Breaking News
Home / ਨਜ਼ਰੀਆ / ਵਿਗਿਆਨ-ਗਲਪ ਕਹਾਣੀ

ਵਿਗਿਆਨ-ਗਲਪ ਕਹਾਣੀ

ਕਿਸ਼ਤ 3
ਭਟਕਨ
ਡਾ. ਡੀ ਪੀ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
“ਪਤਾ ਹੈ ਮੈਨੂੰ। ਤਦੇ ਹੀ ਤਾਂ ਮੈਂ ਆਇਆ ਹਾਂ।” ਪਿਆਰ ਭਰੇ ਅੰਦਾਜ਼ ਵਿਚ ਮੁਸਕਰਾ ਰਹੇ ਅਜਨਬੀ ਦੇ ਬੋਲ ਸਨ।
“ਤੇਰੀ ਇਹ ਮਜ਼ਾਲ। ਲੱਗਦਾ ਹੈ ਤੈਨੂੰ ਸਬਕ ਸਿਖਾਉਣਾ ਹੀ ਪਵੇਗਾ।” ਤਾਰਾ ਨੇ ਅੰਗਰੱਖਿਅਕਾਂ ਨੂੰ ਬੁਲਾਣ ਵਾਲੀ ਘੰਟੀ ਦਾ ਬਟਨ ਦਬਾਉਣ ਲਈ ਹੱਥ ਚੁੱਕਦਿਆਂ ਕਿਹਾ।
“ਰੁਕੋ! ਰੁਕੋ! ਦੇਵੀ ਤਾਰਾ! ਮੇਰਾ ਖਿਆਲ ਸੀ ਕਿ ਤੂੰ ਤਾਂ ਆਪਣੇ ਪਤੀ ਨੂੰ ਪਛਾਣ ਲਵੇਗੀ, ਜੇ ਕਿਤੇ ਰੋਹਿਨੀ ਨਾ ਵੀ ਪਛਾਣ ਸਕੀ ਤਾਂ।” ਉਸ ਨੋਜੁਆਨ ਨੇ ਠਹਾਕਾ ਲਗਾਂਦਿਆ ਕਿਹਾ।
“ਕੀ? ਇਹ ਕਿਹੋ ਜਿਹਾ ਮਾਇਆ (ਭਰਮ) ਜਾਲ ਹੈ?” ਰੋਹਿਨੀ ਦੇ ਹੈਰਾਨੀ ਭਰੇ ਬੋਲ
ਸਨ।
“ਹਾਂ! ਇਹ ਮਾਇਆ ਹੈ। ਮੋਹਿਨੀ ਦੀ ਮਾਇਆ।” ਤੇ ਉਹ ਫਿਰ ਹੱਸ ਪਿਆ।
“ਦੇਵ ਸ਼੍ਰੀ ! ਕੀ ਇਹ ਤੁਸੀਂ ਹੀ ਹੋ? ਯਕੀਨ ਨਹੀਂ ਆ ਰਿਹਾ।” ਤਾਰਾ ਨੇ ਉਸ ਨੂੰ ਸਿਰ ਤੋਂ ਪੈਰਾਂ ਤੱਕ ਘੋਖਦਿਆਂ ਕਿਹਾ। ਇਕ ਸੁਡੋਲ ਡੀਲ ਡੋਲ, ਖੂਬਸੂਰਤ ਦਗ ਦਗ ਕਰਦਾ ਚਿਹਰਾ, ਅਣਖੀਲੀ ਚਾਲ ਤੇ ਖੜੇ ਹੋਣ ਦਾ ਅਜਬ ਅੰਦਾਜ਼…… ਕੀ ਇਹ ਸਚਮੁੱਚ ਚੰਦਰ ਦੇਵ ਹੀ ਸੀ?
“ਤੇਰੇ ਚਿਹਰੇ ਦਾ ਉਹ ਮੱਧਮ ਨੂਰ ਕਿਥੇ ਹੈ? ਤੇਰੀਆਂ ਔਹ ਰੇਸ਼ਮੀ ਕਿਰਨਾਂ ਕਿੱਥੇ ਨੇ ਜਿਨ੍ਹਾਂ ਦੀ ਰੁਸ਼ਨਾਈ ਦੀਆਂ ਅਸੀਂ ਹਮੇਸ਼ਾਂ ਦੀਵਾਨੀਆਂ ਰਹੀਆਂ ਹਾਂ? ਤੇਰਾ ਉਹ ਨਾਜ਼ੁਕ ਬਦਨ ਕਿਧਰ ਚਲਾ ਗਿਆ?” ਤਾਰਾ ਤੇ ਰੋਹਿਨੀ ਨੇ ਦੁੱਖ ਨਾਲ ਕੁਰਲਾਉਂਦੇ ਹੋਏ ਕਿਹਾ।
“ਜਿਨ੍ਹਾਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਲਈ ਤਾਂ ਮੈਂ ਕੇਨੈਡਾ ਗਿਆ ਸੀ। ਤੁਸੀਂ ਫਿਰ ਉਨ੍ਹਾਂ ਚੀਜ਼ਾਂ ਲਈ ਹੀ ਹੱਠ ਕਰ ਰਹੀਆਂ ਹੋ। ਚਲੋ ਛੱਡੋ ਇਹ ਲਲਕ। ਜ਼ਰਾ ਦੇਖੋ ਮੋਹਿਨੀ ਨੇ ਕੀ ਕੀ ਚਮਤਕਾਰ ਕੀਤੇ ਨੇ। ਹੁਣ ਤਾਂ ਤੁਹਾਨੂੰ ਦੋਨ੍ਹਾਂ ਨੂੰ ਵੀ ਉਸ ਕੋਲ ਜਾਣਾ ਹੋਵੇਗਾ।”
“ਸਾਨੂੰ ਦੋਨਾਂ ਨੂੰ ਵੀ?” ਤਾਰਾ ਤੇ ਰੋਹਿਨੀ ਦੇ ਹੈਰਾਨੀ ਭਰੇ ਬੋਲ ਸਨ।
“ਸਾਨੂੰ ਕੀ ਲੋੜ ਹੈ ਜਾਣ ਦੀ? ਕੀ ਅਸੀਂ ਪਹਿਲਾਂ ਹੀ ਪ੍ਰਸਿੱਧ ਦੈਵੀ ਸੁੰਦਰੀਆਂ ਨਹੀਂ ਹਾਂ?” ਤਾਰਾ ਨੇ ਗੁੱਸੇ ਵਿਚ ਕਿਹਾ।
ਚੰਦਰ ਦੇਵ ਨੇ ਉਨ੍ਹਾਂ ਦੀ ਉਕਤੀ ਨੂੰ ਅਣਸੁਣਿਆ ਕਰਦੇ ਹੋਏ ਕਿਹਾ, “ਤਾਂ ਕੀ ਹੋਇਆ?
ਅੱਜ ਕਲ ਤਾਂ ਭਾਰਤ ਦੀਆਂ ਔਰਤਾਂ ਮਿਸ ਵਰਲਡ ਤੇ ਮਿਸ ਯੂਨੀਵਰਸ ਜਿਹੇ ਖ਼ਿਤਾਬ ਜਿੱਤ ਰਹੀਆਂ ਹਨ।”
ਤਾਰਾ ਤੇ ਰੋਹਿਨੀ ਨੇ ਇਕ ਦੂਜੇ ਵੱਲ ਦੇਖਿਆ। “ਓਹ! ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਖ਼ਿਤਾਬ ਜਿੱਤ ਕੇ ਲਿਆਈਏ, ਤਦ ਅਸੀਂ ਇਨ੍ਹਾਂ ਮੁਕਾਬਲਿਆ ਵਿਚ ਹਿੱਸਾ ਲੈ ਲੈਂਦੀਆਂ ਹਾਂ।” ਤਾਰਾ ਨੇ ਕਿਹਾ।
“ਤੁਸੀਂ ਜਿੱਤ ਨਹੀਂ ਸਕੋਗੀਆਂ। ਜਦੋਂ ਉਨ੍ਹਾਂ ਤੁਹਾਡੀਆਂ ਵੱਡੀਆਂ ਵੱਡੀਆਂ ਛਾਤੀਆਂ, ਮੋਟੇ ਮੋਟੇ ਨਿਤੰਬ ਤੇ ਚੋੜੀ ਕਮਰ ਦੇਖੀ ਤਾਂ ਉਨ੍ਹਾਂ ਨੇ ਤਾਂ ਤੁਹਾਨੂੰ ਮੁਕਾਬਲੇ ਵਿਚ ਐਂਟਰੀ ਹੀ ਨਹੀਂ ਦੇਣੀ। ਅੱਜ ਕਲ ਤਾਂ ਸੁੰਦਰੀਆਂ ਨੂੰ ਨਾਜ਼ੁਕ, ਪਤਲੀਆਂ, ਉੱਚੀਆਂ-ਲੰਮੀਆਂ ਤੇ ਲਚੀਲੇ ਬਦਨ ਵਾਲੀਆਂ ਹੋਣ ਦੀ ਲੋੜ ਹੈ।”
“ਤੁਹਾਡਾ ਭਾਵ ਹੈ ਡੰਡੀ ਵਰਗੀਆਂ।” ਤਾਰਾ ਨੇ ਤਨਜ਼ ਭਰੇ ਅੰਦਾਜ਼ ਵਿਚ ਕਿਹਾ।
“ਈਰਖ਼ਾ ਕਰਨ ਦੀ ਕੀ ਲੋੜ ਹੈ? ਚਿੰਤਾ ਵੀ ਕਿਉਂ? ਜਾਓ ਤੇ ਮੋਹਿਨੀ ਦੇ ਕਲੀਨਿਕ ਵਿਚ ਦਾਖ਼ਲਾ ਲੈ ਲਉ ਤੇ ਬਾਕੀ ਸਾਰਾ ਕੰਮ ਉਹ ਕਰ ਦੇਵੇਗੀ।”
“ਖੈਰ!ਕਿਸ ਨੂੰ ਲੋੜ ਹੈ ਅਜਿਹੇ ਬੇਲੋੜੇ ਖ਼ਿਤਾਬਾਂ ਦੀ? ਸਾਨੂੰ ਤਾਂ ਬਿਲਕੁਲ ਹੀ ਨਹੀਂ, ਖਾਸ ਕਰ ਜਦ ਤਕ ਅਸੀਂ ਤੁਹਾਨੂੰ ਪਸੰਦ ਹਾਂ।” ਰੋਹਿਨੀ ਨੇ ਕਿਹਾ।
ਚੰਦਰ ਦੇਵ ਨੇ ਪਲ ਕੁ ਲਈ ਸਿਰ ਖੁਰਕਿਆ। “ਕੋਣ ਕਹਿੰਦਾ ਹੈ ਕਿ ਤੁਸੀਂ ਮੇਰੀ ਪਸੰਦ ਹੋ?”
“ਇਹ ਕੀ? ਦੇਵ ਸ਼੍ਰੀ! ਅਜਿਹਾ ਲੱਗਦਾ ਹੈ ਕਿ ਮੋਹਿਨੀ ਨੇ ਤੁਹਾਨੂੰ ਸੁੰਦਰ ਡੀਲ ਡੋਲ ਹੀ ਨਹੀਂ ਦਿੱਤਾ ਸਗੋਂ ਤੁਹਾਡੀਆਂ ਅੱਖਾਂ ਉੱਤੇ ਵੀ ਪਰਦਾ ਪਾ ਦਿੱਤਾ ਹੈ।”
“ਸਮੇਂ ਨਾਲ ਬਦਲੋ ਤਾਰਾ! ਪਤਾ ਨਹੀਂ ਤੁਸੀਂ ਅਜੇ ਵੀ ਕਿਉਂ ਪੁਰਾਣੇ ਵਿਚਾਰਾਂ ਨਾਲ ਹੀ ਬੱਝੀਆਂ ਹੋਈਆਂ ਹੋ। ਤੁਹਾਨੂੰ, ਮੇਰੇ ਨਵੇਂ ਰੂਪ ਅਨੁਸਾਰ, ਖੁਦ ਨੂੰ ਢਾਲਣ ਦੀ ਲੋੜ ਹੈ।”
“ਦੇਵ ਸ਼੍ਰੀ! ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੀ ਹਾਂ, ਜਿਨ੍ਹਾਂ ਕੋਲ ਹੋਰਨਾਂ ਦੀ ਅੰਦਰੂਨੀ ਖੂਬਸੂਰਤੀ ਦੇਖਣ ਵਾਲੀ ਅੱਖ ਨਹੀਂ ਹੁੰਦੀ, ਉਨ੍ਹਾਂ ਦੀਆਂ ਅੱਖਾਂ ਜਾਂ ਦਿਮਾਗ ਵਿਚ ਕੋਈ ਗੜਬੜ ਹੁੰਦੀ ਹੈ।”
“ਮੇਰੇ ਵਿਚ ਕੋਈ ਗੜਬੜ ਨਹੀਂ। ਮੈਂ ਤਾਂ ਤੁਹਾਨੂੰ ਤੁਹਾਡੇ ਨੁਕਸ ਠੀਕ ਕਰਾਉਣ ਦੀ
ਗੱਲ ਦੱਸ ਰਿਹਾ ਹਾਂ।”
“ਠੀਕ ਹੈ, ਨੁਕਸਾਂ ਭਰੀ ਮੈਂ, ਤੁਹਾਡੀਆਂ ਨਜ਼ਰਾਂ ਤੋਂ ਦੂਰ ਚਲੀ ਜਾਂਦੀ ਹਾਂ।” ਗੁੱਸੇ ਵਿਚ ਭੜਕੀ ਹੋਈ ਤਾਰਾ ਦੇ ਬੋਲ ਸਨ ਤੇ ਉਹ ਉਥੋਂ ਚਲੀ ਗਈ।
“ਅਲਵਿਦਾ, ਜਾਨੂੰ!”ਹੈਰਾਨ ਹੋਏ ਚੰਦਰ ਦੇਵ ਵੱਲ ਤਰਸ ਭਰੀ ਨਜ਼ਰ ਸੁੱਟਦੇ ਹੋਏ
ਰੋਹਿਨੀ ਨੇ ਕਿਹਾ।
“ਇਹ ਕੀ ਰੋਹਿਨੀ ਤੂੰ ਵੀ ਮੈਨੂੰ ਛੱਡ ਕੇ ਜਾ ਰਹੀ ਏ?
“ਉਹ, ਜਿਸ ਦਾ ਸਿਆਣਪ’ ਹੀ ਸਾਥ ਛੱਡ ਜਾਵੇ, ਉਸ ਕੋਲ ਸੁਭਾਗ” ਦਾ ਵਾਸਾ ਕਿਵੇਂ ਹੋ ਸਕਦਾ ਹੈ? ਕਹਿੰਦਿਆ ਰੋਹਿਨੀ ਉਥੋਂ ਚਲੀ ਗਈ।
(ਹਿੰਦੂ ਧਰਮ ਅਨੁਸਾਰ ‘ਦੇਵੀ ਤਾਰਾ ਸਿਆਣਪ ਦੀ ਪ੍ਰਤੀਕ ਹੈ, ਤੇ “ਦੇਵੀ ਰੋਹਿਨੀ ਸੁਭਾਗ ਦੀ ਪ੍ਰਤੀਕ ਹੈ)
ਚੰਦਰ ਦੇਵ ਨੂੰ ਮਿੰਟ ਕੁ ਲਈ ਝਟਕਾ ਜਿਹਾ ਲੱਗਿਆ ਪਰ ਜਲਦੀ ਹੀ ਉਹ ਸੰਭਲ ਗਿਆ।
“ਜਾਓ! ਜਾਓ! ਜਦੋਂ ਮੈਂ ਫਿਲਮਾਂ ਦਾ ਦੇਵਤਾ ਬਣ ਜਾਵਾਂਗਾ ਤਾਂ ਫਿਲਮੀ ਦੇਵੀਆਂ ਮੇਰੀਆਂ ਰਾਣੀਆਂ ਹੋਣਗੀਆਂ।” ਉਸ ਸੋਚਿਆ ਤੇ ਬੋਲੀਵੁੱਡ ਲਈ ਚਲ ਪਿਆ।
ਜਦੋਂ ਉਹ ਮੁਬੰਈ ਦੇ ਇਕ ਮਸ਼ਹੂਰ ਫਿਲਮ-ਸਟੂਡੀਓ ਵਿਖੇ ਪਹੁੰਚਿਆ ਤਾਂ ਉਸ ਦੇਖਿਆ ਕਿ ਸਟੂਡੀਓ ਅੰਦਰ ਜਾਣ ਵਾਲਾ ਮੇਨ ਗੇਟ ਬੰਦ ਸੀ। ਸੁਰੱਖਿਆ ਕਰਮਚਾਰੀ ਨੇ ਉਸ ਨੂੰ ਇਕ ਪਾਸੇ ਬਣੇ ਛੋਟੇ ਜਿਹੇ ਗੇਟ ਵੱਲ ਜਾਣ ਦਾ ਇਸ਼ਾਰਾ ਕੀਤਾ, ਜਿਥੇ ਫਿਲਮਾਂ ਵਿਚ ਕੰਮ ਕਰਨ ਦੇ ਚਾਹਵਾਨ ਉਮੀਦਵਾਰਾਂ ਨੂੰ ਨਾਮ ਨੋਟ ਕਰਵਾਉਣਾ ਜ਼ਰੂਰੀ ਸੀ।
ਚੰਦਰ ਦੇਵ ਸੁੰਦਰ ਡੀਲ ਡੋਲ ਵਾਲੇ ਤੇ ਬਹੁਤ ਹੀ ਸੋਹਣੀ ਦਿੱਖ ਵਾਲੇ ਨੋਜੁਆਨਾਂ ਦੀ ਲੰਮੀ ਲਾਇਨ ਦੇਖ ਕੇ ਹੱਕਾ-ਬੱਕਾ ਰਹਿ ਗਿਆ। “ਇਨ੍ਹਾਂ ਨਾਲੋਂ ਉਹ ਵਿਸ਼ੇਸ਼ ਕਿਵੇਂ ਲੱਗ ਸਕੇਗਾ?” ਹੁਣ ਉਹ ਸੋਚਾਂ ਵਿਚ ਸੀ।
“ਇਹ ਸਾਰੇ ਕਿਥੋਂ ਆ ਗਏ?” ਸੋਚਾਂ ਵਿਚ ਡੁੱਬੇ ਚੰਦਰ ਦੇਵ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ।
“ਤੈਨੂੰ ਇਹ ਵੀ ਨਹੀਂ ਪਤਾ? ਇਹ ਸਾਰੇ ਮਾਡਲਿੰਗ ਇੰਜੈਂਸੀਆਂ ਤੇ ਟੈਲੀਵਿਯਨ ਸੈਟਰਾਂ ਤੋਂ ਆਏ ਨੇ। ਅਤੇ ਉਥੇ ਅਜਿਹੇ ਹੋਰ ਵੀ ਵਧੇਰੇ ਨੇ।” ਹੱਥ ਵਿਚ ਕਲਿੱਪਬੋਰਡ ਫੜੀ, ਉਮੀਦਵਾਰਾਂ ਦੀ ਲਾਇਨ ਦੇ ਨਾਲ ਨਾਲ ਤੁਰ ਫਿਰ ਰਹੇ ਵਿਅਕਤੀ ਦੇ ਬੋਲ ਸਨ।
‘ਤੇਰਾ ਕੀ ਨਾਮ ਹੈ?” ਉਸ ਪੁੱਛਿਆ।
“ਕੀ?”
“ਨਾਮ?”
“ਚੰਦਰ ਦੇਵ” ਉਹ ਹੈਰਾਨ ਸੀ ਕਿ ਭਾਰਤ ਵਿਚ ਅਜਿਹਾ ਵੀ ਵਿਅਕਤੀ ਹੈ ਜੋ ਉਸ ਦਾ ਨਾਮ ਨਹੀਂ ਸੀ ਜਾਣਦਾ।
“ਪੁਰਾਣੀ ਕਿਸਮ ਦਾ ਨਾਮ ਹੈ ਇਹ। ਤੈਨੂੰ ਇਹ ਬਦਲਣਾ ਪਵੇਗਾ। ਤੇਰਾ ਪੋਰਟਫੋਲੀਓ ਕਿਥੇ ਏ?”
“ਕੀ?”
“ਆਪਣੀਆਂ ਫੋਟੋ ਲਿਆਇਆਂ ਏ?”
