ਫੌਜ ਕੋਲੋਂ ਹੋਈ ਸੀ ਗਲਤੀ : ਸ਼ਾਹ ਨੇ ਮੰਨਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਨੇ ਸੰਸਦ ਵਿਚ ਇਹ ਸਵੀਕਾਰ ਕਰ ਲਿਆ ਕਿ ਨਾਗਾਲੈਂਡ ਵਿਚ ਫੌਜ ਦੀ ਫਾਇਰਿੰਗ ਇਕ ਗਲਤੀ ਸੀ। ਫੌਜ ਦੀ ਇਸ ਫਾਇਰਿੰਗ ਵਿਚ 14 ਨਾਗਰਿਕਾਂ ਦੀ ਹੋਈ ਮੌਤ ਤੋਂ ਬਾਅਦ ਵਿਰੋਧੀ ਧਿਰਾਂ ਨੇ ਸੰਸਦ ਵਿਚ ਸਰਕਾਰ ਕੋਲੋਂ ਜਵਾਬ ਮੰਗਿਆ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿਚ ਇਸ ਘਟਨਾ ’ਤੇ ਸਰਕਾਰ ਦਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਫੌਜ ਨੇ ਨਾਗਰਿਕਾਂ ਨੂੰ ਪਹਿਚਾਨਣ ਵਿਚ ਗਲਤੀ ਕੀਤੀ। ਸ਼ਾਹ ਨੇ ਕਿਹਾ ਕਿ, ਇਸ ਘਟਨਾ ਦੀ ਜਾਂਚ ਲਈ ਐਸ.ਆਈ.ਟੀ. ਬਣਾਈ ਜਾਵੇਗੀ, ਜੋ ਇਕ ਮਹੀਨੇ ਦੇ ਅੰਦਰ-ਅੰਦਰ ਰਿਪੋਰਟ ਸੌਂਪੇਗੀ। ਜ਼ਿਕਰਯੋਗ ਹੈ ਕਿ ਲੰਘੀ 4 ਦਸੰਬਰ ਨੂੰ ਨਾਗਾਲੈਂਡ ਦੇ ਓਟਿੰਗ ਵਿਚ ਫੌਜ, ਚਰਮਪੰਥੀਆਂ ਦੇ ਖਿਲਾਫ ਇਕ ਅਪਰੇਸ਼ਨ ਨੂੰ ਅੰਜਾਮ ਦੇ ਰਹੀ ਸੀ। ਫੌਜ ਨੇ ਇਕ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਸੀ, ਕਮਾਂਡੋਜ਼ ਨੂੰ ਸ਼ੱਕ ਸੀ ਇਸ ਵਿਚ ਚਰਮਪੰਥੀ ਹਨ ਅਤੇ ਕਮਾਂਡੋਜ਼ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਫਾਇਰਿੰਗ ਵਿਚ 7 ਵਿਅਕਤੀਆਂ ਦੀ ਮੌਤ ਹੋ ਗਈ। ਇਸ ਘਟਨਾ ਦੇ ਵਿਰੋਧ ਵਿਚ ਲੋਕਾਂ ਨੇ ਵੀ ਕਮਾਂਡੋਜ਼ ਨੂੰ ਘੇਰ ਲਿਆ ਅਤੇ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਇਕ ਜਵਾਨ ਦੀ ਜਾਨ ਚਲੇ ਗਈ। ਇਸੇ ਦੌਰਾਨ ਭੀੜ ਨੂੰ ਕਾਬੂ ਕਰਨ ਲਈ ਕੀਤੀ ਗਈ ਫਾਇਰਿੰਗ ਵਿਚ ਵੀ 7 ਹੋਰ ਵਿਅਕਤੀਆਂ ਦੀ ਜਾਨ ਚਲੇ ਗਈ ਸੀ।