11.9 C
Toronto
Friday, November 6, 2026
spot_img
Homeਨਜ਼ਰੀਆਪੰਜਾਬੀ ਕਲਮਾਂ ਦਾ ਕਾਫ਼ਲਾ ਵਲੋਂ ਉਂਕਾਰਪ੍ਰੀਤ ਦੀ ਵਾਰਤਕ ਪੁਸਤਕ 'ਕਣ-ਕਣ ਕਥਾ' ਤੇ...

ਪੰਜਾਬੀ ਕਲਮਾਂ ਦਾ ਕਾਫ਼ਲਾ ਵਲੋਂ ਉਂਕਾਰਪ੍ਰੀਤ ਦੀ ਵਾਰਤਕ ਪੁਸਤਕ ‘ਕਣ-ਕਣ ਕਥਾ’ ਤੇ ਗੋਸ਼ਟੀ ਸਮਾਗਮ

ਪੰਜਾਬੀ ਕਲਮਾਂ ਦਾ ਕਾਫ਼ਲਾ ਵਲੋਂ ਉਂਕਾਰਪ੍ਰੀਤ ਦੀ ਵਾਰਤਕ ਪੁਸਤਕ ‘ਕਣ-ਕਣ ਕਥਾ’ ਤੇ ਗੋਸ਼ਟੀ ਸਮਾਗਮਟੋਰਾਂਟੋ/ ਪ੍ਰਤੀਕ ਸਿੰਘ : ਪੰਜਾਬੀ ਕਲਮਾਂ ਦਾ ਕਾਫਲਾ ਵਲੋਂ 27 ਸਤੰਬਰ 2026 ਨੂੰ ਵਿਸ਼ਵ ਪੰਜਾਬੀ ਭਵਨ ਬਰੈਂਪਟਨ ਵਿਖੇ ਇੱਕ ਭਾਵਪੂਰਤ ਸਾਹਿਤਕ ਗੋਸ਼ਟੀ ਸਮਾਗਮ ਰਚਾਇਆ ਗਿਆ। ਇਸ ਸਮਾਗਮ ਵਿੱਚ ਉਂਕਾਰਪ੍ਰੀਤ ਦੀ ਨਵ-ਪ੍ਰਕਾਸ਼ਤ ਕਾਵਿ-ਵਾਰਤਕ ਪੁਸਤਕ ‘ਕਣ-ਕਣ ਕਥਾ’ ਬਾਰੇ ਵੱਖ ਵੱਖ ਵਿਦਵਾਨ ਵਿਚਾਰਵਾਨਾਂ ਵਲੋਂ ਅਪਣੇ ਪਰਚੇ ਪੜ੍ਹੇ ਗਏ ਅਤੇ ਉਹਨਾਂ ਉੱਤੇ ਭਰਪੂਰ ਸੰਵਾਦ ਰਚਾਇਆ ਗਿਆ।
ਪੰਜਾਬੀ ਕਹਾਣੀ, ਵਾਰਤਕ ਅਤੇ ਕਵਿਤਾ ਦੇ ਸਿਰਮੌਰ ਸਾਹਿਤਕਾਰ ਡਾਕਟਰ ਵਰਿਆਮ ਸਿੰਘ ਸੰਧੂ ਹੁਰਾਂ ਦੀ ਪ੍ਰਧਾਨਗੀ ‘ਚ ਹੋਏ ਸਮਾਗਮ ਵਿੱਚ ਉੱਘੇ ਕਵੀ ਅਤੇ ਨਾਟਕਕਾਰ ਕੁਲਵਿੰਦਰ ਖ਼ਹਿਰਾ, ਉੱਘੀ ਗਲਪਕਾਰ ਰਾਜਵੰਤ ਕੌਰ ਸੰਧੂ, ਉੱਘੀ ਸਾਇਰਾ ਪਰਮਜੀਤ ਦਿਓਲ ਅਤੇ ਸੁਰਜੀਤ ਕੌਰ, ਉੱਘੇ ਕਵੀ ਮਲਵਿੰਦਰ ਸਿੰਘ, ਉੱਘੀ ਲੇਖਿਕਾ ਸੁਰਿੰਦਰਜੀਤ ਕੌਰ ਉਘੇ ਮੀਡੀਆਕਾਰ ਡਾਕਟਰ ਬਲਵਿੰਦਰ ਸਿੰਘ ਹੁਰਾਂ ਨੇ ਆਪੋ ਅਪਣੇ ਪਰਚੇ ਪੜ੍ਹੇ।
ਇਸ ਗੋਸ਼ਟੀ ਸਮਾਗਮ ਦੇ ਮੰਚ ਤੇ ਡਾਕਟਰ ਵਰਿਆਮ ਸਿੰਘ ਸੰਧੂ ਹੁਰਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਉਘੇ ਆਵਾਮੀ ਪੰਜਾਬੀ ਕਵੀ ਬਾਬਾ ਨਜਮੀਂ, ਉਘੇ ਪੰਜਾਬੀ ਸਾਹਿਤ ਸਮਾਜੀ ਕਾਰਕੁੰਨ ਦਲਬੀਰ ਕਥੂਰੀਆ ਅਤੇ ਪੁਸਤਕ ਲੇਖਕ ਉਂਕਾਰਪ੍ਰੀਤ ਸੁਸੋਬਤ ਸਨ।
ਗੋਸ਼ਟੀ ਸਮਾਗਮ ਦਾ ਆਰੰਭ ਮੰਚ ਸੰਚਾਲਕ ਭੁਪਿੰਦਰ ਦੁਲੇ ਹੁਰਾਂ ਨੇ ਇਸ ਮੌਕੇ ਪ੍ਰਾਪਤ ਹੋਏ ਵਿਸੇਸ਼ ਸੁਨੇਹਿਆਂ ਨਾਲ ਕੀਤਾ। ਨਿਊਯਾਰਕ ਤੋਂ ਉਘੇ ਕਵੀ ਅਤੇ ਨਾਵਲਕਾਰ ਸ੍ਰੀ ਸੁਰਿੰਦਰ ਸੋਹਲ, ਅਮਰੀਕਾ ਤੋਂ ਉਘੇ ਸਾਇਰ ਰਵਿੰਦਰ ਸਹਿਰਾ ਅਤੇ ਭਾਰਤ ਤੋਂ ਉਘੇ ਕਵੀ ਬਲਵਿੰਦਰ ਸੰਧੂ ਹੁਰਾਂ ਦੇ ਸੰਦੇਸ਼ ਕ੍ਰਮਵਾਰ ਆਰਟਿਸਟ ਅਤੇ ਕਵੀ ਪ੍ਰਤੀਕ ਸਿੰਘ, ਚੇਤਨਾ ਪ੍ਰਕਾਸ਼ਨ ਤੋਂ ਪ੍ਰਕਾਸ਼ਕ ਅਤੇ ਕਵੀ ਸਤੀਸ਼ ਗੁਲਾਟੀ ਅਤੇ ਉਘੀ ਗਾਇਕਾ ਰਿੰਟੂ ਭਾਟੀਆ ਹੁਰਾਂ ਨੇ ਸਟੇਜ ਤੋਂ ਸਾਂਝੇ ਕੀਤੇ।
