20.6 C
Toronto
Friday, September 18, 2026
spot_img
Homeਸੰਪਾਦਕੀਨਰਿੰਦਰ ਮੋਦੀ ਦੇ ਜਨਮਦਿਨ 'ਤੇ ਨੰਦੇੜ ਸਾਹਿਬ ਵਿੱਚ ਹੋਈ ਚੜ੍ਹਦੀ ਕਲਾ ਲਈ...

ਨਰਿੰਦਰ ਮੋਦੀ ਦੇ ਜਨਮਦਿਨ ‘ਤੇ ਨੰਦੇੜ ਸਾਹਿਬ ਵਿੱਚ ਹੋਈ ਚੜ੍ਹਦੀ ਕਲਾ ਲਈ ਅਰਦਾਸ

ਨਰਿੰਦਰ ਮੋਦੀ ਦੇ ਜਨਮਦਿਨ ‘ਤੇ ਨੰਦੇੜ ਸਾਹਿਬ ਵਿੱਚ ਹੋਈ ਚੜ੍ਹਦੀ ਕਲਾ ਲਈ ਅਰਦਾਸਵੀਰਵਾਰ ਨੂੰ ਜੋ ਕੁੱਝ ਗੁਰੂਦਵਾਰਾ ਸ਼੍ਰੀ ਸੱਚਖੰਡ ਨੰਦੇੜ ਸਾਹਿਬ ਵਿੱਚ ਹੋਇਆ ਉਹ ਇਸ ਲਈ ਚਰਚਾ ਵਿੱਚ ਆ ਗਿਆ ਹੈ ਕਿ ਗੁਰੂਦੁਆਰਾ ਸਾਹਿਬ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ‘ਤੇ ਉਹਨਾਂ ਦੀ ਲੰਮੀ ਉਮਰ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਸਵਾਲ ਇਹ ਹੈ ਕਿ ਉਸਦੀ ਵਿਉਂਤਬੰਦੀ ਕਿਸਨੇ ਕੀਤੀ। ਉਂਝ ਤਾਂ ਗੁਰੂਦਵਾਰਾ ਸਾਹਿਬਾਨ ਵਿੱਚ ਅਰਦਾਸਾਂ ਰੋਜ਼ਾਨਾ ਹੀ ਹੁੰਦੀਆਂ ਹਨ ਪਰੰਤੂ ਕਿਸੇ ਵੱਡੇ ਨੇਤਾ ਦੀ ਗ਼ੈਰਮੌਜੂਦਗੀ ਵਿੱਚ ਗੁਰੂਦਵਾਰਾ ਸਾਹਿਬ ਵੱਲੋਂ ਖੁਦ ਹੀ ਅਰਦਾਸ ਨੂੰ ਅੰਜਾਮ ਦੇਣਾ, ਇੱਕ ਨਿਵੇਕਲੀ ਰੀਤ ਹੋ ਨਿੱਬੜੀ ਹੈ। ਲੋਕ ਸੋਸ਼ਲ ਮੀਡੀਆ ਐਕਸ ‘ਤੇ ਸੁਆਲ ਕਰ ਰਹੇ ਹਨ ਕਿ ਆਖਿਰ ਇਹ ਕਿਹੜੀ ਰੀਤ ਹੈ।
ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇਸੇ ਸਾਲ ਦੇ ਆਰੰਭ ਵਿੱਚ ਮਹਾਰਾਸ਼ਟਰ ਸਰਕਾਰ ਨੇ 70 ਸਾਲ ਤੋਂ ਚਲੇ ਆ ਰਹੇ, ‘ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਐਕਟ, 1956’ ਨੂੰ ਰੱਦ ਕਰਨ ਦੇ ਲਈ ਮਨਜ਼ੂਰੀ ਦੇ ਦਿੱਤੀ ਸੀ ਤੇ ਇੱਕ ਨਵਾਂ ਕਾਨੂੰਨ ਬਣਾ ਕੇ ਗੁਰੂਦਵਾਰਾ ਸਾਹਿਬ ਦੇ ਪ੍ਰਬੰਧ ਵਿੱਚ ਬਹੁਤ ਵੱਡੀ ਤਬਦੀਲੀ ਕਰਨ ਦਿਨ ਕੋਸ਼ਿਸ਼ ਕੀਤੀ ਸੀ, ਪ੍ਰੰਤੂ ਦੁਨੀਆ ਭਰ ਦੇ ਸਿੱਖਾਂ ਦੇ ਵਿਰੋਧ ਕਾਰਨ ਇਹ ਵਾਪਸ ਲੈ ਲਿਆ ਗਿਆ ਸੀ। ਤੇ ਹੁਣ ਗੁਰੂਦਵਾਰਾ ਸਾਹਿਬ ਦੇ ਪ੍ਰਸ਼ਾਸਕ ਨੇ ਆਪ ਹੀ ਮੋਦੀ ਦੇ ਜਨਮਦਿਨ ‘ਤੇ ਅਰਦਾਸ ਕਰਵਾ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ।
ਵੈਸੇ ਗੁਰੂਦਵਾਰਾ ਸਾਹਿਬ ਵਿੱਚ ਅਰਦਾਸ ਕੋਈ ਵੀ ਕਰਵਾ ਸਕਦਾ ਹੈ ਪਰ ਉਸਦੇ ਕੁੱਝ ਕਾਇਦੇ ਹਨ। ਨੰਦੇੜ ਸਾਹਿਬ ਗੁਰੂਦਵਾਰਾ ਸਾਹਿਬ ਦੇ ਅਰਦਾਸੀਏ ਸਿੰਘ ਨੇ ਅਰਦਾਸ ਕਰਦੇ ਹੋਏ ਕਿਹਾ, ”ਸ਼੍ਰੀ ਨਰੇਂਦਰ ਦਾਮੋਦਰ ਜੀ ਮੋਦੀ ਪ੍ਰਧਾਨ ਭਾਰਤ ਸਰਕਾਰ ਜਿਹਨਾਂ ਦੇ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਡਾਕਟਰ ਵਿਜੈ ਸਤਬੀਰ ਸਿੰਘ, ਪ੍ਰਸ਼ਾਸਕ ਗੁਰੂਦਵਾਰਾ ਸੱਚਖੰਡ ਬੋਰਡ ਬੇਅੰਤ ਮਾਇਆ ਭੇਂਟ ਕਰਵਾਉਂਦੇ ਹਨ, ਅਰਦਾਸ ਕਰਵਾਉਂਦੇ ਹਨ, ਮੋਦੀ ਜੀ ਨੂੰ ਦੀਰਘ ਆਯੂ ਬਖਸ਼ਣੀ ਦੇਸ਼ ਦੀ ਚੜ੍ਹਦੀ ਕਲਾ ਲਈ ਸੇਵਾ ਕਰਨ ਦਾ ਬਲ ਬਖਸ਼ਣਾ, ਚੜ੍ਹਦੀ ਕਲਾ ਬਖਸ਼ਣੀ।
ਇਸ ਅਰਦਾਸ ਨੂੰ ਆਉਂਦੀਆਂ ਪੰਜਾਬ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਸਿੱਖ ਭਾਈਚਾਰੇ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ। ਵੀਰਵਾਰ ਸਵੇਰੇ ਤਖ਼ਤ ਦੇ ਸੇਵਾਦਾਰਾਂ ਵੱਲੋਂ ਕੀਤੀ ਗਈ ਇਹ ਅਰਦਾਸ, ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ‘ਸੇਵਾ ਦਿਵਸ’ ਦੇ ਰੂਪ ਵਿੱਚ ਮਨਾਉਣ ਅਤੇ ਭਾਜਪਾ ਦੀ ਅਗਵਾਈ ਹੇਠ ਸ਼ੁਰੂ ਹੋਈ ਮਹੀਨਾ-ਭਰ ਚੱਲਣ ਵਾਲੀ ਦੇਸ਼-ਵਿਆਪੀ ‘ਸੇਵਾ ਸੰਕਲਪ ਮੁਹਿੰਮ’ ਦੇ ਨਾਲ-ਨਾਲ ਹੀ ਹੋਈ। ਕਿਹਾ ਜਾ ਸਕਦੈ ਕਿ ਗੁਰੂਦਵਾਰਾ ਸਾਹਿਬ ਨੂੰ ਰਾਜਨੀਤਿਕ ਹਿਤਾਂ ਲਈ ਵਰਤਣ ਦੀ ਕੋਸ਼ਿਸ਼ ਆਰੰਭ ਹੋ ਗਈ ਹੈ।
ਭਾਵੇਂ ਮੋਦੀ ਦੇ 76ਵੇਂ ਜਨਮ ਦਿਨ ਮੌਕੇ ਕੀਤੀ ਗਈ ਇਹ ਵਿਸ਼ੇਸ਼ ਅਰਦਾਸ ਪੂਰੀ ਤਰ੍ਹਾਂ ਧਾਰਮਿਕ ਪਾਣ ਚਾੜ੍ਹ ਕੇ ਕੀਤੀ ਗਈ ਹੋਵੇ, ਪਰ ਜਿਸ ਸਮੇਂ ‘ਤੇ ਇਹ ਕੀਤੀ ਗਈ ਹੈ ਉਸ ਸਮੇਂ ਦਾ ਵੀ ਆਪਣਾ ਹੀ ਇੱਕ ਮਹੱਤਵ ਹੈ। ਇਸ ਅਰਦਾਸ ਨੇ ਦੱਸ ਦਿੱਤਾ ਹੈ ਕਿ ਸਿੱਖ ਸੰਸਥਾਵਾਂ ਦੇ ਭਾਰਤੀ ਜਨਤਾ ਪਾਰਟੀ ਨਾਲ ਸੰਬੰਧ ਕਿੰਨੀ ਛੇਤੀ ਬਦਲ ਰਹੇ ਹਨ। ਉਂਝ ਇਹ ਝਲਕ ਤਾਂ ਪੰਜਾਬ ਵਿੱਚ ਸਿਰਾਂ ਤੇ ਪਗੜੀਆਂ ਬੰਨ੍ਹਣ ਵਾਲੇ ਨੇਤਾਵਾਂ ਵੱਲੋਂ ਭਾਜਪਾ ਵਿੱਚ ਦਾਖਲ ਹੋਣ ਸਮੇਂ ਵੀ ਵੇਖੀ ਗਈ ਸੀ।
