-1.1 C
Toronto
Monday, January 12, 2026
spot_img
Homeਪੰਜਾਬ'84 ਦਾ ਸਿੱਖ ਕਤਲੇਆਮ ਕਰਵਾਉਣ ਲਈ ਗਾਂਧੀ ਪਰਿਵਾਰ 'ਤੇ ਕੇਸ ਦਰਜ ਹੋਵੇ...

’84 ਦਾ ਸਿੱਖ ਕਤਲੇਆਮ ਕਰਵਾਉਣ ਲਈ ਗਾਂਧੀ ਪਰਿਵਾਰ ‘ਤੇ ਕੇਸ ਦਰਜ ਹੋਵੇ : ਸੁਖਬੀਰ ਬਾਦਲ

ਕਿਹਾ, ਟਾਈਟਲਰ ਮਾਮਲੇ ‘ਚ ਗਾਂਧੀ ਪਰਿਵਾਰ ਵੀ ਦੋਸ਼ੀ
ਚੰਡੀਗੜ੍ਹ/ਬਿਊਰੋ ਨਿਊਜ਼ : 1984 ਸਿੱਖ ਕਤਲੇਆਮ ਮਾਮਲੇ ਵਿਚ ਕੇਸਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ ਇਕ ਸਟਿੰਗ ਆਪਰੇਸ਼ਨ ਦਾ ਵੀਡੀਓ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਦਿੱਲੀ ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਉਣ ਲਈ ਗਾਂਧੀ ਪਰਿਵਾਰ ਵਿਰੁੱਧ ਕੇਸ ਦਰਜ ਕੀਤਾ ਜਾਵੇ। ਦੱਸਣਯੋਗ ਹੈ ਕਿ ਇਸ ਵੀਡੀਓ ਵਿਚ ਜਗਦੀਸ਼ ਟਾਈਟਲਰ ਸ਼ਰੇਆਮ ਕਹਿ ਰਿਹਾ ਹੈ ਕਿ 1984 ਵਿਚ ਦਿੱਲੀ ਵਿਚ ਹੋਏ 100 ਸਿੱਖਾਂ ਦੇ ਕਤਲੇਆਮ ਪਿੱਛੇ ਉਸ ਦਾ ਹੱਥ ਸੀ। ਉਹ ਇਹ ਵੀ ਦੱਸ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਵੱਲੋਂ ਉਸ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਜਾਂ ਫਿਰ ਰਾਜਸਭਾ ਸੀਟ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਬਾਰੇ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਦੋਵੇਂ ਖੁਲਾਸੇ 1984 ਦੇ ਕਤਲੇਆਮ ਵਿਚ ਗਾਂਧੀ ਪਰਿਵਾਰ ਦੀ ਸਿੱਧੀ ਸ਼ਮੂਲੀਅਤ ਨੂੰ ਸਾਬਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਟਾਈਟਲਰ ਖ਼ਿਲਾਫ ਸਾਹਮਣੇ ਆਇਆ ਵੀਡੀਓ ਦਸੰਬਰ 2011 ਦਾ ਰਿਕਾਰਡ ਕੀਤਾ ਹੋਇਆ ਹੈ। ਟਾਈਟਲਰ ਨੂੰ ਕੇਂਦਰੀ ਮੰਤਰਾਲੇ ਵਿਚੋਂ 2009 ਵਿਚ ਕੱਢਿਆ ਗਿਆ ਸੀ। ਉਸ ਵੱਲੋਂ ਇਹ ਸ਼ੇਖੀ ਮਾਰਨਾ ਕਿ ਉਸ ਨੂੰ ਰਾਜ ਸਭਾ ਦੀ ਮੈਂਬਰੀ ਜਾਂ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਇਹ ਗੱਲ ਸਾਬਿਤ ਕਰਦਾ ਹੈ ਕਿ ਉਸ ਨੂੰ ਗਾਂਧੀ ਪਰਿਵਾਰ ਵੱਲੋਂ ਮੂੰਹ ਨਾ ਖੋਲ੍ਹਣ ਲਈ ਹੀ ਇਹ ਪੇਸ਼ਕਸ਼ਾਂ ਦਿੱਤੀਆਂ ਜਾ ਰਹੀਆਂ ਸਨ । ਹੁਣ ਇਹ ਲਾਜ਼ਮੀ ਬਣਦਾ ਹੈ ਕਿ ਅਦਾਲਤਾਂ ਗਾਂਧੀ ਪਰਿਵਾਰ ਤੋਂ ਪੁੱਛਣ ਕਿ ਜਿਸ ਅਪਰਾਧੀ ਦੇ ਹੱਥਾਂ ਉੱਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਖੂਨ ਲੱਗਿਆ ਹੋਇਆ ਸੀ, ਨੂੰ ਅਜਿਹੇ ਲਾਲਚ ਕਿਉਂ ਦਿੱਤੇ ਜਾ ਰਹੇ ਸਨ? ਬਾਦਲ ਨੇ ਕਿਹਾ ਕਿ 1984 ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ, ਇਸ ਦੇ ਵੀਡੀਓ ਦੇ ਰੂਪ ਵਿਚ ਵੀ ਸਬੂਤ ਸਾਹਮਣੇ ਆ ਚੁੱਕੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਟਾਈਟਲਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਖ਼ਿਲਾਫ ਦਿੱਲੀ ਵਿਚ 100 ਸਿੱਖਾਂ ਦੇ ਕਤਲ ਦਾ ਕੇਸ ਚਲਾਇਆ ਜਾਣਾ ਚਾਹੀਦਾ ਹੈ ।

RELATED ARTICLES
POPULAR POSTS