-4.1 C
Toronto
Sunday, January 4, 2026
spot_img
Homeਭਾਰਤਤੁਰਕੀ: ਭੂਚਾਲ ਪ੍ਰਭਾਵਿਤ ਇਲਾਕੇ 'ਚ ਚਮਤਕਾਰੀ ਢੰਗ ਨਾਲ ਬਚੀ ਔਰਤ

ਤੁਰਕੀ: ਭੂਚਾਲ ਪ੍ਰਭਾਵਿਤ ਇਲਾਕੇ ‘ਚ ਚਮਤਕਾਰੀ ਢੰਗ ਨਾਲ ਬਚੀ ਔਰਤ

ਚਾਲੀ ਸਾਲਾ ਮਹਿਲਾ 170 ਘੰਟੇ ਮਲਬੇ ਹੇਠ ਦੱਬੀ ਰਹੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭੂਚਾਲ ਨਾਲ ਤਬਾਹ ਹੋਏ ਤੁਰਕੀ ਵਿਚ ਬਚਾਅ ਕਰਮੀਆਂ ਨੇ ਇਕ 40 ਸਾਲਾ ਔਰਤ ਨੂੰ ਇਮਾਰਤ ਦੇ ਮਲਬੇ ‘ਚੋਂ ਜਿਊਂਦੇ ਕੱਢ ਲਿਆ। ਹਾਲਾਂਕਿ ਹੁਣ ਕਿਸੇ ਦੇ ਬਚ ਸਕਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਭੂਚਾਲ ਨੂੰ ਇਕ ਹਫ਼ਤੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ। ਮਨੁੱਖੀ ਸਰੀਰ ਐਨੇ ਸਮੇਂ ਤੱਕ ਬਿਨਾਂ ਪਾਣੀ ਤੋਂ ਕੰਮ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਤਾਪਮਾਨ ਵੀ ਸਿਫ਼ਰ ਤੋਂ ਹੇਠਾਂ ਹੈ। ਜ਼ਿਕਰਯੋਗ ਹੈ ਕਿ ਤੁਰਕੀ ਤੇ ਸੀਰੀਆ ਵਿਚ 6 ਫਰਵਰੀ ਨੂੰ ਕੁਝ ਸਮੇਂ ਦੇ ਫ਼ਰਕ ਨਾਲ 7.8 ਤੇ 7.5 ਦੀ ਤੀਬਰਤਾ ਵਾਲੇ ਦੋ ਭੂਚਾਲ ਆਏ ਸਨ। ਹੁਣ ਤੱਕ ਦੋਵਾਂ ਮੁਲਕਾਂ ਵਿਚ 34 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਮ੍ਰਿਤਕਾਂ ਦੀ ਗਿਣਤੀ ਅਜੇ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਵੱਡੀ ਗਿਣਤੀ ਲਾਸ਼ਾਂ ਮਲਬੇ ਹੇਠ ਦੱਬੀਆਂ ਹੋਈਆਂ ਹਨ। ਕਈ ਵੱਡੇ ਕਸਬੇ ਤੇ ਸ਼ਹਿਰ ਮਲਬੇ ਵਿਚ ਤਬਦੀਲ ਹੋ ਗਏ ਹਨ। ਗਾਜ਼ੀਆਂਤੇਪ ਸੂਬੇ ਵਿਚ ਜਿਊਂਦੀ ਕੱਢੀ ਗਈ ਔਰਤ ਦਾ ਨਾਂ ਸਿਬੇਲ ਕਾਇਆ ਹੈ। ਉਸ ਨੂੰ ਇਜ਼ਲਾਹੀਏ ਕਸਬੇ ਵਿਚ ਢਹਿ-ਢੇਰੀ ਹੋਈ ਪੰਜ ਮੰਜ਼ਿਲਾ ਇਮਾਰਤ ਵਿਚੋਂ ਬਚਾਇਆ ਗਿਆ ਹੈ। ਉਹ ਕਰੀਬ 170 ਘੰਟੇ ਮਲਬੇ ਹੇਠ ਦੱਬੀ ਰਹੀ।
ਵੱਖ-ਵੱਖ ਮਾਹਿਰਾਂ ਦੀ ਟੀਮ ਨੇ ਉਸ ਨੂੰ ਬਚਾਇਆ ਹੈ। ਇਸ ਤੋਂ ਪਹਿਲਾਂ ਇਕ 60 ਸਾਲਾ ਔਰਤ ਨੂੰ ਅਦੀਯਮਨ ਸੂਬੇ ਵਿਚ ਬਚਾਇਆ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਮਾਰਤਾਂ ਡਿੱਗਣ ਦੇ ਮਾਮਲੇ ਵਿਚ 131 ਵਿਅਕਤੀਆਂ ਨੂੰ ਜਾਂਚ ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਇਹ ਇਮਾਰਤਾਂ ਭੂਚਾਲ ਸੰਵੇਦਨਸ਼ੀਲ ਇਲਾਕੇ ਵਿਚ ਝਟਕੇ ਨਹੀਂ ਝੱਲ ਸਕੀਆਂ। ਸੀਰੀਆ ਦੇ ਬਾਗ਼ੀਆਂ ਦੇ ਇਲਾਕੇ ‘ਚ ਮੌਤਾਂ ਦੀ ਗਿਣਤੀ 2166 ਹੋ ਗਈ ਹੈ। ਮੁਲਕ ਵਿਚ 3500 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਤੁਰਕੀ ਤੇ ਸੀਰੀਆ ‘ਚ ਭੂਚਾਲ ਕਾਰਨ ਹੋਈਆਂ ਮੌਤਾਂ ਦੀ ਗਿਣਤੀ 34 ਹਜ਼ਾਰ ਤੋਂ ਟੱਪੀ
ਭਾਰਤ ਨੇ ਕਿਹਾ : ਇਸ ਦੁੱਖ ਦੀ ਘੜੀ ‘ਚ ਅਸੀਂ ਹਾਂ ਤੁਰਕੀ ਦੇ ਨਾਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਤੁਰਕੀ ਅਤੇ ਸੀਰੀਆ ਵਿਚ ਲੰਘੀ 6 ਫਰਵਰੀ ਨੂੰ ਆਏ ਵਿਨਾਸ਼ਕਾਰੀ ਭੂਚਾਲ ਕਾਰਨ ਮੌਤਾਂ ਦੀ ਗਿਣਤੀ 34 ਹਜ਼ਾਰ ਤੋਂ ਟੱਪ ਚੁੱਕੀ ਹੈ ਅਤੇ ਵੱਡੀ ਗਿਣਤੀ ਵਿਚ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਇਸ ਭੂਚਾਲ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਅਜੇ ਹੋਰ ਵੀ ਵਧਣ ਦਾ ਖਦਸ਼ਾ ਹੈ ਕਿਉਂਕਿ ਮਲਬੇ ਹੇਠੋਂ ਅਜੇ ਵੀ ਲਾਸ਼ਾਂ ਕੱਢੀਆਂ ਜਾ ਰਹੀਆਂ ਹਨ। ਇਸੇ ਦੌਰਾਨ ਕਈ ਦੇਸ਼ ਸੀਰੀਆ ਬਾਰਡਰ ‘ਤੇ ਰੈਸਕਿਊ ਅਪਰੇਸ਼ਨ ਛੱਡ ਕੇ ਵਾਪਸ ਵੀ ਪਰਤ ਰਹੇ ਹਨ। ਇਸੇ ਦੌਰਾਨ ਇਜ਼ਰਾਈਲ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੀ ਟੀਮ ਨੂੰ ਐਮਰਜੈਂਸੀ ਫਲਾਈਟ ਰਾਹੀਂ ਵਾਪਸ ਬੁਲਾ ਲਿਆ ਹੈ। ਇਸ ਤੋਂ ਪਹਿਲਾਂ ਜਰਮਨੀ ਅਤੇ ਆਸਟ੍ਰੀਆ ਨੇ ਵੀ ਆਪਣੇ ਬਚਾਅ ਦਸਤਿਆਂ ਨੂੰ ਤੁਰਕੀ ਤੋਂ ਵਾਪਸ ਬੁਲਾ ਲਿਆ ਹੈ। ਇਸੇ ਦੌਰਾਨ ਤੁਰਕੀ ਵਿਚ ਅਪਰੇਸ਼ਨ ਦੋਸਤ ਮੁਹਿੰਮ ਤਹਿਤ ਭਾਰਤ ਦੇ ਐਨ.ਡੀ.ਆਰ.ਐਫ. ਅਧਿਕਾਰੀ ਨੇ ਦੱਸਿਆ ਕਿ ਅਸੀਂ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਾਂ। ਇਸ ਭੂਚਾਲ ਕਾਰਨ ਫਸੇ ਲੋਕਾਂ ਨੂੰ ਬਾਹਰ ਕੱਢਣ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਲਈ ਸਥਾਨਕ ਪ੍ਰਸ਼ਾਸਨ ਨਾਲ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਭਾਰਤ ਤੁਰਕੀ ਦੇ ਨਾਲ ਖੜ੍ਹਾ ਹੈ।

RELATED ARTICLES
POPULAR POSTS