Breaking News
Home / ਭਾਰਤ / ਡਿਜੀਟਲ ਲੈਣ-ਦੇਣ ਭਾਰਤ ‘ਚ ਜਲਦੀ ਨਗ਼ਦੀ ਨੂੰ ਪਿੱਛੇ ਛੱਡੇਗਾ : ਨਰਿੰਦਰ ਮੋਦੀ

ਡਿਜੀਟਲ ਲੈਣ-ਦੇਣ ਭਾਰਤ ‘ਚ ਜਲਦੀ ਨਗ਼ਦੀ ਨੂੰ ਪਿੱਛੇ ਛੱਡੇਗਾ : ਨਰਿੰਦਰ ਮੋਦੀ

ਭਾਰਤ ਦੇ ‘ਯੂਪੀਆਈ’ ਨਾਲ ਜੁੜਿਆ ਸਿੰਗਾਪੁਰ ਦਾ ‘ਪੇਅਨਾਓ’
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਨੀਫਾਈਡ ਪੇਅਮੈਂਟਸ ਇੰਟਰਫੇਸ (ਯੂਪੀਆਈ) ਨੂੰ ਭਾਰਤ ਦੀ ਸਭ ਤੋਂ ਮਨਪਸੰਦ ਭੁਗਤਾਨ ਪ੍ਰਣਾਲੀ ਦੱਸਿਆ ਤੇ ਆਸ ਜ਼ਾਹਿਰ ਕੀਤੀ ਕਿ ਜਲਦੀ ਹੀ ਇਹ ਨਗ਼ਦ ਲੈਣ-ਦੇਣ ਨੂੰ ਪਿੱਛੇ ਛੱਡੇਗੀ। ਮੋਦੀ ਨੇ ਵੀਡੀਓ ਕਾਨਫਰੰਸ ਜ਼ਰੀਏ ਸਿੰਗਾਪੁਰ ਦੇ ਆਪਣੇ ਹਮਰੁਤਬਾ ਲੀ ਸਇਏਨ ਲੂੰਗ ਦੀ ਮੌਜੂਦਗੀ ਵਿਚ ‘ਯੂਪੀਆਈ’ ਦੇ ਸਿੰਗਾਪੁਰ ਦੀ ‘ਪੇਅਨਾਓ’ ਪ੍ਰਣਾਲੀ ਨਾਲ ਜੁੜਨ ਦੀ ਸ਼ੁਰੂਆਤ ਮੌਕੇ ਕਿਹਾ ਕਿ ਭਾਰਤ ਦੀ ਭੁਗਤਾਨ ਸੇਵਾ ਯੂਪੀਆਈ ਤੇ ਸਿੰਗਾਪੁਰ ਦੀ ‘ਪੇਅਨਾਓ’ ਪ੍ਰਣਾਲੀ ਵਿਚਾਲੇ ਇਸ ਸੁਵਿਧਾ ਦੀ ਸ਼ੁਰੂਆਤ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਇਕ ਨਵਾਂ ਮੀਲ ਪੱਥਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2022 ਵਿਚ ਯੂਪੀਆਈ ਜ਼ਰੀਏ 1,26,000 ਅਰਬ ਰੁਪਏ ਤੋਂ ਵੱਧ ਦੇ 74 ਅਰਬ ਲੈਣ-ਦੇਣ ਹੋਏ ਹਨ। ਉਨ੍ਹਾਂ ਕਿਹਾ ਕਿ ਯੂਪੀਆਈ ਹੁਣ ਹੋਰ ਦੇਸ਼ਾਂ ਵਿਚ ਵੀ ਆਪਣੇ ਕਦਮ ਵਧਾ ਰਹੀ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਤੇ ਸਿੰਗਾਪੁਰ ਦੀ ਮੁਦਰਾ ਅਥਾਰਿਟੀ ਦੇ ਐਮਡੀ ਰਵੀ ਮੈਨਨ ਨੇ ਇਸ ਸਹੂਲਤ ਨੂੰ ਲਾਂਚ ਕੀਤਾ। ਦਾਸ ਨੇ ਇਸ ਸੁਵਿਧਾ ਜ਼ਰੀਏ ਪਹਿਲਾ ਲੈਣ-ਦੇਣ ਵੀ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਸਿੰਗਾਪੁਰ ਵਿਚਾਲੇ ਹੋਈ ਇਸ ਸ਼ੁਰੂਆਤ ਨੇ ‘ਸਰਹੱਦ ਪਾਰ ਵਿੱਤੀ ਤਕਨੀਕ ਸੰਪਰਕ’ ਦਾ ਇਕ ਨਵਾਂ ਅਧਿਆਏ ਸ਼ੁਰੂ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੁਵਿਧਾ ਨਾਲ ਪਰਵਾਸੀ ਭਾਰਤੀਆਂ, ਵਿਦਿਆਰਥੀਆਂ, ਪੇਸ਼ੇਵਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ਉਤੇ ਲਾਭ ਹੋਵੇਗਾ।
ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਸਿੰਗਾਪੁਰ ਤੇ ਭਾਰਤ ਦੇ ਲੋਕ ਆਪਣੇ ਮੋਬਾਈਲ ਫੋਨ ਤੋਂ ਉਸੇ ਤਰ੍ਹਾਂ ਪੈਸੇ ਦਾ ਲੈਣ-ਦੇਣ ਕਰ ਸਕਣਗੇ ਜਿਸ ਤਰ੍ਹਾਂ ਉਹ ਆਪੋ-ਆਪਣੇ ਦੇਸ਼ ਵਿਚ ਕਰਦੇ ਹਨ। ਆਰਬੀਆਈ ਨੇ ਦੱਸਿਆ ਕਿ ਧਨ ਨੂੰ ਬੈਂਕ ਖਾਤਿਆਂ ਜਾਂ ਈ-ਵਾਲੈੱਟ ਜ਼ਰੀਏ ਯੂਪੀਆਈ-ਆਈਡੀ, ਮੋਬਾਈਲ ਨੰਬਰ ਜਾਂ ਵੀਪੀਏ ਦੀ ਵਰਤੋਂ ਕਰਕੇ ਭਾਰਤ ਤੋਂ ਬਾਹਰ ਜਾਂ ਭਾਰਤ ਵਿਚ ਹੀ ਟਰਾਂਸਫਰ ਕੀਤਾ ਜਾ ਸਕਦਾ ਹੈ। ਸ਼ੁਰੂਆਤ ਵਿਚ ਐੱਸਬੀਆਈ, ਇੰਡੀਅਨ ਓਵਰਸੀਜ਼ ਬੈਂਕ, ਇੰਡੀਅਨ ਬੈਂਕ ਤੇ ਆਈਸੀਆਈਸੀਆਈ ਬੈਂਕ ਲੈਣ-ਦੇਣ ਸਹੂਲਤ ਉਪਲਬਧ ਕਰਾਉਣਗੇ।

 

Check Also

ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ

ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …