਰਕਾਰ ਨੂੰ ਆਪਣੇ ਨੇਤਾਵਾਂ, ਮੰਤਰੀਆਂ, ਵਿਧਾਇਕਾਂ ‘ਤੇ ਲਗਾਮ ਕੱਸਣ ਦੇ ਨਾਲ-ਨਾਲ ਸੂਬੇ ਦੀ ਪ੍ਰਸ਼ਾਸਨਿਕ ਵਿਵਸਥਾ ਅਤੇ ਪੁਲਿਸ ਤੰਤਰ ਨੂੰ ਵੀ ਮੁਸਤੈਦ ਕਰਨਾ ਹੋਵੇਗਾ।

Check Also

ਪਾਕਿਸਤਾਨ ਦੀ ਸਿਆਸਤ ਦੇ ਸਮੀਕਰਨ

ਲੰਘੇ ਦਿਨੀਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਅਤੇ ਚਾਰ ਰਾਜਾਂ ਦੀਆਂ ਸੂਬਾਈ ਅਸੈਂਬਲੀਆਂ ਦੀਆਂ ਚੋਣਾਂ ਹੋ …