4.1 C
Toronto
Friday, March 6, 2026
spot_img
Homeਸੰਪਾਦਕੀਚੀਨ ਦੀ ਆਰਥਿਕਤਾ ਦਾ ਕੱਚ-ਸੱਚ

ਚੀਨ ਦੀ ਆਰਥਿਕਤਾ ਦਾ ਕੱਚ-ਸੱਚ

ਚੀਨ ਬਾਰੇ ਪੂਰੇ ਵਿਸ਼ਵ ਵਿਚ ਇਹ ਮਿੱਥ ਮਸ਼ਹੂਰ ਹੈ ਕਿ ਉਸਦੀ ਆਰਥਿਕਤਾ ਬੜੀ ਤੇਜ਼ ਗਤੀ ਨਾਲ ਇਕ ਜ਼ਾਬਤਾ ਭਰੀ ਪ੍ਰਣਾਲੀ ਅਧੀਨ ਵਿਕਾਸ ਦੀ ਡਗਰ ‘ਤੇ ਚੱਲ ਰਹੀ ਹੈ। ਚੀਨੀ ਨਾਗਰਿਕ ਇਹ ਮੰਨ ਕੇ ਸੁਖਦ ਮਹਿਸੂਸ ਕਰਦੇ ਚਲੇ ਆ ਰਹੇ ਹਨ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਵਰਗੀ ਮਹਾਸ਼ਕਤੀ ਨਾਲੋਂ ਕਿਸੇ ਗੱਲੋਂ ਪਿੱਛੇ ਨਹੀਂ ਹੈ, ਉਹ ਭਾਵੇਂ ਆਰਥਿਕ, ਤਕਨੀਕੀ, ਸਮਾਜਿਕ ਸੁਰੱਖਿਆ, ਪਰਮਾਣੂ, ਫੌਜੀ ਅਤੇ ਡਿਪਲੋਮੇਸੀ ਸਬੰਧੀ ਖੇਤਰ ਹੋਣ। ਉਨ੍ਹਾਂ ਨੂੰ ਆਪਣੇ ਦੇਸ਼, ਇਸ ‘ਤੇ ਕਾਬਜ਼ ਕਮਿਊਨਿਸਟ ਪਾਰਟੀ ਅਤੇ ਇਸ ਦੀ ਲੀਡਰਸ਼ਿਪ ‘ਤੇ ਮਾਣ ਹੈ ਪਰ ਹਕੀਕਤ ਵਿਚ ਇਹ ਪੂਰੇ ਦਾ ਪੂਰਾ ਮੰਜ਼ਰ ਇਕ ਖੋਖਲੀ ਵਿਵਸਥਾ ‘ਤੇ ਸਿਰਜਿਆ ਜਾ ਰਿਹਾ ਹੈ ਜੋ ਇਕ ਰਾਜਨੀਤਕ ਅਡੰਬਰ ‘ਤੇ ਟਿਕਿਆ ਹੋਇਆ ਹੈ ਜੋ ਬੰਦੂਕ ਦੀ ਗੋਲ਼ੀ ਵਿੱਚੋਂ ਨਿਕਲਣ ਵਾਲੀ ਸ਼ਕਤੀ ਦੇ ਡਰ ਦੀ ਉਪਜ ਹੈ।
ਚੀਨ ‘ਚ ਰੋਜ਼ਾਨਾ ਜ਼ਿੰਦਗੀ ਧੋਖੇਬਾਜ਼ੀ ਰਾਹੀਂ ਸੰਚਾਲਤ ਅਜਿਹਾ ਵਿਸ਼ਵਾਸ ਹੈ ਜੋ ਲਗਾਤਾਰ ਨਿਰਾਸ਼ਾ ਦੇ ਆਲਮ ਵਿਚ ਘਿਰਦਾ ਚਲਾ ਜਾ ਰਿਹਾ ਹੈ। ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਇਹ ਇਕ ਤਾਕਤਵਰ ਤੇ ਬਗੈਰ ਵਾਗਾਂ ਦੇ ਹਵਾ ਵਿਚ ਉੱਡਦਾ ਚੇਤਕ ਘੋੜਾ ਹੈ। ਚੀਨੀ ਲੋਕ ਦੇਸ਼ ਅੰਦਰ ਪਸਰ ਰਹੀ ਰਾਜਨੀਤਕ, ਆਰਥਿਕ ਅਤੇ ਰੋਜ਼ਾਨਾ ਜ਼ਿੰਦਗੀ ਸਬੰਧੀ ਨਿਰਾਸ਼ਾ ਬਾਰੇ ਘਰਾਂ, ਨਿੱਜੀ ਮਿਲਣਗੀਆਂ ਤੇ ਵਿਸ਼ੇਸ਼ ਸਮਾਰੋਹਾਂ ਵਿਚ ਸਰਕਾਰੀ ਅਤੇ ਕਮਿਊਨਿਸਟ ਪਾਰਟੀ ਆਧਾਰਤ ਖ਼ੁਫ਼ੀਆ ਏਜੰਸੀਆਂ ਤੋਂ ਅੱਖ ਬਚਾਅ ਕੇ ਘੁਸਰ-ਮੁਸਰ ਕਰਦੇ ਵੇਖੇ ਜਾਂਦੇ ਹਨ। ਉਹ ਤੇ ਉਨ੍ਹਾਂ ਦੀ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ, ਉਜਰਤਾਂ ‘ਚ ਕਟੌਤੀ ਤੇ ਪਬਲਿਕ ਸਹੂਲਤਾਂ ‘ਚ ਹੋ ਰਹੀ ਕਮੀ ਤੋਂ ਪੀੜਤ ਮਹਿਸੂਸ ਕਰ ਰਹੇ ਹਨ। ਕੌਮਾਂਤਰੀ ਪੱਧਰ ‘ਤੇ ਚੀਨੀ ਆਰਥਿਕ ਵਿਕਾਸ, ਤਕਨੀਕੀ ਅਤੇ ਵਿਗਿਆਨਕ ਪ੍ਰਾਪਤੀਆਂ ਮਹਿਜ਼ ਦਿਖਾਵਾ ਹਨ। ਅੰਦਰਖਾਤੇ ਖੋਖਲੀ ਆਰਥਿਕਤਾ ਦੇ ਸ਼ਿਕਾਰ ਅਮਰੀਕਾ ਤੇ ਚੀਨ ਦੀ ਚਲਾਕੀ ਵੇਖੋ। ਇਸ ‘ਤੇ ਪਰਦਾਪੋਸ਼ੀ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਮਿਲਦੇ ਹਨ। ਅਮਰੀਕੀ ਟੈਰਿਫ ਤੋਂ ਉਤਪੰਨ ਦੋਹਾਂ ਦੇਸ਼ਾਂ ਦਰਮਿਆਨ ਵਪਾਰਕ ਜੰਗ ਨੂੰ ਵਿਰਾਮ ਦੇਣ ਦਾ ਨਿਰਣਾ ਲੈਂਦੇ ਹਨ। ਸੋਸ਼ਲ ਮੀਡੀਆ, ਵਿਸ਼ਵ ਪ੍ਰਸਿੱਧ ਤੇਜ਼-ਤਰਾਰ ਆਗੂਆਂ, ਬੁੱਧੀਜੀਵੀਆਂ ਅਤੇ ਡਿਪਲੋਮੈਟਾਂ ਲਈ ਇਹ ਅੰਦਾਜ਼ਾ ਲਗਾਉਣਾ ਕੋਈ ਪੇਚੀਦਾ ਕਾਰਜ ਨਹੀਂ ਸੀ ਕਿ ਚੀਨ ਅਤੇ ਅਮਰੀਕਾ ਦੇ ਸਰਵਉੱਚ ਆਗੂ ਕਿਉਂ ਮਿਲੇ?
