ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਾਈ ਵਿਚਾਰਾਂ ਦੀ ਹੈ ਤੇ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ। ਉਨ੍ਹਾਂ ਕਿਹਾ ਕਿ ਉਹ ਉਸ ਹਰ ਸ਼ਖ਼ਸ ਖ਼ਿਲਾਫ਼ ਬੋਲਣਗੇ ਜਿਸ ਨੇ ਪੰਜਾਬ ਨੂੰ ਗਹਿਣੇ ਰੱਖ ਕੇ ਆਪਣੀਆਂ ਤਿਜੌਰੀਆਂ ਭਰੀਆਂ ਹਨ। ਪਿੰਡ ਮਹਿਰਾਜ ‘ਚ ਪ੍ਰੈੱਸ ਕਾਨਫਰੰਸ ਦੌਰਾਨ ਨਵਜੋਤ ਸਿੱਧੂ ਨੇ ਆਖਿਆ ਕਿ ਭੋਲੇ-ਭਾਲੇ ਵੋਟਰਾਂ ਨੂੰ ਲੁਭਾਉਣ ਲਈ ਹੁਣ ਤੱਕ ਸਾਰੀਆਂ ਪਾਰਟੀਆਂ ਝੂਠ ਵੇਚਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਰਜ਼ੇ ਹੇਠ ਦੱਬੇ ਪੰਜਾਬ ਨੂੰ ਲੀਹ ‘ਤੇ ਲਿਆਉਣ ਲਈ ਉਹ ਖੁਦ ਚੱਲ ਕੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਗਏ ਸਨ ਅਤੇ ਪੇਸ਼ਕਸ਼ ਕੀਤੀ ਸੀ ਕਿ ਲੋਕਾਂ ਦੇ ਸੁਪਨੇ ਪੂਰੇ ਕਰਨ ਲਈ ਤੁਹਾਡੀ ਹਰ ਮਦਦ ਕੀਤੀ ਜਾਵੇਗੀ ਪਰ ਮੁੱਖ ਮੰਤਰੀ ਹੁਣ ਸੁਆਲਾਂ ਤੋਂ ਹੀ ਭੱਜ ਨਿਕਲੇ ਅਤੇ ਗੱਲ ਹੀ ਨਹੀਂ ਕਰਦੇ।
ਸਿੱਧੂ ਨੇ ਸੁਆਲ ਚੁੱਕਿਆ ਕਿ ਹੁਣ ਤੱਕ ਪੰਜਾਬ ਅਕਾਲੀਆਂ, ਭਾਜਪਾਈਆਂ ਅਤੇ ਕਾਂਗਰਸੀਆਂ ਸਣੇ ਮੌਜੂਦਾ ਸਰਕਾਰ ਵੱਲੋਂ ਜੇ ਲੁੱਟਿਆ ਨਹੀਂ ਗਿਆ ਤਾਂ ਫਿਰ ਕੰਗਾਲ ਕਿਵੇਂ ਹੋ ਗਿਆ?
ਨਵਜੋਤ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਵੇਚ ਕੇ ਆਪਣੀ ਸਰਕਾਰ ਬਣਾਈ ਸੀ। ਸਿੱਧੂ ਨੇ ‘ਨੀਤੀ ਦੀ ਰਾਜਨੀਤੀ’ ਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਤੱਕ ਸਿਆਸੀ ਲੋਕ ਝੂਠ ਵੇਚਣਾ ਬੰਦ ਨਹੀਂ ਕਰਦੇ ਉਦੋਂ ਤੱਕ ਗੱਲਾਂ ਦਾ ਕੜਾਹ ਵਰਤਾਉਣ ਨਾਲ ਕੁਝ ਨਹੀਂ ਹੋਣਾ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਪੰਜਾਬ ਬਚਾਓ’ ਯਾਤਰਾ ਸ਼ੁਰੂ ਕਰਨ ਬਾਰੇ ਕਿਹਾ ਕਿ ‘ਰਾਜ ਕਰਾਂਗੇ ਪੰਝੀ ਸਾਲ’ ਦੇ ਹੰਕਾਰ ਨੇ ਇਸ ਪਾਰਟੀ ਨੂੰ ਡੋਬਿਆ ਹੈ। ਉਨ੍ਹਾਂ ਅਕਾਲੀ ਆਗੂਆਂ ਨੂੰ ਸਲਾਹ ਦਿੱਤੀ ਕਿ ‘ਪੰਜਾਬ ਬਚਾਓ’ ਮੁਹਿੰਮ ਛੱਡ ਕੇ ਆਪਣੇ ਆਪ ਨੂੰ ਬਚਾਉਣ ਬਾਰੇ ਸੋਚੋ।
ਪੰਜਾਬ ਕਾਂਗਰਸ ‘ਚ ਰੱਸਾਕਸ਼ੀ ਬਾਰੇ ਪੁੱਛੇ ਜਾਣ ‘ਤੇ ਸਿੱਧੂ ਨੇ ਕਿਹਾ ਕਿ ‘ਸਭ ਅੱਛਾ ਹੈ’। ਉਨ੍ਹਾਂ ਕਿਹਾ ਕਿ ਵਿਚਾਰਾਂ ਦਾ ਵਖਰੇਵਾਂ ਜ਼ਰੂਰ ਹੈ ਪਰ ਇਹ ਲੋਕਤੰਤਰ ਦਾ ਗਹਿਣਾ ਹੈ ਅਤੇ ਵਖਰੇਵੇਂ ਨੂੰ ਸੰਵਾਦ ਨਾਲ ਸੰਵਾਰਨਾ ਚਾਹੀਦਾ ਹੈ। ਅਖੀਰ ਵਿਚ ਉਨ੍ਹਾਂ ਇਸ ਸ਼ਿਅਰ ਨਾਲ ਗੱਲ ਖਤਮ ਕੀਤੀ ‘ਅਪਨੇ ਖ਼ਿਲਾਫ਼ ਬਾਤੇਂ ਮੈਂ ਅਕਸਰ ਖ਼ਾਮੋਸ਼ੀ ਸੇ ਸੁਨ ਲੇਤਾ ਹੂੰ, ਜੁਆਬ ਦੇਨੇ ਕਾ ਹਿਸਾਬ ਮੈਨੇਂ ਵਕਤ ਪੇ ਛੋੜ ਦੀਆ..।’