Breaking News
Home / ਸੰਪਾਦਕੀ / ਵਿਸ਼ਵ ਮਾਨਵਤਾ ‘ਤੇ ਮੰਡਰਾ ਰਿਹਾ ਹੈ ਪ੍ਰਮਾਣੂ ਖ਼ਤਰਾ

ਵਿਸ਼ਵ ਮਾਨਵਤਾ ‘ਤੇ ਮੰਡਰਾ ਰਿਹਾ ਹੈ ਪ੍ਰਮਾਣੂ ਖ਼ਤਰਾ

ਰੂਸ ਨੇ ਯੂਕਰੇਨ ‘ਤੇ ਪਿਛਲੇ ਸਾਲ ਫਰਵਰੀ, 2022 ਨੂੰ ਹਮਲਾ ਕੀਤਾ ਸੀ। ਉਸ ਤੋਂ ਪਹਿਲਾਂ ਸਰਹੱਦਾਂ ‘ਤੇ ਵੱਡੀ ਗਿਣਤੀ ਵਿਚ ਫ਼ੌਜਾਂ ਤਾਇਨਾਤ ਕਰ ਦਿੱਤੀਆਂ ਗਈਆਂ ਸਨ। ਰੂਸ ਅੱਜ ਵੀ ਦੁਨੀਆ ਦੀ ਇਕ ਵੱਡੀ ਸ਼ਕਤੀ ਹੈ। ਅਜਿਹਾ ਹੁੰਦਿਆਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਹਮਲੇ ਤੋਂ ਕੁਝ ਦਿਨਾਂ ਬਾਅਦ ਹੀ ਰੂਸ, ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕਬਜ਼ਾ ਕਰ ਲਵੇਗਾ।
ਸਾਲ 1991 ਵਿਚ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਰੂਸ ਤੋਂ ਇਲਾਵਾ ਦਰਜਨ ਭਰ ਨਵੇਂ ਦੇਸ਼ ਬਣ ਗਏ ਸਨ। ਇਨ੍ਹਾਂ ਵਿਚੋਂ ਯੂਕਰੇਨ ਸਭ ਤੋਂ ਵੱਡਾ ਦੇਸ਼ ਸੀ। ਸਾਲ 1999 ਵਿਚ ਪੁਤਿਨ ਦੇ ਪਹਿਲੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਹੀ ਉਸ ਦਾ ਆਪਣੇ ਗੁਆਂਢੀ ਬਣ ਚੁੱਕੇ ਯੂਕਰੇਨ ਪ੍ਰਤੀ ਹਮਲਾਵਰ ਰੁਖ਼ ਰਿਹਾ ਸੀ। ਰੂਸ ਦੀਆਂ ਸਰਹੱਦਾਂ ਨਾਲ ਲਗਦੇ ਯੂਕਰੇਨ ਦੇ ਕਾਫ਼ੀ ਇਲਾਕਿਆਂ ਵਿਚ ਰੂਸੀ ਬੋਲਣ ਵਾਲੇ ਲੋਕ ਰਹਿੰਦੇ ਸਨ। ਉਨ੍ਹਾਂ ਇਲਾਕਿਆਂ ਵਿਚ ਯੂਕਰੇਨ ਤੋਂ ਆਜ਼ਾਦ ਹੋਣ ਲਈ ਬਗ਼ਾਵਤਾਂ ਵੀ ਸ਼ੁਰੂ ਹੋ ਗਈਆਂ ਸਨ। ਪੁਤਿਨ ਨੇ ਪਹਿਲਾਂ ਸਮੁੰਦਰ ਰਾਹੀਂ ਰੂਸ ਦੇ ਰਸਤਿਓਂ ਕਰੀਮੀਆ ਦੇ ਇਲਾਕੇ ‘ਤੇ ਕਬਜ਼ਾ ਕਰ ਲਿਆ ਸੀ, ਜਿਸ ਨੂੰ ਉਹ ਪਹਿਲਾਂ ਤੋਂ ਹੀ ਰੂਸ ਦਾ ਇਕ ਹਿੱਸਾ ਮੰਨਦਾ ਆਇਆ ਸੀ। ਬਾਅਦ ਵਿਚ ਰੂਸ ਨੇ ਯੂਕਰੇਨ ਦੀਆਂ ਸਰਹੱਦਾਂ ‘ਤੇ ਆਪਣੀਆਂ ਫ਼ੌਜਾਂ ਜਮ੍ਹਾਂ ਕੀਤੀਆਂ ਅਤੇ ਆਖਰ 24 ਫਰਵਰੀ 2022 ਨੂੰ ਬਕਾਇਦਾ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਰੂਸ ਨੇ ਸਰਹੱਦੀ ਪ੍ਰਾਂਤਾਂ ਦੋਨਤਸਕ ਤੇ ਲੁਹਾਂਸਕ ‘ਤੇ ਕਬਜ਼ਾ ਕਰ ਲਿਆ ਪਰ ਯੂਕਰੇਨ ਨੇ ਆਪਣੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੇਂਸਕੀ ਦੀ ਅਗਵਾਈ ਵਿਚ ਉਸ ਨੂੰ ਇਸ ਕਦਰ ਸਖ਼ਤ ਟੱਕਰ ਦਿੱਤੀ ਜਿਸ ਦੀ ਪੁਤਿਨ ਨੂੰ ਉਮੀਦ ਨਹੀਂ ਸੀ।
ਯੂਕਰੇਨ ਨਾਲ ਰੂਸ ਦਾ ਇਸ ਕਰਕੇ ਵੀ ਟਕਰਾਅ ਬਣਿਆ ਰਿਹਾ ਸੀ ਕਿਉਂਕਿ ਉਹ ਆਪਣੇ ਗੁਆਂਢੀ ਯੂਰਪੀ ਮੁਲਕਾਂ ਦੇ ਵਧੇਰੇ ਨੇੜੇ ਹੋ ਰਿਹਾ ਸੀ। ਇਥੋਂ ਤੱਕ ਕਿ ਜ਼ੇਲੇਂਸਕੀ ਯੂਰਪ ਦੇ ਦੋ ਦਰਜਨ ਤੋਂ ਵੀ ਵਧੇਰੇ ਦੇਸ਼ਾਂ ‘ਤੇ ਆਧਾਰਿਤ ਫ਼ੌਜੀ ਸੰਗਠਨ ‘ਨਾਟੋ’ ਦਾ ਮੈਂਬਰ ਬਣਨ ਦਾ ਵੀ ਚਾਹਵਾਨ ਸੀ। ਨਾਟੋ ਵਿਚ ਜਿਹੜੇ ਵੀ ਦੇਸ਼ ਸ਼ਾਮਿਲ ਹੁੰਦੇ ਹਨ, ਉਨ੍ਹਾਂ ਦੀ ਸੁਰੱਖਿਆ ਦੀ ਰਾਖੀ ਕਰਨਾ ਇਸ ਸੰਗਠਨ ਦਾ ਪਹਿਲਾ ਕੰਮ ਹੁੰਦਾ ਹੈ। ਪੁਤਿਨ ਨੂੰ ਇਹ ਗੱਲ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਸੀ ਕਿ ਉਸ ਦਾ ਗੁਆਂਢੀ ਇਸ ਸੰਗਠਨ ਵਿਚ ਸ਼ਾਮਿਲ ਹੋਵੇ, ਕਿਉਂਕਿ ਉਸ ਨੂੰ ਡਰ ਸੀ ਕਿ ਇਸ ਨਾਲ ਨਾਟੋ ਦੇ ਐਟਮੀ ਹਥਿਆਰ ਉਸ ਦੇ ਦਰਵਾਜ਼ੇ ‘ਤੇ ਆ ਸਕਦੇ ਸਨ। ਇਸ ਟਕਰਾਅ ਦਾ ਇਕ ਵੱਡਾ ਕਾਰਨ ਵੀ ਜ਼ੇਲੇਂਸਕੀ ਦਾ ਨਾਟੋ ਦੇ ਮੁਲਕਾਂ ਵੱਲ ਝੁਕਾਅ ਸੀ। ਯੁੱਧ ਦੌਰਾਨ ਚਾਹੇ ਰੂਸ ਨੇ ਯੂਕਰੇਨ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਅਤੇ ਸਰਹੱਦਾਂ ਨੇੜਲੇ ਉਸ ਦੇ ਵੱਡੇ ਇਲਾਕੇ ‘ਤੇ ਕਬਜ਼ਾ ਕਰ ਲਿਆ, ਜਿਸ ਨਾਲ ਕਿ ਉਸ ਦਾ ਕਰੀਮੀਆ ਨਾਲ ਜ਼ਮੀਨੀ ਸੰਬੰਧ ਜੁੜ ਜਾਂਦਾ ਸੀ। ਦੂਸਰੇ ਪਾਸੇ ਜੇਂਲੇਂਸਕੀ ਨੇ ਪੂਰੀ ਦ੍ਰਿੜ੍ਹਤਾ ਦਿਖਾਉਂਦੇ ਹੋਏ ਯੂਕਰੇਨੀ ਫ਼ੌਜ ਦੀ ਅਗਵਾਈ ਕੀਤੀ ਅਤੇ ਲੜਾਈ ਵਿਚ ਰੂਸੀ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ। ਚਾਹੇ ਲਗਾਤਾਰ ਕੀਤੇ ਹਵਾਈ ਹਮਲਿਆਂ ਵਿਚ ਜਿਥੇ ਅੱਜ ਯੂਕਰੇਨ ਦਾ ਵੱਡਾ ਹਿੱਸਾ ਮਲਬੇ ਦੇ ਢੇਰ ਵਿਚ ਬਦਲ ਚੁੱਕਾ ਹੈ, ਉਥੇ ਇਸੇ ਕਾਰਨ ਕਰੋੜਾਂ ਹੀ ਯੂਕਰੇਨੀ ਦੂਸਰੇ ਮੁਲਕਾਂ ਵਿਚ ਸ਼ਰਨਾਰਥੀ ਬਣੇ ਬੈਠੇ ਹਨ ਪਰ ਜ਼ੇਲੇਂਸਕੀ ਨੇ ਹਿੰਮਤ ਨਹੀਂ ਛੱਡੀ, ਜਿਸ ਨੂੰ ਵੇਖਦਿਆਂ ਅਮਰੀਕਾ ਅਤੇ ਯੂਰਪੀ ਮੁਲਕਾਂ ਵਲੋਂ ਜਿਥੇ ਉਸ ਨੂੰ ਲਗਾਤਾਰ ਆਧੁਨਿਕ ਹਥਿਆਰਾਂ ਦੀਆਂ ਖੇਪਾਂ ਭੇਜੀਆਂ ਜਾਂਦੀਆਂ ਰਹੀਆਂ ਹਨ, ਉਥੇ ਖ਼ੁਰਾਕ ਅਤੇ ਹੋਰ ਵਸਤਾਂ ਦੇ ਰੂਪ ਵਿਚ ਦੁਨੀਆ ਭਰ ‘ਚੋਂ ਉਸ ਨੂੰ ਸਹਾਇਤਾ ਮਿਲ ਰਹੀ ਹੈ। ਚਾਹੇ ਪੁਤਿਨ ਦਾ ਹਮਲਾਵਰ ਰੁਖ਼ ਹੁਣ ਵੀ ਜਾਰੀ ਹੈ ਪਰ ਸਾਲ ਭਰ ਦੇ ਸਾਰੇ ਯਤਨਾਂ ਦੇ ਬਾਵਜੂਦ ਉਹ ਰਾਜਧਾਨੀ ਕੀਵ ‘ਤੇ ਕਬਜ਼ਾ ਕਰਨ ਤੋਂ ਅਸਮਰੱਥ ਰਿਹਾ ਹੈ। ਇਸੇ ਹੀ ਦੌਰਾਨ ਦੁਨੀਆ ਭਰ ਦੇ ਅਤੇ ਖ਼ਾਸ ਤੌਰ ‘ਤੇ ਯੂਰਪੀ ਦੇਸ਼ਾਂ ਦੇ ਵੱਡੇ ਆਗੂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਆ ਕੇ ਮਿਲਦੇ ਰਹੇ ਹਨ ਅਤੇ ਉਸ ਦੀ ਹਥਿਆਰਾਂ ਤੋਂ ਇਲਾਵਾ ਹੋਰ ਹਰ ਤਰ੍ਹਾਂ ਦੀ ਮਦਦ ਵੀ ਕਰਦੇ ਰਹੇ ਹਨ। ਇਸੇ ਕੜੀ ਵਿਚ ਹੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੀ ਕੀਵ ਦੀ ਸੰਖੇਪ ਫੇਰੀ ਨੂੰ ਵੀ ਵੇਖਿਆ ਜਾ ਸਕਦਾ ਹੈ। ਇਸ ਫੇਰੀ ਦੌਰਾਨ ਨਾ ਸਿਰਫ਼ ਅਮਰੀਕੀ ਰਾਸ਼ਟਰਪਤੀ ਨੇ ਉਸ ਨੂੰ ਹੋਰ ਵੱਡੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ, ਸਗੋਂ ਜ਼ੇਲੇਂਸਕੀ ਅਤੇ ਯੂਕਰੇਨ ਵਾਸੀਆਂ ਦੀ ਬਹਾਦਰੀ ਦੀ ਵੀ ਰੱਜ ਕੇ ਸ਼ਲਾਘਾ ਕੀਤੀ ਹੈ।
ਚਾਹੇ ਪੁਤਿਨ ਨੂੰ ਆਪਣੀ ਇੱਛਾ ਮੁਤਾਬਿਕ ਇਸ ਜੰਗ ਵਿਚ ਵੱਡੀ ਸਫ਼ਲਤਾ ਤਾਂ ਨਹੀਂ ਮਿਲੀ ਪਰ ਉਸ ਵਲੋਂ ਆਉਂਦੇ ਦਿਨਾਂ ਵਿਚ ਇਸ ਨੂੰ ਖ਼ਤਮ ਕਰਨ ਦੇ ਆਸਾਰ ਵੀ ਨਜ਼ਰ ਨਹੀਂ ਆਉਂਦੇ ਹਨ। ਇਸ ਨਾਲ ਜਿਥੇ ਯੂਕਰੇਨ ਦੀ ਹੋਰ ਤਬਾਹੀ ਹੋਵੇਗੀ, ਉਥੇ ਦੁਨੀਆ ਭਰ ਵਿਚ ਖ਼ੁਰਾਕ ਅਤੇ ਤੇਲ ਦੀ ਕਿੱਲਤ ਵੀ ਹੋਰ ਵਧ ਜਾਏਗੀ ਅਤੇ ਇਸ ਤੋਂ ਵੀ ਅਹਿਮ ਗੱਲ ਇਹ ਕਿ ਪੈਦਾ ਹੋਇਆ ਅਜਿਹਾ ਤਣਾਅ ਕਦੇ ਵੀ ਪ੍ਰਮਾਣੂ ਜੰਗ ਵਿਚ ਬਦਲ ਸਕਦਾ ਹੈ, ਜੋ ਦੁਨੀਆ ਲਈ ਇਕ ਭਿਆਨਕ ਸੁਨੇਹਾ ਹੋਵੇਗਾ। ਇਸ ਸੂਰਤ ਵਿਚ ਭਾਰਤ ਅਤੇ ਹੋਰ ਪ੍ਰਭਾਵਸ਼ਾਲੀ ਦੇਸ਼ਾਂ ਨੂੰ ਇਸ ਭਿਆਨਕ ਜੰਗ ਨੂੰ ਖ਼ਤਮ ਕਰਾਉਣ ਲਈ ਹੋਰ ਵੀ ਵੱਡੇ ਯਤਨ ਕਰਨੇ ਚਾਹੀਦੇ ਹਨ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …