Breaking News
Home / ਸੰਪਾਦਕੀ / ਭਾਰਤ ਦੇ ਮੱਥੇ ‘ਤੇ ਗ੍ਰਹਿਣ ਬਣਿਆ ਭੁੱਖਮਰੀ ਦਾ ਮੁੱਦਾ

ਭਾਰਤ ਦੇ ਮੱਥੇ ‘ਤੇ ਗ੍ਰਹਿਣ ਬਣਿਆ ਭੁੱਖਮਰੀ ਦਾ ਮੁੱਦਾ

ਸਵਾ ਅਰਬ ਆਬਾਦੀ ਵਾਲੇ ਖੇਤੀ ਪ੍ਰਧਾਨ ਦੇਸ਼ ਭਾਰਤ ਵਿਚ ਇਕ ਪਾਸੇ ਤਾਂ ਲੱਖਾਂ ਟਨ ਅਨਾਜ ਭੰਡਾਰ ਕਰਨ ਦੀ ਜਗ੍ਹਾ ਦੀ ਥੁੜ ਕਾਰਨ ਨੀਲੇ ਅਸਮਾਨ ਹੇਠਾਂ ਗਲ-ਸੜ ਰਿਹਾ ਹੈ ਤੇ ਦੂਜੇ ਪਾਸੇ ਕਰੋੜਾਂ ਲੋਕ ਦੋ ਵੇਲੇ ਦੀ ਰੋਟੀ ਲਈ ਵੀ ਤਰਸਦੇ ਭੁੱਖੇ ਢਿੱਡ ਸੌਣ ਲਈ ਮਜ਼ਬੂਰ ਹਨ। ਭਾਰਤ ਵਿਚ ਅਨਾਜ ਦੀ ਬਰਬਾਦੀ ਅਤੇ ਭੁੱਖਮਰੀ, ਦੋਵੇਂ ਕੋਈ ਨਵੇਂ ਮੁੱਦੇ ਨਹੀਂ ਹਨ। ਅੰਤਰਰਾਸ਼ਟਰੀ ਭੋਜਨ ਨੀਤੀ ਅਧਿਐਨ ਸੰਸਥਾ (ਆਈ.ਐਫ.ਪੀ.ਆਰ.ਆਈ.) ਅਤੇ ‘ਵੈਲਥੰਗਰਲਾਈਫ਼’ ਦੀ ਸਾਲ 2018 ਦੀ ਭੁੱਖਮਰੀ ਸਬੰਧੀ ਰਿਪੋਰਟ ‘ਗਲੋਬਲ ਹੰਗਰ ਇੰਡੈਕਸ’ (ਜੀ. ਐਚ. ਆਈ.) ਅਨੁਸਾਰ ਵਿਸ਼ਵ ਦੇ 119 ਦੇਸ਼ਾਂ ‘ਚ ਭਾਰਤ ਦਾ ਸਥਾਨ 103 ‘ਤੇ ਹੈ। ਪਿਛਲੇ ਸਾਲਾਂ ਦੌਰਾਨ ਭਾਰਤ ਇਸ ਸੂਚੀ ‘ਚ ਲਗਾਤਰ ਪਿਛਾਂਹ ਵੱਲ ਨੂੰ ਖਿਸਕ ਰਿਹਾ ਹੈ। 2014 ‘ਚ ਇਸ ਸੂਚੀ ‘ਚ ਭਾਰਤ 55ਵੇਂ ਸਥਾਨ ‘ਤੇ ਸੀ, 2015 ‘ਚ 80ਵੇਂ, 2016 ‘ਚ 97ਵੇਂ, 2017 ‘ਚ 100ਵੇਂ ਸਥਾਨ ‘ਤੇ ਸੀ ਜੋ ਫਿਰ ਖਿਸਕ ਕੇ 103 ‘ਤੇ ਆ ਗਿਆ। 2018 ਦੀ ਰਿਪੋਰਟ ਮੁਤਾਬਕ ਭਾਰਤ ਦੇ ਗੁਆਂਢੀ ਦੇਸ਼ ਸ੍ਰੀਲੰਕਾ, ਨੇਪਾਲ ਅਤੇ ਬੰਗਲਾਦੇਸ਼ ਵੀ ਭਾਰਤ ਤੋਂ ਅੱਗੇ ਹਨ ਜੋ ਕ੍ਰਮਵਾਰ 67ਵੇਂ, 72ਵੇਂ ਅਤੇ 86ਵੇਂ ਸਥਾਨ ‘ਤੇ ਹਨ।