ਚੀਨ ਅੰਦਰ ਅਜੋਕੀ ਸ਼ੀ ਜਿਨਪਿੰਗ ਲੀਡਰਸ਼ਿਪ ਪੂਰੇ ਯਤਨਾਂ ਨਾਲ ਦੇਸ਼ ਵਾਸੀਆਂ ਨੂੰ ਭਰੋਸਾ ਦਿੰਦੀ ਵਿਖਾਈ ਦੇ ਰਹੀ ਹੈ ਕਿ ਦੇਸ਼ ਕਿਸੇ ਵੀ ਰਾਜਨੀਤਕ, ਆਰਥਿਕ, ਡਿਪਲੋਮੈਟਿਕ ਅਤੇ ਫੌਜੀ ਚੁਣੌਤੀ ਨੂੰ ਕਰਾਰਾ ਜਵਾਬ ਦੇਣ ਦੇ ਸਮਰੱਥ ਹੈ ਪਰ ਦੇਸ਼ ਦੀ ਅੰਦਰੂਨੀ ਹਾਲਤ ਲੀਡਰਸ਼ਿਪ ਦੇ ਅਜਿਹੇ ਝੂਠਾਂ ਦਾ ਪਰਦਾਫਾਸ਼ ਕਰ ਰਹੀ ਹੈ। ਲੋਕ ਬੋਲਦੇ ਸੁਣੇ ਜਾ ਰਹੇ ਹਨ ‘ਵਾਈ ਕੀ ਆਂਗ, ਜੋਂਗ ਗਨ’ ਭਾਵ ‘ਬਾਹਰੋਂ ਮਜ਼ਬੂਤ, ਅੰਦਰੋਂ ਖੱਖੜੀ ਖੱਖੜੀ।’
ਚੀਨ ਕਰੋੜਾਂ ਗਰੀਬ, ਪੱਛੜੇ, ਕਮਜ਼ੋਰ ਤੇ ਬੇਆਵਾਜ਼ ਲੋਕਾਂ ਜੋ ਚੀਨੀ ਸੱਤਾ ‘ਤੇ ਕਾਬਜ਼ ਤਾਕਤਵਰ ਲੋਕਾਂ ਅਤੇ ਰਾਜਨੀਤਕ ਸੰਗਠਨ ਅੱਗੇ ਆਵਾਜ਼ ਨਹੀਂ ਉਠਾ ਸਕਦੇ, ਉਨ੍ਹਾਂ ਦੇ ਸਹਾਰੇ ਆਪਣੇ-ਆਪ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ‘ਤੇ ਮਹਾ-ਸ਼ਕਤੀ ਦਰਸਾਉਂਦਾ ਹੈ। ਚੀਨ ਹੀ ਨਹੀਂ, ਅਜੋਕੀ ਆਰਥਿਕ ਮੰਦਹਾਲੀ ਅਤੇ ਵਪਾਰਕ ਉਥਲ-ਪੁਥਲ ਦੇ ਦੌਰ ਵਿਚ ਅਮਰੀਕਾ, ਯੂਕੇ, ਫਰਾਂਸ, ਜਰਮਨੀ, ਕੈਨੇਡਾ, ਆਸਟ੍ਰੇਲੀਆ, ਜਾਪਾਨ, ਦੱਖਣੀ ਕੋਰੀਆ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ, ਭਾਰਤ, ਤੁਰਕੀ ਤੇ ਰੂਸ ਆਦਿ ਦੇਸ਼ ਅੰਦਰੂਨੀ ਤੌਰ ‘ਤੇ ਮਾੜੇ ਹਾਲਾਤ ‘ਚੋਂ ਲੰਘ ਰਹੇ ਹਨ। ਇਸ ਦੇ ਬਾਵਜੂਦ ਬਾਹਰੀ ਤੌਰ ‘ਤੇ ਇਹ ਖ਼ੁਦ ਨੂੰ ਸ਼ਕਤੀਸ਼ਾਲੀ, ਸਵੈ-ਨਿਰਭਰ ਤੇ ਵਧੀਆ ਸਮਾਜਿਕ ਹਾਲਾਤ ਵਿਚ ਵਿਗਸਣ ਦਾ ਡਰਾਮਾ ਕਰ ਰਹੇ ਹਨ।
ਚੀਨ ਵਿਚ ਰੋਜ਼ਾਨਾ ਰੁਜ਼ਗਾਰ ਦੀ ਤਲਾਸ਼ ਵਿਚ ਲੋਕ ਦਰ-ਦਰ ਭਟਕਦੇ ਦਿਸ ਰਹੇ ਹਨ। ਵੱਡੇ ਪੱਧਰ ‘ਤੇ ਲੋਕ ਦੋ ਵਕਤ ਦੀ ਰੋਟੀ ਲਈ ਤਰਸਦੇ ਹਨ। ਇਕ ਡਾਲਰ ਵਿਚ ਗੁਜ਼ਾਰਾ ਕਰਨ ਲਈ ਬੇਵੱਸ ਹਨ। ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ, ਖਾਣਾ, ਪਹਿਨਣਾ, ਮਨੋਰੰਜਨ ਦੇਣ ਲਈ ਜਦੋ-ਜਹਿਦ ਕਰਦੇ ਵੇਖੇ ਜਾ ਰਹੇ ਹਨ। ਲੋਕਾਂ ਦੇ ਮਨਾਂ ‘ਚੋਂ ਲਗਾਤਾਰ ਸ਼ਾਸਕਾਂ ਦੀ ਨਿਰੰਕੁਸ਼ਤਾ ਕਰਕੇ ਦੇਸ਼ ਭਗਤੀ ਤੇ ਰਾਸ਼ਟਰਵਾਦ ਦੀਆਂ ਭਾਵਨਾਵਾਂ ਮਹੱਤਵਹੀਣ ਹੁੰਦੀਆਂ ਚਲੀਆਂ ਜਾ ਰਹੀਆਂ ਹਨ। ਲੋਕ ਘਰੇਲੂ ਜੀਵਨ, ਰੁਜ਼ਗਾਰ, ਪਰਿਵਾਰਕ ਪੋਸ਼ਣ, ਬਿਮਾਰੀਆਂ ਭਰੇ ਮਾਹੌਲ ਵਿਚ ਘਿਰਦੇ ਜਾ ਰਹੇ ਹਨ। ਵਧਦੀ ਬੇਰੁਜ਼ਗਾਰੀ ਬਾਬਤ ਸੰਨ 2024 ਵਿਚ ਅੰਕੜਾ ਹੇਰਾਫੇਰੀ ਨਾਲ ਲੁਕਾਇਆ ਗਿਆ ਹੈ। ਫਿਰ ਵੀ ਤਸਵੀਰ ਚਿੰਤਾਜਨਕ ਬਣੀ ਵਿਖਾਈ ਦਿੱਤੀ। ਦੋ ਸੌ ਮਿਲੀਅਨ ਲੋਕ ਆਰਥਿਕ ਮੰਦਹਾਲੀ ਦੀ ਮੰਝਧਾਰ ਵਿਚ ਫਸੇ ਭਵਿੱਖ ਵਿਚ ਕਿਸੇ ਤਰ੍ਹਾਂ ਦੀ ਰਾਹਤ ਸਬੰਧੀ ਆਸ਼ਾ ਦੀ ਕਿਰਨ ਦੀ ਤਵੱਜੋਂ ਨਹੀਂ ਰੱਖ ਰਹੇ। ਕਾਰੋਬਾਰ ਘਾਟੇ ਵਿਚ ਜਾਣ ਜਾਂ ਖ਼ਤਮ ਹੋਣ ਕਰਕੇ ਕੀਮਤਾਂ ਵਿਚ ਵਾਧੇ ਕਾਰਨ ਰੋਜ਼ਮੱਰਾ ਦੀਆਂ ਵਸਤਾਂ ਖ਼ਰੀਦਣ ਦੀ ਸਥਿਤੀ ਵਿਚ ਨਹੀਂ ਹਨ। ਘੱਟ ਉਜਰਤਾਂ ਮਾਰੇ ਦੂਸਰੇ ਸੂਬਿਆਂ ਦੇ 300 ਮਿਲੀਅਨ ਲੋਕ ਵਾਪਸ ਕੰਮਾਂ ‘ਤੇ ਪਰਤਣਾ ਨਹੀਂ ਚਾਹੁੰਦੇ।
ਹਾਲਤ ਇਹ ਬਣਦੀ ਚਲੀ ਜਾ ਰਹੀ ਹੈ ਕਿ ਮਹਿੰਗਾਈ, ਬੇਰੁਜ਼ਗਾਰੀ ਅਤੇ ਚਿੰਤਾਵਾਂ ਕਾਰਨ ਕਾਫ਼ੀ ਲੋਕ ਸ਼ਾਦੀ ਕਰਾਉਣ ਤੋਂ ਕਿਨਾਰਾ ਕਰ ਰਹੇ ਹਨ। ਜੇ ਸ਼ਾਦੀਆਂ ਕਰ ਵੀ ਲੈਂਦੇ ਹਨ ਤਾਂ ਬੱਚੇ ਨਾ ਪੈਦਾ ਕਰਨ ਦਾ ਨਿਰਣਾ ਲੈ ਰਹੇ ਹਨ। ਨਤੀਜੇ ਵਜੋਂ ਚੀਨ ਦੀ ਆਬਾਦੀ ਵਿਚ ਕਮੀ ਹੋ ਰਹੀ ਹੈ। ਇਸੇ ਕਰਕੇ ਆਬਾਦੀ ਪੱਖੋਂ ਭਾਰਤ ਉਸ ਤੋਂ ਅੱਗੇ ਨਿਕਲ ਗਿਆ ਹੈ।
ਕਮਿਊਨਿਸਟ ਚੀਨ ਵਿਚ ਕਾਰਪੋਰੇਟ ਪ੍ਰਭਾਵ ਸਦਕਾ ਅਮੀਰ ਤੇ ਗ਼ਰੀਬ ਵਿਚਾਲੇ ਪਾੜਾ ਵਧ ਰਿਹਾ ਹੈ। ਇਸੇ ਲਈ ਕਾਰੋਬਾਰ, ਪ੍ਰਸ਼ਾਸਨ ਅਤੇ ਸਨਅਤੀ ਅਦਾਰਿਆਂ ਵਿਚ ਅਸ਼ਾਂਤੀ ਪੈਦਾ ਹੋ ਰਹੀ ਹੈ। ਚੀਨ ‘ਚ 15 ਤੋਂ 64 ਸਾਲ ਉਮਰ ਦੀ ਲੇਬਰ ਸ਼ਕਤੀ ਸੁੰਗੜ ਰਹੀ ਹੈ। ਸੰਨ 2030 ਤੱਕ ਸਾਲਾਨਾ ਇਸ ਦੇ 1 ਪ੍ਰਤੀਸ਼ਤ ਸੁੰਗੜਨ ਦਾ ਅਨੁਮਾਨ ਹੈ। ਕਾਮਿਆਂ ਵਿਚ ਹੁਨਰਮੰਦੀ ਘਟਣ ਕਰਕੇ ਚੀਨ ਦੀ ਕੁੱਲ ਪੈਦਾਵਾਰ ਵਿਚ 3 ਪ੍ਰਤੀਸ਼ਤ ਕਮੀ ਆਈ ਹੈ। ਰੀਅਲ ਅਸਟੇਟ ਕਾਰੋਬਾਰ ਵਿਚ ਕਮੀ ਵੇਖੀ ਗਈ ਹੈ। ਸੰਨ 2021 ਵਿਚ 1.794 ਬਿਲੀਅਨ ਵਰਗ ਮੀਟਰ ਘਰ ਵਿਕੇ। ਸੰਨ 2024 ਵਿਚ ਇਹ ਵਿਕਰੀ ਘਟ ਕੇ 947 ਮਿਲੀਅਨ ਵਰਗ ਮੀਟਰ ਰਹਿ ਗਈ। ਬੱਝਵੇਂ ਨਿਵੇਸ਼ ਵਿਚ ਕੋਵਿਡ-19 ਸਮੇਂ ਸੰਨ 2019 ਵਿਚ 13.2% ਦੀ ਕਮੀ ਵੇਖੀ ਗਈ ਜੋ 2025 ਵਿਚ 15.5 ਪ੍ਰਤੀਸ਼ਤ ਹੋ ਗਈ। ਚੀਨੀ ਆਰਥਿਕਤਾ ਵਿਚ ਖੜੋਤ ਅਤੇ ਗਿਰਾਵਟ ਮਲੇਸ਼ੀਆ ਅਤੇ ਥਾਈਲੈਂਡ ਦੇ ਅਰਥਚਾਰਿਆਂ ਦੀ ਤਰਜ਼ ‘ਤੇ ਵੇਖਣ ਨੂੰ ਮਿਲ ਰਹੀ ਹੈ। ਕਰਜ਼ਾ ਆਰਥਿਕਤਾ ਦੇ ਆਕਾਰ ਨਾਲੋਂ ਵਧ ਰਿਹਾ ਹੈ ਜਦਕਿ ਅਮਰੀਕਾ ਅਤੇ ਜਾਪਾਨ ਇਸ ਤੋਂ ਬਚੇ ਹੋਏ ਹਨ। ਚੀਨ ਦਾ ਕਾਰਪੋਰੇਟ ਕਰਜ਼ਾ ਇਸ ਦੀ ਜੀਡੀਪੀ ਦਾ 131% ਹੋ ਗਿਆ ਹੈ। ਘਰੇਲੂ ਬੈਂਕ ਇਸ ਨੂੰ ਅਜੇ ਵੀ ਚਿੰਤਾਜਨਕ ਨਹੀਂ ਮੰਨ ਰਹੇ। ਲੀਅਨਪਿੰਗ ਡਾਇਰੈਕਟਰ ਚੀਨੀ ਮੁੱਖ ਆਰਥਿਕ ਫੋਰਮ ਅਨੁਸਾਰ ਚੀਨ ਦੀ ਆਰਥਿਕ ਸਥਿਤੀ ਅਨਿਸ਼ਚਿਤ ਬਣੀ ਪਈ ਹੈ। ਉਸ ਦੀ ਪ੍ਰਤੀ ਜੀਅ ਆਮਦਨ 13000 ਡਾਲਰ ਹੈ ਜੋ ਸਿਰਫ਼ ਅਮਰੀਕੀ ਪ੍ਰਤੀ ਜੀਅ ਆਮਦਨ ਦਾ 17 ਪ੍ਰਤੀਸ਼ਤ ਹੈ। ਸਤੰਬਰ 2025 ਵਿਚ ਚੀਨੀ ਕਮਿਊਨਿਸਟ ਪਾਰਟੀ ਨੇ ਦੂਜੀ ਵੱਡੀ ਜੰਗ ਦੇ ਖ਼ਾਤਮੇ ਦੀ 80ਵੀਂ ਵਰ੍ਹੇਗੰਢ ਬੜੇ ਸ਼ਾਹਾਨਾ ਢੰਗ ਨਾਲ ਮਨਾਈ। ਇਸ ਤੋਂ ਨਾਰਾਜ਼ ਲੋਕ ਕਹਿ ਰਹੇ ਸਨ ਕਿ ਇਸ ਬੇਲੋੜੇ ਕੰਮ ‘ਤੇ ਬਿਲੀਅਨ ਡਾਲਰ ਖ਼ਰਚ ਕਰਨ ਦੀ ਕੀ ਲੋੜ ਸੀ? ਇਸ ਰਕਮ ਨੂੰ ਲੋਕਾਂ ਦੀਆਂ ਰੋਜ਼ਮੱਰਾ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਖ਼ਰਚ ਕਰਨਾ ਚਾਹੀਦਾ ਸੀ। ਚੀਨੀ ਲੋਕਾਂ ਸਾਹਮਣੇ ਜਿਨਪਿੰਗ ਸਰਕਾਰ ਤੇ ਚੀਨੀ ਆਰਥਿਕਤਾ ਦੇ ਖੋਖਲੇਪਣ ਬਾਰੇ ਸੋਸ਼ਲ ਮੀਡੀਆ ਜੋ ਸੱਚਾਈ ਪਰੋਸ ਰਿਹਾ ਹੈ, ਇਹ ਲੋਕਾਂ ਨੂੰ ਨਿਰਾਸ਼ਾ ਦੇ ਆਲਮ ਵੱਲ ਧੱਕ ਰਹੀ ਹੈ।
-ਦਰਬਾਰਾ ਸਿੰਘ ਕਾਹਲੋਂ
(‘ਪੰਜਾਬੀ ਜਾਗਰਣ’ ਵਿਚੋਂ ਧੰਨਵਾਦ ਸਹਿਤ)

RELATED ARTICLES
POPULAR POSTS