Breaking News
Home / ਪੰਜਾਬ / ਚੰਨੀ ਦਾ ਭਰਾ ਡਾ.ਮਨੋਹਰ ਸਿੰਘ ਆਜ਼ਾਦ ਚੋਣ ਲੜੇਗਾ

ਚੰਨੀ ਦਾ ਭਰਾ ਡਾ.ਮਨੋਹਰ ਸਿੰਘ ਆਜ਼ਾਦ ਚੋਣ ਲੜੇਗਾ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨਹੋਰ ਸਿੰਘ ਨੂੰ ਕਾਂਗਰਸ ਹਾਈਕਮਾਨ ਨੇ ਟਿਕਟ ਨਹੀਂ ਦਿੱਤੀ ਅਤੇ ਡਾ. ਮਨੋਹਰ ਸਿੰਘ ਨੇ ਬੱਸੀ ਪਠਾਣਾ ਹਲਕੇ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਇਸੇ ਦੌਰਾਨ ਚੰਨੀ ਨੇ ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਮਗਰੋਂ ਉੱਠੀਆਂ ਬਗਾਵਤੀ ਸੁਰਾਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਆਪਣੇ ਭਰਾ ਡਾ. ਮਨੋਹਰ ਸਿੰਘ ਨੂੰ ਆਜ਼ਾਦ ਚੋਣ ਲੜਨ ਤੋਂ ਰੋਕਣ ਲਈ ਰਜ਼ਾਮੰਦ ਕਰ ਲੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਉਨ੍ਹਾਂ ਦੇ ਕਹਿਣੇ ਤੋਂ ਬਾਹਰ ਨਹੀਂ ਅਤੇ ਬਸੀ ਪਠਾਣਾਂ ਤੋਂ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਵੀ ਸਾਡਾ ਭਰਾ ਹੀ ਹੈ। ਦੋਵਾਂ ਨੂੰ ਬਿਠਾ ਕੇ ਗੱਲਬਾਤ ਕੀਤੀ ਜਾਵੇਗੀ ਅਤੇ ਮਸਲਾ ਹੱਲ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਬਸੀ ਪਠਾਣਾਂ ਤੋਂ ਚੰਨੀ ਦੇ ਭਰਾ ਮਨੋਹਰ ਸਿੰਘ ਨੇ ਟਿਕਟ ਨਾ ਮਿਲਣ ਮਗਰੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਭਰਾ ਨਾਲ ਗੱਲ ਕਰਨਗੇ। ਚੰਨੀ ਨੇ ਕਿਹਾ ਕਿ ਉਸ ਦਾ ਭਰਾ ਸਰਕਾਰੀ ਨੌਕਰੀ ਕਰਦਾ ਸੀ ਅਤੇ ਹਲਕੇ ਦੇ ਵਿਧਾਇਕ ਜੀਪੀ ਨੇ ਉਸ ਦੀ ਬਦਲੀ ਕਰਾ ਦਿੱਤੀ ਜਿਸ ਮਗਰੋਂ ਉਸ ਨੇ ਨੌਕਰੀ ਹੀ ਛੱਡ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਮਗਰੋਂ ਉਨ੍ਹਾਂ ਦੇ ਭਰਾ ਨੂੰ ਲੋਕਾਂ ਨੇ ਚੋਣ ਲੜਨ ਲਈ ਆਖ ਦਿੱਤਾ। ਚੰਨੀ ਨੇ ਆਦਮਪੁਰ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਮਹਿੰਦਰ ਸਿੰਘ ਕੇਪੀ ਬਾਰੇ ਕਿਹਾ ਕਿ ਕੇਪੀ ਪਾਰਟੀ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ ਅਤੇ ਟਿਕਟ ਕੱਟੇ ਜਾਣ ਕਰਕੇ ਉਨ੍ਹਾਂ ਦੀ ਨਾਰਾਜ਼ਗੀ ਜਾਇਜ਼ ਹੈ ਜਿਸ ਬਾਰੇ ਪਾਰਟੀ ਜ਼ਰੂਰ ਸੋਚੇਗੀ। ਮੁੱਖ ਮੰਤਰੀ ਨੇ ਅੱਜ ਕਾਨਫ਼ਰੰਸ ਕਰਕੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ‘ਆਪ’ ਦੇ ਐਲਾਨੇ ਉਮੀਦਵਾਰ ਆਸ਼ੂ ਬੰਗੜ ਜਿਨ੍ਹਾਂ ਨੇ ‘ਆਪ’ ਤੋਂ ਅਸਤੀਫ਼ਾ ਦੇ ਦਿੱਤਾ ਸੀ, ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਾਇਆ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …