ਪ੍ਰਤਾਪ ਬਾਜਵਾ ਕਹਿੰਦੇ, ਮੈਂ ਕਾਦੀਆਂ ਸੀਟ ਤੋਂ ਲੜਾਂਗਾ ਚੋਣ
ਗੁਰਦਾਸਪੁਰ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿਚ ਬਾਜਵਾ ਭਰਾਵਾਂ ਵਿਚਕਾਰ ਸਿਆਸੀ ਜੰਗ ਸ਼ੁਰੂ ਹੋ ਗਈ ਹੈ। ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਾਦੀਆਂ ਸੀਟ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਦਾ ਐਲਾਨ ਕਰ ਦਿੱਤਾ ਹੈ। ਇਸ ਸੀਟ ਤੋਂ ਹੁਣ ਉਨ੍ਹਾਂ ਦੇ ਭਰਾ ਫਤਹਿਜੰਗ ਸਿੰਘ ਬਾਜਵਾ ਕਾਂਗਰਸੀ ਵਿਧਾਇਕ ਹਨ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਕਾਦੀਆਂ ਤੋਂ ਚੋਣ ਲੜਨਗੇ ਅਤੇ ਇਸ ਬਾਰੇ ਵਿਚ ਪਾਰਟੀ ਹਾਈਕਮਾਨ ਨਾਲ ਗੱਲ ਵੀ ਚੁੱਕੀ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਨੂੰ ਹਾਈਕਮਾਨ ਦਾ ਗਰੀਨ ਸਿਗਨਲ ਮਿਲ ਚੁੱਕਾ ਹੈ। ਜ਼ਿਕਰਯੋਗ ਹੈ ਕਿ ਅਜੇ ਤਿੰਨ ਦਿਨ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਫਤਹਿ ਜੰਗ ਸਿੰਘ ਬਾਜਵਾ ਨੂੰ ਟਿਕਟ ਦੇਣ ਦੇ ਸੰਕੇਤ ਦਿੱਤੇ ਸਨ। ਸਿੱਧੂ ਪਿਛਲੇ ਦਿਨੀਂ ਫਤਹਿ ਜੰਗ ਸਿੰਘ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਨ ਲਈ ਗਏ ਸਨ।
ਜਦੋਂ ਮੀਡੀਆ ਨੇ ਬਾਜਵਾ ਨੂੰ ਪੁੱਛਿਆ ਕਿ ਕਾਦੀਆਂ ਸੀਟ ਤੋਂ ਤਾਂ ਉਨ੍ਹਾਂ ਦੇ ਭਰਾ ਫਤਹਿ ਜੰਗ ਸਿੰਘ ਵਿਧਾਇਕ ਹਨ ਤਾਂ ਉਹ ਕਿਧਰ ਜਾਣਗੇ। ਇਸਦੇ ਜਵਾਬ ਵਿਚ ਪ੍ਰਤਾਪ ਬਾਜਵਾ ਨੇ ਕਿਹਾ ਕਿ ਇਹ ਤਾਂ ਪ੍ਰਮਾਤਮਾ ਹੀ ਜਾਣੇ। ਜ਼ਿਕਰਯੋਗ ਹੈ ਕਿ ਕਾਦੀਆਂ ਵਿਚ ਪ੍ਰਤਾਪ ਬਾਜਵਾ ਅਤੇ ਫਤਹਿ ਜੰਗ ਦੀ ਇਹ ਸਿਆਸੀ ਲੜਾਈ ਕੋਈ ਨਵੀਂ ਨਹੀਂ ਹੈ। 2012 ਤੱਕ ਇਸ ਸੀਟ ’ਤੇ ਪ੍ਰਤਾਪ ਬਾਜਵਾ ਹੀ ਚੋਣ ਲੜਦੇ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਬਾਜਵਾ ਵੀ ਇਥੋਂ 2012 ਵਿਚ ਵਿਧਾਇਕ ਰਹੀ ਹੈ। ਉਸ ਤੋਂ ਬਾਅਦ ਇਹ ਸੀਟ ਫਤਹਿ ਜੰਗ ਸਿੰਘ ਬਾਜਵਾ ਨੂੰ ਦੇ ਦਿੱਤੀ ਗਈ ਸੀ। ਪ੍ਰਤਾਪ ਸਿੰਘ ਬਾਜਵਾ ਵਲੋਂ ਕਾਦੀਆਂ ਤੋਂ ਵਿਧਾਨ ਸਭਾ ਚੋਣ ਲੜਨ ਦੇ ਐਲਾਨ ਨਾਲ ਹੁਣ ਨਵੀਂ ਸਿਆਸੀ ਚਰਚਾ ਸ਼ੁਰੂ ਹੋ ਗਈ ਹੈ।