ਭਾਰਤ ‘ਚ ਹਰ ਸਾਲ ਭੁੱਖਮਰੀ ਨਾਲ ਪੰਜ ਸਾਲ ਤੋਂ ਘੱਟ ਉਮਰ ਦੇ ਮਰਨ ਵਾਲੇ ਬੱਚਿਆਂ ਦੀ ਗਿਣਤੀ ਹੀ 10 ਲੱਖ ਤੋਂ ਉਪਰ ਹੁੰਦੀ ਹੈ। ਭਾਰਤ ਵਿਚ ਲੋਕਾਂ ਤੱਕ ਅਨਾਜ ਉਪਲਬਧ ਨਾ ਹੋਣ ਕਾਰਨ ਬੱਚਿਆਂ ਵਿਚ ਕੁਪੋਸ਼ਣ ਦੀ ਬਿਮਾਰੀ ਕਾਰਨ ਮੌਤ ਦਰ ਦਾ ਪੱਧਰ ਬੇਹੱਦ ਚਿੰਤਾਜਨਕ ਹੈ। ਭਾਰਤ ਵਿਚ 30.7 ਫ਼ੀਸਦੀ 5 ਸਾਲ ਤੋਂ ਘੱਟ ਉਮਰ ਦੇ ਬੱਚੇ ਅੰਡਰਵੇਟ ਹਨ। 58 ਫ਼ੀਸਦੀ ਬੱਚਿਆਂ ਦਾ ਵਾਧਾ ਭਾਰਤ ਵਿਚ 2 ਸਾਲ ਤੋਂ ਘੱਟ ਉਮਰ ਵਿਚ ਰੁਕ ਜਾਂਦਾ ਹੈ। ਹਰ 4 ਬੱਚਿਆਂ ਵਿਚੋਂ ਇਕ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ। ਭਾਰਤ ਵਿਚ 70 ਫ਼ੀਸਦੀ ਲੋਕਾਂ ਨੂੰ ਸੰਤੁਲਿਤ ਅਤੇ ਲੋੜੀਂਦੀਆਂ ਕੈਲੋਰੀਆਂ ਵਿਚ ਭੋਜਨ ਨਹੀਂ ਮਿਲਦਾ, 45 ਫ਼ੀਸਦੀ ਔਰਤਾਂ ਖੂਨ ਦੀ ਕਮੀ ਦੀਆਂ ਸ਼ਿਕਾਰ ਹਨ ਜਿਸ ਕਾਰਨ ਇਕ ਲੱਖ ਪਿੱਛੇ 139 ਮਾਵਾਂ ਬੱਚੇ ਨੂੰ ਜਨਮ ਦੇਣ ਵੇਲੇ ਹੀ ਮਰ ਜਾਂਦੀਆਂ ਹਨ। ਮਾਂ ਦੇ ਗਰਭ ‘ਚ ਸਿਹਤ ਬਣਾਉਣ ਵਾਲੇ ਤੱਤ ਨਾ ਮਿਲਣ ਕਾਰਨ ਇਕ ਕਰੋੜ ਬੱਚੇ 5 ਸਾਲ ਦੀ ਉਮਰ ਤੱਕ ਪਹੁੰਚਦਿਆਂ ਹੀ ਮਰ ਜਾਂਦੇ ਹਨ। ਤਿੰਨ ਕਰੋੜ ਲੋਕ ਭੁੱਖਮਰੀ ਕਾਰਨ ਮੌਤ ਉਡੀਕ ਰਹੇ ਹਨ।
ਪੁਰਾਣੇ ਸਮਿਆਂ ‘ਚ ਕੁਦਰਤੀ ਆਫ਼ਤਾਂ ਕਾਰਨ ਜਾਂ ਅੰਨ੍ਹ ਦੀ ਪੈਦਾਵਰ ਨਾ ਹੋਣ ਕਾਰਨ ‘ਕਾਲ’ ਪੈਣ ਕਰਕੇ ਲੋਕ ਭੁੱਖੇ ਮਰ ਜਾਂਦੇ ਸਨ, ਪਰ ਅੱਜ ਇਥੇ ਅਰਬਾਂ ਰੁਪਏ ਦਾ ਅਨਾਜ ਗੁਦਾਮਾਂ ਵਿਚ ਸੜ ਰਿਹਾ ਹੈ ਤੇ ਕਰੋੜਾਂ ਲੋਕ ਭੁੱਖ ਨਾਲ ਮਰ ਰਹੇ ਹਨ। ਅੰਕੜਿਆਂ ਅਨੁਸਾਰ ਭਾਰਤ ਦੇ ਗੁਦਾਮਾਂ ਵਿਚ ਅਪ੍ਰੈਲ 2011 ਤੱਕ ਸਟੋਰ ਕਰਨ ਦੀ ਸਮਰੱਥਾ ਨਾਲੋਂ ਦੋਗੁਣਾ ਅਨਾਜ, 4 ਕਰੋੜ 42 ਲੱਖ ਟਨ ਬੰਦ ਪਿਆ ਸੀ। ਹਰ ਸਾਲ 58 ਹਜ਼ਾਰ ਕਰੋੜ ਰੁਪਏ ਦਾ ਅਨਾਜ ਗੁਦਾਮਾਂ ਵਿਚ ਪਿਆ ਸੜ ਰਿਹਾ ਹੈ ਪਰ ਦੂਜੇ ਪਾਸੇ ਦੇਸ਼ ਦੇ ਕਰੋੜਾਂ ਲੋਕ ਰੋਜ਼ਾਨਾ ਭੁੱਖੇ ਢਿੱਡ ਸੌਂਦੇ ਹਨ।
ਤਰਾਸਦੀ ਦੀ ਗੱਲ ਇਹ ਹੈ ਕਿ ਭੁੱਖਮਰੀ ਦੇ ਸ਼ਿਕਾਰ ਜ਼ਿਆਦਾ ਉਹੀ ਲੋਕ ਹਨ, ਜਿਹੜੇ ਦਿਨ-ਰਾਤ ਹੱਡ-ਭੰਨ੍ਹਵੀਂ ਮਜ਼ਦੂਰੀ ਕਰਕੇ ਅੰਨ੍ਹ ਉਗਾਉਂਦੇ ਹਨ ਪਰ ਖਰੀਦ ਸਮਰੱਥਾ ਨਾ ਹੋਣ ਕਾਰਨ ਦੋ ਵੇਲੇ ਢਿੱਡ ਭਰ ਕੇ ਰੋਟੀ ਖਾ ਨਹੀਂ ਸਕਦੇ। ਰਾਸ਼ਟਰੀ ਨਮੂਨਾ ਸਰਵੇਖਣ ਸੰਗਠਨ ਦੀ ਰਿਪੋਰਟ ਅਨੁਸਾਰ ਦੇਸ਼ ਦੇ 60 ਫ਼ੀਸਦੀ ਪੇਂਡੂ ਲੋਕ ਮਸਾਂ 35 ਰੁਪਏ ਦਿਹਾੜੀ ‘ਤੇ ਗੁਜ਼ਾਰਾ ਕਰ ਰਹੇ ਹਨ। ਇਸ ਤੋਂ ਵੀ ਤਰਸਯੋਗ ਹਾਲਤ ਵਿਚ 10 ਫ਼ੀਸਦੀ ਪੇਂਡੂ15 ਰੁਪਏ ਦਿਹਾੜੀ ਦੇ ਕਮਾ ਰਹੇ ਹਨ। ਭਾਰਤ ਦੀ ਸੁਪਰੀਮ ਕੋਰਟ ਕਈ ਵਾਰ ਕੇਂਦਰ ਸਰਕਾਰ ਨੂੰ ਫ਼ਿਟਕਾਰਾਂ ਲਗਾ ਚੁੱਕੀ ਹੈ ਕਿ ਗੁਦਾਮਾਂ ਦੇ ਬਾਹਰ ਜਾਂ ਗੁਦਾਮਾਂ ਵਿਚ ਸਾਂਭ-ਸੰਭਾਲ ਵਿਚ ਲਾਪ੍ਰਵਾਹੀ ਕਾਰਨ ਅਨਾਜ ਖਰਾਬ ਕਰਨ ਦੀ ਥਾਂ ਜੇਕਰ ਵਾਧੂ ਅਨਾਜ ਗਰੀਬਾਂ ਵਿਚ ਵੰਡ ਦਿੱਤਾ ਜਾਵੇ ਤਾਂ ਕਿਸੇ ਦੇ ਕੰਮ ਆਵੇਗਾ। ਕੁਝ ਸਾਲ ਪਹਿਲਾਂ ਜਦੋਂ ਕੇਂਦਰ ‘ਚ ਯੂ.ਪੀ.ਏ. ਸਰਕਾਰ ਵੇਲੇ ਸੁਪਰੀਮ ਕੋਰਟ ਨੇ ਸਰਕਾਰ ਨੂੰ ਇਹ ਨਸੀਹਤ ਦਿੱਤੀ ਸੀ ਤਾਂ ਸਰਕਾਰ ਨੇ ਵਾਧੂ ਅਨਾਜ ਗਰੀਬਾਂ ਨੂੰ ਵੰਡਣ ਤੋਂ ਅਸਮਰੱਥਾ ਜ਼ਾਹਰ ਕੀਤੀ ਸੀ। ਉਸ ਵੇਲੇ ਦੇਸ਼ ਵਿਚ ਭੁੱਖਮਰੀ ਅਤੇ ਸਟੋਰਾਂ ਦੇ ਅੰਦਰ ਤੇ ਬਾਹਰ ਵਾਧੂ ਪਿਆ ਸੜ ਰਿਹਾ ਅਨਾਜ ਦਾ ਮੁੱਦਾ ਦੇਸ਼ ਪੱਧਰ ‘ਤੇ ਵੱਡਾ ਮੁੱਦਾ ਬਣਿਆ ਰਿਹਾ ਸੀ। ਇਸੇ ਦੇ ਮੱਦੇਨਜ਼ਰ ਯੂ.ਪੀ.ਏ. ਸਰਕਾਰ ਵਲੋਂ ‘ਅੰਨ ਸੁਰੱਖਿਆ ਕਾਨੂੰਨ’ ਲਾਗੂ ਕਰਕੇ ਦੇਸ਼ ਦੇ ਅਨਾਜ ਤੋਂ ਸੱਖਣੇ ਲੋਕਾਂ ਤੱਕ ਅਨਾਜ ਪਹੁੰਚਾਉਣ ਦੀ ਵਿਵਸਥਾ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਭਾਰਤ ਵਿਚ ਕਰੋੜਾਂ ਲੋਕ ਦੋ ਵੇਲੇ ਦੀ ਰੋਟੀ ਤੋਂ ਹਾਲੇ ਵੀ ਮੁਥਾਜ ਹਨ। ਸਮੁੱਚੇ ਤੌਰ ‘ਤੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਸਾਰੇ ਲੋਕ ਹੀ ਸੰਤੁਲਿਤ ਖੁਰਾਕ ਤੋਂ ਵਾਂਝੇ ਹਨ। ਸੰਯੁਕਤ ਰਾਸ਼ਟਰ ਤੇ ਵਿਸ਼ਵ ਸਿਹਤ ਸੰਗਠਨ ਵੀ ਅਨੇਕਾਂ ਵਾਰ ਭਾਰਤ ‘ਚ ਗਰੀਬੀ ਤੇ ਭੁੱਖਮਰੀ ‘ਤੇ ਆਪਣੀ ਸੰਵੇਦਨਾ ਪ੍ਰਗਟ ਕਰ ਚੁੱਕਾ ਹੈ ਅਤੇ ਭਾਰਤ ਵਿਚ ਭੁੱਖਮਰੀ ਨੂੰ ਇਸ ਦੇ ਵਿਕਾਸ ਵਿਚ ਵੱਡੀ ਰੁਕਾਵਟ ਕਰਾਰ ਦਿੱਤਾ ਜਾਂਦਾ ਰਿਹਾ ਹੈ। ਭੁੱਖਮਰੀ ਕਾਰਨ ਕੁਪੋਸ਼ਣ ਭਾਰਤ ਵਿਚ ਸਾਵੇਂ ਮਨੁੱਖੀ ਵਿਕਾਸ ਵਿਚ ਸਭ ਤੋਂ ਵੱਡਾ ਰੋੜਾ ਹੈ। ਬ੍ਰਿਟੇਨ ਦੀ ਇਕ ਸੰਸਥਾ ਨੇ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਕੁਪੋਸ਼ਣ ਕਾਰਨ 2030 ਤੱਕ ਭਾਰਤੀ ਅਰਥ ਵਿਵਸਥਾ ਨੂੰ 46 ਅਰਬ ਡਾਲਰ ਤੱਕ ਦਾ ਘਾਟਾ ਪੈ ਸਕਦਾ ਹੈ। ਭਾਰਤ ਉਨ੍ਹਾਂ ਦੇਸ਼ਾਂ ਵਿਚ ਸ਼ੁਮਾਰ ਹੈ, ਆਪਣੇ ਨਾਗਰਿਕਾਂ ਨੂੰ ਲੋੜੀਂਦਾ ਆਹਾਰ ਮੁਹੱਈਆ ਕਰਵਾਉਣਾ ਜਿਨ੍ਹਾਂ ਦਾ ਤਰਜੀਹੀ ਇਖਲਾਕੀ ਫ਼ਰਜ਼ ਹੈ। ਜਿਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਅਨਾਜ ਭੰਡਾਰ ਕਰਨ ਦੀ ਲੋੜੀਂਦੀ ਵਿਵਸਥਾ ਕਰਨ ਲਈ ਭਾਰਤ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਹੈ, ਉਥੇ ਭੁੱਖਮਰੀ ਦੇ ਸ਼ਿਕਾਰ ਹੋ ਰਹੇ ਲੋਕਾਂ ਨੂੰ ਵੀ ਦੋ ਵੇਲੇ ਦੀ ਪੌਸ਼ਟਿਕ ਰੋਟੀ ਮੁਹੱਈਆ ਕਰਵਾਉਣ ਲਈ ਦ੍ਰਿੜ੍ਹ ਇੱਛਾ-ਸ਼ਕਤੀ ਦਿਖਾਉਣੀ ਚਾਹੀਦੀ ਹੈ, ਕਿਉਂਕਿ ਭਾਰਤੀਆਂ ਨੂੰ ਸਾਡੇ ਪੈਗੰਬਰਾਂ ਨੇ ਲਾਚਾਰ, ਲੋੜਵੰਦ ਤੇ ਭੁੱਖੇ ਲੋਕਾਂ ਨੂੰ ਰੋਟੀ ਦੇਣ ਲਈ ‘ਲੰਗਰ’ ‘ਜਗ’ ਅਤੇ ‘ਭੰਡਾਰੇ’ ਕਰਨ ਦੀਆਂ ਪਵਿੱਤਰ ਰਵਾਇਤਾਂ ਦਿੱਤੀਆਂ ਹਨ ਤਾਂ ਫ਼ਿਰ ਗੁਦਾਮਾਂ ‘ਚ ਸਮਰੱਥਾ ਤੋਂ ਵੱਧ ਗਲ-ਸੜ ਰਹੇ ਅਨਾਜ ਨੂੰ ਕਰੋੜਾਂ ਭੁੱਖੇ ਲੋਕਾਂ ਵਿਚ ਕਿਉਂ ਨਹੀਂ ਵੰਡਿਆ ਜਾ ਸਕਦਾ?

Check Also

ਭਾਰਤੀ ਲੋਕਤੰਤਰ ਵਿਚ ਵੱਧਦੇ ਦਾਗੀ ਨੇਤਾ

ਹਾਲ ਹੀ ‘ਚ ਕੇਂਦਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਤੀਜੀ ਵਾਰੀ ਬਣੀ …