Breaking News
Home / ਭਾਰਤ / ’84 ਸਿੱਖ ਕਤਲੇਆਮ ਨੂੰ ਸੰਜੀਦਗੀ ਨਾਲ ਲਿਆ ਜਾਵੇ: ਸੁਪਰੀਮ ਕੋਰਟ

’84 ਸਿੱਖ ਕਤਲੇਆਮ ਨੂੰ ਸੰਜੀਦਗੀ ਨਾਲ ਲਿਆ ਜਾਵੇ: ਸੁਪਰੀਮ ਕੋਰਟ

ਮਾਮਲੇ ‘ਤੇ ਅਗਲੀ ਸੁਣਵਾਈ 17 ਫਰਵਰੀ ਨੂੰ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ ਕੇਸਾਂ ‘ਚ ਬਰੀ ਵਿਅਕਤੀਆਂ ਖਿਲਾਫ ਅਪੀਲਾਂ ਦਾਖ਼ਲ ਨਾ ਕਰਨ ਲਈ ਦਿੱਲੀ ਪੁਲਿਸ ਨੂੰ ਸਵਾਲ ਕੀਤਾ ਅਤੇ ਕਿਹਾ ਕਿ ਕੇਸਾਂ ਨੂੰ ਸੰਜੀਦਗੀ ਨਾਲ ਲਿਆ ਜਾਣਾ ਚਾਹੀਦਾ ਹੈ। ਬੈਂਚ ਨੇ ਮਾਮਲੇ ਦੀ ਸੁਣਵਾਈ 17 ਫਰਵਰੀ ਲਈ ਨਿਰਧਾਰਤ ਕਰ ਦਿੱਤੀ। ਜਸਟਿਸ ਅਭੈ ਐੱਸ. ਓਕਾ ਅਤੇ ਜਸਟਿਸ ਉੱਜਲ ਭੂਈਆਂ ਦੇ ਬੈਂਚ ਨੇ ਦਿੱਲੀ ਪੁਲਿਸ ਤਰਫ਼ੋਂ ਪੇਸ਼ ਹੋਏ ਵਧੀਕ ਸੌਲੀਸਿਟਰ ਜਨਰਲ ਐਸ਼ਵਰਿਆ ਭਾਟੀ ਨੂੰ ਕਿਹਾ ਕਿ ਬਰੀ ਹੋਏ ਵਿਅਕਤੀਆਂ ਖਿਲਾਫ ਸਪੈਸ਼ਲ ਲੀਵ ਪਟੀਸ਼ਨਾਂ (ਐੱਸਐੱਲਪੀਜ਼) ਦਾਖ਼ਲ ਹੋਣੀਆਂ ਚਾਹੀਦੀਆਂ ਹਨ ਅਤੇ ਕੇਸ ਗੰਭੀਰਤਾ ਨਾਲ ਲੜੇ ਜਾਣੇ ਚਾਹੀਦੇ ਹਨ। ਬੈਂਚ ਨੇ ਕਿਹਾ, ”ਦਿੱਲੀ ਹਾਈ ਕੋਰਟ ਵੱਲੋਂ ਕਈ ਕੇਸਾਂ ਦੇ ਸੁਣਾਏ ਗਏ ਫ਼ੈਸਲਿਆਂ ਨੂੰ ਤੁਸੀਂ ਚੁਣੌਤੀ ਨਹੀਂ ਦਿੱਤੀ। ਸਿਰਫ਼ ਐੱਸਐੱਲਪੀਜ਼ ਦਾਖ਼ਲ ਕਰਨ ਨਾਲ ਮਕਸਦ ਹੱਲ ਨਹੀਂ ਹੋਣਾ ਜਦੋਂ ਤੱਕ ਕਿ ਮੁਕੱਦਮੇ ਸੰਜੀਦਗੀ ਨਾਲ ਨਹੀਂ ਲੜੇ ਜਾਂਦੇ।
ਪਹਿਲਾਂ ਦਾਖ਼ਲ ਕੀਤੇ ਗਏ ਮਾਮਲਿਆਂ ‘ਚ ਕੀ ਤੁਸੀਂ ਕੋਈ ਸੀਨੀਅਰ ਵਕੀਲ ਕੀਤਾ ਸੀ। ਸਿਰਫ਼ ਮੁਕੱਦਮਾ ਲੜਨ ਖ਼ਾਤਰ ਨਹੀਂ ਸਗੋਂ ਸੰਜੀਦਗੀ ਨਾਲ ਕੇਸ ਲੜਨੇ ਚਾਹੀਦੇ ਹਨ। ਅਸੀਂ ਇਹ ਨਹੀਂ ਆਖ ਰਹੇ ਹਾਂ ਕਿ ਨਤੀਜਾ ਇੱਕ ਖਾਸ ਤਰੀਕੇ ਨਾਲ ਹੋਣਾ ਚਾਹੀਦਾ ਹੈ।” ਪਟੀਸ਼ਨਰ ਗੁਰਲਾਡ ਸਿੰਘ ਕਾਹਲੋਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ ਕਿਹਾ ਕਿ ਪੁਲਿਸ ਵੱਲੋਂ ਦਾਖ਼ਲ ਅਪੀਲਾਂ ਸਿਰਫ਼ ਦਿਖਾਵਾ ਹਨ। ਫੂਲਕਾ ਨੇ ਕਿਹਾ, ”ਦਿੱਲੀ ਹਾਈਕੋਰਟ ਦਾ ਫੈਸਲਾ ਸੀ ਕਿ ਮਾਮਲੇ ‘ਤੇ ਪਰਦਾ ਪਾਇਆ ਗਿਆ ਸੀ ਅਤੇ ਰਾਜ ਨੇ ਸਹੀ ਢੰਗ ਨਾਲ ਮੁਕੱਦਮਾ ਨਹੀਂ ਚਲਾਇਆ।” ਸੁਣਵਾਈ ਦੌਰਾਨ ਵਧੀਕ ਸੌਲੀਸਿਟਰ ਜਨਰਲ ਨੇ ਕਿਹਾ ਕਿ ਛੇ ਮਾਮਲਿਆਂ ‘ਚ ਅਪੀਲਾਂ ਦਾਖ਼ਲ ਕਰਨ ਲਈ ਪੱਤਰ ਲਿਖੇ ਗਏ ਹਨ।

Check Also

ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ

ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …