ਹਾਰਦਿਕ ਨੇ ਭਾਜਪਾ ‘ਤੇ ਲਗਾਏ ਜਾਨ ਤੋਂ ਮਰਵਾਉਣ ਦੇ ਆਰੋਪ
ਸੁਰਿੰਦਰ ਨਗਰ/ਬਿਊਰੋ ਨਿਊਜ਼
ਕਾਂਗਰਸੀ ਆਗੂ ਹਾਰਦਿਕ ਪਟੇਲ ਅੱਜ ਗੁਜਰਾਤ ਦੇ ਸੁਰਿੰਦਰ ਨਗਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸੇ ਦੌਰਾਨ ਇਕ ਵਿਅਕਤੀ ਨੇ ਮੰਚ ‘ਤੇ ਆ ਕੇ ਹਾਰਦਿਕ ਨੂੰ ਥੱਪੜ ਮਾਰ ਦਿੱਤਾ। ਘਟਨਾ ਤੋਂ ਬਾਅਦ ਹਾਰਦਿਕ ਨੇ ਕਿਹਾ ਕਿ ਭਾਜਪਾ ਮੇਰੇ ‘ਤੇ ਅਜਿਹੇ ਹਮਲੇ ਕਰਵਾ ਰਹੀ ਹੈ ਅਤੇ ਉਹ ਮੈਨੂੰ ਜਾਨ ਤੋਂ ਵੀ ਮਰਵਾਉਣਾ ਚਾਹੁੰਦੀ ਹੈ। ਹਾਰਦਿਕ ਦੇ ਸਮਰਥਕਾਂ ਨੇ ਆਰੋਪੀ ਤਰੁਣ ਗੱਜਰ ਨੂੰ ਫੜ ਕੇ ਕੁੱਟਿਆ ਅਤੇ ਬਾਅਦ ਵਿਚ ਪੁਲਿਸ ਦੇ ਹਵਾਲੇ ਕਰ ਦਿੱਤਾ। ਹਾਰਦਿਕ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਥੱਪੜ ਮਾਰਨ ਵਾਲਾ ਵਿਅਕਤੀ ਪਾਟੀਦਾਰ ਅੰਦੋਲਨ ਦੌਰਾਨ ਮਾਰੇ ਗਏ 14 ਵਿਅਕਤੀਆਂ ਦੀ ਹੱਤਿਆ ਲਈ ਹਾਰਦਿਕ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਸੀ। ਉਹ ਹਾਰਦਿਕ ਦੇ ਕਾਂਗਰਸ ਵਿਚ ਸ਼ਾਮਲ ਹੋਣ ਨੂੰ ਲੈ ਕੇ ਵਿਰੋਧ ਵੀ ਕਰ ਰਿਹਾ ਸੀ। ਧਿਆਨ ਰਹੇ ਕਿ ਲੰਘੇ ਕੱਲ੍ਹ ਵੀ ਭਾਜਪਾ ਦੇ ਬੁਲਾਰੇ ਜੀ.ਵੀ.ਐਲ. ਨਰਸਿਮ੍ਹਾ ‘ਤੇ ਪ੍ਰੈਸ ਕਾਨਫਰੰਸ ਦੌਰਾਨ ਇਕ ਵਿਅਕਤੀ ਨੇ ਜੁੱਤਾ ਸੁੱਟ ਦਿੱਤਾ ਸੀ। ਇਹ ਪਹਿਲੀ ਵਾਰ ਹੈ ਕਿ ਜਦ ਭਾਜਪਾ ਦੇ ਮੁੱਖ ਦਫਤਰ ਦਿੱਲੀ ਵਿਚ ਅਜਿਹੀ ਕੋਈ ਘਟਨਾ ਵਾਪਰੀ ਹੋਵੇ।