ਇਸ ਬਾਰੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਸ਼ਾਸਕ ਡਾ. ਵਿਜੇ ਸਤਬੀਰ ਸਿੰਘ ਨੇ ਕਿਹਾ ਕਿ ਇਸ ਵਿਸ਼ੇਸ਼ ਅਰਦਾਸ ਦੇ ਜਰੀਏ ਪ੍ਰਧਾਨ ਮੰਤਰੀ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਦੇਸ਼ ਦੀ ਨਿਰੰਤਰ ਸੇਵਾ ਲਈ ਰੱਬੀ ਅਸੀਸਾਂ ਮੰਗੀਆਂ ਗਈਆਂ ਹਨ। ਸਤਬੀਰ ਸਿੰਘ ਦੇ ਇਸ ਬਿਆਨ ਦਾ ਮਤਲਬ ਬਿਲਕੁਲ ਸਾਫ ਹੈ ਕਿ ਦੇਸ਼ ਦਾ ਸਿੱਖ ਭਾਈਚਾਰਾ ਮੋਦੀ ਸ਼ਾਸ਼ਨ ਤੋਂ ਬਹੁਤ ਖੁਸ਼ ਹੈ ਤੇ ਚਾਹੁੰਦਾ ਹੈ ਕਿ ਅੱਗੇ ਵੀ ਓਹੀ ਭਾਰਤ ਤੇ ਰਾਜ ਕਰਨ। ਭਾਵੇਂ ਸਤਬੀਰ ਸਿੰਘ ਨੇ ਕਿਹਾ ਹੈ ਕਿ ਇਸ ਅਰਦਾਸ ਦਾ ਕੋਈ ਸਿਆਸੀ ਮਤਲਬ ਨਹੀਂ ਹੈ ਫੇਰ ਵੀ ਬਹੁਤ ਸਾਰੇ ਨਿਰੀਖਕਾਂ ਲਈ, ਇਸ ਸਮਾਗਮ ਦੀ ਅਹਿਮੀਅਤ ਸਿਰਫ਼ ਅਰਦਾਸ ਤੱਕ ਸੀਮਤ ਨਹੀਂ ਹੈ, ਸਗੋਂ ਇਸ ਦੇ ਆਲੇ-ਦੁਆਲੇ ਦੇ ਵਿਆਪਕ ਸਿਆਸੀ ਤਾਣੇ ਬਾਣੇ ਦਾ ਵੀ ਇਸ ਨਾਲ ਸੰਬੰਧ ਜੁੜਦਾ ਹੈ।
ਮੀਡਿਆ ਵਿੱਚ ਛਪ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਅਧਿਕਾਰੀਆਂ ਦੇ ਬਿਆਨ ਵੀ ਕਾਫੀ ਹੈਰਾਨੀਜਨਕ ਹਨ। ਐਸਜੀਪੀਸੀ ਦੇ ਇੱਕ ਸਾਬਕਾ ਜਨਰਲ ਸਕੱਤਰ ਦਾ ਕਹਿਣਾ ਹੈ ਕਿ ਭਾਵੇਂ ਸਿੱਖ ਸੰਸਥਾਵਾਂ ਰਵਾਇਤੀ ਤੌਰ ‘ਤੇ ਧਾਰਮਿਕ ਪਛਾਣ ਤੋਂ ਨਿਰਲੇਪ ਹੋ ਕੇ ਵਿਅਕਤੀਆਂ ਲਈ ਅਰਦਾਸ ਕਰਦੀਆਂ ਰਹੀਆਂ ਹਨ, ਪਰ ਇਸ ਵਿਸ਼ੇਸ਼ ਅਰਦਾਸ ਮਾਇਨੇ ਕੁੱਝ ਹੋਰ ਹਨ। ਉਨ੍ਹਾਂ ਕਿਹਾ ਕਿ ਸਿੱਖ ਧਾਰਮਿਕ ਸੰਸਥਾਵਾਂ, ਖਾਸ ਕਰਕੇ ਸਿੱਖ ਤਖ਼ਤਾਂ ਰਾਹੀਂ ਸਿੱਖਾਂ ਨਾਲ ਸੰਬੰਧ ਕਾਇਮ ਕਰਨਾ ਪ੍ਰਵਾਸੀ ਸਿੱਖਾਂ ਦੀ ਰਾਜਨੀਤੀ ਵਿੱਚ ਬਹੁਤ ਵੱਡਾ ਮਹੱਤਵ ਰੱਖਦਾ ਹੈ।
ਉਹ ਇਹ ਵੀ ਕਹਿੰਦੇ ਹਨ ਕਿ ਕਿਸੇ ਹੋਰ ਧਰਮ ਨਾਲ ਸਬੰਧਤ ਵਿਅਕਤੀ ਲਈ ਅਰਦਾਸ ਕਰਨ ਵਿੱਚ ਕੋਈ ਹਰਜ ਨਹੀਂ ਹੈ। ਕਿਉਂਕਿ ਭਾਜਪਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਲਈ ਇਹ ਖ਼ਾਸ ਸਮਾਗਮ ਲੋਕਾਂ ਤੱਕ ਪਹੁੰਚ ਬਣਾਉਣ ਦੀ ਇੱਕ ਵੱਡੀ ਕੋਸ਼ਿਸ਼ ਦਾ ਹਿੱਸਾ ਜਾਪਦਾ ਹੈ। ਉਂਝ ਇਹ ਵੀ ਇੱਕ ਸੱਚਾਈ ਹੈ ਕਿ ਪਿੱਛਲੇ ਇੱਕ ਦਹਾਕੇ ਦੌਰਾਨ ਸਿੱਖ ਭਾਈਚਾਰੇ ਨਾਲ ਸੰਪਰਕ ਵਧਾਉਣ ਦੀ ਵਿਆਪਕ ਮੁਹਿੰਮ ਦੇ ਹਿੱਸੇ ਵਜੋਂ, ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਸਿੱਖ ਭਾਈਚਾਰੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਹਨ। ਭਾਵੇਂ ਇਹ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਹੋਵੇ ਜਾਂ ਫੇਰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸਨਮਾਨ ਵਿੱਚ ‘ਵੀਰ ਬਾਲ ਦਿਵਸ’ ਦੀ ਸ਼ੁਰੂਆਤ ਕਰਨੀ ਹੋਵੇ।
ਹਜ਼ੂਰ ਸਾਹਿਬ ਐਕਟ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤੇ ਸਨ। ਹਾਲਾਂਕਿ ਸਰਕਾਰ ਨੇ ਬਾਅਦ ਵਿੱਚ ਵਿਆਪਕ ਵਿਰੋਧ ਦੇ ਮੱਦੇਨਜ਼ਰ ਇਸ ਪ੍ਰਸਤਾਵ ਨੂੰ ਫਿਲਹਾਲ ਰੋਕ ਦਿੱਤਾ ਸੀ, ਪਰ ਇਸ ਘਟਨਾ ਨੇ ਦੇਸ਼ ਭਰ ਦੀਆਂ ਸਿੱਖ ਸੰਸਥਾਵਾਂ ਵਿੱਚ ਉਦੋਂ ਤੋਂ ਪੈਦਾ ਹੋਈ ਬੇਚੈਨੀ ਅੱਜ ਵੀ ਬਰਕਰਾਰ ਹੈ। ਇੱਕ ਐਸਜੀਪੀਸੀ ਮੈਂਬਰ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਕਿਹਾ, ਸਿੱਖ ਭਾਈਚਾਰਾ ਤਖ਼ਤ ਐਕਟ ਵਿੱਚ ਸੋਧ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਬਹੁਤ ਨਾਰਾਜ਼ ਸੀ। ਇਹ ਕਦਮ ਸਿੱਖਾਂ ਨੂੰ ਭਰੋਸਾ ਦਿਵਾਉਣ ਅਤੇ ਪੰਜਾਬ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ ਦਿਲ ਜਿੱਤਣ ਲਈ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਭਲਾਈ ਪ੍ਰਤੀ ਚਿੰਤਾ ਜ਼ਾਹਰ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਜਾਪਦਾ ਹੈ।
– ਅਮਰਜੀਤ ਸਿੰਘ

 

 

RELATED ARTICLES
POPULAR POSTS