ਇਹ ਕੋਈ ਕਰਤਾਰੀ ਕਰਾਮਾਤ ਤੋਂ ਘੱਟ ਨਹੀਂ ਹੈ ਕਿ ਪੰਦਰ੍ਹਵੀਂ ਸਦੀ ‘ਚ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰੀ ਜਾਮੇ ‘ਚ ‘ਜਗਤ ਜਲੰਦੇ’ ਨੂੰ ਠਾਰਨ ਲਈ ‘ਅਮਨ ਦੇ ਦੂਤ’ ਬਣ ਕੇ ਆਏ, ਉਨ੍ਹਾਂ ਦਾ 550ਵਾਂ ਪ੍ਰਕਾਸ਼ ਪੁਰਬ, ਲੰਬੇ ਸਮੇਂ ਤੋਂ ਇਕ-ਦੂਜੇ ਦੇ ਕੱਟੜ੍ਹ ਦੁਸ਼ਮਣ ਬਣੀ ਬੈਠੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋਸਤੀ ਤੇ ਵਿਸ਼ਵਾਸ ਦੇ ਆਗਾਜ਼ ਨਾਲ ਦੱਖਣੀ ਏਸ਼ੀਆ ‘ਚ ਸਦੀਵੀ ਅਮਨ ਬਹਾਲੀ ਦਾ ਸਬੱਬ ਬਣ ਗਿਆ ਹੈ। ਇਕ ਪਾਸੇ ਸਰਹੱਦ ਦੇ ਦੁਵੱਲੀ ਨਫ਼ਰਤ ਅਤੇ ਹਿੰਸਾ ਦੀ ਬੋਲੀ ਬੋਲੀ ਜਾ ਰਹੀ ਹੋਵੇ, ਦੂਜੇ ਪਾਸੇ ਸਰਹੱਦ ‘ਤੇ ਕਰਤਾਰਪੁਰ ਦਾ ਲਾਂਘਾ ਖੁੱਲ੍ਹ ਰਿਹਾ ਹੋਵੇ, ਜਿਸ ਰਾਹੀਂ ਇਕ ਵਿਸ਼ਵਾਸ ਤੇ ਆਸਥਾ ਦੇ ਪੁਲ ਰਾਹੀਂ 15 ਅਗਸਤ 1947 ਨੂੰ ਹਿੰਦੋਸਤਾਨ ਅੰਗਰੇਜ਼ਾਂ ਤੋਂ ਆਜ਼ਾਦ ਹੋਣ ‘ਤੇ ਭਾਰਤ ਅਤੇ ਪਾਕਿਸਤਾਨ ਦੋ ਦੇਸ਼ ਹੋਂਦ ਵਿਚ ਆਏ ਸਨ। ਖਿੱਤੇ ਦੀ ਮਜ਼੍ਹਬੀ ਆਧਾਰ ‘ਤੇ ਦੋ ਦੇਸ਼ਾਂ ਦੇ ਰੂਪ ਵਿਚ ਹੋਈ ਵੰਡ ਦੌਰਾਨ 10 ਲੱਖ ਲੋਕਾਂ ਦਾ ਕਤਲੇਆਮ ਅਤੇ ਇਕ ਕਰੋੜ ਲੋਕਾਂ ਦਾ ਜਬਰੀ ਉਜਾੜਾ ਹੋਇਆ। ਇਸ ਦੌਰਾਨ ਸਭ ਤੋਂ ਵੱਧ ਨੁਕਸਾਨ ਪੰਜਾਬ, ਖ਼ਾਸ ਕਰਕੇ ਸਿੱਖਾਂ ਨੂੰ ਝੱਲਣਾ ਪਿਆ। ਪਾਕਿਸਤਾਨ ਵਾਲੇ ਪਾਸਿਓਂ ਹਰੀਆਂ-ਭਰੀਆਂ ਜ਼ਮੀਨਾਂ-ਜਾਇਦਾਦਾਂ, ਘਰ-ਘਾਟ ਅਤੇ ਆਪਣੇ ਗੁਰੂ ਸਾਹਿਬਾਨ ਦੀ ਚਰਨ ਛੋਹ ਜਾਨੋਂ ਪਿਆਰੇ ਪਵਿੱਤਰ ਇਤਿਹਾਸਕ ਗੁਰਧਾਮ ਛੱਡ ਕੇ ਜਾਣਾ ਪਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਹੋਰ ਅਨੇਕਾਂ ਗੁਰਦੁਆਰੇ ਗੁਰਧਾਮ ਪਾਕਿਸਤਾਨ ਵੱਲ ਰਹਿ ਗਏ ਅਤੇ ਸਿੱਖ ਬਹੁਗਿਣਤੀ ਭਾਰਤ ਵਿਚ ਆ ਗਈ। ਵੰਡ ਵਾਲੇ ਦਿਨ ਤੋਂ ਹੀ ਸਿੱਖਾਂ ਦੇ ਮਨਾਂ ‘ਚ ਪੰਥ ਤੋਂ ਵਿਛੋੜੇ ਗਏ ਪਾਵਨ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਿਆਂ ਦੀ ਤਾਂਘ ਪੈਦਾ ਹੋ ਗਈ ਸੀ। ਸਿੱਖਾਂ ਦੇ ਸਮੂਹਿਕ ਮਨੋਭਾਵਾਂ ਦੀ ਤਰਜ਼ਮਾਨੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 25 ਜਨਵਰੀ 1952 ਨੂੰ ਹੁਕਮਨਾਮਾ ਜਾਰੀ ਕਰਕੇ ਅਰਦਾਸ ਵਿਚ ਪੰਥ ਤੋਂ ਵਿਛੋੜੇ ਗਏ ਪਾਵਨ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਿਆਂ ਦੀ ਦਾਤ ਮੰਗਣ ਦੇ ਸ਼ਬਦ ਪੜ੍ਹਨ ਦੇ ਆਦੇਸ਼ ਦਿੱਤੇ ਗਏ ਸਨ। ਪਾਕਿਸਤਾਨ ਵਾਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ, ਜੋ ਕਿ ਭਾਰਤੀ ਸਰਹੱਦ ਤੋਂ ਕੇਵਲ ਸਾਢੇ ਤਿੰਨ ਕੁ ਕਿਲੋਮੀਟਰ ਦੀ ਵਿੱਥ ‘ਤੇ ਸਥਿਤ ਹੈ, ਦੇ ਖੁੱਲ੍ਹੇ ਦਰਸ਼ਨ-ਦੀਦਾਰਿਆਂ ਲਈ ਪਿਛਲੇ ਲੰਬੇ ਸਮੇਂ ਤੋਂ ਸਿੱਖਾਂ ਵਲੋਂ ਇਕ ਅਜਿਹਾ ਲਾਂਘਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਰਾਹੀਂ ਭਾਰਤ ਵਿਚ ਵੱਸਦੇ ਸਿੱਖ ਪਾਕਿਸਤਾਨ ਵਿਚ ਸਰਹੱਦ ਦੀ ਕੰਡਿਆਲੀ ਤਾਰ ਤੋਂ ਸਿਰਫ਼ ਸਾਢੇ ਕੁ ਤਿੰਨ ਕਿਲੋਮੀਟਰ ਦੂਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਕੁਝ ਮਹੀਨੇ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਇਮਰਾਨ ਖ਼ਾਨ ਨੇ ਕਰਤਾਰਪੁਰ ਦੇ ਲਾਂਘੇ ਪ੍ਰਤੀ ਹਾਂ-ਪੱਖੀ ਦਿਸ਼ਾ ਵਿਚ ਹੁੰਗਾਰਾ ਭਰਿਆ ਸੀ, ਜਦੋਂ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸਨ। ਹੁਣ ਭਾਰਤ ਅਤੇ ਪਾਕਿਸਤਾਨ ਵਲੋਂ ਕਰਤਾਰਪੁਰ ਦਾ ਲਾਂਘਾ ਬਣਾਉਣ ਲਈ ਸ਼ੁਰੂਆਤ ਕਰ ਦਿੱਤੀ ਗਈ ਹੈ।
ਪਿਛਲੇ ਦਿਨੀਂ 26 ਨਵੰਬਰ ਨੂੰ ਭਾਰਤ ਵਲੋਂ ਅਤੇ 28 ਨਵੰਬਰ ਨੂੰ ਪਾਕਿਸਤਾਨ ਵਲੋਂ ਕਰਤਾਰਪੁਰ ਦੇ ਲਾਂਘੇ ਦੀ ਉਸਾਰੀ ਲਈ ਨੀਂਹ ਪੱਥਰ ਸਮਾਗਮ ਰੱਖੇ ਗਏ। ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਦੇ ਲਾਂਘੇ ਦੇ ਨੀਂਹ ਪੱਥਰ ਸਮਾਗਮ ਮੌਕੇ ਪਾਕਿਸਤਾਨ ਦੀ ਸਰਕਾਰ ਨੇ ਜਿਸ ਤਰ੍ਹਾਂ ਭਾਰਤ ਨਾਲ ਦੋਸਤੀ ਅਤੇ ਸਦਭਾਵਨਾ ਦੀ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਉਮੰਗ ਪ੍ਰਗਟ ਕੀਤੀ ਹੈ, ਉਹ ਨਿਸ਼ਚੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਾਂ ਫਿਰ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਹੈ। ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਦੇਸ਼, ਰੰਗ, ਨਸਲ, ਜਾਤ ਅਤੇ ਮਜ਼੍ਹਬ ਦੇ ਫ਼ਰਕ ਨੂੰ ਪਾਸੇ ਰੱਖ ਕੇ ਪਿਆਰ ਵੰਡਣ ਦਾ ਹੀ ਸੁਨੇਹਾ ਦਿੱਤਾ ਸੀ।
ਬੇਸ਼ੱਕ ਪਿਛਲੇ 71 ਸਾਲਾਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਨਫ਼ਰਤ, ਦੁਸ਼ਮਣੀ ਅਤੇ ਬੇਵਿਸ਼ਵਾਸੀ ਦੀਆਂ ਡੂੰਘੀਆਂ ਖੱਡਾਂ ਬਣੀਆਂ ਹੋਈਆਂ ਹਨ। ਪਾਕਿਸਤਾਨ ਬਾਰੇ ਇਹ ਪ੍ਰਭਾਵ ਰਿਹਾ ਹੈ ਕਿ ਉਹ ਜਿੱਥੇ ਆਪਣੇ ਗੁਆਂਢੀ ਮੁਲਕ ਨਾਲ ਚੰਗੇ ਸਬੰਧ ਬਣਾ ਕੇ ਰੱਖਣ ਦੀ ਭਾਵਨਾ ਨਹੀਂ ਰੱਖਦਾ, ਉਥੇ ਉਹ ਪਿਛਲੀ ਪੌਣੀ ਸਦੀ ਤੋਂ ਲਗਾਤਾਰ ਉੱਤਰੀ ਏਸ਼ੀਆ ਵਿਚ ਅਸਥਿਰਤਾ ਅਤੇ ਅਸ਼ਾਂਤੀ ਪੈਦਾ ਕਰਨ ਲਈ ‘ਅੱਤਵਾਦ’ ਦੀ ਪਨੀਰੀ ਤਿਆਰ ਕਰ ਰਿਹਾ ਹੈ। ਇਹ ਵੀ ਸਹੀ ਤੱਥ ਹੈ ਕਿ ਪਾਕਿਸਤਾਨ ਹਮੇਸ਼ਾ ਹੀ ਅੱਤਵਾਦ ਦੇ ਮਸਲੇ ‘ਤੇ ਆਪਣੀ ਕਮਜ਼ੋਰ ਇੱਛਾ-ਸ਼ਕਤੀ ਅਤੇ ਦੋਗਲੇਪਨ ਕਾਰਨ ਕੌਮਾਂਤਰੀ ਭਾਈਚਾਰੇ ਦੀ ਨੁਕਤਾਚੀਨੀ ਦਾ ਕਾਰਨ ਬਣਦਾ ਰਿਹਾ ਹੈ। ਪਰ ਇਹ ਵੀ ਸੱਚਾਈ ਹੈ ਕਿ ਪਾਕਿਸਤਾਨ ਖ਼ੁਦ ਵੀ ਅੱਤਵਾਦ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਪਾਕਿਸਤਾਨ ‘ਚ ਅੱਤਵਾਦ ਕਾਰਨ 50 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ 100 ਅਰਬ ਤੋਂ ਵੱਧ ਅਮਰੀਕੀ ਡਾਲਰ ਦਾ ਦੇਸ਼ ਨੂੰ ਨੁਕਸਾਨ ਹੋ ਚੁੱਕਾ ਹੈ। ਅਵਾਮ ਨਿੱਤ ਦਿਨ ਦੀ ਹਿੰਸਾ ਅਤੇ ਸ਼ਰ੍ਹੀਅਤ ਦੇ ਨਾਂਅ ‘ਤੇ ਜ਼ੁਲਮਗੀਰੀ ਤੋਂ ਤੰਗ ਆ ਚੁੱਕੀ ਹੈ। ਪਾਕਿਸਤਾਨ ਦੀ 18 ਕਰੋੜ ਆਵਾਮ ਵਿਚੋਂ ਬਹੁਗਿਣਤੀ ਵਿਚਾਰਧਾਰਾ ਕਿਸੇ ਗੁਆਂਢੀ ਦੇਸ਼ ਨਾਲ ਪਿਤਰੀ ਦੁਸ਼ਮਣੀਆਂ ਪਾਲਣ ਦੀ ਥਾਂ ਦੇਸ਼ ਅੰਦਰ ਸ਼ਾਂਤੀ, ਜ਼ਿੰਦਗੀ ਜਿਊਣ ਦਾ ਬੁਨਿਆਦੀ ਢਾਂਚਾ, ਆਰਥਿਕ ਸਮਰੱਥਾ, ਸਮਾਜਿਕ ਭਾਈਚਾਰਾ, ਰੁਜ਼ਗਾਰ ਅਤੇ ਸੱਭਿਅਕ ਮਾਹੌਲ ਦੀ ਕਾਮਨਾ ਕਰਦੀ ਹੈ। ਪਾਕਿਸਤਾਨ ਦੀ ਰਾਜਨੀਤਕ ਅਗਵਾਈ ਨੂੰ ਹੌਲੀ-ਹੌਲੀ ਇਸ ਗੱਲ ਦੀ ਸੋਝੀ ਆਉਣੀ ਸ਼ੁਰੂ ਹੋ ਗਈ ਹੈ ਕਿ ਪਾਕਿਸਤਾਨ ਲਈ ਭਾਰਤ ਜਾਂ ਹੋਰ ਗੁਆਂਢੀ ਦੇਸ਼ ਨਹੀਂ, ਸਗੋਂ ‘ਅੱਤਵਾਦ’ ਸਭ ਤੋਂ ਵੱਡਾ ਖ਼ਤਰਾ ਹੈ।
ਇਸੇ ਬਦਲੇ ਹੋਏ ਮਾਹੌਲ ਦੌਰਾਨ ਹੀ ਕੁਝ ਮਹੀਨੇ ਪਹਿਲਾਂ ਪਾਕਿਸਤਾਨ ‘ਚ ਹੋਈਆਂ ਚੋਣਾਂ ਦੌਰਾਨ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖ਼ਾਨ ਦੀ ਅਗਵਾਈ ਹੇਠ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼’ ਪਾਰਟੀ ਸੱਤਾ ‘ਚ ਆਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ‘ਕੌਮ’ ਦੇ ਨਾਂਅ ਆਪਣੇ ਪਲੇਠੇ ਸੰਬੋਧਨ ਦੌਰਾਨ ਹੀ ਇਮਰਾਨ ਖ਼ਾਨ ਨੇ ਭਾਰਤ ਸਮੇਤ ਸਾਰੇ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧਾਂ ਦੀ ਕਾਮਨਾ ਕਰਦਿਆਂ ਦ੍ਰਿੜ੍ਹਤਾ ਨਾਲ ਆਖਿਆ ਸੀ ਕਿ ਪਾਕਿਸਤਾਨ ਵਿਚ ਸ਼ਾਂਤੀ ਅਤੇ ਉਨਤੀ ਦਾ ਮਾਹੌਲ ਗੁਆਂਢੀ ਮੁਲਕਾਂ ਨਾਲ ਸਬੰਧ ਸੁਧਾਰਨ ਤੋਂ ਬਗ਼ੈਰ ਸਿਰਜਿਆ ਨਹੀਂ ਜਾ ਸਕਦਾ।
ਇਸ ਵੇਲੇ ਪਾਕਿਸਤਾਨ ਬਹੁਤ ਬੁਰੇ ਹਾਲਾਤਾਂ ਵਿਚੋਂ ਲੰਘ ਰਿਹਾ ਹੈ। ਪਾਕਿਸਤਾਨ ਸਿਰ 28 ਖਰਬ ਰੁਪਏ ਦਾ ਕਰਜ਼ਾ ਹੈ। ਪਾਕਿਸਤਾਨ ਨੂੰ ਆਰਥਿਕ ਤੇ ਸਿਹਤ-ਸੰਭਾਲ ਖੇਤਰ ‘ਚ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਭਵਤੀ ਔਰਤਾਂ ਦੀ ਮੌਤ ਦਰ ਬਹੁਤ ਜ਼ਿਆਦਾ ਹੈ ਤੇ ਦੇਸ਼ ‘ਚ ਬੱਚਿਆਂ ਦੀ ਮੌਤ ਦਰ ਵੀ ਕਰੀਬ 45 ਫ਼ੀਸਦੀ ਹੈ। ਸਿਹਤ ਸੇਵਾਵਾਂ ਦੇ ਸੰਦਰਭ ਵਿਚ ਇਸ ਵੇਲੇ ਪਾਕਿਸਤਾਨ ਵਿਸ਼ਵ ਦੇ ਉਨ੍ਹਾਂ ਪਹਿਲੇ ਪੰਜ ਦੇਸ਼ਾਂ ‘ਚ ਸ਼ਾਮਲ ਹੈ, ਜਿੱਥੇ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਾਲ ਮੌਤਾਂ ਦੀ ਦਰ ਸਭ ਤੋਂ ਵਧੇਰੇ ਹੈ। ਅਦਾਲਤਾਂ, ਸਿੱਖਿਆ, ਸਿਹਤ, ਸਿਵਲ ਸੇਵਾਵਾਂ ਦਾ ਢਾਂਚਾ ਅੱਤਵਾਦ ਕਾਰਨ ਬੁਰੀ ਤਰ੍ਹਾਂ ਲੜਖੜਾ ਚੁੱਕਾ ਹੈ। ਭਾਰਤ ਵਿਚ ਵੀ ਸਮੱਸਿਆਵਾਂ ਤੇ ਚੁਣੌਤੀਆਂ ਲਗਭਗ ਉਹੀ ਹਨ, ਜੋ ਪਾਕਿਸਤਾਨ ਦੀਆਂ ਹਨ। ਦੂਜੇ ਪਾਸੇ ਦੋਵਾਂ ਦੇਸ਼ਾਂ ਦੇ ਲੋਕਾਂ ਦਾ ਸੱਭਿਆਚਾਰ ਅਤੇ ਭੂਗੋਲਿਕ ਸਾਂਝ ਇਕ-ਦੂਜੇ ਨਾਲ ਮਿਲਦੀ-ਜੁਲਦੀ ਹੈ। ਪਰ ਆਪਣੇ ਵਿਚਾਲੇ ਬੇਵਿਸ਼ਵਾਸੀ ਦੀ ਕੰਧ ਉਸਾਰੀ ਖੜ੍ਹੇ ਭਾਰਤ ਅਤੇ ਪਾਕਿਸਤਾਨ ਗ਼ਰੀਬੀ ਹਟਾਉਣ, ਬਾਲ ਸੁਰੱਖਿਆ, ਰੁਜ਼ਗਾਰ, ਸਿੱਖਿਆ ਅਤੇ ਨਾਗਰਿਕਾਂ ਲਈ ਬੁਨਿਆਦੀ ਸਹੂਲਤਾਂ ਨੂੰ ਦਾਅ ‘ਤੇ ਲਗਾ ਕੇ ਆਪਣੇ ਬਜਟ ਦਾ ਤਕਰੀਬਨ 40 ਫ਼ੀਸਦੀ ਇਕੱਲੇ ਹਥਿਆਰਾਂ ‘ਤੇ ਹੀ ਖ਼ਰਚ ਕਰ ਰਹੇ ਹਨ। ਜਦੋਂਕਿ ਸਿਹਤ ਤੇ ਸਿੱਖਿਆ ‘ਤੇ ਭਾਰਤ ਆਪਣੇ ਬਜਟ ਦਾ ਤਿੰਨ ਫ਼ੀਸਦੀ ਅਤੇ ਪਾਕਿਸਤਾਨ ਮਹਿਜ ਚਾਰ ਫ਼ੀਸਦੀ ਹੀ ਖ਼ਰਚ ਕਰਦਾ ਹੈ। ਅੱਜ ਜੇਕਰ ਦੋਵੇਂ ਦੇਸ਼ ਆਪਸੀ ਮਸਲਿਆਂ ਨੂੰ ਮਿਲ ਬੈਠ ਕੇ ਸੁਲਝਾ ਲੈਣ, ਇਕ ਦੂਜੇ ਦੇ ਚੰਗੇ ਗੁਆਂਢੀ ਬਣ ਸਕਣ, ਵਪਾਰ ਅਤੇ ਹੋਰ ਖੇਤਰਾਂ ਵਿਚ ਆਪਣਾ ਮਿਲਵਰਤਨ ਵਧਾ ਸਕਣ ਤਾਂ ਇਹ ਦੱਖਣੀ ਏਸ਼ੀਆ ‘ਚ ਸਦੀਵੀ ਸ਼ਾਂਤੀ ਬਹਾਲੀ ਅਤੇ ਉਨਤੀ ਦਾ ਆਧਾਰ ਬਣੇਗਾ। ਦੋਵੇਂ ਪਾਸਿਓਂ ਸਰਹੱਦੀ ਇਲਾਕਿਆਂ ਵਿਚੋਂ ਦਹਿਸ਼ਤ, ਬੇਵਿਸ਼ਵਾਸੀ ਅਤੇ ਗੁਆਂਢੀ ਮੁਲਕ ਪ੍ਰਤੀ ਨਫ਼ਰਤ ਦੀ ਭਾਵਨਾ ਨੂੰ ਖ਼ਤਮ ਕਰਕੇ ਸਾਂਝੇ ਵਪਾਰ, ਸੱਭਿਆਚਾਰਕ ਸਾਂਝ ਅਤੇ ਸਹਿਚਾਰ ਦੇ ਮਾਹੌਲ ਦੌਰਾਨ ਅੱਤਵਾਦ, ਗ਼ਰੀਬੀ, ਅਨਪੜ੍ਹਤਾ, ਜਹਾਲਤ ਅਤੇ ਮਾਨਸਿਕ ਪੱਛੜੇਪਨ ਨੂੰ ਦੂਰ ਕਰਨ ਦੇ ਸਾਂਝੇ ਯਤਨਾਂ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਅਤੇ ਇਸ ਸ਼ੁਰੂਆਤ ਦਾ ਸਬੱਬ ‘ਕਰਤਾਰਪੁਰ ਦਾ ਲਾਂਘਾ’ ਬਣ ਗਿਆ ਹੈ, ਬਸ਼ਰਤੇ ਦੋਵੇਂ ਦੇਸ਼ ਨੇਕ ਨੀਅਤ, ਦ੍ਰਿੜ੍ਹ ਇੱਛਾ-ਸ਼ਕਤੀ ਦੇ ਨਾਲ ਤਬਾਹੀ ਦੀ ਬਜਾਇ ਉਨਤੀ ਲਈ ਕੰਮ ਕਰਨ ਦਾ ਇਰਾਦਾ ਧਾਰ ਲੈਣ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …