Breaking News
Home / ਭਾਰਤ / ਦਿੱਲੀ ‘ਚ ਅਕਾਲੀਆਂ ਨੇ ਸੱਜਣ ਅਤੇ ਟਾਈਟਲਰ ਦੇ ਪੁਤਲੇ ਫੂਕੇ

ਦਿੱਲੀ ‘ਚ ਅਕਾਲੀਆਂ ਨੇ ਸੱਜਣ ਅਤੇ ਟਾਈਟਲਰ ਦੇ ਪੁਤਲੇ ਫੂਕੇ

ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਕੀਤੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼ : ਜਗਦੀਸ਼ ਟਾਈਟਲਰ ਦੀ ਗ੍ਰਿਫਤਾਰੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਪੁਲਿਸ ਹੈੱਡਕੁਆਰਟਰ ਦਾ ਘਿਰਾਓ ਕਰਨ ਦੇ ਮਕਸਦ ਨਾਲ ਬਹਾਦੁਰ ਸ਼ਾਹ ਜ਼ਫ਼ਰ ਮਾਰਗ ‘ਤੇ ਰੋਸ ਮਾਰਚ ਕੱਢਿਆ ਗਿਆ। ਆਈ. ਟੀ. ਓ. ਮੈਟਰੋ ਸਟੇਸ਼ਨ ‘ਤੇ ਇਕੱਤਰ ਹੋਏ ਵਿਅਕਤੀਆਂ ਨੇ ਪੁਲਿਸ ਵੱਲੋਂ ਲਾਏ ਗਏ ਅੜਿੱਕਿਆਂ ਤੋਂ ਪਹਿਲਾਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੇ ਪੁਤਲੇ ਫੂਕੇ ਅਤੇ ਪੁਲਿਸ ਹੈੱਡਕੁਆਰਟਰ ਵੱਲ ਕੂਚ ਕਰਦੇ ਹੋਏ 1984 ਸਿੱਖ ਕਤਲੇਆਮ ਦੇ ਅਪਰਾਧੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ।ਇਸ ਦੌਰਾਨ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰਦੇ ਹੋਏ ਦਿੱਲੀ ਪੁਲਿਸ ‘ਤੇ ਟਾਈਟਲਰ ਨੂੰ ਬਚਾਉਣ ਦੇ ਦੋਸ਼ ਲਾ ਰਹੇ ਸਨ।ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਟਾਈਟਲਰ ਦੀ ਗ੍ਰਿਫ਼ਤਾਰੀ ਤਕ ਲੜਾਈ ਨਹੀਂ ਰੁਕੇਗੀ ਤੇ ਇਨਸਾਫ ਪ੍ਰਾਪਤੀ ਲਈ ਅਸੀਂ ਕਿਸੇ ਵੀ ਹੱਦ ਤਕ ਜਾਣ ਨੂੰ ਤਿਆਰ ਹਾਂ । ਅਜੇ ਤਕ ਇਨਸਾਫ਼ ਦੇ ਨਾਂ ‘ਤੇ ਸਾਨੂੰ ਸਿਰਫ਼ ਭਰੋਸੇ ਮਿਲੇ ਹਨ । ਜੇਕਰ ਹੁਣ ਵੀ ਸਬੂਤ ਮਿਲਣ ਦੇ ਬਾਵਜੂਦ ਦਿੱਲੀ ਪੁਲਿਸ ਟਾਈਟਲਰ ਨੂੰ ਬਚਾਉਣ ਦੀ ਕਾਰਵਾਈ ਕਰਦੀ ਹੈ ਤਾਂ ਵੀ ਹਰ ਹਾਲਾਤ ਵਿਚ ਇਨਸਾਫ਼ ਪ੍ਰਾਪਤੀ ਲਈ ਅਸੀਂ ਵਚਨਬੱਧ ਹਾਂ । ਜੀ. ਕੇ. ਨੇ ਸਾਫ਼ ਕਿਹਾ ਕਿ ਦਿੱਲੀ ਪੁਲਿਸ, ਕੇਂਦਰੀ ਗ੍ਰਹਿ ਮੰਤਰੀ ਅਤੇ ਕਾਂਗਰਸ ਪਾਰਟੀ ਖਿਲਾਫ਼ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਅਤੇ ਲੋੜ ਪੈਣ ‘ਤੇ ਇਨ੍ਹਾਂ ਸਭ ਦੇ ਖਿਲਾਫ਼ ਹੋਰ ਵੀ ਧਰਨੇ-ਪ੍ਰਦਰਸ਼ਨ ਆਯੋਜਿਤ ਕੀਤੇ ਜਾ ਸਕਦੇ ਹਨ।ਉਨ੍ਹਾਂ 9 ਫ਼ਰਵਰੀ ਨੂੰ ਰਾਹੁਲ ਗਾਂਧੀ ਦੇ ਘਰ ਅੱਗੇ ਪੀੜਤ ਪਰਿਵਾਰਾਂ ਦੇ ਬੱਚਿਆਂ ਤੇ ਵਿਧਵਾਵਾਂ ਨਾਲ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਤੇ ਦਿੱਲੀ ਪੁਲਿਸ ਨੂੰ ਟਾਈਟਲਰ ਦੀ ਗ੍ਰਿਫ਼ਤਾਰੀ ਲਈ ਇਕ ਹਫਤੇ ਦਾ ਅਲਟੀਮੇਟਮ ਦਿੱਤਾ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …