ਰਵਨੀਤ ਬਿੱਟੂ ਨੇ ਕਿਹਾ, ਭਗਵੰਤ ਮਾਨ ਵੱਲੋਂ ਲਾਏ ਆਰੋਪਾਂ ਬਾਰੇ ਸਥਿਤੀ ਸਪਸ਼ਟ ਕਰੇ ਕੇਂਦਰ ਸਰਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਲੋਕ ਸਭਾ ਵਿੱਚ ਕੇਂਦਰ ਸਰਕਾਰ ਨੂੰ ਸਵਾਲ ਪੁੱਛੇ। ਉੋਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਕ ਸੰਸਦ ਮੈਂਬਰ ਵੱਲੋਂ ਭਾਜਪਾ ’ਤੇ ਉਸ ਨੂੰ ਖਰੀਦਣ ਦੇ ਆਰੋਪ ਲਗਾਏ ਗਏ ਹਨ ਅਤੇ ਇਸ ਬਾਰੇ ਕੇਂਦਰ ਸਰਕਾਰ ਆਪਣੀ ਸਥਿਤੀ ਸਪੱਸ਼ਟ ਕਰੇ। ਬਿੱਟੂ ਨੇ ਕਿਹਾ ਕਿ ਸੰਸਦ ਮੈਂਬਰ ਹੋਣ ਦੇ ਨਾਤੇ ਭਗਵੰਤ ਮਾਨ ਨੂੰ ਇਹ ਬਿਆਨ ਸਦਨ ਦੇ ਬਾਹਰ ਨਹੀਂ ਬਲਕਿ ਅੰਦਰ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਿਆਸੀ ਲੋਕਾਂ ਲਈ ਅਜਿਹੀ ਗੱਲ ਸ਼ਰਮਸਾਰ ਕਰਨ ਵਾਲੀ ਹੈ ਤੇ ਕੇਂਦਰ ਸਰਕਾਰ ਨੂੰ ਭਗਵੰਤ ਮਾਨ ਦੇ ਇਨ੍ਹਾਂ ਆਰੋਪਾਂ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਲੰਘੇ ਕੱਲ੍ਹ ਭਾਜਪਾ ’ਤੇ ਵੱਡਾ ਆਰੋਪ ਲਗਾਇਆ ਸੀ। ਉਨ੍ਹਾਂ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਨੂੰ ਲਾਲਚ ਦੇ ਕੇ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਪ੍ਰੰਤੂ ਉਹ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਅਜਿਹੇ ਨੋਟ ਅਜੇ ਤੱਕ ਨਹੀਂ ਬਣੇ ਜੋ ਭਗਵੰਤ ਮਾਨ ਨੂੰ ਖਰੀਦ ਸਕਣ। ਉਨ੍ਹਾਂ ਭਾਜਪਾ ਦੀ ਖਰੀਦੋ-ਫਰੋਖਤ ਦੀ ਕੋਸ਼ਿਸ਼ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਦੇ ਇਕ ਵੱਡੇ ਆਗੂ ਦਾ ਫੋਨ ਆਇਆ ਅਤੇ ਉਸ ਨੇ ਕਿਹਾ ਕਿ ਭਾਜਪਾ ’ਚ ਆਉਣ ਲਈ ਕਿੰਨੇ ਪੈਸੇ ਲੈਣੇ ਹਨ। ਭਗਵੰਤ ਮਾਨ ਵਲੋਂ ਕੀਤੇ ਅਜਿਹੇ ਖੁਲਾਸੇ ਨਾਲ ਹੁਣ ਸਿਆਸਤ ਹੋਰ ਗਰਮਾ ਗਈ ਹੈ।