ਪੁਸਤਕ ਬਾਰੇ ਬੋਲਦਿਆਂ ਕੁਲਵਿੰਦਰ ਖ਼ਹਿਰਾ ਹੁਰਾਂ ਨੇ ਅਪਣੇ ਪੇਪਰ ਵਿੱਚ ਕਿਹਾ ਕਿ, ‘ਕਣ-ਕਣ ਕਥਾ’ ਇੱਕ ਅਜਿਹੀ ਕਿਤਾਬ ਹੈ ਜਿਸਦੀ ਸਿਨਫ਼ ਨੂੰ ਨਿਰਧਾਰਤ ਕਰਨਾ ਵੀ ਇੱਕ ਪੇਚੀਦਾ ਮਸਲਾ ਹੈ ਕਿਉਂਕਿ ਇਹ ਨਿਰੋਲ ਕਿਤਾਬ-ਪੜਚੋਲ਼ ਦੇ ਲੇਖਾਂ ਦਾ ਸਮੂਹ ਹੀ ਨਹੀਂ ਬਲਕਿ ਬਹੁਤ ਸਾਰੀਆਂ ਕਿਤਾਬਾਂ ਦੇ ਹਵਾਲਿਆਂ ਦੀ ਮਦਦ ਨਾਲ਼ ਲੇਖਕ ਵੱਲੋਂ ਆਪਣੇ ਮਨ ਦੀ ਗੱਲ ਕਹਿਣ ਜਾਂ ਸਾਹਿਤ ਨੂੰ ਪਰਿਭਾਸ਼ਤ ਕਰਨ ਦਾ ਇੱਕ ਵਿਲੱਖਣ ਯਤਨ ਕੀਤਾ ਗਿਆ ਹੈ। ਇਸ ਕਿਤਾਬ ‘ਚੋਂ ਤੁਹਾਨੂੰ ਸਿਰਫ ਵਿਚਾਰੀਆਂ ਗਈਆਂ ਕਿਤਾਬਾਂ ਦਾ ਸੰਖੇਪ ਜਿਹਾ ਝਲਕਾਰਾ ਹੀ ਨਹੀਂ ਮਿਲ਼ਦਾ ਸਗੋਂ ਆਲੋਚਕ ਦਾ ਗਿਆਨ-ਭੰਡਾਰ, ਪੜ੍ਹੇ ਹੋਏ ਸਾਹਿਤ ਦਾ ਭੰਡਾਰ ਤੇ ਪੜ੍ਹੇ ਹੋਏ ਸਾਹਿਤ ਦੀ ਰੈਲੀਵੈਂਸੀ ਜਾਂ ਢੁਕਵੀਂ ਤੁਲਣਾ ਕਰ ਸਕਣ ਦੀ ਕਲਾ ਦਾ ਵੀ ਪਤਾ ਲੱਗਦਾ ਹੈ।
ਇਸ ਕਿਤਾਬ ਦੀ ਖ਼ੂਬਸੂਰਤੀ ਇਹ ਹੈ ਕਿ ਸ਼ਾਇਦ ਇਹ ਗਿਣਤੀ ਦੀਆਂ ਆਲੋਚਤਾਮਿਕ ਅਧਿਐਨ ਦੀਆਂ ਕਿਤਾਬਾਂ ‘ਚੋਂ ਇੱਕ ਹੈ ਜਿਸ ‘ਤੇ ਵੱਡੀ ਪੱਧਰ ‘ਤੇ ਗੱਲ ਹੋ ਰਹੀ ਹੈ ਜਿਸਦਾ ਵੱਡਾ ਕਾਰਨ ਉਂਕਾਰਪ੍ਰੀਤ ਵੱਲੋਂ ਵਰਤੀ ਗਈ ਸ਼ੈਲੀ ਹੈ। ਉਹ ਸ਼ੈਲੀ ਜੋ ਵਾਰਤਿਕ ਹੁੰਦਿਆਂ ਹੋਇਆਂ ਵੀ ਕਾਵਿਕ ਮੱਸ ਵਿੱਚ ਪਰੁੱਤੀ ਹੋਈ ਸ਼ੈਲੀ ਹੈ। ਇਹ ਕਿਤਾਬ ਰਚਦਿਆਂ ਉਂਕਾਰ ਜੋ ਵਿਧਾ ਅਪਣਾਉਂਦਾ ਹੈ ਉਸਨੂੰ ‘ਮੈਂ ਨਾਲ਼ ਮੈਂ ਦਾ ਸੰਵਾਦ’ ਹੀ ਕਿਹਾ ਜਾ ਸਕਦਾ ਹੈ। ਉਂਕਾਰ ਭਾਵੇਂ ਬਹੁਤ ਥਾਈਂ ਆਪਣੀ ਕਹੀ ਗੱਲ, ਵਰਤੇ ਗਏ ਔਖੇ ਸ਼ਬਦਾਂ ਜਾਂ ਕਿਸੇ ਟੂਕ ਦੇ ਗੁੰਝਲਦਾਰ ਭੇਦਾਂ ਨੂੰ ਸੁਲਝਾਉਣ ਦਾ ਯਤਨ ਕਰਦਾ ਹੈ ਪਰ ਉਹ ਨਾਲ਼ ਦੀ ਨਾਲ਼ ਪਾਠਕ ਨੂੰ ਕੁਝ ਸੋਚਣ ਲਈ, ਕੁਝ ਖੋਜਣ ਲਈ ਮਜਬੂਰ ਵੀ ਕਰਦਾ ਹੈ। ਉੱਘੀ ਗਲਪਕਾਰਾ ਸਤਿਕਾਰਯੋਗ ਰਾਜਵੰਤ ਕੌਰ ਸੰਧੂ ਹੁਰਾਂ ਨੇ ‘ਕਣ-ਕਣ ਕਥਾ’ ਨੂੰ ਸਿਰਜਣਾਤਮਕ ਆਲੋਚਨਾ ਦੇ ਨਵੇਂ ਕਾਂਡ ਵਜੋ ਵਾਚਦਿਆਂ ਆਖਿਆ ਕਿ ਉਕਾਰਪ੍ਰੀਤ ‘ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬੈਰ’ ਦੀ ਭਾਵਨਾ ਵਾਲਾ ਪਾਰਖ਼ੂ ਤੇ ਸੁਹਿਰਦ ਆਲੋਚਕ ਹੈ। ਉਹਦੀ ਆਲੋਚਨਾ ਵਿਧੀ ਦਾ ਵੱਖਰਾਪਨ ਇਹ ਹੈ ਕਿ ਉਹ ਰਚਨਾ ਦਾ ਲੇਖਾ-ਜੋਖਾ ਚਲੰਤ ਜਿਹਾ ਲੇਖ ਲਿਖ ਕੇ ਨਹੀਂ ਕਰਦਾ। ਨਾਟਕਕਾਰ ਹੋਣ ਕਰ ਕੇ ਰਚਨਾ ਨੂੰ ਨਾਟਕੀ ਵਿਧੀ ਨਾਲ ਸਮਝਣ ਸਮਝਾਉਣ ਦਾ ਯਤਨ ਕਰਦਾ ਹੈ। ਨਾਟਕ ਵਿੱਚ ਵਾਰਤਾਲਾਪ ਨਾਲ ਵਾਰਤਾਲਾਪ ਟਕਰਾਉਂਦਾ ਹੈ। ਇਸ ਟਕਰਾਅ ਵਿੱਚੋਂ ਹੀ ਅਰਥ ਲਿਸ਼ਕਦੇ ਹਨ। ਇਸ ਆਲੋਚਨਾ ਵਿਧੀ ਵਿੱਚ ਇਕੱਲਾ ਆਲੋਚਕ ਨਹੀਂ ਹੁੰਦਾ, ਸਗੋਂ ਪਾਠਕ, ਕਵੀ, ਆਲੋਚਕ ਤੇ ਦਾਰਸ਼ਨਿਕ ਜੁੜਵੇਂ ਰੂਪ ਵਿੱਚ ਕਵਿਤਾ ਦੀ ਸਿਰਜਣਾ ਦੇ ਧੁਰ ਅੰਦਰ ਪਹੁੰਚਣ ਦਾ ਯਤਨ ਕਰਦੇ ਹਨ।
ਉਂਕਾਰਪ੍ਰੀਤ ਦੀ ‘ਕਣ ਕਣ ਕਥਾ’ ਪੜ੍ਹਦਿਆਂ ਇਹ ਅਹਿਸਾਸ ਪੱਕਾ ਹੋ ਜਾਂਦਾ ਹੈ ਕਿ ਉਹ ਸਿਰਫ਼ ਕਵਿਤਾ ਦਾ ਪਾਠਕ ਨਹੀਂ, ਕਵਿਤਾ ਦਾ ਵਾਸੀ ਹੈ। ਉਹ ਕਵੀਆਂ ਦੀ ਕਵਿਤਾ ਨੂੰ ਨਹੀਂ, ਕਵਿਤਾ ਦੇ ਧੁਰ ਅੰਦਰ ਵੱਸਦੇ ਮਨੁੱਖ ਨੂੰ ਪੜ੍ਹਦਾ ਹੈ। ਮਿੱਪਲ ਦੀ ਛਾਂ ਹੇਠਾਂ ਬੈਠ ਕੇ ਉਹ ਜਿਹੜੇ ਸੰਵਾਦ ਰਚਾਉਂਦਾ ਹੈ, ਉਹ ਅਸਲ ਵਿੱਚ ਸਾਡੇ ਅੰਦਰਲੇ ਪਾਠਕ, ਕਵੀ, ਜਗਿਆਸੂ ਅਤੇ ਦਾਰਸ਼ਨਿਕ ਨੂੰ ਜਗਾਉਂਦੇ ਹਨ। ਉਸਦੀ ਆਲੋਚਨਾ ਵਿਧੀ ਪੰਜਾਬੀ ਆਲੋਚਨਾ ਨੂੰ ਨਵਾਂ ਰਾਹ ਦਿੰਦੀ ਹੈ-ਜਿੱਥੇ ਕਵਿਤਾ ਕਿਤਾਬਾਂ ਦੇ ਸਫਿਆਂ ‘ਤੇ ਨਹੀਂ, ਬ੍ਰਹਿਮੰਡ ਦੇ ਕਣ-ਕਣ ਵਿੱਚ ਵੱਸਦੀ ਹੈ। ਇੰਝ ਇਹ ਆਲੋਚਨਾ ਵਿਧੀ ਪੰਜਾਬੀ ਆਲੋਚਨਾ ਦੇ ਇਤਿਹਾਸ ਵਿੱਚ ਵੱਡੀ ਪਹਿਲਕਦਮੀ ਹੈ ਤੇ ਇਸਦਾ ਭਰਪੂਰ ਸੁਆਗਤ ਕਰਨਾ ਬਣਦਾ ਹੈ।
ਉਘੇ ਕਵੀ ਅਤੇ ਚਿੰਤਕ ਮਲਵਿੰਦਰ ਸਿੰਘ ਹੁਰਾਂ ਨੇ ਅਪਣੇ ਪਰਚੇ ਵਿੱਚ ਪੁਸਤਕ ‘ਕਣ-ਕਣ ਕਥਾ’ ਵਿਚਲੀ ਵਾਰਤਕ ਨੂੰ ਵੱਖਰੀ ਵਾਰਤਕ ਦੱਸਦਿਆਂ ਕਿਹਾ ਕਿ ਉਪਰੀ ਨਜ਼ਰੇ ਇਹ ਕੁਝ ਕਾਵਿ-ਸੰਗ੍ਰਹਿਆਂ ਦੇ ਰਿਵੀਊ ਹਨ। ਪਰ ਨੀਝ ਨਾਲ਼ ਪੜ੍ਹਿਆਂ ਇਸ ਵਿਚੋਂ ਬੜਾ ਕੁਝ ਲੱਭਦਾ ਹੈ। ਕਾਵਿ-ਸੰਗ੍ਰਹਿਆਂ ਦੀ ਚੋਣ ਤੁਹਾਡੇ ਅੰਦਰ ਜਗਿਆਸਾ ਜਗਾਉਂਦੀ ਹੈ। ਇੱਕ ਪਾਤਰ ‘ਬਾਬਾ ਮਿੱਪਲ’ ਇਸ ਜਗਿਆਸਾ ਨੂੰ ਦਾਰਸ਼ਨਿਕ ਬਣਾਉਂਦਾ ਹੈ। ਬਾਬਾ ਮਿੱਪਲ ਉਂਕਾਰਪ੍ਰੀਤ ਦੇ ਅੰਦਰ ਪਈ ਜਗਿਆਸਾ ਦੀ ਦਾਰਸ਼ਨਿਕਤਾ ਹੈ। ਲੇਖਕ ਦਾ ਬਾਬਾ ਮਿੱਪਲ ਨਾਲ਼ ਰਚਾਇਆ ਸੰਵਾਦ ਕਾਵਿ-ਸਮੀਖਿਆ ਦੀ ਨਵੀਂ ਵਿਧਾ ਨੂੰ ਉਜਾਗਰ ਕਰਦਾ ਹੈ।
ਨਾਟਕ ਦੀ ਵਿਧਾ ਨੂੰ ਪ੍ਰਣਾਇਆ ਹੋਣ ਕਰਕੇ ਉਸ ਨੇ ਅੰਤਰਰਾਸ਼ਟਰੀ ਨਾਟਕਕਾਰਾਂ ਨੂੰ ਵੀ ਪੜ੍ਹਿਆ ਹੈ। ਵਿਸ਼ਵ ਦੇ ਦਾਰਸ਼ਨਿਕਾਂ ਦੀਆਂ ਲਿਖਤਾਂ ਵੀ ਉਸਦੇ ਚੇਤਿਆਂ ਵਿੱਚ ਤਾਜ਼ਾ ਹਨ। ਕਵਿਤਾ ਦੀ ਸਮਝ ਤਾਂ ਉਸ ਕੋਲ਼ ਹੈ ਈ। ਬਾਬਾ ਮਿੱਪਲ ਦੀ ਪਾਤਰ ਉਸਾਰੀ ਇਸ ਵਾਰਤਕ ਨੂੰ ਦਿਲਚਸਪ ਤੇ ਭਾਵਪੂਰਤ ਬਣਾਉਂਦੀ ਹੈ। ਪਾਤਰ ਮੈਂ ਅਤੇ ਬਾਬਾ ਮਿੱਪਲ ਦਰਮਿਆਨ ਰਚਾਇਆ ਸੰਵਾਦ ਇਸ ਸਮੀਖਿਆ ਨੂੰ ਦਾਰਸ਼ਨਿਕਤਾ ਪ੍ਰਦਾਨ ਕਰਦੇ ਹਨ। ਇਹ ਸਭ ਕੁਝ ਦੀ ਭਿਣਖ ਕਣ-ਕਣ ਕਥਾ ਨੂੰ ਪੜ੍ਹਦਿਆਂ ਪੈਂਦੀ ਹੈ। ਇਸੇ ਕਰਕੇ ਇਹ ਪੁਸਤਕ ਵੱਖਰੀ ਹੈ।
