
ਪੰਜਾਬ ਤੇ ਹਰਿਆਣਾ ਦੇ 2-2 ਨੌਜਵਾਨ ਵੀ ਅਰਮੀਨੀਆ ਦੀ ਜੇਲ੍ਹ ’ਚ ਹਨ ਬੰਦ
ਜਲੰਧਰ/ਬਿਊਰੋ ਨਿਊਜ਼
ਅਰਮੀਨੀਆ ਦੀ ਜੇਲ੍ਹ ਵਿੱਚ ਬੰਦ 12 ਭਾਰਤੀ ਨੌਜਵਾਨਾਂ ਦੀ ਵੀਡੀਓ ਸਾਹਮਣੇ ਆਉਣ ਤੋਂ ਕੁਝ ਦਿਨ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਹੈ। ਇਹ ਨੌਜਵਾਨ ਗੈਰ-ਕਾਨੂੰਨੀ ਤੌਰ ’ਤੇ ਅਰਮੀਨੀਆ-ਜਾਰਜੀਆ ਸਰਹੱਦ ਪਾਰ ਕਰ ਰਹੇ ਸਨ ਅਤੇ ਅਰਮੀਨੀਆ ਦੀ ਪੁਲਿਸ ਨੇ ਇਨ੍ਹਾਂ ਨੌਜਵਾਨਾਂ ਨੂੰ ਗਿ੍ਰਫਤਾਰ ਕਰ ਲਿਆ ਸੀ। ਇਹ ਨੌਜਵਾਨ ਪਿਛਲੇ ਤਿੰਨ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਉੱਥੇ ਇਨ੍ਹਾਂ ’ਤੇ ਮੁਕੱਦਮੇ ਚੱਲ ਰਹੇ ਹਨ। ਇਨ੍ਹਾਂ ਨੌਜਵਾਨਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਤਿੰਨ ਤੋਂ ਛੇ ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮਦਦ ਮੰਗੀ ਹੈ। ਇਨ੍ਹਾਂ ਨੌਜਵਾਨਾਂ ਵਿਚ ਪੰਜਾਬ ਤੇ ਹਰਿਆਣਾ ਦੇ ਵੀ 2-2 ਨੌਜਵਾਨ ਸ਼ਾਮਲ ਹਨ। ਇਸਦੇ ਚੱਲਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਫਰਜ਼ੀ ਟਰੈਵਲ ਏਜੰਟਾਂ ਤੋਂ ਸੁਚੇਤ ਰਹਿਣ ਅਤੇ ਆਪਣੀ ਜਾਨ ਨੂੰ ਖਤਰੇ ਵਿੱਚ ਨਾ ਪਾਉਣ।