ਚੰਦਰ ਦੇਵ ਨੂੰ ਯਾਦ ਆਇਆ ਕਿ ਮੋਹਿਨੀ ਨੇ ਉਸ ਨੂੰ ਉਸ ਦੇ ਨਵੇਂ ਰੂਪ ਦੀਆਂ ਕੁਝ
ਫੋਟੋ ਦਿੱਤੀਆਂ ਸਨ।
“ਹਾਂ! ਹਾਂ! ਮੇਰੇ ਕੋਲ ਨੇ।”
“ਠੀਕ ਏ।ਉਡੀਕ ਕਰ, ਜਦ ਤਕ ਤੇਰਾ ਨਾਮ ਨਹੀਂ ਬੁਲਾਇਆ ਜਾਂਦਾ।”
“ਉਡੀਕ?” ਚੰਦਰ ਦੇਵ ਨੇ ਉਮੀਦਵਾਰਾਂ ਦੀ ਲੰਮੀ ਲਾਇਨ ਨੂੰ ਮੁੜ ਝਾਂਕਦੇ ਹੋਏ ਕਿਹਾ।
“ਕੀ ਕੋਈ ਹੋਰ ਰਸਤਾ ਨਹੀਂ ਕਿ ਮੈਂ ਬਿਨ੍ਹਾਂ ਕਿਸੇ ਮੁਕਾਬਲੇ ਦੇ ਹੀਰੋ ਬਣ ਸਕਾਂ?”
“ਹਾਂ ਹੈ ਤਾਂ। ਜੇ ਤੇਰਾ ਕੋਈ ‘ਗੌਡ ਫਾਦਰ’ ਹੈ ਤਾਂ ਅਜਿਹਾ ਸੰਭਵ ਹੈ।”
“ਗੌਡ ਫਾਦਰ – ਭਾਵ ਦੇਵ ਪਿਤਾ। ਹਾਂ ਮੇਰਾ ਪਿਤਾ ਇਕ ਦੇਵਤਾ ਹੈ। ਇਸ ਦਾ ਮਤਲਬ ਹੈ ਕਿ ਮੈਂ ਸੀਲੈੱਕਟ ਹੋ ਗਿਆ।”
ਪਰ ਉਸ ਵਿਅਕਤੀ ਨੇ ਇਹ ਗੱਲ ਨੂੰ ਕੋਈ ਮਹੱਤਵ ਨਾ ਦਿੱਤਾ।
“ਕੀ ਫਰਕ ਪੈਂਦਾ ਹੈ ਕਿ ਤੇਰਾ ਪਿਤਾ ਕੋਈ ਦੇਵਤਾ ਹੈ ਜਾਂ ਪਾਪੀ। ਮੈਂ ਤਾਂ ਪੁੱਛ ਰਿਹਾ ਹਾਂ, ਕੀ ਉਹ ਪ੍ਰੋਡਿਊਸਰ ਹੈ? ਜਾਂ ਕਿ ਡਾਇਰੈਕਟਰ?” ਉਹ ਬੋਲਿਆ।
“ਨਹੀਂ ਤਾਂ। ਪਰ ਉਹ ਪ੍ਰਸਿੱਧ ਕਵੀ ਤੇ ਵਿਦਵਾਨ ਹੈ।” ਚੰਦਰ ਦੇਵ ਦੇ ਬੋਲ ਸਨ। ਇਸ ਸਮੇਂ ਉਸ ਦੇ ਦਿਮਾਗ ਵਿਚ ਆਪਣੇ ਪਿਤਾ ਰਿਸ਼ੀ ਅਤਰੀ (Atri) ਬਾਰੇ ਖਿਆਲ ਚਲ ਰਿਹਾ ਸੀ।
“ਤਦ ਤਾਂ ਤੂੰ ਇਥੋਂ ਚਲਦਾ ਬਣ। ਅਸੀਂ ਇਥੇ ਕੋਈ ਕਵਿਤਾ ਨਹੀਂ ਕਰਾਉਣੀ। ਨਾਲੇ ਇਥੇ ਕਵੀਆਂ ਦਾ ਕੋਈ ਘਾਟਾ ਨਹੀਂ ਪਹਿਲਾਂ ਹੀ। ਹਰ ਦੂਜਾ ਬੰਦਾ ਕਵੀ ਹੈ ਇਥੇ ਤਾਂ ।”
ਉਹ ਵਿਅਕਤੀ, ਸੁਰੱਖਿਆ ਗਾਰਡਾਂ ਨੂੰ ਇਸ਼ਾਰਾ ਕਰ ਤੇਜ਼ੀ ਨਾਲ ਉਥੋਂ ਖਿਸਕ ਗਿਆ।
ਥੱਕਿਆ ਟੁੱਟਿਆ ਤੇ ਨਿਰਾਸ਼ ਚੰਦਰ ਦੇਵ ਪੈਰ ਘਸੀਟਦਾ ਹੋਇਆ ਸਟੂਡੀਓ ਤੋਂ ਬਾਹਰ ਨਿਕਲ ਗਿਆ। ਇੰਝ ਤਾਂ ਹੀਰੋ ਦਾ ਰੁਤਬਾ ਪਾਣਾ ਸੌਖੀ ਗੱਲ ਨਹੀਂ। ਫਿਰ ਤਾਂ,
ਉਹ ਸਖ਼ਤ ਟ੍ਰੇਨਿੰਗ ਤੇ ਕਸ਼ਟ, ਜੋ ਉਸ ਨੇ ਸੁੰਦਰ ਡੀਲ ਡੋਲ ਪ੍ਰਾਪਤ ਕਰਨ ਲਈ ਝੱਲੇ ਸਨ, ਬਿਲਕੁਲ ਵਿਅਰਥ ਹੀ ਸਨ।
ਜਿਵੇਂ ਹੀ ਨਿਰਾਸ਼ ਚੰਦਰ ਦੇਵ, ਲੜਖੜਾਂਦਾ ਹੋਇਆ ਇਕ ਗਲੀ ਵਿਚ ਜਾ ਰਿਹਾ ਸੀ, ਤਾਂ ਅਚਾਨਕ ਇਕ ਮੰਦਿਰ ਉਸ ਦੀ ਨਜ਼ਰੇ ਪਿਆ।
ਧਿਆਨ ਨਾਲ ਦੇਖਣ ਉੱਤੇ ਉਸਨੂੰ ਪਤਾ ਲੱਗਾ ਕਿ ਇਹ ਤਾਂ ਉਸ ਨੂੰ ਹੀ ਸਮਰਪਿਤ ਮੰਦਿਰ ਹੈ। ਅਚਾਨਕ ਹੀ ਚੰਦਰ ਦੇਵ ਤਾਕਤ ਤੇ ਜੋਸ਼ ਨਾਲ ਭਰ ਗਿਆ। ਕੀ ਹੋਇਆ ਜੇ ਉਹ ਫਿਲਮੀ ਗੌਡ ਨਹੀਂ ਬਣ ਸਕਦਾ ਪਰ ਅਜੇ ਵੀ ਉਸ ਵਿਚ ਦੈਵੀਪਣ ਤਾਂ ਮੌਜੂਦ ਹੈ। ਉਸ ਸੋਚਿਆ ਕਿ ਜੇ ਉਹ ਮੰਦਿਰ ਦੇ ਅੰਦਰ ਚਲਾ ਜਾਵੇ ਤੇ ਆਪਣੇ ਸ਼ਰਧਾਲੂਆਂ ਨੂੰ ਪੂਜਾ ਕਰਦੇ ਦੇਖੇ ਤਾਂ ਉਸ ਦੀ ਨਿਰਾਸ਼ਾ ਜ਼ਰੂਰ ਦੂਰ ਹੋ ਜਾਵੇਗੀ।
ਅਜਿਹੀਆਂ ਸੋਚਾਂ ਵਿਚ ਡੁੱਬਿਆ ਚੰਦਰ ਦੇਵ ਮੰਦਿਰ ਵਿਚ ਦਾਖ਼ਿਲ ਹੋ ਗਿਆ, ਪਰ ਇਹ ਕੀ? ਉਸ ਨੂੰ ਇਕ ਵੱਡਾ ਸਦਮਾ ਮਹਿਸੂਸ ਹੋੲਆ। ਉਹ ਬਹੁਤ ਪ੍ਰੇਸ਼ਾਨ ਹੋ ਗਿਆ । ਉਸ ਦੇ ਸਾਹਮਣੇ ਇਕ ਕਾਲੇ ਪੱਥਰ ਦਾ ਬੁੱਤ ਸੀ। ਜਿਸ ਅੱਗੇ ਸ਼ਰਧਾਲੂ ਡੰਡਉਤ ਕਰ ਰਹੇ ਸਨ। ਪੂਜਾ ਕਰ ਰਹੇ ਸਨ। ਪਰ ਕਿਹੋ ਜਿਹਾ ਬੁੱਤ ਸੀ ਇਹ? ਪਤਲਾ ਤੇ ਵਿੰਗਾ ਜਿਹਾ ਪੱਥਰ, ਜਿਸ ਉੱਪਰ ਅਨੇਕਾਂ ਕਾਲੇ ਧੱਬੇ ਨਜ਼ਰ ਆ ਰਹੇ ਸਨ। – ਇਹ ਤਾਂ ਉਸ ਦੀ ਪੁਰਾਣੀ ਭੱਦੀ ਸ਼ਕਲ ਵਾਲਾ ਬੁੱਤ ਸੀ।
ਚੰਦਰ ਦੇਵ ਨੂੰ ਡਾਢਾ ਗੁੱਸਾ ਚੜ੍ਹ ਗਿਆ। “ਨਹੀਂ, ਨਹੀਂ, ਉਹ ਅਜਿਹਾ ਹਰਗਿਜ਼ ਨਹੀਂ ਹੋਣ ਦੇਵੇਗਾ। ਉਹ ਅਜਿਹੀ ਸੂਰਤ ਵਿਚ ਕੋਈ ਪੂਜਾ ਸਵੀਕਾਰ ਨਹੀਂ ਕਰੇਗਾ। ਉਸ ਨੂੰ ਤੁਰੰਤ ਇਹ ਬੁੱਤ ਹਟਾ ਕੇ, ਇਸ ਦੀ ਥਾਂ ਆਪਣੀ ਨਵੀਂ ਤਸਵੀਰ ਰੱਖਣੀ ਹੋਵੇਗੀ।”
ਚੰਦਰ ਦੇਵ ਦੀ ਸੋਚ ਸੀ।
ਉਹ ਫੁਰਤੀ ਨਾਲ ਅੱਗੇ ਵਧਿਆ ਤੇ ਇਕੋ ਝਟਕੇ ਨਾਲ ਸਾਢੇ ਪੰਜ ਫੁੱਟ ਉੱਚੇ ਬੁੱਤ ਨੂੰ ਧਰਤੀ ਤੋਂ ਉਖਾੜ ਦਿੱਤਾ। ਜਿਵੇਂ ਹੀ ਉਹ ਆਪਣੀ ਨਵੀਂ ਫੋਟੋ ਉਸ ਥਾਂ ਰੱਖਣ ਹੀ ਲੱਗਾ ਸੀ, ਮੰਦਿਰ ਵਿਚ ਮੌਜੂਦ ਸਾਰੇ ਭਗਤ ਚੀਖ਼ਦੇ ਚਿੱਲਲਾਂਦੇ ਹੋਏ ਉਸ ਉੱਤੇ ਟੁੱਟ ਪਏ ਤੇ ਉਸ ਨੂੰ ਘਸੀਟਦੇ ਹੋਏ ਦੂਰ ਲੈ ਗਏ। ਫਿਰ ਉਨ੍ਹਾਂ ਉਖਾੜ ਕੇ ਸੁੱਟੇ ਗਏ ਬੁੱਤ ਨੂੰ ਚੁੱਕ ਕੇ ਦੁਬਾਰਾ ਇਸ ਦੇ ਪਹਿਲਾਂ ਵਾਲੇ ਸਥਾਨ ਉੱਤੇ ਸਥਾਪਿਤ ਕਰ ਦਿੱਤਾ।
“ਬੜਾ ਦੁਸ਼ਟ ਏ ਤੂੰ। ਸਾਡੇ ਦੇਵਤੇ ਦਾ ਬੁੱਤ ਉਖਾੜਣ ਦਾ ਤੂੰ ਹੌਂਸਲਾ ਕਿਵੇਂ ਕੀਤਾ?” ਗੁੱਸੇ ਨਾਲ ਭਰੇ ਪੀਤੇ ਭਗਤ ਚੀਖ਼ ਰਹੇ ਸਨ ਅਤੇ ਉਸ ਵੱਲ ਝਪਟਦੇ ਹੋਏ ਉਸ ਨੂੰ ਕੁੱਟਣ ਲੱਗੇ। ਕੋਈ ਉਸ ਨੂੰ ਪੂਜਾ ਦੀ ਥਾਲੀ ਨਾਲ ਕੁੱਟ ਰਿਹਾ ਸੀ ਤੇ ਕੋਈ ਲੱਤਾਂ ਤੇ ਘਸੁੰਨਾਂ ਨਾਲ।
ਮਾਰ ਤੋਂ ਆਪਣਾ ਬਚਾ ਕਰਦਾ ਹੋਇਆ ਚੰਦਰ ਦੇਵ ਚੀਖ਼ਿਆ,”ਮੂਰਖੋ! ਮੈਂ ਹੀ ਤੁਹਾਡਾ ਦੇਵਤਾ ਹਾਂ। ਮੈਂ ਹੀ ਚੰਦਰ ਦੇਵ ਹਾਂ।”
“ਬਕ ਨਾ। ਤੂੰ ਚੰਦਰ ਦੇਵ ਕਿਵੇਂ ਹੋ ਸਕਦਾ ਹੈ? ਨਾਂ ਤਾ ਤੇਰੇ ਚਿਹਰੇ ਉੱਤੇ ਧੱਬੇ ਨੇ ਤੇ
ਨਾ ਹੀ ਤੂੰ ਮਾੜਚੂ ਜਿਹਾ ਹੈ।” ਭੀੜ ਦੇ ਬੋਲ ਸਨ ਤੇ ਉਹ ਫਿਰ ਉਸ ਨੂੰ ਹੋਰ ਜੋਸ਼ ਨਾਲ ਕੁੱਟਣ ਲੱਗ ਪਏ।
“ਓ ਮੂਰਖੋ!ਤੁਸੀਂ ਤਾਂ ਅੰਨ੍ਹੀ ਸ਼ਰਧਾ ਵਿਚ ਫ਼ਸੇ ਹੋਏ ਹੋ ਅਤੇ ਆਪਣੇ ਅਸਲ ਦੇਵਤੇ ਨੂੰ ਪਛਾਣਦੇ ਵੀ ਨਹੀਂ।” ਚੰਦਰ ਦੇਵ ਨੇ ਚੀਖ਼ ਕੇ ਕਿਹਾ। ਪਰ ਗੁੱਸੇ ਵਿਚ ਆਏ ਭਗਤਾਂ ਨੇ ਉਸ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਗੁੱਸੇ ਵਿਚ ਉਹ ਉਸ ਦੀ ਲਗਾਤਾਰ ਕੁੱਟਮਾਰ ਕਰਦੇ ਰਹੇ।
ਤਦ ਹੀ ਚੰਦਰ ਦੇਵ ਨੇ ਮਹਿਸੂਸ ਕੀਤਾ ਕਿ ਹੁਣ ਇਥੇ ਹੋਰ ਰੁਕਣਾ ਖ਼ਤਰੇ ਤੋਂ ਖ਼ਾਲੀ ਨਹੀਂ। “ਲੜਣਾ ਕਿਉਂ? ਜਾਨ ਹੈ ਤਾਂ ਜਹਾਨ ਹੈ। ਇਥੋਂ ਖ਼ਿਸਕਣਾ ਹੀ ਠੀਕ ਰਹੇਗਾ।”
ਉਸ ਸੋਚਿਆ ਤੇ ਹਮਲਾਵਰਾਂ ਤੋਂ ਬੱਚ ਕੇ ਨਿਕਲਣ ਦਾ ਢੰਗ ਸੋਚਣ ਲੱਗਾ।
_________
ਆਖ਼ਰ, ਕਿਸੇ ਨਾ ਕਿਸੇ ਤਰ੍ਹਾਂ ਉਸ ਨੇ ਭੀੜ ਤੋਂ ਛੁਟਕਾਰਾ ਪਾ ਹੀ ਲਿਆ। ਉਦਾਸ, ਹਤਾਸ਼ ਤੇ ਜਖ਼ਮੀ ਹਾਲਤ ਵਿਚ ਤੁਰੇ ਜਾਂਦੇ ਚੰਦਰ ਦੇਵ ਨੂੰ ਇਹ ਸਮਝ ਨਹੀਂ ਸੀ ਆ
ਰਿਹਾ ਕਿ ਉਸ ਦਾ ਜੀਵਨ ਕਿਸ ਤਰ੍ਹਾਂ ਦੀ ਕਰਵਟ ਲੈ ਰਿਹਾ ਹੈ। ਉਸ ਦੀਆਂ ਸੱਭ ਤੋਂ ਪਿਆਰੀਆਂ ਦੋਨ੍ਹੋ ਹੀ ਪਤਨੀਆਂ ਉਸ ਨੂੰ ਛੱਡ ਗਈਆਂ ਸਨ। ‘ਫਿਲਮੀ ਦੇਵਤੇ’ ਵਾਲਾ ਨਵਾਂ ਰੁਤਬਾ, ਜੋ ਉਹ ਪ੍ਰਾਪਤ ਕਰਨਾ ਚਾਹੁੰਦਾ ਸੀ, ਉਸ ਦੇ ਵੱਸੋਂ ਬਾਹਰ ਦੀ ਗੱਲ ਸੀ।
ਚੰਦਰ ਦੇਵ ਵਾਲਾ ਪੁਰਾਣਾ ਰੁਤਬਾ, ਉਸ ਦੀ ਨਵੀਂ ਸ਼ਕਲ ਨਾਲ ਕਾਇਮ ਰੱਖ ਸਕਣਾ ਸੰਭਵ ਨਹੀਂ ਸੀ। ਹੁਣ ਉਹ ਕਰੇ ਤਾਂ ਕੀ ਕਰੇ?
ਕਲ-ਮੁਕੱਲਾ, ਨਿਰਾਸ਼ ਤੇ ਗਹਿਰੀ ਚਿੰਤਾ ਵਿਚ ਡੁੱਬਾ ਚੰਦਰ ਦੇਵ ਸਿਰ ਸੁੱਟੀ ਇਕ ਫੁੱਟਪਾਥ ਉੱਤੇ ਹੀ ਬੈਠ ਗਿਆ। ਪਤਾ ਨਹੀਂ ਕਿੰਨ੍ਹੀ ਦੇਰ ਇਸੇ ਹਾਲਤ ਵਿਚ ਗੁਜ਼ਰ ਗਈ। ਕਿ ਅਚਾਨਕ ਉਸ ਦੇਖਿਆ, ਇਕ ਤੇਜ਼ ਰੋਸ਼ਨੀ ਉਸ ਵੱਲ ਆ ਰਹੀ ਸੀ। ਉਸ ਅੱਖਾਂ ਉਪਰ ਵੱਲ ਚੁੱਕੀਆਂ।
ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਸ ਨੇ ਤਾਰਾ ਤੇ ਰੋਹਿਨੀ ਨੂੰ ਆਪਣੇ ਸਾਹਮਣੇ ਖੜੇ ਦੇਖਿਆ। ਪੀੜ ਦੀ ਇਕ ਅਣਕਿਆਸੀ ਲਹਿਰ ਚੰਦਰ ਦੇਵ ਦੇ ਮਨ ਉਮਡ ਪਈ।
“ਤੁਸੀਂ ਦੇਖਿਆ? ਮੰਦਿਰ ਦੇ ਲੋਕਾਂ ਨੇ ਮੈਨੂੰ ਕਿਵੇਂ ਉਥੋਂ ਕੱਢ ਦਿੱਤਾ? ਤੇ ਨਾਲੇ ਉਹ ਕਹਿ ਰਹੇ ਸਨ ਕਿ ਮੈਂ ਤਾਂ ਚੰਦਰ ਦੇਵ ਹੀ ਨਹੀਂ ਹਾਂ। ਉਦਾਂ ਉਹ ਮੇਰੇ ਭਗਤ ਅਖ਼ਵਾਂਉਂਦੇ ਨੇ।” “ਇਸੇ ਕਰਕੇ ਤਾਂ ਉਹ ਤੁਹਾਨੂੰ ਪਹਿਚਾਣ ਨਹੀਂ ਸਕੇ।” ਤਾਰਾ ਨੇ ਹੋਲੇ ਜਿਹੇ ਕਿਹਾ।
“ਦਰਅਸਲ ਇਕ ਦੇਵਤੇ ਦਾ ਸਰੂਪ ਉਹੀ ਹੁੰਦਾ ਹੈ ਜੋ ਸਰੂਪ ਉਸ ਦੇ ਭਗਤ ਦੇ ਮਨ
ਵਿਚ ਬਿਰਾਜਮਾਨ ਹੁੰਦਾ ਹੈ।”
“ਤੇਰਾ ਮਤਲਬ ਹੈ ਕਿ ਮੈਨੂੰ ਆਪਣੀ ਪਹਿਲਾਂ ਵਾਲੀ ਬਦਸ਼ਕਲ ਅਪਨਾਉਣੀ ਹੋਵੇਗੀ?”
ਡਾਢੀ ਉਦਾਸੀ ਭਰੇ ਮਨ ਨਾਲ ਚੰਦਰ ਦੇਵ ਨੇ ਕਿਹਾ।
“ਜੇ ਤੁਸੀਂ ਫਿਲਮੀ ਹੀਰੋ ਬਣ ਜਾਂਦੇ ਤਾਂ ਪਤਾ ਹੈ ਤੁਹਾਨੂੰ ਕਿੰਨ੍ਹੀਆਂ ਬਦਸ਼ਕਲਾਂ ਅਖ਼ਿਤਿਆਰ ਕਰਨੀਅਆਂ ਪੈਣੀਆਂ ਸਨ ਤੇ ਕਿੰਨ੍ਹੇ ਬੁਰੇ ਕੰਮ ਕਰਨੇ ਪੈਣੇ ਸਨ।” ਤਾਰਾ ਨੇ ਮੁਸਕਰਾਂਦੇ ਹੋਏ ਕਿਹਾ।
“ਕਿਹੜੇ ਬੁਰੇ ਕੰਮ?”
“ਓਹ! ਜਿਵੇਂ ਕਿ ਲੜਾਈ ਦੇ ਸੀਨ ਸਮੇਂ ਚਿੱਕੜ ਵਿਚ ਲੱਥਪੱਥ ਹੋਣਾ।”
“ਸੂਰ ਵਾਂਗ” ਰੋਹਿਨੀ ਨੇ ਟਕੋਰ ਕੀਤੀ।
ਚੰਦਰ ਦੇਵ ਦਾ ਚਿਹਰਾ ਫਿੱਕਾ ਪੈ ਗਿਆ। “ਇਸ ਦਾ ਮਤਲਬ ਤਾਂ ਇਹ ਹੈ ਕਿ ਮੈਂ ਮੂਰਖ ਭਗਤਾਂ ਦੇ ਰਹਿਮੋ ਕਰਮ ‘ਤੇ ਹਾਂ।” ਉਸ ਨੇ ਹੋਲੇ ਜਿਹੇ ਕਿਹਾ।
“ਕਿਸ ਨੂੰ ਮੂਰਖ ਕਹਿੰਦੇ ਹੋ? ਸੱਚੇ ਭਗਤਾਂ ਲਈ ਦੇਵਤਾ ਤਾਂ ਇਕ ਜ਼ਰੀਆ ਹੈ ਜਿਸ
ਰਾਹੀਂ ਉਹ ਅੰਦਰੂਨੀ ਦੈਵੀਪਣ (divinity) ਨੂੰ ਅਨੁਭਵ ਕਰਦੇ ਨੇ। ਉਨ੍ਹਾਂ ਨੂੰ ਸੱਤਵੇਂ ਅੰਬਰ ਉੱਤੇ ਬੈਠਾ ਦੇਵਤਾ ਨਹੀਂ ਚਾਹੀਦਾ, ਉਨ੍ਹਾਂ ਨੂੰ ਤਾਂ ਆਪਣੇ ਕਰੀਬ ਤੇ ਆਪਣੇ ਵਰਗੇ ਦੇਵਤੇ ਦੀ ਲੋੜ ਹੈ ਜੋ ਉਨ੍ਹਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਉਨ੍ਹਾਂ ਨਾਲ ਘੁਲਣ ਮਿਲਣ ਦੇ ਯੋਗ ਹੋਵੇ। ਉਨ੍ਹਾਂ ਨੂੰ ਤਾਂ ਸੰਪੂਰਨ ਆਤਮਾ ਦੇ ਸਾਥ ਦੀ ਲਲਕ ਹੈ ਨਾ ਕਿ ਸੁੰਦਰ ਸਰੀਰ ਦੀ। ਭਾਵੇਂ ਉਹ ਦੇਵਤਾ ਛੋਟੇ ਕੱਦ ਵਾਲਾ ਹੋਵੇ ਜਾਂ ਪਤਲੂ, ਭਾਵੇਂ ਉਹ ਦਾਗੋਦਾਗ ਚਿਹਰੇ ਵਾਲਾ ਹੀ ਹੋਵੇ, ਉਨ੍ਹਾਂ ਨੂੰ ਤਾਂ ਆਤਮਾ ਦੀ ਨਿਰਮਲਤਾ ਨਾਲ ਦੈਵੀਪਣ ਹਾਸਿਲ ਕੀਤੇ ਦੇਵਤੇ ਦੀ ਲੋੜ ਹੈ, ਤੇ ਅਜਿਹਾ ਦੇਵਤਾ ਹੀ ਉਨ੍ਹਾਂ ਦਾ ਅਸਲ ਹੀਰੋ ਹੈ।”
ਜਿਵੇਂ ਹੀ ਉਸ ਨੇ ਤਾਰਾ ਦੇ ਬੋਲਾਂ ਨੁੰ ਸੁਣਿਆ, ਉਸ ਦੇ ਮਨ ਨੂੰ ਠਾਹਰ ਮਿਲ ਗਈ ਤੇ ਉਸ ਦੀ ਦੁਵਿਧਾ ਗਾਇਬ ਹੋ ਗਈ।
“ਤੂੰ ਠੀਕ ਕਹਿ ਰਹੀ ਹੈ, ਤਾਰਾ! ਪਰ ਕਾਸ਼ ਮੈਂ ਇਕ ਵਾਰ ਫਿਲਮਾਂ ਵਿਚ ਭਾਗ ਲੈ ਸਕਦਾ।” ਉਸ ਨੇ ਹਾਉਂਕਾ ਭਰਦੇ ਹੋਏ ਕਿਹਾ।
“ਸਿਰਫ਼ ਇੰਨੀ ਹੀ ਗੱਲ ਹੈ। ਜਾਨੂੰ! ਤੁਸੀਂ ਇਹ ਕਿਵੇਂ ਸੋਚ ਲਿਆ ਕਿ ਤੁਸੀਂ ਫਿਲਮਾਂ
ਵਿਚ ਨਹੀਂ ਹੋ? ਤਾਰਾ ਨੇ ਨਟਖ਼ਟ ਅੰਦਾਜ਼ ਵਿਚ ਨੇੜਲੀ ਦੁਕਾਨ ਵਿਚ ਚਲ ਰਹੇ ਟੈਲੀਵਿਯਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ।
ਟੈਲੀਵਿਯਨ ਦੀ ਸਕਰੀਨ ਉੱਤੇ ਇਕ ਫਿਲਮੀ ਹੀਰੋ, ਬਹੁਤ ਹੀ ਮਧੁਰ ਗੀਤ ਰਾਹੀਂ, ਆਪਣੀ ਪ੍ਰੇਮਿਕਾ ਦੀ ਸੁੰਦਰਤਾ ਦਾ
ਜ਼ਿਕਰ ਚੰਦ ਦੀ ਖੂਬਸੂਰਤੀ ਰਾਹੀਂ ਬਿਆਨ ਕਰ ਰਿਹਾ ਸੀ।
ਬੋਲ ਸਨ: “ਚੋਧਵੀਂ ਕਾ ਚਾਂਦ ਹੋ ਜਾਂ ਆਫਤਾਬ ਹੋ। ਜੋ ਵੀ ਹੋ ਤੁਮ, ਖੁਦਾ ਕੀ ਕਸਮ ਲਾਜਵਾਬ ਹੋ……”
ਤੇ ਚੰਦ ਦਾ ਰੂਪ ਕਿਹੜਾ ਸੀ? ਉਹੀ ਮੱਧਮ ਰੌਸ਼ਨੀ ਤੇ ਦਾਗਾਂ ਵਾਲੇ ਚਿਹਰੇ ਵਾਲਾ……
“ਵਾਹ! ਓਹ ਤਾਂ ਮੈਂ ਹਾਂ।” ਰੋਮਾਂਚਿਤ ਚੰਦਰ ਦੇਵ ਦੇ ਜ਼ੋਸ਼ ਭਰੇ ਬੋਲ ਸਨ।
“ਬਿਲਕੁਲ ਠੀਕ! ਇਹ ਤੁਸੀਂ ਹੀ ਤਾਂ ਹੋ ਚੰਦਰ ਦੇਵ।”
“ਇਸ ਦਾ ਮਤਲਬ ਹੈ ਕਿ ਮੇਰੀ ਆਪਣੀ ਪੁਰਾਣੀ ਸੂਰਤ ਨਾਲ ਹੀ, ਇਕੋ ਸਮੇਂ, ਮੰਦਿਰਾਂ ਵਿਚ ਮੇਰੀ ਪੂਜਾ ਵੀ ਹੋ ਸਕਦੀ ਹੈ ਤੇ ਫਿਲਮਾਂ ਵਿਚ ਸ਼ਮੂਲੀਅਤ ਵੀ।” ਕਹਿੰਦੇ ਸਮੇਂ ਚੰਦਰ ਦੇਵ ਉਤੇਜਨਾ ਤੇ ਖੁਸ਼ੀ ਨਾਲ ਭਰਪੂਰ ਨਜ਼ਰ ਆ ਰਿਹਾ ਸੀ।
“ਹੁਣ ਕੀ ਖ਼ਿਆਲ ਹੈ? ਚਲੀਏ ਵਾਪਸ ਅੰਬਰ-ਮਹਿਲ ਨੂੰ।” ਦੇਵੀ ਤਾਰਾ ਨੇ ਚੰਦਰ ਦੇਵ ਨੂੰ ਚੱਲਣ ਦਾ ਇਸ਼ਾਰਾ ਕਰਦੇ ਹੋਏ ਕਿਹਾ।
“ਮੈਂ ਕੁਝ ਲੈ ਕੇ ਆਈ ਹਾਂ ਤੁਹਾਡੇ ਖਾਣ ਲਈ, ਸੋਚਦੀ ਸਾਂ ਤੁਹਾਨੂੰ ਕਿਧਰੇ ਖਾਣਾ ਮਿਲਿਆ ਵੀ ਹੋਵੇਗਾ ਜਾਂ ਨਹੀਂ।” ਰੋਹਿਨੀ ਨੇ ਖੀਰ ਦੀ ਕਟੋਰੀ ਚੰਦਰ ਦੇਵ ਨੂੰ ਫੜਾਉਂਦੇ ਹੋਏ ਕਿਹਾ।
ਤੇ ਤਿੰਨੋਂ ਅੰਬਰ-ਮਹਿਲ ਵੱਲ ਚਲ ਪਏ।
ਟੈਲੀਵਿਯਨ ਉੱਤੇ ਗੀਤ ਚਲ ਰਿਹਾ ਸੀ;”ਜਿਹ ਰਾਤ ਭੀਗੀ ਭੀਗੀ, ਜਿਹ ਮਸਤ ਫ਼ਿਜ਼ਾਏ।
ਉਠਾ ਧੀਰੇ ਧੀਰੇ, ਵੋਹ ਚਾਂਦ ਪਿਆਰਾ ਪਿਆਰਾ ……।”
——–
ਕੁਝ ਦਿਨ ਬਾਅਦ _____
ਤਾਰਾ ਤੇ ਰੋਹਿਨੀ ਅੰਬਰ ਮਹਿਲ ਦੇ ਬਾਗ਼ ਵਿਚ ਬੈਠੀਆਂ ਹੋਈਆਂ ਸਨ।
“ਦੇਵ ਸ੍ਰੀ ਦੀ ਇਹ ਭਟਕਨ, ਜਿਸ ਕਾਰਣ ਸੱਭ ਨੂੰ ਹੀ ਇਨ੍ਹਾਂ ਕਸ਼ਟ ਝੱਲਣਾ ਪਿਆ, ਕੀ ਇਹ ਜ਼ਰੂਰੀ ਸੀ?” ਪੁੱਛਦਿਆ ਰੋਹਿਨੀ ਬਹੁਤ ਗੰਭੀਰ ਲੱਗ ਰਹੀ ਸੀ।
“ਵਰਤਮਾਨ ਦੀਆਂ ਖੁਸ਼ੀਆਂ ਦੀ ਕਦਰ, ਵਰਤਮਾਨ ਦੇ ਪਾਰ (beyond) ਜਾ ਕੇ ਹੀ ਮਹਿਸੂਸ ਕੀਤੀ ਜਾ ਸਕਦੀ ਹੈ।” ਤਾਰਾ ਦੇ ਚਿੰਤਨ ਭਰੇ ਬੋਲ ਸਨ।
ਅੰਬਰ-ਮਹਿਲ ਵਿਚ ਆਪਣੇ ਆਸਨ ਉੱਤੇ ਬਿਰਾਜਮਾਨ ਚੰਦਰ ਦੇਵ, ਚੰਚਲ ਮਨ ਦੀ
ਭਟਕਨ ਤੋਂ ਛੁਟਕਾਰਾ ਪਾ ਨਿੰਮਾ੍ਹਂ ਨਿੰਮ੍ਹਾਂ ਮੁਸਕਰਾ ਰਿਹਾ ਸੀ।
____________

[email protected]
(ਸਮਾਪਤ)

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …