Breaking News
Home / ਸੰਪਾਦਕੀ / ਪੰਜਾਬ ਦੇ ਸਿਆਸੀ ਦਲਾਂ ਅੰਦਰ ਵਧੇਗੀ ਆਪਸੀ ਖਿੱਚੋਤਾਣ

ਪੰਜਾਬ ਦੇ ਸਿਆਸੀ ਦਲਾਂ ਅੰਦਰ ਵਧੇਗੀ ਆਪਸੀ ਖਿੱਚੋਤਾਣ

ਭਾਰਤ ਦੀਆਂ 17ਵੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਪੂਰਨ ਬਹੁਮਤ ਦਿਵਾ ਕੇ ਭਾਰਤੀ ਜਨਤਾ ਪਾਰਟੀ ਨੂੰ ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਵਜੋਂ ਸਥਾਪਿਤ ਕਰ ਦਿੱਤਾ ਹੈ, ਉਥੇ ਇਨ੍ਹਾਂ ਨਤੀਜਿਆਂ ਦੀ ਦੇਸ਼ ਦੀ ਖੇਤਰੀ ਰਾਜਨੀਤੀ ‘ਤੇ ਵੀ ਬੜਾ ਡੂੰਘਾ ਅਸਰ ਪਵੇਗਾ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੂਬੇ ਦੀ ਰਾਜਨੀਤੀ ‘ਚ ਨਵੇਂ ਸਮੀਕਰਨ ਬਣਨ ਦੇ ਆਸਾਰ ਹਨ। ਕਈ ਪਾਰਟੀਆਂ ਅੰਦਰ ਟੁੱਟ-ਭੱਜ ਹੋਵੇਗੀ, ਕਈ ਸਿਆਸੀ ਆਗੂਆਂ ਦਾ ਭਵਿੱਖ ਨਵੀਆਂ ਕਰਵਟਾਂ ਲਵੇਗਾ।
ਜਿੱਥੋਂ ਤੱਕ ਗੱਲ ਹੈ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਸੰਦਰਭ ‘ਚ ਪੰਜਾਬ ਦੀ ਰਾਜਨੀਤੀ ਦੀ ਤਾਂ ਪੰਜਾਬ ਕਾਂਗਰਸ ਜਿੱਥੇ ਇਨ੍ਹਾਂ ਚੋਣਾਂ ‘ਚ ਸੂਬੇ ਦੀ ਸਭ ਤੋਂ ਮਜ਼ਬੂਤ ਸਿਆਸੀ ਧਿਰ ਵਜੋਂ ਉਭਰੀ ਹੈ, ਉਥੇ ਕਾਂਗਰਸ ਵਿਚ ਆਉਂਦੇ ਦਿਨੀ ਅੰਦਰੂਨੀ ਜੰਗ ਤੇਜ਼ ਹੋਣ ਦੇ ਆਸਾਰ ਵੀ ਹਨ। ਪੰਜਾਬ ਲੋਕ ਸਭਾ ਚੋਣਾਂ ‘ਚ ਭਾਵੇਂ ਕਾਂਗਰਸ ਨੇ 13 ਵਿਚੋਂ 8 ਸੀਟਾਂ ਹਾਸਲ ਕੀਤੀਆਂ ਹਨ ਪਰ ਪਾਰਟੀ ਇਸ ਪ੍ਰਦਰਸ਼ਨ ਨੂੰ ਨਾਕਾਫ਼ੀ ਸਮਝ ਰਹੀ ਹੈ। ਸ਼ਾਇਦ ਇਸੇ ਕਾਰਨ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਤੀਜਿਆਂ ਤੋਂ ਤੁਰੰਤ ਬਾਅਦ ਪ੍ਰਤੀਕਿਰਿਆ ਦਿੰਦਿਆਂ ਆਖਿਆ ਹੈ ਕਿ ਕਾਂਗਰਸ ਦੇ ਉਮੀਦਵਾਰ ਸ਼ਹਿਰੀ ਵੋਟਰਾਂ ਦਾ ਭਰੋਸਾ ਜਿੱਤਣ ‘ਚ ਨਾਕਾਮ ਰਹੇ ਹਨ, ਜਿਸ ਕਰਕੇ ਇਸ ਮਾੜੇ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਬਣਦੀ ਹੈ। ਦੂਜੇ ਪਾਸੇ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਕੈਪਟਨ ਅਮਰਿੰਦਰ ਸਿੰਘ ‘ਤੇ ਬਾਦਲਾਂ ਨਾਲ ਫਰੈਂਡਲੀ ਮੈਚ ਖੇਡਣ ਸਬੰਧੀ ਅਸਿੱਧੇ ਤੌਰ ‘ਤੇ ਉਠਾਈ ਉਂਗਲ ਕਾਰਨ ਕਾਂਗਰਸ ਦੇ ਅੰਦਰੋ-ਅੰਦਰੀ ਚੱਲ ਰਹੀ ਸ਼ੀਤ ਜੰਗ ਖੁੱਲ੍ਹ ਕੇ ਬਾਹਰ ਆ ਗਈ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਸਿਰ ਪੰਜਾਬ ‘ਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਲਈ ਜ਼ਿੰਮੇਵਾਰ ਠਹਿਰਾਉਣ ਨਾਲ ਅਗਲੇ ਦਿਨਾਂ ‘ਚ ਕਾਂਗਰਸ ‘ਚ ਵੱਡੇ ਸਿਆਸੀ ਫੇਰਬਦਲ ਹੋਣ ਦੀਆਂ ਸੰਭਾਵਨਾਵਾਂ ਨੂੰ ਹੋਰ ਬਲ ਦੇ ਦਿੱਤਾ ਹੈ। ਇਸ ਤਰ੍ਹਾਂ ਲੋਕ ਸਭਾ ਚੋਣਾਂ ‘ਚ ਕਾਂਗਰਸ ਦੇ ਪੰਜਾਬ ਵਿਚਲੇ ਪ੍ਰਦਰਸ਼ਨ ਦਾ ਫੌਰੀ ਤੌਰ ‘ਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ‘ਤੇ ਅਸਰ ਪਵੇਗਾ।
ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਚੋਣਾਂ ‘ਚ 2 ਸੀਟਾਂ ਹਾਸਲ ਕੀਤੀਆਂ ਹਨ। ਹਾਲਾਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਸਿਮਰਤ ਕੌਰ, ਦੋਵੇਂ ਜਿੱਤ ਗਏ ਹਨ ਅਤੇ ਇਸ ਦੇ ਨਾਲ ਪਾਰਟੀ ਦੀ ਨੱਕ ਬਚ ਗਈ ਹੈ ਪਰ ਦੂਜੇ ਪਾਸੇ ਪਾਰਟੀ ਦੇ ਬਾਕੀ ਸਾਰੇ ਧੁਨੰਤਰ ਉਮੀਦਵਾਰ ਹਾਰ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਅੰਦਰ ਲੀਡਰਸ਼ਿਪ ਦੀ ਭਰੋਸੇਯੋਗਤਾ ਦਾ ਸੰਕਟ ਵੀ ਖੜ੍ਹਾ ਹੋ ਗਿਆ ਹੈ। ਅਕਾਲੀ ਸਰਕਾਰ ਦੌਰਾਨ ਬੇਅਦਬੀਆਂ ਦੀਆਂ ਘਟਨਾਵਾਂ ਦਾ ਸਿੱਧਾ-ਸਿੱਧਾ ਖਮਿਆਜ਼ਾ ਇਨ੍ਹਾਂ ਚੋਣਾਂ ‘ਚ ਅਕਾਲੀ ਉਮੀਦਵਾਰਾਂ ਨੂੰ ਭੁਗਤਣਾ ਪਿਆ ਹੈ। ਭਾਵੇਂਕਿ ਬਠਿੰਡਾ ਅਤੇ ਫਿਰੋਜ਼ਪੁਰ ‘ਚ ਵੀ ਬੇਅਦਬੀ ਦੀਆਂ ਘਟਨਾਵਾਂ ਦਾ ਅਸਰ ਮੌਜੂਦ ਤਾਂ ਸੀ ਪਰ ਇਨ੍ਹਾਂ ਦੋਵਾਂ ਸੀਟਾਂ ‘ਤੇ ਨਾ ਸਿਰਫ਼ ਬਾਦਲ ਪਰਿਵਾਰ ਵਲੋਂ, ਸਗੋਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੇ ਤਮਾਮ ਅਸਾਸੇ ਅਤੇ ਤਾਕਤ ਨੂੰ ਝੋਕ ਦੇਣ ਨਾਲ ਇਨ੍ਹਾਂ ਦੋਵਾਂ ਸੀਟਾਂ ਨੂੰ ਬਾਦਲ ਪਰਿਵਾਰ ਸੁਰੱਖਿਅਤ ਰੱਖ ਸਕਿਆ ਹੈ। ਉਂਜ ਪਹਿਲਾਂ ਹੀ ਸਿਆਸੀ ਮਾਹਰ ਇਹ ਅੰਦਾਜ਼ੇ ਲਾ ਗਏ ਸਨ ਕਿ ਬਾਦਲ ਪਰਿਵਾਰ ਬਠਿੰਡਾ ਅਤੇ ਫਿਰੋਜ਼ਪੁਰ, ਦੋਵੇਂ ਸੀਟਾਂ ਕਿਸੇ ਵੀ ਹਾਲਤ ‘ਚ ਹਾਰਨ ਵਾਲਾ ਨਹੀਂ ਹੈ। ਬਾਦਲ ਪਰਿਵਾਰ ਵਲੋਂ ਆਪਣੇ ਸਾਰੇ ਸਿਆਸੀ ਅਨੁਭਵ ਅਤੇ ਆਰਥਿਕ ਅਤੇ ਸਿਆਸੀ ਵਸੀਲਿਆਂ ਨੂੰ ਇਨ੍ਹਾਂ ਚੋਣਾਂ ‘ਚ ਵੋਟਾਂ ਹਾਸਲ ਕਰਨ ਲਈ ਵਰਤਿਆ ਗਿਆ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਜਿੱਤ ਗਏ, ਜਿਸ ਦੇ ਨਾਲ ਅਕਾਲੀ ਦਲ ਇਹ ਕਹਿਣ ਜੋਗਾ ਹੋ ਗਿਆ ਹੈ ਕਿ ਬੇਅਦਬੀਆਂ ਦੇ ਦੋਸ਼ ਕਾਂਗਰਸ ਵਲੋਂ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਲਾਏ ਜਾ ਰਹੇ ਸਨ।
ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਵਲੋਂ ਸੰਗਰੂਰ ਸੀਟ ਤੋਂ ਜਿੱਤ ਹਾਸਲ ਕਰਕੇ ਭਾਵੇਂ ਆਪਣੇ ਸਿਆਸੀ ਵੱਕਾਰ ਨੂੰ ਬਚਾਉਣ ਦੀ ਸਫਲਤਾ ਹਾਸਲ ਕਰ ਲਈ ਗਈ ਹੈ ਪਰ ਪਿਛਲੀਆਂ ਲੋਕ ਸਭਾ ਚੋਣਾਂ ‘ਚ ਪਾਰਟੀ ਵਲੋਂ ਪੰਜਾਬ ‘ਚ ਹਾਸਲ ਕੀਤੀਆਂ ਗਈਆਂ 4 ਲੋਕ ਸਭਾ ਸੀਟਾਂ ਦੇ ਮੁਕਾਬਲੇ ਇਸ ਵਾਰ ਸਿਰਫ਼ ਇਕ ਸੀਟ ‘ਤੇ ਹੀ ਆਮ ਆਦਮੀ ਪਾਰਟੀ ਲੋਕਾਂ ਦਾ ਫਤਵਾ ਹਾਸਲ ਕਰ ਸਕੀ ਹੈ। ਇਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅੱਗੇ ਵੀ ਇਹ ਚੁਣੌਤੀ ਖੜ੍ਹੀ ਹੋ ਗਈ ਹੈ ਕਿ ਉਹ ਆਪਣੀਆਂ ਨੀਤੀਆਂ ਅਤੇ ਪੰਜਾਬ ਦੀ ਲੀਡਰਸ਼ਿਪ ਪ੍ਰਤੀ ਗੰਭੀਰਤਾ ਨਾਲ ਸੋਚੇ। ਭਗਵੰਤ ਮਾਨ ਭਾਵੇਂ ਆਪਣੀ ਸੀਟ ਜਿੱਤਣ ਤੋਂ ਬਾਅਦ ਇਹ ਦਾਅਵੇ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਹੁਣ ਤੋਂ ਹੀ 2022 ਦੀਆਂ ਸੂਬਾਈ ਚੋਣਾਂ ਦੀ ਤਿਆਰੀ ਵਿਚ ਜੁਟ ਜਾਵੇਗੀ, ਪਰ ਇਕ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਇਕੱਲੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਬੇੜੀ ਮੰਝਧਾਰ ਵਿਚੋਂ ਬਾਹਰ ਕੱਢ ਸਕਣਗੇ? ਉਹ ਵੀ ਉਸ ਵੇਲੇ ਜਦੋਂ ਪੰਜਾਬ ‘ਚ ਇਸ ਪਾਰਟੀ ਦਾ ਜਨ ਆਧਾਰ ਬੁਰੀ ਤਰ੍ਹਾਂ ਖੁਰ ਚੁੱਕਾ ਹੈ। ਸੁਖਪਾਲ ਸਿੰਘ ਖਹਿਰਾ, ਧਰਮਵੀਰ ਗਾਂਧੀ ਅਤੇ ਸਿਮਰਜੀਤ ਸਿੰਘ ਬੈਂਸ ਵਰਗੇ ਆਗੂਆਂ ਨੂੰ ਵੀ ਇਨ੍ਹਾਂ ਚੋਣਾਂ ‘ਚ ਲੋਕਾਂ ਵਲੋਂ ਨਕਾਰ ਦਿੱਤਾ ਗਿਆ, ਜਿਸ ਕਰਕੇ ਖ਼ਾਸ ਕਰਕੇ ਸੁਖਪਾਲ ਸਿੰਘ ਖਹਿਰਾ ਵਰਗੇ ਤੇਜ਼-ਤਰਾਰ ਬੁਲਾਰੇ ਅਤੇ ਸਿਆਸੀ ਆਗੂ ਦਾ ਭਵਿੱਖ ਦਾਅ ‘ਤੇ ਲੱਗ ਗਿਆ ਹੈ। ਇਕ ਸਿਆਸੀ ਵਿਸ਼ਲੇਸ਼ਕ ਦਾ ਕਹਿਣਾ ਸੀ ਕਿ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਦੀ ਹਾਰ ਨੇ ਇਹ ਸੁਨੇਹਾ ਦਿੱਤਾ ਹੈ ਕਿ ਪੰਜਾਬ ‘ਚ ਲੋਕਾਂ ਦਾ ਨੇਤਾ ਬਣਨ ਲਈ ਸਿਰਫ਼ ਅਲੋਚਨਾ ਕਰਨ ਹੀ ਕਾਫ਼ੀ ਨਹੀਂ ਹੈ ਸਗੋਂ ਜ਼ਮੀਨੀ ਪੱਧਰ ‘ਤੇ ਕੰਮ ਕਰਨ ਦੀ ਅਹਿਮੀਅਤ ਹੈ। ਲੋਕ ਵੱਡੇ-ਵੱਡੇ ਵਾਅਦਿਆਂ ਅਤੇ ਦਾਅਵਿਆਂ ਨਾਲ ਨਹੀਂ ਰੀਝਦੇ, ਉਹ ਹੁਣ ਸਿਆਸੀ ਆਗੂਆਂ ਦੀ ਜੁਆਬਦੇਹੀ ਕਰਨ ਲੱਗੇ ਹਨ। ਇਸ ਤਰ੍ਹਾਂ ਲੋਕ ਕੰਮ ਕਰਨ ਵਾਲੇ ਨੇਤਾਵਾਂ ਨੂੰ ਪਰਖਣ ‘ਚ ਜ਼ਿਆਦਾ ਵਿਸ਼ਵਾਸ ਕਰਦੇ ਹਨ, ਨਾ ਕਿ ਜ਼ਿਆਦਾ ਬੋਲਣ ਅਤੇ ਅਲੋਚਨਾ ਕਰਨ ਦੇ ਗੁਣਾਂ ਵਾਲੇ ਸਿਆਸੀ ਆਗੂਆਂ ਨੂੰ। ਸੁਖਪਾਲ ਸਿੰਘ ਖਹਿਰਾ ਵਰਗੇ ਆਗੂਆਂ ਨੂੰ ਇਹ ਵੀ ਸਬਕ ਮਿਲਿਆ ਹੈ ਕਿ ਪਾਰਟੀਆਂ ਤੋਂ ਬਾਹਰ ਜਾ ਕੇ ਆਪਣੀ ਹਰਮਨਪਿਆਰਤਾ ਨੂੰ ਪ੍ਰਵਾਨ ਚੜ੍ਹਾਉਣਾ ਬਹੁਤ ਔਖਾ ਹੈ। ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਲੀਡਰਸ਼ਿਪ ਨੂੰ ਖੁਦਮੁਖਤਿਆਰੀ ਦੇਣ ਦੇ ਨਾਂਅ ‘ਤੇ ਆਮ ਆਦਮੀ ਪਾਰਟੀ ਤੋਂ ਅੱਡ ਹੋਏ ਸਨ। ਇਸ ਤਰ੍ਹਾਂ ਇਹ ਲੋਕ ਸਭਾ ਚੋਣਾਂ ਕੁੱਲ ਮਿਲਾ ਕੇ ਪੰਜਾਬ ਦੀ ਰਾਜਨੀਤੀ ਲਈ ਬੇਹੱਦ ਅਹਿਮ ਹਨ। ਸਾਲ 2022 ਦੀਆਂ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਇਕ ਨਵੀਂ ਕਿਸਮ ਦਾ ਸਿਆਸੀ ਮਾਹੌਲ ਪੈਦਾ ਹੋਣ ਦੇ ਆਸਾਰ ਹਨ ਅਤੇ ਸਿਆਸੀ ਆਗੂਆਂ ਦੇ ਪੁਰਾਣੇ ਤਜਰਬਿਆਂ ਦੇ ਉਲਟ ਨਵੇਂ ਤਜਰਬੇ ਹੋਣਗੇ। ਇਨ੍ਹਾਂ ਚੋਣਾਂ ‘ਚ ਭਾਵੇਂ ਤੀਜੀ ਧਿਰ ਉਭਾਰਨ ਦਾ ਦਾਅਵਾ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਅਤੇ ਧਰਮਵੀਰ ਗਾਂਧੀ ਵਰਗੇ ਆਗੂਆਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਪਰ ਪੰਜਾਬ ‘ਚ ਤੀਜੀ ਧਿਰ ਦੀ ਸੰਭਾਵਨਾ ਖ਼ਤਮ ਨਹੀਂ ਹੋਈ। ਭਗਵੰਤ ਮਾਨ ਦੀ ਜਿੱਤ ਨੇ ਮਾਲਵੇ ‘ਚ ਤੀਜੀ ਧਿਰ ਨੂੰ ਉਭਾਰਨ ਦੀ ਸੰਭਾਵਨਾ ਅਤੇ ਸ਼ਕਤੀ ਉਭਾਰੀ ਹੈ ਅਤੇ ਭਵਿੱਖ ਵਿਚ ਰਾਜਨੀਤੀ ਕਿਹੜੀ ਕਰਵਟ ਲੈਂਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ।

Check Also

ਭਾਰਤ ਵੱਲੋਂ ਸਹਿਯੋਗ ਦੀ ਆਸ ਕਿਉਂ ਰੱਖ ਰਿਹੈ ਪਾਕਿਸਤਾਨ

1947 ਵਿਚ ਭਾਰਤ ਨੂੰ ਆਜ਼ਾਦੀ ਮਿਲਣ ਦੇ ਨਾਲ ਹੀ ਹੋਈ ਵੰਡ ਦੇ ਨਾਲ ਪਾਕਿਸਤਾਨ ਹੋਂਦ …