ਉੱਘੀ ਸਾਇਰਾ ਅਤੇ ਰੰਗਮੰਚ ਅਦਾਕਾਰਾ ਪਰਮਜੀਤ ਦਿਓਲ ਨੇ ਅਪਣੇ ਪਰਚੇ ‘ਕਣ-ਕਣ ਕਥਾ ਬਾਰੇ ਸਾਹਿਤ ਚਿੰਤਨ’ ਵਿੱਚ ਪੁਸਤਕ ਬਾਰੇ ਕਈ ਅਹਿਮ ਨੁਕਤਿਆਂ ਨੂੰ ਉਭਾਰਿਆ। ਊਹਨਾਂ ਕਿਹਾ ਕਿ ਪੁਸਤਕ ਵਿੱਚ ਇੱਕ ਕਵੀ ਆਪਣੇ ਆਪ ਨਾਲ ਅਤੇ ‘ਬਾਬਾ ਮਿੱਪਲ’ ਨਾਲ ਨਿਰੰਤਰ ਸੰਵਾਦ ਰਚਾਉਂਦਾ ਹੈ, ਜੋ ਪਾਠਕ ਨੂੰ ਵੀ ਸੋਚਣ ਲਈ ਮਜਬੂਰ ਕਰਦਾ ਹੈ। ਬਾਬਾ ਮਿੱਪਲ ਅਤੇ ‘ਮੈਂ’ ਦੇ ਪਾਤਰਾਂ ਰਾਹੀਂ ਸੰਵਾਦ ਰਚਾ ਕੇ ਸਮਕਾਲੀ ਪੰਜਾਬੀ ਸਾਹਿਤ ਦਾ ਲੇਖਕ ਵੱਲੋਂ ਅਕਾਦਮਿਕ ਮੁਲਾਂਕਣ ਕੀਤਾ ਗਿਆ ਹੈ । ਵਾਰਤਾਕਾਰ ਨੇ ਇਸ ਕਿਤਾਬ ਵਿੱਚ ਰੁੱਖਾਂ, ਖ਼ਾਸਕਰ ਮਿੱਪਲ ਦੇ ਰੁੱਖ ਨੂੰ ਮਨੁੱਖੀ ਚੇਤਨਾ ਅਤੇ ਆਤਮਾ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਹੈ। ਉਂਕਾਰ ਪ੍ਰੀਤ ਨੇ ਅਤੇ ਬਾਬੇ ਮਿੱਪਲ ਨੇ ਰਲ਼ ਕੇ ਇੱਕ ਵੱਖਰੀ ਤਰ੍ਹਾਂ ਨਾਲ ਸੰਵਾਦ ਰਚਾਇਆ ਹੈ, ਸੋ ਇਸ ਨਾਲ ਅਲੋਚਨਾ ਪੜ੍ਹਨ ਵਾਲੇ ਨੂੰ ਨਾਲ ਜੋੜਦੀ ਹੈ, ਅਤੇ ਰਵਾਇਤੀ ਆਲੋਚਨਾ ਤੋਂ ਉਲਟ ਪਾਠਕ ‘ਤੇ ਭਾਰੂ ਨਹੀਂ ਪੈਂਦੀ। ਪੁਸਤਕ ਵਿੱਚ ਮਨੁੱਖ ਦੀ ਕੁਦਰਤ ਨਾਲ ਅਭੇਦ ਹੋਣ ਦੀ ਭਾਵਨਾ ਅਤੇ ਆਤਮਕ ਸੁੰਦਰਤਾ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਗਿਆ ਹੈ।
ਲੇਖਕ ਅਤੇ ਬਾਬਾ ਮਿੱਪਲ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਭਾਵੇਂ ਸਮੇਂ ਦੇ ਹਾਲਾਤ ਕਿੰਨੇ ਵੀ ਮੁਸ਼ਕਲ ਹੋਣ, ਮਨੁੱਖ ਨੂੰ ਆਜ਼ਾਦ ਰੂਹ ਅਤੇ ਸੱਚੇ ਲੋਕ-ਦਰਦ ਨਾਲ ਜੁੜੇ ਰਹਿਣਾ ਚਾਹੀਦਾ ਹੈ। ਕਵਿਤਾ ਅਤੇ ਕਲਾ ਦਾ ਅਸਲੀ ਮਕਸਦ ਮਨੁੱਖ ਨੂੰ ਉਸਦੀ ਚੇਤਨਾ ਵਿੱਚ ਜਾਗਰੂਕ ਕਰਨਾ ਅਤੇ ਹਨ੍ਹੇਰੇ ਵਿੱਚ ਰੌਸ਼ਨੀ ਦਾ ਕਾਫ਼ਲਾ ਬਣਨਾ ਹੈ।
ਚਿੰਤਨਸੀਲ ਨਾਮਵਰ ਸਾਇਰਾ ਸੁਰਜੀਤ ਕੌਰ ਹੁਰਾਂ ਨੇ ਇਸ ਮੌਕੇ ਉਘੇ ਸਾਇਰ ਪਿਆਰਾ ਸਿੰਘ ਕੁੱਦੋਵਾਲ ਦੇ ਪਰਚੇ ਦੇ ਅਧਾਰ ਤੇ ਅਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਣ-ਕਣ ਕਥਾ ਵਿੱਚ ਲੇਖਕ ਪੰਜਾਬ ਦਾ ਪਿੱਪਲ ਜਾਂ ਸੱਥ ਸਭਿਆਚਾਰ ਅਤੇ ਕਨੇਡਾ ਆ ਕੇ ਕਨੇਡੀਅਨ ਪੰਜਾਬੀਆਂ ਨੇ ਪੈਦਾ ਕੀਤਾ ਮਿੱਪਲ ਸਭਿਆਚਾਰ ਦਾ ਵਿਸ਼ਲੇਸ਼ਣ ਕਰਦਾ ਹੈ ਜੋ ਇਸ ਕਿਤਾਬ ਦਾ ਖਾਸ ਪਰਿਪੇਖ ਹੈ। ਜਿਸ ਵਿੱਚ ਦੋਹਾਂ ਸਭਿਆਤਾਵਾਂ ਦੀਆਂ ਚੰਗਿਆਈਆਂ ਤੇ ਊਣਤਾਈਆਂ ਬਾਰੇ ਪ੍ਰਤੀਕਾਤਮਕ ਗੱਲਾਂ ਕੀਤੀਆਂ ਗਈਆਂ ਹਨ। ਇੰਝ ਦੋ ਵੱਖਰੀਆਂ ਸਭਿਅਤਾਵਾਂ ਨੂੰ ਇਕ ਧਰਾਤਲ ਲਿਆ ਕੇ ਖੜ੍ਹਾ ਕਰਨ ਵਿੱਚ ਲੇਖਕ ਸਫ਼ਲ ਹੋਇਆ ਹੈ।
ਕਵੀ ਓਂਕਾਰਪ੍ਰੀਤ ਅਤੇ ਬਾਬਾ ਮਿੱਪਲ ਇੱਕ ਦੂਜੇ ਦੇ ਅੰਦਰ ਵੀ ਹਨ ਅਤੇ ਬਾਹਰ ਵੀ। ਉਹ ਸਨਮੁਖ ਹੋ ਕੇ ਸੰਵਾਦ ਰਚਾਉਂਦੇ ਹੋਏ ਮਨੁੱਖੀ ਮਨ ਦੀਆਂ ਉਹਨਾਂ ਪਰਤਾਂ ਨੂੰ ਖੋਲ੍ਹਦੇ ਹਨ ਜੋ ਆਮ ਤੌਰ ਸੁੱਤੀਆਂ ਰਹਿੰਦੀਆਂ ਹਨ। ਫਿਰ ਉਹ ਕਿਸੇ ਲੇਖਕ ਦੀ ਕਾਵਿ ਪੁਸਤਕ ਬਾਰੇ ਗੱਲਬਾਤ ਕਰਨ ਲਈ ਇਕ ਤੀਜੀ ਧਿਰ ਖੜ੍ਹੀ ਕਰਦਾ ਹੈ। ਇਉਂ ਤੀਜੀ ਧਿਰ ਦੀ ਲਿਖਣ ਕਲਾ ਅਤੇ ਵਿਚਾਰਧਾਰਾ ਨੂੰ ਲੈ ਕੇ, ਉਹ ਇਕ ਵਿਚਾਰ ਮੂਲਕ ਪਰਿਸਥਿਤੀ ਪੈਦਾ ਕਰਦਾ ਹੈ ਜਿਸ ਨਾਲ ਇਕ ਗੋਸ਼ਟੀ ਦਾ ਆਰੰਭ ਹੰਦਾ ਹੈ।
ਇਸ ਗੋਸ਼ਟੀ ਵਿੱਚ ਤੀਜੀ ਧਿਰ ਪੁਸਤਕ ਦੀ ਵੀ ਗੱਲ ਹੋ ਜਾਂਦੀ ਹੈ ਅਤੇ ਗਿਆਨ ਦਾ ਇਕ ਵੱਡਾ ਭੰਡਾਰ ਪਾਠਕ ਦੇ ਸਾਹਮਣੇ ਖੁੱਲ ਜਾਂਦਾ ਹੈ। ਨਾਲ ਹੀ ਕਵਿਤਾ ਦੇ ਅੰਦਰ ਅਤੇ ਪਿਛੋਕੜ ਵਿਚ ਛੁਪੀਆਂ ਕਈ ਪਰਤਾਂ ਖੁੱਲ ਜਾਂਦੀਆਂ ਹਨ। ਇਕ ਕਵੀ ਦੇ ਬਹਾਨੇ ਕਿੰਨੇ ਹੋਰ ਸ਼ਾਇਰ ਨਾਲ ਆ ਕੇ ਬਹਿ ਜਾਂਦੇ ਹਨ ਜਿਹਨਾਂ ਦਾ ਜ਼ਿਕਰ ਵੀ ਤੁਲਨਾਤਮਕ ਪੱਧਰ ‘ਤੇ ਕੀਤਾ ਗਿਆ ਹੈ। ਕਵਿਤਾ ਅਤੇ ਗ਼ਜ਼ਲ ਲਿਖਣ ਦੀ ਤਕਨੀਕ, ਛੰਦ ਪ੍ਰਬੰਧ, ਇਸ ਦਾ ਪਿਛੋਕੜ, ਛੰਦਾਂ ਦੇ ਪਰਕਾਰ,ਇਤਿਹਾਸ, ਰਾਜਨੀਤੀ, ਸਮਾਜ ਵਿਚਲੀ ਕਾਣੀ ਵੰਡ, ਔਰਤ ਦਾ ਸਮਾਜ ਵਿੱਚ ਸਥਾਨ, ਪਰਵਾਸੀਆਂ ਦਾ ਸੰਘਰਸ਼, ਦੇਸ ਅਤੇ ਪਰਦੇਸ ਵਿਚਲੇ ਸੰਘਰਸ਼ਾਂ ਦਾ ਵਰਤਮਾਨ ਸਮੇਂ ਅਤੇ ਸਥਾਨ ਦਾ ਆਪਸੀ ਸਬੰਧ ਅਤੇ ਵੱਖਰਤਾ, ਸਭ ਪਾਠਕ ਦੇ ਸਾਹਮਣੇ ਖੁੱਲ ਜਾਂਦੇ ਹਨ। ਮਨ ਗਦ-ਗਦ ਵੀ ਹੋ ਉਠਦਾ ਹੈ ਅਤੇ ਦਿਮਾਗ ਗਿਆਨਵਾਨ ਬਣ ਜਾਂਦਾ ਹੈ। ਇਹ ਗੋਸ਼ਟੀ ਇਕ ਕਾਵਿਕ ਨਾਟਕੀ ਰੂਪ ਧਾਰ ਲੈਂਦੀ ਹੈ। ਇਸ ਕਰਕੇ ਵਾਰਤਕ ਦੇ ਚਾਰ ਰੂਪਾਂ ਨੂੰ ਉਲੰਘ ਕੇ ਓਂਕਾਰਪ੍ਰੀਤ ਪੰਜਵੀਂ ਤਰ੍ਹਾਂ ਦਾ ਵਾਰਤਕ ਰੂਪ ਸਿਰਜ ਰਿਹਾ ਹੈ, ਜਿਸਨੂੰ ‘ਕਾਵਿ-ਨਾਟਕੀ ਅਲੋਚਨਾਤਮਕ ਵਾਰਤਕ ਰੂਪ’ ਕਿਹਾ ਜਾ ਸਕਦਾ ਹੈ।
ਉੱਘੀ ਸਮਾਜਿਕ ਕਾਰਕੁੰਨ ਅਤੇ ਬਹੁਵਿਧਾਵੀ ਲੇਖਿਕਾ ਸੁਰਿੰਦਰਜੀਤ ਕੌਰ ਹੁਰਾਂ ਨੇ ਵਾਰਤਕ ਪੁਸਤਕ ਕਣ ਕਣ ਕਥਾ ਨੂੰ ਬੌਧਿਕ ਚੇਤਨਾ, ਚਿੰਤਾ ਤੇ ਚਿੰਤਨ ਦਾ ਪ੍ਰਗਟਾਅ ਦੱਸਿਆ। ਉਹਨਾਂ ਕਿਹਾ ਕਿ ਕਣ ਕਣ ਕਥਾ, ਭਾਵ ਅਨਹਦ ਨਾਦ ਦੀ ਇਹ ਪੁਸਤਕ ਕਾਦਰ, ਕੁਦਰਤ ਤੇ ਜੀਵਨ ਦਰਸ਼ਨ ਭਰੀ ਚੇਤਨਾ ਦਾ ਰੰਗ ਸਿਰਜਦੀ ਹੈ। ਇਸ ਪੁਸਤਕ ਵਿੱਚ ਲੇਖਕ ਦੀ ਸੰਵੇਦਨਸ਼ੀਲਤਾ ਆਪਣੇ ਪਸੰਦੀਦਾ ਸਾਇਰਾਂ ਨੂੰ ਪੜ੍ਹਦੇ ਸਮੇਂ ਉਹਨਾਂ ਦੀ ਰੂਹ ਦੀ ਹਰ ਨੁੱਕਰ ਤੀਕ ਪਹੁੰਚਦੀ ਹੋਈ ਸੰਵਾਦ ਰਚਾਉਂਦੀ ਹੈ। ਉਹ ਇਹਨਾਂ ਕਵੀਆਂ ਦੀਆਂ ਕਾਵਿ ਪੁਸਤਕਾਂ ਉੱਪਰ ਗੋਸ਼ਟੀ ਰਚਾਉਣ ਲਈ ਬਾਬੇ ਮਿੱਪਲ ਨੂੰ ਦਾਰਸ਼ਨਿਕ ਦੇ ਰੂਪ ਵਿੱਚ ਸੱਦਾ ਦਿੰਦਾ ਹੈ ਕਿਉਂਕਿ ਇਸ ਤੋਂ ਬਿਹਤਰ ਸਿਆਣਾ ਉਸਦੀਆਂ ਨਜ਼ਰਾਂ ਵਿੱਚ ਹੋਰ ਕੋਈ ਨਹੀਂ ਹੈ। ਇਹ ਬਾਬਾ ਮਿੱਪਲ, ਮੇਪਲ ਤੇ ਪਿੱਪਲ ਦੀ ਏਕਤਾ ਦੀ ਸਾਂਝ ਦਾ ਪ੍ਰਤੀਕ ਹੈ ਜੋ ਬਾਬਾ ਮਿੱਪਲ ਬਣ ਗਿਆ ਹੈ। ਕਥਾਕਾਰ ਜਿਸ ਕਿਤਾਬ ਦੀ ਗੱਲ ਕਰਦਾ ਹੈ ਉਹਦੇ ਨਾਮ ਵਿੱਚ ਆਪਾ ਘੋਲ ਦਿੰਦਾ ਹੈ ਤੇ ਗੋਸ਼ਟੀ ਕਰਦਾ ਕਰਦਾ ਕੁਦਰਤ ਨਾਲ ਤੇ ਉਹਦੀ ਤੈਹ ਦਰ ਤੈਹ ਵਿਚਲੇ ਰੰਗਾਂ ਵਿੱਚ ਰੰਗਿਆ ਜਾਂਦਾ ਹੈ। ਕਿਤਾਬਾਂ ਬਾਰੇ ਲੇਖਕਾਂ ਤੋਂ ਵੀ ਅੱਗੇ ਨਿਕਲਦਾ ਉਸਦਾ ਆਪਣਾ ਨਜ਼ਰੀਆ ਹੋਰ ਕਥਾਵਾਂ ਨਾਲ ਜੋੜੀ ਜਾਂਦਾ ਹੈ। ਪੁਸਤਕ ਵਿਚਲੀ ਕਥਾ ਲੇਖਕ ਦੀ ਆਪਣੀ ਕਾਵਿਕ ਅਵਸਥਾ ਹੈ ਜੋ ਕਿਸੇ ਦੂਜੇ ਦੀ ਰਚਨਾ ਨਾਲ ਇਕਮਿਕ ਹੋ ਕੇ ਬਾਬੇ ਮਿੱਪਲ ਦੇ ਮੂੰਹੋਂ ਉਚਾਰੇ ਬੋਲਾਂ ਰਾਹੀਂ ਪ੍ਰਗਟ ਹੁੰਦੀ ਹੈ।
ਉਘੇ ਮੀਡੀਆਕਾਰ ਅਤੇ ਚਿੰਤਕ ਡਾਕਟਰ ਬਲਵਿੰਦਰ ਹੁਰਾਂ ਨੇ ਇਸ ਮੌਕੇ ਅਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੁਸਤਕ ਕਣ-ਕਣ ਕਥਾ ਵਿੱਚ ਉਂਕਾਰਪ੍ਰੀਤ ਬੜੇ ਦਿਲਚਸਪ ਤਰੀਕੇ ਨਾਲ਼ ਕਵਿਤਾ ਨੂੰ ਪ੍ਰਭਾਸ਼ਿਤ ਕਰਦਾ ਹੈ, ਤਾਂ ਕਿ ਜੋ ਕੁਝ ਓਹ ਕਹਿਣਾ ਚਾਹੁੰਦਾ ਹੈ, ਓਹਨੂੰ ਮਿੱਪਲ ਰਾਹੀਂ ਪਾਠਕਾਂ ਤੱਕ ਪੁੱਜਦਾ ਕਰ ਸਕੇ। ਉਹ ਬਹੁਤ ਸੁਹਣੇ ਢੰਗ ਨਾਲ਼ ਮੌਜੂਦਾ ਕਾਵਿ-ਰਚਨਾ ਦੇ ਸੰਦਰਭ ਵਿੱਚ ਮੰਡੀ ਵਿੱਚ ਵਿਕ ਰਹੀ ਕਾਲਖ਼ ਬਾਰੇ ਮਿੱਪਲ ਰਾਹੀਂ ਇਹ ਕਹਿੰਦਾ ਹੈ ਕਿ ਅੱਜ ਦੇ ਕਵੀਆਂ ਨੂੰ ਇਸ ਬਾਰੇ ਲਿਖਣਾ ਚਾਹੀਦੈ। ਇਸ ਕਾਲਖ ਦੀ ਮੰਡੀ ਦੇ ਚਿਹਰੇ ਤੋਂ ਲੋਕਤੰਤਰ ਦਾ ਮਖੌਟਾ ਕਲਮਾਂ ਨਾਲ਼ ਹੀ ਚੀਰਿਆ ਜਾਣਾ ਹੈ। ਜਦੋਂ ਉਹ ਮਿੱਪਲ ਵਗਦੇ ਦਰਿਆ ਨੂੰ ਸੱਭਿਅਤਾ ਦਾ ਮਾਂ-ਪਿਓ ਗਰਦਾਨਦੇ ਹੋਏ … ਏਸ ਨੂੰ ‘ਜ਼ਿੰਦਗੀ ਦੀ ਕਵਿਤਾ’ ਦੇ ਹਵਾਲੇ ਨਾਲ਼ ਪੰਜਾਬ ਦੇ ਪੁਰਾਤਨ ਨਾਮ ਪੰਚ-ਨਦ ਦਾ ਵੇਰਵਾ ਦੇ ਕੇ ਹਜ਼ਾਰਾਂ ਸਾਲ ਪੁਰਾਣੇ ਇਤਿਹਾਸਿਕ ਪਿਛੋਕੜ ਬਾਰੇ ਦੱਸਦੈ … ਤਾਂ ਇੰਝ ਪ੍ਰਤੀਤ ਹੁੰਦੈ ਕਿ ਜਿਵੇਂ ਉਹ ਪਾਠਕਾਂ ਨੂੰ ਆਪਣੇ ਇਤਿਹਾਸਿਕ ਗਿਆਨ ਤੋਂ ਵੀ ਜਾਣੂੰ ਕਰਵਾ ਰਿਹਾ ਹੋਵੇ। ਇੰਜ ਨਿਰੋਲ ਕਵਿਤਾ ਲਿਖਣ ਅਤੇ ਓਹਦੀ ਪੜਚੋਲ ਜਾਂ ਅਲੋਚਨਾ ਕਰਨ ਨਾਲੋਂ ਬਿੱਲਕੁੱਲ ਵੱਖਰੀ ਕਿਸਮ ਦੀ ਜਾਣਕਾਰੀ ਮਿਲਦੀ ਹੈ। ਮੈਂ ਸਮਝਦਾਂ ਕਿ ‘ਕਣ ਕਣ ਕਥਾ’ ਦੀ ਇਹ ਪ੍ਰਾਪਤੀ ਹੈ ਕਿ ਜਿੱਥੇ ਪਾਠਕ ਨਾਮਵਰ ਕਵੀਆਂ ਦੀਆਂ ਕਿਤਾਬਾਂ ਵਿੱਚੋਂ ਲਈਆਂ ਗਈਆਂ ਸਤਰਾਂ ਜਾਂ ਸ਼ਿਅਰਾਂ ਨੂੰ ਪੜ੍ਹ ਲੈਂਦਾ, ਓਥੇ ਉਂਕਾਰਪ੍ਰੀਤ ਦੇ ਗੂੜ੍ਹੇ ਗਿਆਨ ਦਾ ਵੀ ਲਾਹਾ ਲੈਣ ਵਿੱਚ ਸਫ਼ਲ ਹੁੰਦੈ। ਕੁੱਲ ਮਿਲਾ ਕੇ ‘ਕਣ-ਕਣ ਕਥਾ’ ਪਾਠਕ ਨੂੰ ਆਪਣੇ ਨਾਲ਼ ਪੂਰੀ ਤਰ੍ਹਾਂ ਬੰਨ੍ਹੀ ਰੱਖਦੀ ਹੈ।
ਉਘੇ ਕਹਾਣੀਕਾਰ ਜਰਨੈਲ ਸਿੰਘ ਹੁਰਾਂ ਨੇ ਇਸ ਮੌਕੇ ਬੋਲਦਿਆਂ ਕਣ-ਕਣ ਕਥਾ ਨੂੰ ਪੰਜਾਬੀ ਸਾਹਿਤ ਵਿੱਚ ਇਕ ਨਿਵੇਕਲੀ ਆਲੋਚਨਾਤਮਿਕ ਵਿਧਾ ਵਾਲੀ ਪੁਸਤਕ ਦੱਸਦਿਆਂ ਇਸ ਦੀ ਵਿਲੱਖਣ ਅਹਿਮੀਅਤ ਨੂੰ ਭਾਵਪੂਰਤ ਸ਼ਬਦਾਂ ਵਿਚ ਉਜਾਗਰ ਕੀਤਾ।
ਗੋਸ਼ਟੀ ਦੇ ਅੰਤ ਤੇ ਡਾਕਟਰ ਵਰਿਆਮ ਸਿੰਘ ਸੰਧੂ ਹੁਰਾਂ ਨੇ ਅਪਣੇ ਕੁੰਜੀਵਤ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਣ-ਕਣ ਕਥਾ ਦੀ ਆਲੋਚਨਾ ਵਿਧੀ ਬਿਲਕੁਲ ਹੀ ਆਪਣੇ ਆਪ ਵਿੱਚ ਵਿਲੱਖਣ ਆਲੋਚਨਾ ਵਿਧੀ ਹੈ। ਇਹ ਇੱਕ ਨਾਟਕੀ ਅੰਦਾਜ਼ ਦੇ ਵਿੱਚ ਗੱਲਬਾਤੀ ਅੰਦਾਜ਼ ਦੇ ਵਿੱਚ ਸਾਰੇ ਕਵੀਆਂ ਦੀ ਕਵਿਤਾ ਬਾਰੇ ਗੱਲ ਕਰਦੀ ਹੈ ਔਰ ਉਹ ਬੇਹੱਦ ਸਹਿਜ ਹੈ ਦਿਲ ਨੂੰ ਟੁੰਬਣ ਵਾਲੀ ਹੈ। ਨਾਟਕੀ ਅੰਦਾਜ਼ ਵਿੱਚ ਇਸ ਵਾਰਤਕ ਵਿੱਚ ਵਾਰਤਾਲਾਪ ਨਾਲ ਵਾਰਤਾਲਾਪ ਭਿੜਦੇ ਨੇ। ਉਹ ਭਾਵੇਂ ਇੱਕ ਵਿਅਕਤੀ ਹੈ ਇੱਕ ਜਗਿਆਸੂ ਹੈ ਇੱਕ ਸ਼ਾਇਰ ਹੈ ਇੱਕ ਦਾਰਸ਼ਨਿਕ ਹੈ ਉਹ ਸਾਰੇ ਇੱਕ ਦੂਜੇ ਦੇ ਨਾਲ ਆਪਸ ਵਿੱਚ ਅੰਤਰ ਸੰਬੰਧਿਤ ਨੇ। ਇਹਦੇ ਅੰਦਰ ਆਲੋਚਕ ਵੀ ਬੈਠਾ ਹੈ ਜਗਿਆਸੂ ਵੀ ਬੈਠਾ ਹੈ ਪਾਠਕ ਵੀ ਹੈ ਪ੍ਰਸੰਸਕ ਵੀ ਅਤੇ ਦਾਰਸ਼ਨਿਕ ਵੀ ਇਹਦੇ ਅੰਦਰੇ ਬੈਠਾ ਹੈ। ਇਸ ਤਰੀਕੇ ਦੇ ਨਾਲ ਇਹ ਵਾਰਤਕ, ਕਵਿਤਾ ਦੀਆਂ ਵੱਖ-ਵੱਖ ਪਰਤਾਂ ਸਾਡੇ ਸਾਹਮਣੇ ਰੂਸ਼ਨਾਸ਼ ਕਰਾਉਂਦੀ ਹੈ। ਇਹ ਆਪਣੇ ਆਪ ਦੇ ਵਿੱਚ ਹੀ ਇੱਕ ਅਲੋਕਾਰੀ ਤੇ ਵਿਲੱਖਣ ਵਿਧੀ ਹੈ ਜਿਹਦੀ ਸਾਰਿਆਂ ਪਰਚਾਕਾਰਾਂ ਨੇ ਤਾਰੀਫ਼ ਕੀਤੀ ਹੈ।
ਮੈਂ ਵੀ ਇਹਦੀ ਭਰਪੂਰ ਤਾਰੀਫ਼ ਕਰਦਾ ਹਾਂ ਕਿ ਕਵਿਤਾ ਨੂੰ ਸਮਝਣ ਦਾ ਸਮਝਾਉਣ ਦਾ ਇਹ ਇੱਕ ਅਸਲੋਂ ਹੀ ਵੱਖਰਾ ਤੇ ਨਵੇਕਲਾ ਅੰਦਾਜ਼ ਹੈ। ਤੇ ਜਿਵੇਂ ਇੱਥੇ ਕੁਝ ਇੱਕ ਨੇ ਕਿਹਾ ਹੈ ਕਿ ਇਹ ਤੇ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਪ੍ਰਾਪਤੀ ਹੈ ਪੰਜਾਬੀ ਆਲੋਚਨਾ ਦੇ ਇਤਿਹਾਸ ਵਿੱਚ ਜਿਹੜੀ ਵਿਧੀ ਓਂਕਾਰਪ੍ਰੀਤ ਨੇ ਸਿਰਜੀ ਹੈ। ਇਹਦੇ ਕੋਲ ਜਿਹੜੀ ਦ੍ਰਿਸ਼ਟੀ ਹੈ ਉਹ ਬ੍ਰਹਿਮੰਡਕ ਦ੍ਰਿਸ਼ਟੀ ਹੈ ਵਿਸ਼ਵ ਦ੍ਰਿਸ਼ਟੀ ਹੈ ਤੇ ਸਤਹ ਤੋਂ ਉੱਪਰ ਉੱਠ ਕੇ ਸਾਰੇ ਸੰਸਾਰ ਨੂੰ ਜਿਵੇਂ ਬਾਬੇ ਨੇ ਕਿਹਾ ਸੀ ਕਿ ‘ਜਲਤੀ ਸਭ ਪ੍ਰਿਥਵੀ ਦਿਸ ਆਈ’। ਇਹ ਸਾਰੀ ਜਲਤੀ ਹੋਈ ਪ੍ਰਿਥਵੀ ਨੂੰ ਦੇਖਣ ਦਾ ਚਾਰਾ ਕਰ ਰਿਹਾ ਹੈ ਸਤਹ ਤੋਂ ਉੱਪਰ ਉੱਠ ਕੇ। ਔਰ ਜਦੋਂ ਇਹ ਚਾਰਾ ਕਰ ਰਿਹਾ ਹੈ ਤੇ ਫਿਰ ਇਹਨੂੰ ਵਿਚਾਰਧਾਰਕ ਤੌਰ ‘ਤੇ ਉਹ ਕਵੀ ਚੰਗੇ ਲੱਗਦੇ ਨੇ ਜਿਹੜੇ ਕਵੀ ਜ਼ਿੰਦਗੀ ਦੀ ਗੱਲ ਕਰਦੇ ਨੇ ਮੁਹੱਬਤ ਦੀ ਗੱਲ ਕਰਦੇ ਨੇ ਪ੍ਰਕਿਰਤੀ ਦੀ ਗੱਲ ਕਰਦੇ ਨੇ। ਸਮਾਗਮ ਦੇ ਅੰਤ ‘ਤੇ ਉਂਕਾਰਪ੍ਰੀਤ ਨੇ ਸਭ ਪਰਚਾਕਾਰਾਂ ਅਤੇ ਵਿਚਾਰਵਾਨਾਂ ਦਾ ਆਪਣੇ ਵਲੋਂ ਹਾਰਦਿਕ ਧੰਨਵਾਦ ਕਰਦਿਆਂ ਪੁਸਤਕ ਬਾਰੇ ਮਿਲੇ ਸਭ ਸੁਝਾਵਾਂ ਅਤੇ ਨਵੇਂ ਨੁਕਤਿਆਂ ਨੂੰ ਅਗਲੇ ਐਡੀਸ਼ਨ ਵਿਚ ਸ਼ਾਮਲ ਕਰਕੇ ਪੁਸਤਕ ਨੂੰ ਹੋਰ ਬਿਹਤਰ ਬਣਾਉਣ ਦਾ ਵਾਅਦਾ ਕੀਤਾ। ਤਕਰੀਬਨ ਚਾਰ ਘੰਟੇ ਚੱਲੇ ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਜਤਿੰਦਰ ਰੰਧਾਵਾ, ਕੰਵਲਜੀਤ ਢਿੱਲੋਂ,ਬਲਜੀਤ ਧਾਲੀਵਾਲ, ਬਲਦੇਵ ਰਹਿਪਾ, ਸੁਖਚਰਨਜੀਤ ਗਿੱਲ, ਪਰਵਿੰਦਰ ਗੋਗੀ, ਅਵਤਾਰ ਜੰਡੂ, ਗੁਰਦੇਵ ਮਾਨ, ਗਗਨਦੀਪ ਸੋਹਲ, ਸੰਤੋਖ ਸਿੰਘ, ਇਕਬਾਲ ਬਰਾੜ, ਰਾਵੀ ਕੌਰ, ਮਾਹੀ ਸਿੰਘ, ਮੀਰ ਸਿੰਘ, ਸੁਰਿੰਦਰ ਮਿਨਹਾਸ, ਸੁਰਿੰਦਰ ਖ਼ਹਿਰਾ ਅਤੇ ਜਸਪਾਲ ਢਿੱਲੋਂ ਖਾਸ ਤੌਰ ‘ਤੇ ਸ਼ਾਮਲ ਹੋਏ।

 

RELATED ARTICLES

CLEAN WHEELS

CLEAN WHEELS

BREAST CANCER

CLEAN WHEELS

CLEAN WHEELS

CLEAN WHEELS

POPULAR POSTS

CLEAN WHEELS