9.6 C
Toronto
Saturday, November 8, 2025
spot_img
Homeਭਾਰਤਭਾਜਪਾ ਖਿਲਾਫ ਜਨਤਾ ਦਲ ਯੂਨਾਈਟਿਡ ਵੱਲੋਂ ਜਾਗਰੂਕਤਾ ਮਾਰਚ

ਭਾਜਪਾ ਖਿਲਾਫ ਜਨਤਾ ਦਲ ਯੂਨਾਈਟਿਡ ਵੱਲੋਂ ਜਾਗਰੂਕਤਾ ਮਾਰਚ

ਲੋਕਾਂ ਨੂੰ ਭਾਜਪਾ ਦੀ ਫਿਰਕਾਪ੍ਰਸਤ ਰਾਜਨੀਤੀ ਤੋਂ ਸੁਚੇਤ ਰਹਿਣ ਦੀ ਅਪੀਲ
ਪਟਨਾ/ਬਿਊਰੋ ਨਿਊਜ਼ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਨੇ ਮਾਰਚ ਕਰਕੇ ਲੋਕਾਂ ਨੂੰ ਭਾਜਪਾ ਦੀ ਫਿਰਕਾਪ੍ਰਸਤੀ ਦੀ ਕਥਿਤ ਰਾਜਨੀਤੀ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਜੇਡੀਯੂ ਦੇ ਕੌਮੀ ਪ੍ਰਧਾਨ ਰਾਜੀਵ ਰੰਜਨ ਸਿੰਘ ਅਤੇ ਪਾਰਟੀ ਸੰਸਦੀ ਬੋਰਡ ਦੇ ਮੁਖੀ ਉਪੇਂਦਰ ਕੁਸ਼ਵਾਹਾ ਨੇ ਪਾਰਟੀ ਦੇ ਇਸ ਜਾਗਰੂਕਤਾ ਮਾਰਚ ਵਿੱਚ ਸ਼ਮੂਲੀਅਤ ਕੀਤੀ। ਪਟਨਾ ਸਥਿਤ ਜੇਡੀਯੂ ਦੇ ਸੂਬਾ ਹੈੱਡਕੁਆਰਟਰ ਮੁਤਾਬਕ ਬਿਹਾਰ ਦੇ ਸਾਰੇ 38 ਜ਼ਿਲ੍ਹਿਆਂ ਵਿੱਚ ਮਾਰਚ ਕੱਢੇ ਗਏ। ਇਸ ਮੌਕੇ ਕੁਸ਼ਵਾਹਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਇਸ ਮਾਰਚ ਦਾ ਮਕਸਦ ਲੋਕਾਂ ਨੂੰ ਭਾਜਪਾ ਦੀ ਸਾਜਿਸ਼ ਤੋਂ ਸੁਚੇਤ ਕਰਨਾ ਹੈ। ਉਨ੍ਹਾਂ ਆਰੋਪ ਲਾਇਆ ਕਿ ਭਾਜਪਾ ਨੇ ਫਿਰਕੂ ਵੰਡ ਲਈ ਇੱਕ ਯੋਜਨਾ ਤਿਆਰ ਕੀਤੀ ਹੈ ਤਾਂ ਜੋ ਆਬਾਦੀ ਦਾ ਵੱਡਾ ਹਿੱਸਾ ਇਸ ਦੇ ਹੱਕ ਵਿੱਚ ਭੁਗਤੇ ਅਤੇ ਬਿਨਾਂ ਕੋਈ ਭਲਾਈ ਦੇ ਕੰਮ ਕੀਤੇ ਸੱਤਾ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰੇ।
ਇਹ ਮਾਰਚ ਪਟਨਾ ਹਾਈਕੋਰਟ ਕੰਪਲੈਕਸ ਨੇੜੇ ਸਥਾਪਤ ਡਾ. ਅੰਬੇਡਕਰ ਦੇ ਬੁੱਤ ਨੇੜਿਓਂ ਸ਼ੁਰੂ ਹੋਇਆ, ਜਿੱਥੋਂ ਹਜ਼ਾਰਾਂ ਜੇਡੀਯੂ ਵਰਕਰਾਂ ਨੇ ਦੋ ਕਿਲੋਮੀਟਰ ਦੂਰ ਇਤਿਹਾਸਕ ਗਾਂਧੀ ਮੈਦਾਨ ਵੱਲ ਮਾਰਚ ਕੀਤਾ। ਜਨਤਾ ਦਲ (ਯੂ) ਦੇ ਵਰਕਰਾਂ ਨੇ ਕਿਹਾ ਕਿ ਨਿਤੀਸ਼ ਕੁਮਾਰ ਦਾ ਕੋਈ ਬਦਲ ਨਹੀਂ ਹੈ। ਉਹ ਸਮੁੱਚੇ ਵਿਰੋਧੀ ਧਿਰ ਦਾ ਧੁਰਾ ਹਨ। ਜ਼ਿਕਰਯੋਗ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਉਨ੍ਹਾਂ ਭਾਜਪਾ ਨਾਲੋਂ ਗੱਠਜੋੜ ਤੋੜ ਲਿਆ ਸੀ। ਖੁਦ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਤੋਂ ਬਾਹਰ ਦੱਸਣ ਦੇ ਬਾਵਜੂਦ ਨਿਤੀਸ਼ ਵਿਰੋਧੀ ਏਕਤਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ।

RELATED ARTICLES
POPULAR POSTS